
ਸੰਸਾਰ ਭਰ ਦੇ ਸਾਰੇ ਮੁਲਕ ਤੇਜ਼ੀ ਨਾਲ ਸਮਾਜਿਕ ਅਤੇ ਆਰਥਿਕ ਤੌਰ ਤੇ ਤਰੱਕੀ ਕਰ ਰਹੇ ਹਨ। ਇਸ ਵਿੱਚ ਵੀ ਕੋਈ ਦੋ ਰਾਇ ਨਹੀਂ ਕਿ ਇਸ ਤਰੱਕੀ ਵਿੱਚ ਆਵਾਜਾਈ ਦੇ ਸਾਧਨਾਂ ਨੇ ਬੜਾ ਵੱਡਾ ਯੋਗਦਾਨ ਪਾਇਆ ਹੈ। ਪਰ ਇਸਦੇ ਨਾਲ ਹੀ ਆਵਾਜਾਈ ਦੇ ਸਾਧਨਾਂ ਦੀ ਗਿਣਤੀ ਵਧ ਜਾਣ ਨਾਲ ਆਵਾਜਾਈ ਨਾਲ ਸਬੰਧਤ ਵੱਡੀਆਂ ਸਮੱਸਿਆਵਾਂ ਜਨਮ ਲੈ ਰਹੀਆਂ ਹਨ। ਆਵਾਜਾਈ ਦੇ ਸਾਧਨ ਵੱਧਣ ਕਰਕੇ ਨਿਤ ਦਿਨ ਸੜਕ ਦੁਰਘਟਨਾਵਾਂ ਵਧ ਰਹੀਆਂ ਹਨ। ਰੋਜ਼ ਹੀ ਅਖ਼ਬਾਰਾਂ, ਨਿਊਜ਼ ਚੈਨਲਾਂ ਅਤੇ ਸੋਸ਼ਲ ਮੀਡੀਆ ਸਮੇਤ ਹੋਰ ਸੰਚਾਰ ਸਾਧਨਾਂ ਰਾਹੀਂ ਭਿਆਨਕ ਸੜਕ ਹਾਦਸਿਆਂ ਦੀਆਂ ਖਬਰਾਂ, ਤਸਵੀਰਾਂ ਅਤੇ ਵੀਡੀਓ ਦੇਖਣ ਨੂੰ ਮਿਲਦੀਆਂ ਹਨ ਜਿਨ੍ਹਾਂ ਨੂੰ ਪੜ੍ਹ-ਸੁਣ-ਦੇਖ ਕੇ ਮਨ ਬੜਾ ਦੁੱਖੀ ਹੁੰਦਾ ਹੈ। ਇਸ ਤਰ੍ਹਾਂ ਦੇ ਸੜਕ ਹਾਦਸੇ ਹਰ ਸਾਲ ਕਿੰਨੇ ਹੀ ਲੋਕਾਂ ਦੀ ਮੌਤ ਦਾ ਕਾਰਨ ਬਣਦੇ ਹਨ। ਇਨਾਂ ਸੜਕ ਹਾਦਸਿਆਂ ਵਿੱਚ ਅਸੀਂ ਅਨੇਕਾਂ ਹੀ ਨਾਮੀ ਸ਼ਖ਼ਸੀਅਤਾਂ, ਨੇਤਾ , ਫਿਲਮ ਹਸਤੀਆਂ, ਡਾਕਟਰ, ਮਸ਼ਹੂਰ ਕਲਾਕਾਰ ਗੁਆ ਚੁੱਕੇ ਹਾਂ। ਬਹੁਤ ਸਾਰੇ ਹਾਦਸਿਆਂ ਵਿੱਚ ਤਾਂ ਪੂਰੇ ਦੇ ਪੂਰੇ ਪਰਿਵਾਰ ਖ਼ਤਮ ਹੋ ਜਾਂਦੇ ਹਨ। ਹਰ ਕੋਈ ਹੀ ਆਪਣੇ ਪਰਿਵਾਰ ਲਈ ਅਣਮੋਲ ਹੁੰਦਾ ਹੈ ਜੇਕਰ ਪਰਿਵਾਰ ਦਾ ਇੱਕ ਜੀਅ ਦੀ ਬੇਵਕਤ ਮੌਤ ਹੋ ਜਾਂਦੀ ਹੈ ਤਾਂ ਬਾਕੀ ਪਰਿਵਾਰ ਨੂੰ ਸਾਰੀ ਉਮਰ ਮਾਨਸਿਕ ਤੇ ਆਰਥਿਕ ਸੰਤਾਪ ਹੰਢਾਉਂਣਾ ਪੈਂਦਾ ਹੈ। ਮੌਤ ਹੋਣ ਤੋਂ ਇਲਾਵਾ ਬਹੁਤ ਸਾਰੇ ਹਾਦਸਿਆਂ ਵਿੱਚ ਲੋਕ ਭਿਆਨਕ ਰੂਪ ਵਿੱਚ ਜ਼ਖ਼ਮੀ ਹੋ ਜਾਂਦੇ ਹਨ ਅਤੇ ਕਈ ਵਾਰ ਤਾਂ ਸਰੀਰਕ ਤੌਰ ਤੇ ਅਪਾਹਜ ਹੋ ਜਾਂਦੇ ਹਨ ਅਤੇ ਸਾਰੀ ਉਮਰ ਲਈ ਆਪਣੇ ਪਰਿਵਾਰ ਉਪਰ ਬੋਝ ਬਣ ਜਾਂਦੇ ਹਨ। ਜੇਕਰ ਘਰ ਦੇ ਇੱਕੋ-ਇੱਕ ਕਮਾਊ ਮੈਂਬਰ ਨਾਲ ਇਸ ਤਰ੍ਹਾਂ ਦੀ ਦੁਰਘਟਨਾ ਵਾਪਰ ਜਾਵੇ ਤਾਂ ਉਸ ‘ਤੇ ਨਿਰਭਰ ਬਾਕੀ ਜੀਆਂ ਦੀ ਜ਼ਿੰਦਗੀ ਤਬਾਹੀ ਦੇ ਕੰਢੇ ਤੇ ਆ ਜਾਂਦੀ ਹੈ।