
ਸਿਰਲੇਖ ਵਿੱਚ ਲਿਖੀ ਪੰਕਤੀ ਅਸਲ ਵਿੱਚ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ (1666-1708) ਦੁਆਰਾ ਰਚੀ ‘ਚੰਡੀ ਦੀ ਵਾਰ’ ਦੀ ਪਹਿਲੀ ਪਉੜੀ ਹੈ, ਜੋ ਮੂਲ ਰੂਪ ਵਿੱਚ ਇਸ ਪ੍ਰਕਾਰ ਹੈ:
ਪ੍ਰਿਥਮ ਭਗੌਤੀ ਸਿਮਰ ਕੈ ਗੁਰੁ ਨਾਨਕ ਲਈਂ ਧਿਆਇ॥
ਫਿਰਿ ਅੰਗਦ ਗੁਰ ਤੇ ਅਮਰਦਾਸੁ ਰਾਮਦਾਸੈ ਹੋਈਂ ਸਹਾਇ॥
ਅਰਜਨ ਹਰਿਗੋਬਿੰਦ ਨੋ ਸਿਮਰੌ ਸ੍ਰੀ ਹਰਿਰਾਇ॥
ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸੁ ਡਿਠੇ ਸਭਿ ਦੁਖਿ ਜਾਇ॥
ਤੇਗ ਬਹਾਦਰ ਸਿਮਰਿਐ ਘਰ ਨਉਨਿਧਿ ਆਵੈ ਧਾਇ॥
ਸਭ ਥਾਂਈ ਹੋਇ ਸਹਾਇ॥
ਇਨ੍ਹਾਂ ਛੇ ਪੰਕਤੀਆਂ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਤੋਂ ਪਹਿਲਾਂ ਹੋ ਚੁੱਕੇ ਨੌਂ ਗੁਰੂ ਸਾਹਿਬਾਨ ਪ੍ਰਤੀ ਅਕੀਦਤ ਦੇ ਭਾਵ ਪ੍ਰਗਟ ਕੀਤੇ ਹਨ। ਅਸਲ ਵਿੱਚ ਇਹ ‘ਚੰਡੀ ਦੀ ਵਾਰ’ ਦਾ ਮੰਗਲਾਚਰਨ ਹੈ, ਜੋ ਸਿੱਖ ਧਰਮ ਦੀ ਰੋਜ਼ਾਨਾ ਦੀ ਅਰਦਾਸ ਵਿਚ ਵੀ ਸ਼ਾਮਲ ਹੈ ਤੇ ਸਭ ਤੋਂ ਪਹਿਲਾਂ ਬੋਲਿਆ ਜਾਂਦਾ ਹੈ। ਜੇ ਅਸੀਂ ਇਨ੍ਹਾਂ ਪੰਕਤੀਆਂ ਨੂੰ ਧਿਆਨ ਨਾਲ ਵੇਖੀਏ ਤਾਂ ਪਤਾ ਲੱਗੇਗਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਦੋ ਗੁਰੂ ਸਾਹਿਬਾਨ ਦੀ ਮਹਾਨਤਾ ਨੂੰ ਪ੍ਰਮੁੱਖਤਾ ਨਾਲ ਅੰਕਿਆ ਹੈ। ਇਹ ਹਨ- ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਅਤੇ ਗੁਰੂ ਤੇਗ ਬਹਾਦਰ ਜੀ। ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਆਪਣੀ ਅਲਪ ਅਵਸਥਾ (ਘੱਟ ਉਮਰ) ਵਿੱਚ ਹੀ ਮਹਾਨ ਕਾਰਜ ਕੀਤੇ, ਜਦ ਕਿ ਗੁਰੂ ਤੇਗ ਬਹਾਦਰ ਜੀ ਨੇ ਤਿਲਕ ਤੇ ਜੰਞੂ ਦੀ ਰੱਖਿਆ ਲਈ (ਜਿਸ ਧਰਮ ਵਿਚ ਉਨ੍ਹਾਂ ਦੀ ਆਸਥਾ ਹੀ ਨਹੀਂ ਸੀ) ਆਪਣਾ ਬਲੀਦਾਨ ਦੇ ਦਿੱਤਾ।
ਵਿਸ਼ੇ ਵਾਲੀ ਪੰਕਤੀ, ‘ਜਿਸੁ ਡਿਠੇ ਸਭਿ ਦੁਖਿ ਜਾਇ’ ਤੋਂ ਪਹਿਲਾਂ ਵਾਲੀ ਅੱਧੀ ਲਾਈਨ ਹੈ ‘ਸ੍ਰੀ ਹਰਿਕ੍ਰਿਸ਼ਨ ਧਿਆਈਐ’। ਇਸ ਤਰ੍ਹਾਂ ਪੂਰੀ ਪੰਕਤੀ ਇਸ ਪ੍ਰਕਾਰ ਹੈ: ਸ੍ਰੀ ਹਰਿਕ੍ਰਿਸ਼ਨ ਧਿਆਇਐ ਜਿਸੁ ਡਿਠੇ ਸਭਿ ਦੁਖਿ ਜਾਇ॥ ਇਸ ਤਰ੍ਹਾਂ ਪੂਰੀ ਪੰਕਤੀ ਦਾ ਅਰਥ ਇਹ ਹੋਇਆ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਧਿਆਉਣ ਨਾਲ, ਸਿਮਰਨ ਨਾਲ, ਯਾਦ ਕਰਨ ਨਾਲ, ਅਰਾਧਨਾ ਕਰਨ ਨਾਲ, ਦਰਸ਼ਨ/ਦੀਦਾਰ ਕਰਨ ਨਾਲ ਹਰ ਤਰ੍ਹਾਂ ਦੇ ਦੁੱਖਾਂ, ਕਲੇਸ਼ਾਂ, ਸਮੱਸਿਆਵਾਂ, ਮੁਸੀਬਤਾਂ, ਔਕੜਾਂ ਦਾ ਨਾਸ਼ ਹੋ ਜਾਂਦਾ ਹੈ। ਇਸ ਪੂਰੀ ਪੰਕਤੀ ਵਿੱਚ ‘ਧਿਆਈਐ’ ਅਤੇ ‘ਡਿਠੇ’ ਦੋ ਸ਼ਬਦ ਖਾਸ ਮਹੱਤਵ ਰੱਖਦੇ ਹਨ।ਧਿਆਈਐ ਦਾ ਅਰਥ ਹੈ- ਯਾਦ ਕਰਨਾ ਜਾਂ ਸਿਮਰਨ ਕਰਨਾ; ਅਤੇ ਡਿਠੇ ਦਾ ਅਰਥ ਹੈ- ਦੀਦਾਰ ਕਰਨਾ, ਦਰਸ਼ਨ ਕਰਨਾ। ਸਾਡੇ ਮਨ ਵਿੱਚ ਕਦੇ-ਕਦੇ ਭੁਲੇਖਾ ਪੈਦਾ ਹੁੰਦਾ ਹੈ ਕਿ ਸਿਮਰਨ ਕਰਨਾ ਚੰਗਾ ਹੈ ਜਾਂ ਦਰਸ਼ਨ ਕਰਨਾ ਉੱਤਮ ਹੈ। ਮੇਰੀ ਮਾਨਤਾ ਹੈ ਕਿ ਇਹ ਦੋਵੇਂ ਗੱਲਾਂ ਹੀ ਸ਼੍ਰੋਮਣੀ ਹਨ। ਮੌਜੂਦਾ ਸਮੇਂ ਵਿੱਚ ਭਾਵੇਂ ਗੁਰੂ ਸਾਹਿਬਾਨ ਸਰੀਰਕ ਤੌਰ ‘ਤੇ ਸਾਡੇ ਦਰਮਿਆਨ ਮੌਜੂਦ ਨਹੀਂ ਹਨ। ਇਸ ਲਈ ਉਨ੍ਹਾਂ ਦੇ ਦਰਸ਼ਨ ਕਿਵੇਂ ਕਰੀਏ? ਇਹਦਾ ਜਵਾਬ ਇਹ ਹੈ ਕਿ ਸਾਡੇ ਕੋਲ ਗੁਰੂ ਸਾਹਿਬਾਨ ਦੀ ਪਵਿੱਤਰ/ ਪਾਵਨ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿਚ ਮੌਜੂਦ ਹੈ। ਇਸ ਲਈ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਹੀ ਸਾਡੇ ਲਈ ਗੁਰੂ ਦੇ ਦਰਸ਼ਨ ਵਾਂਗ ਹਨ।
ਆਓ ਹੁਣ ਆਪਾਂ ਦਰਸ਼ਨ/ਦੀਦਾਰ ਸ਼ਬਦ ਦੀ ਵਿਆਖਿਆ ਕਰਦੇ ਹਾਂ। ਅਸੀਂ ਰੋਜ਼ਾਨਾ ਜੀਵਨ ਵਿੱਚ ਇਸ ਸ਼ਬਦ ਦੀ ਕਈ ਵਾਰੀ ਵਰਤੋਂ ਕਰਦੇ ਹਾਂ। ਜਿਵੇਂ ਕਿ ‘ਮੈਂ ਤੁਹਾਡੇ ਦਰਸ਼ਨ ਕਰਕੇ ਧੰਨ ਹੋ ਗਿਆ’ ਜਾਂ ‘ਸਮਾਂ ਮਿਲਿਆ ਤਾਂ ਤੁਹਾਡੇ ਦਰਸ਼ਨ ਕਰਾਂਗਾ’ ਆਦਿ…। ਪਰ ਅਸਲ ਵਿਚ ‘ਦਰਸ਼ਨ’ ਕਿਸੇ ਉਚੇਰੀ, ਅਧਿਆਤਮਕ, ਡੂੰਘੀ, ਰਮਜ਼ ਭਰੀ, ਬ੍ਰਹਮਗਿਆਨੀ ਆਤਮਾ ਨਾਲ ਹੀ ਜੋੜਿਆ ਜਾਣ ਵਾਲਾ ਸ਼ਬਦ ਹੈ, ਇਹਨੂੰ ਦੁਨਿਆਵੀ/ ਪਦਾਰਥਕ ਚੀਜ਼ਾਂ/ ਲੋਕਾਂ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ। ਸਿੱਖ ਧਰਮ ਦੀ ਰੋਜ਼ਾਨਾ ਅਰਦਾਸ ਵਿੱਚ ‘ਦਰਸ਼ਨ’ ਸ਼ਬਦ ਦੀ ਤਿੰਨ ਵਾਰ ਵਰਤੋਂ ਮਿਲਦੀ ਹੈ- ਪਹਿਲੀ ਵਾਰ ‘ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ- ਵਾਹਿਗੁਰੂ’; ਦੂਜੀ ਵਾਰ ‘ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ’; ਤੇ ਤੀਜੀ ਵਾਰ ‘ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ, ਗੁਰਧਾਮਾਂ ਦੇ, ਜਿਨ੍ਹਾਂ ਤੋਂ ਖ਼ਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ, ਦੇ ਖੁੱਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖ਼ਾਲਸਾ ਜੀ ਨੂੰ ਬਖ਼ਸ਼ੋ’। ਇਉਂ ‘ਦਰਸ਼ਨ’ ਸ਼ਬਦ ਇਲਾਹੀ ਨਦਰ ਦਾ ਪੈਂਡਾ ਹੈ।
ਗੁਰੂ ਗ੍ਰੰਥ ਸਾਹਿਬ ਵਿੱਚ ਦਰਸ਼ਨ ਅਤੇ ਡਿਠੇ ਸ਼ਬਦ ਕਈ ਥਾਵਾਂ ‘ਤੇ ਵਰਤਿਆ ਮਿਲਦਾ ਹੈ। ਹੁਕਮਨਾਮਾ ਲੈਣ ਤੋਂ ਪਹਿਲਾਂ ਆਮ ਤੌਰ ‘ਤੇ ਰੋਜ਼ਾਨਾ ਵਰਤੇ ਜਾਂਦੇ ਗੁਰ-ਵਾਕਾਂ ਵਿਚੋਂ ਕੁਝ ਵਾਕ ਇਸ ਪ੍ਰਕਾਰ ਹਨ:
ਸੁ ਕਹੁ ਟਲ ਗੁਰੁ ਸੇਵੀਐ ਅਹਿਨਿਸਿ ਸਹਜਿ ਸੁਭਾਇ॥
ਦਰਸਨਿ ਪਰਸਿਐ ਗੁਰੂ ਕੈ ਜਨਮ ਮਰਣ ਦੁਖੁ ਜਾਇ॥
(ਪੰਨਾ ੧੩੯੨)
ਹੋਵੈ ਸਿਫਤਿ ਖਸੰਮ ਦੀ ਨੂਰੁ ਅਰਸਹੁ ਕੁਰਸਹੁ ਝਟੀਐ॥
ਤੁਧੁ ਡਿਠੇ ਸਚੇ ਪਾਤਿਸਾਹ ਮਲੁ ਜਨਮ ਜਨਮ ਦੀ ਕਟੀਐ॥
(ਪੰਨਾ ੯੬੭)
ਅੰਦਰਿ ਸਚਾ ਨੇਹੁ ਲਾਇਆ ਪ੍ਰੀਤਮ ਆਪਣੈ॥
ਤਨੁ ਮਨੁ ਹੋਇ ਨਿਹਾਲੁ ਜਾ ਗੁਰ ਦੇਖਾ ਸਾਮ੍ਣੇ॥
(ਪੰਨਾ ੭੫੮)
ਗੁਰੂ ਹਰਿਕ੍ਰਿਸ਼ਨ ਸਾਹਿਬ ਗੁਰੂ ਨਾਨਕ ਜੋਤਿ ਦੇ ਅੱਠਵੇਂ ਵਾਰਿਸ ਸਨ। ਕਈ ਵਾਰੀ ਹੈਰਾਨੀ ਹੁੰਦੀ ਹੈ ਕਿ ਇੰਨੀ ਛੋਟੀ ਉਮਰ ਵਿੱਚ ਕੋਈ ਗੁਰੂ ਕਿਵੇਂ ਹੋ ਸਕਦਾ ਹੈ? ਅਸਲ ਵਿੱਚ ਇਹ ਗੁਰੂ-ਘਰ ਦੀ ਵਡਿਆਈ ਹੈ ਕਿ ਉੱਥੇ ਦੁਨਿਆਵੀ ਰੀਤਾਂ ਨਹੀਂ ਚੱਲਦੀਆਂ, ਸਗੋਂ ਕਿਸੇ ਕਾਬਲ/ਸੁਯੋਗ ਵਿਅਕਤੀ ਨੂੰ ਹੀ ਇਹ ਗੁਰਗੱਦੀ ਪ੍ਰਾਪਤ ਹੁੰਦੀ ਰਹੀ ਹੈ। ਕਦੇ ਗੁਰਿਆਈ ਦਾਦੇ ਤੋਂ ਪੋਤੇ ਨੂੰ ਮਿਲੀ (ਗੁਰੂ ਹਰਿਗੋਬਿੰਦ ਜੀ ਨੇ ਆਪਣੇ ਪੋਤਰੇ ਗੁਰੂ ਹਰਿ ਰਾਇ ਜੀ ਨੂੰ ਦਿੱਤੀ) ਅਤੇ ਕਦੇ ਪੋਤੇ ਤੋਂ ਦਾਦੇ ਕੋਲ ਪਹੁੰਚੀ (ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਗੁਰੂ ਤੇਗ ਬਹਾਦਰ ਜੀ ਨੂੰ ਸੌਂਪੀ)।
ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਸ੍ਰੀ ਗੁਰੂ ਹਰਿ ਰਾਇ ਜੀ ਦੇ ਗ੍ਰਹਿ ਵਿਖੇ ਮਾਤਾ ਕ੍ਰਿਸ਼ਨ ਕੌਰ ਦੀ ਕੁੱਖੋਂ 1656 ਈ. ਨੂੰ ਕੀਰਤਪੁਰ ਵਿਖੇ ਹੋਇਆ। ਗੁਰੂ ਹਰਿ ਰਾਇ ਜੀ ਦਾ ਇੱਕ ਵੱਡਾ ਸਪੁੱਤਰ ਵੀ ਸੀ, ਰਾਮ ਰਾਏ, ਜੋ ਗੁਰੂ ਹਰਿਕ੍ਰਿਸ਼ਨ ਜੀ ਤੋਂ ਕਰੀਬ ਦਸ ਸਾਲ ਵੱਡਾ ਸੀ। ਪਰ ਗੁਰੂ ਹਰਿ ਰਾਇ ਜੀ ਨੇ ਰਾਮਰਾਇ ਦੀਆਂ ਆਪ ਹੁਦਰੀਆਂ ਅਤੇ ਕਰਾਮਾਤਾਂ ਆਦਿ ਨੂੰ ਵੇਖ ਕੇ, ਜੋ ਉਹਨੇ ਔਰੰਗਜ਼ੇਬ ਕੋਲ ਵਿਖਾਈਆਂ ਸਨ, ਉਸ ਨੂੰ ਗੁਰਗੱਦੀ ਦੇ ਯੋਗ ਨਹੀਂ ਸਮਝਿਆ। ਅਸਲ ਵਿਚ ਰਾਮਰਾਇ ਨੇ ਔਰੰਗਜ਼ੇਬ ਕੋਲ ਜਾ ਕੇ ਗੁਰਬਾਣੀ ਦੀ ਇੱਕ ਪੰਕਤੀ ‘ਮਿਟੀ ਮੁਸਲਮਾਨ ਕੀ ਪੇੜੈ ਪਈ ਕੁਮਿ੍ਆਰ॥ ਘੜਿ ਭਾਂਡੇ ਇਟਾ ਕੀਆ ਜਲਦੀ ਕਰੇ ਪੁਕਾਰ॥’ (ਆਸਾ ਦੀ ਵਾਰ, ਪੰਨਾ ੪੬੬) ਨੂੰ ਬਦਲ ਦਿੱਤਾ ਸੀ ਤੇ ਇਸ ਵਿਚਲੇ ਸ਼ਬਦ ‘ਮੁਸਲਮਾਨ’ ਨੂੰ ‘ਬੇਈਮਾਨ’ ਦੱਸਿਆ ਸੀ। ਰਾਮ ਰਾਏ ਨੇ ਗੁਰਗੱਦੀ ਪ੍ਰਾਪਤ ਕਰਨ ਲਈ ਬਹੁਤ ਹੱਥ-ਪੈਰ ਮਾਰੇ, ਸਰਕਾਰੇ-ਦਰਬਾਰੇ ਪਹੁੰਚ ਕੀਤੀ, ਧੀਰਮੱਲ ਨੂੰ ਵੀ ਚਿੱਠੀ ਲਿਖੀ, ਪਰ ਗੁਰੂ ਹਰਿ ਰਾਇ ਜੀ ਨੇ ਉਹਨੂੰ ਆਪਣੇ ਮੂੰਹ ਨਹੀਂ ਲਾਇਆ ਅਤੇ ਰਾਮ-ਰਾਈਆਂ ਨੂੰ ਪੰਥ ਵਿੱਚੋਂ ਛੇਕ ਦਿੱਤਾ। ਆਪਣੇ ਅੰਤਿਮ ਸਮੇਂ ਤੋਂ ਪਹਿਲਾਂ ਉਨ੍ਹਾਂ ਨੇ ਆਪਣੇ ਛੋਟੇ ਸਪੁੱਤਰ ਸ੍ਰੀ ਹਰਿਕ੍ਰਿਸ਼ਨ ਸਾਹਿਬ ਨੂੰ ਗੁਰਗੱਦੀ ਦਾ ਵਾਰਿਸ ਬਣਾਇਆ। ਇਉਂ ਪਿਤਾ ਦੀ ਆਗਿਆ ਮੁਤਾਬਕ 1661 ਈ. ਨੂੰ, ਜਦੋਂ ਸ੍ਰੀ ਹਰਿਕ੍ਰਿਸ਼ਨ ਜੀ ਦੀ ਉਮਰ ਸਿਰਫ਼ ਸਵਾ ਪੰਜ ਸਾਲ ਦੀ ਸੀ, ਆਪ ਨੂੰ ਗੁਰਗੱਦੀ ਦਾ ਤਿਲਕ ਲਾਇਆ ਗਿਆ। ਉਮਰ ਭਾਵੇਂ ਛੋਟੀ ਸੀ ਪਰ ਜੋਤਿ ਤਾਂ ਗੁਰੂ ਨਾਨਕ ਦੇਵ ਜੀ ਦੀ ਹੀ ਚਲੀ ਆ ਰਹੀ ਸੀ।
ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਗੁਰਗੱਦੀ ਦਾ ਕਾਰਜ ਬੜੀ ਕੁਸ਼ਲਤਾ ਨਾਲ ਸੰਭਾਲਿਆ। ਸਿੱਖੀ ਦੇ ਪ੍ਰਚਾਰ ਲਈ ਹਰ ਪਾਸੇ ਪ੍ਰਚਾਰਕ ਭੇਜੇ।
ਛੋਟੇ ਭਰਾ ਨੂੰ ਗੁਰਿਆਈ ਮਿਲਣ ਤੇ ਰਾਮਰਾਇ ਬੜਾ ਔਖਾ ਹੋਇਆ। ਉਹਨੇ ਧੀਰਮਲ (ਬਾਬਾ ਗੁਰਦਿੱਤਾ ਜੀ ਦਾ ਵੱਡਾ ਲੜਕਾ। ਬਾਬਾ ਗੁਰਦਿੱਤਾ ਗੁਰੂ ਹਰਿਗੋਬਿੰਦ ਸਾਹਿਬ ਦਾ ਵੱਡਾ ਸਪੁੱਤਰ ਸੀ। ਬਾਬਾ ਗੁਰਦਿੱਤਾ ਦੇ ਦੋ ਲੜਕੇ ਸਨ, ਧੀਰਮੱਲ ਤੇ ਸ੍ਰੀ ਹਰਿ ਰਾਇ ਜੀ, ਜੋ ਪਿੱਛੋਂ ਸੱਤਵੇਂ ਗੁਰੂ ਬਣੇ) ਨਾਲ ਸਲਾਹ ਕਰਕੇ ਕੁਝ ਮਸੰਦਾਂ ਨੂੰ ਆਪਣੇ ਨਾਲ ਗੰਢਿਆ ਅਤੇ ਗੁਰੂ ਬਣਨ ਦਾ ਦਾਅਵਾ ਕੀਤਾ। ਪਰ ਸਿੱਖ ਉਹਦੇ ਪਿੱਛੇ ਨਾ ਲੱਗੇ। ਫਿਰ ਉਸ ਨੇ ਔਰੰਗਜ਼ੇਬ ਕੋਲ ਸ਼ਿਕਾਇਤ ਕੀਤੀ। ਪਹਿਲਾਂ ਤਾਂ ਬਾਦਸ਼ਾਹ ਦਖ਼ਲ ਨਹੀਂ ਦੇਣਾ ਚਾਹੁੰਦਾ ਸੀ, ਫਿਰ ਉਸ ਨੇ ਸੋਚਿਆ ਕਿ ਗੁਰੂ ਬਣ ਕੇ ਰਾਮ ਰਾਏ ਸਰਕਾਰੀ ਨੀਤੀ ਮੁਤਾਬਕ ਚੱਲੇਗਾ ਤੇ ਹਕੂਮਤ ਇਸ ਪਾਸੋਂ ਬੇਫ਼ਿਕਰ ਹੋ ਜਾਵੇਗੀ। ਔਰੰਗਜ਼ੇਬ ਨੇ ਮਿਰਜ਼ਾ ਰਾਜਾ ਜੈ ਸਿੰਘ ਨੂੰ ਕਿਹਾ ਕਿ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਆਦਰ ਸਹਿਤ ਦਿੱਲੀ ਲਿਆਉਣ ਦਾ ਪ੍ਰਬੰਧ ਕੀਤਾ ਜਾਵੇ। ਰਾਜਾ ਜੈ ਸਿੰਘ ਗੁਰੂ ਘਰ ਦਾ ਸ਼ਰਧਾਲੂ ਸੀ ਤੇ ਉਹਨੇ ਔਰੰਗਜ਼ੇਬ ਦੇ ਹੁਕਮ ਮੁਤਾਬਕ ਸ਼ਾਹੀ ਕਾਸਦ ਨੂੰ ਚਿੱਠੀ ਲਿਖ ਕੇ ਕੀਰਤਪੁਰ ਸਾਹਿਬ ਭੇਜਿਆ ਤਾਂ ਗੁਰੂ ਜੀ ਨੇ ਗੁਰੂ-ਪਿਤਾ ਦੇ ਅੰਤਮ ਆਦੇਸ਼ “ਨਹਿ ਮਲੇਛ ਕੋ ਦਰਸ਼ਨ ਦੇ ਹੈਂ” ਨੂੰ ਸਮਰਪਿਤ ਹੋ ਕੇ ਔਰੰਗਜ਼ੇਬ ਨੂੰ ਦਿੱਲੀ ਜਾ ਕੇ ਮਿਲਣ ਤੋਂ ਸਾਫ ਇਨਕਾਰ ਕਰ ਦਿੱਤਾ।
ਪਰ ਜਦੋਂ ਰਾਜਾ ਜੈ ਸਿੰਘ ਨੇ ਦਿੱਲੀ ਦੀ ਸੰਗਤ ਦੀ ਇੱਛਾ ਮੁਤਾਬਕ ਚਰਨ ਪਾਉਣ ਦੀ ਬੇਨਤੀ ਕੀਤੀ ਤਾਂ ਆਪ ਨੇ ਸੰਗਤ ਦੀ ਅਰਜ਼ੋਈ ਨੂੰ ਪ੍ਰਵਾਨ ਕਰਦਿਆਂ ਦਿੱਲੀ ਵੱਲ ਚਾਲੇ ਪਾ ਦਿੱਤੇ। ਆਪ ਦੇ ਨਾਲ ਮਾਤਾ ਕ੍ਰਿਸ਼ਨ ਕੌਰ ਅਤੇ ਹੋਰ ਮੁਖੀ ਸਿੱਖ ਵੀ ਜਾਣ ਨੂੰ ਤਿਆਰ ਹੋ ਗਏ।
ਗੁਰੂ ਜੀ ਨੇ ਦਿੱਲੀ ਵੱਲ ਜਾਂਦਿਆਂ ਰਸਤੇ ਵਿੱਚ ਪੰਜੋਖਰਾ ਦੇ ਸਥਾਨ ‘ਤੇ ਕੁਝ ਸਮਾਂ ਵਿਸ਼ਰਾਮ ਕੀਤਾ। ਇੱਥੇ ਹੀ ਇੱਕ ਪੰਡਿਤ ਜਿਸ ਦਾ ਨਾਮ ਲਾਲਚੰਦ ਸੀ, ਗੁਰੂ ਜੀ ਕੋਲ ਆ ਕੇ ਕਹਿਣ ਲੱਗਿਆ- ਤੁਸੀਂ ਆਪਣਾ ਨਾਂ ਤਾਂ ਹਰਿਕ੍ਰਿਸ਼ਨ ਰਖਵਾਇਆ ਹੈ, ਪਰ ਗੀਤਾ ਦਾ ਤੁਹਾਨੂੰ ਕੋਈ ਗਿਆਨ ਹੀ ਨਹੀਂ ਹੈ। ਸ੍ਰੀ ਕ੍ਰਿਸ਼ਨ ਨੇ ਤਾਂ ਗੀਤਾ ਦੀ ਰਚਨਾ ਕੀਤੀ ਸੀ, ਤੁਸੀਂ ਗੀਤਾ ਦੇ ਅਰਥ ਹੀ ਕਰਕੇ ਵਿਖਾ ਦਿਓ।… ਜਾਣੀਜਾਣ ਸਤਿਗੁਰੂ ਨੇ ਉਸ ਦੀ ਹੰਕਾਰੀ ਬਿਰਤੀ ਨੂੰ ਪਛਾਣ ਲਿਆ ਪਰ ਉਸ ਨੂੰ ਪਿਆਰ ਨਾਲ ਕਿਹਾ- ਤੁਸੀਂ ਕਿਸੇ ਵੀ ਆਦਮੀ ਨੂੰ ਲੈ ਆਓ, ਉਹੀ ਗੀਤਾ ਦੇ ਅਰਥ ਕਰਕੇ ਦੱਸ ਦੇਵੇਗਾ।
ਪੰਡਿਤ ਲਾਲਚੰਦ ਪਿੰਡ ‘ਚੋਂ ਛੱਜੂ ਝੀਉਰ ਨੂੰ ਲੈ ਆਇਆ, ਜੋ ਗੂੰਗਾ ਅਤੇ ਬੋਲਾ ਸੀ। ਗੁਰੂ ਜੀ ਨੇ ਛੱਜੂ ਦੇ ਸਿਰ ‘ਤੇ ਆਪਣੀ ਛੜੀ ਦਾ ਇੱਕ ਸਿਰਾ ਰੱਖਿਆ ਅਤੇ ਪੰਡਿਤ ਨੂੰ ਕੁਝ ਵੀ ਪੁੱਛਣ ਲਈ ਕਿਹਾ। ਪੰਡਿਤ ਨੇ ਜੋ-ਜੋ ਵੀ ਸ਼ਲੋਕ ਦੇ ਅਰਥ ਪੁੱਛੇ, ਛੱਜੂ ਨੇ ਉਨ੍ਹਾਂ ਦਾ ਸਟੀਕ ਜਵਾਬ ਦਿੱਤਾ। ਪੰਡਿਤ ਦੀ ਤਸੱਲੀ ਹੋ ਗਈ ਤੇ ਉਹ ਗੁਰੂ ਜੀ ਦੇ ਕਦਮਾਂ ‘ਤੇ ਢਹਿ ਕੇ ਉਨ੍ਹਾਂ ਦਾ ਸ਼ਰਧਾਲੂ ਬਣ ਗਿਆ। ਇਸ ਗਾਥਾ ਤੋਂ ਪਤਾ ਲੱਗਦਾ ਹੈ ਕਿ ਗੁਰੂ ਜੀ ਨੇ ਸ਼ੂਦਰਾਂ ਨੂੰ ਧਾਰਮਕ ਗ੍ਰੰਥ ਪੜ੍ਹਾਉਣ ਦੇ ਰਾਹ ਤੋਰਿਆ, ਜਿਨ੍ਹਾਂ ਨੂੰ ਬ੍ਰਾਹਮਣਾਂ ਨੇ ਇਹਦੀ ਸਿੱਖਿਆ ਲੈਣ ਤੋਂ ਵਰਜਿਆ ਹੋਇਆ ਸੀ। ਅਸਲ ਵਿਚ ਗੁਰੂ ਜੀ ਨੇ ਪੰਡਿਤ ਦੀ ਹਉਮੈ ਦੂਰ ਕਰਨ ਲਈ ਹੀ ਇਹ ਜੁਗਤ ਵਰਤੀ ਸੀ।
ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਿਰਜਣਾ (1699 ਈ.) ਕੀਤੀ ਸੀ ਤਾਂ ਇਸ ਲਾਲਚੰਦ ਨਾਂ ਦੇ ਪੰਡਿਤ ਨੇ ਵੀ ਅੰਮ੍ਰਿਤ ਛਕਿਆ ਸੀ ਤੇ ਲਾਲ ਸਿੰਘ ਬਣ ਗਿਆ ਸੀ। ਪਿੱਛੋਂ ਉਹਨੇ ਕਈ ਜੰਗਾਂ ਵਿੱਚ ਵੀ ਜੌਹਰ ਵਿਖਾਏ ਸਨ।
ਛੱਜੂ ਝਿਉਰ ਤੇ ਵੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਦ੍ਰਿਸ਼ਟੀ ਦੀ ਅਜਿਹੀ ਹੀ ਕਿਰਪਾ ਹੋਈ ਸੀ। ਅਜਿਹੇ ਮੂੜ, ਮੁਗਧ ਪ੍ਰਾਣੀਆਂ ਦੇ ਚਤੁਰ ਤੇ ਸੁਜਾਨ ਬਣਨ ਬਾਰੇ ਬਹੁਤ ਸਾਰੇ ਗੁਰ-ਵਾਕ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ:
ਪਿੰਗੁਲ ਪਰਬਤ ਪਾਰਿ ਪਰੇ ਖਲ ਚਤੁਰ ਬਕੀਤਾ॥
ਅੰਧੁਲੇ ਤ੍ਰਿਭਵਣ ਸੂਝਿਆ ਗੁਰ ਭੇਟਿ ਪੁਨੀਤਾ॥
ਮਹਿਮਾ ਸਾਧੂ ਸੰਗ ਕੀ ਸੁਨਹੁ ਮੇਰੇ ਮੀਤਾ॥
ਮੈਲੁ ਖੋਈ ਕੋਟਿ ਅਘ ਹਰੇ ਨਿਰਮਲ ਭਏ ਚੀਤਾ॥
(ਪੰਨਾ ੮੦੯)
ਸੁਨਿ ਅੰਧਾ ਕੈਸੇ ਮਾਰਗਿ ਪਾਵੈ॥
ਕਰੁ ਗਹਿ ਲੇਹੁ ਓੜਿ ਨਿਬਹਾਵੇ॥
ਕਹਾ ਬੁਝਾਰਤਿ ਬੂਝੈ ਡੋਰਾ॥
ਨਿਸਿ ਕਹੀਐ ਤਉ ਸਮਝੈ ਭੋਰਾ॥
ਕਹਾ ਬਿਸਨਪਦ ਗਾਵੈ ਗੁੰਗ॥
ਜਤਨ ਕਰੈ ਤਉ ਭੀ ਸੁਰ ਭੰਗ॥
ਕਹ ਪਿੰਗੁਲ ਪਰਬਤ ਪਰ ਭਵਨ॥
ਨਹੀ ਹੋਤ ਊਹਾ ਉਸੁ ਗਵਨ॥
ਕਰਤਾਰ ਕਰੁਣਾਮੈ ਦੀਨੁ ਬੇਨਤੀ ਕਰੈ॥
ਨਾਨਕ ਤੁਮਰੀ ਕਿਰਪਾ ਤਰੈ॥
(ਗਉੜੀ ਸੁਖਮਨੀ ਮ: ੫, ਚੌਥੀ ਅਸਟਪਦੀ, ਛੇਵੀਂ ਪਉੜੀ, ਪੰਨਾ ੨੬੭)
ਦਿੱਲੀ ਪੁੱਜ ਕੇ ਗੁਰੂ ਜੀ, ਜਿੱਥੇ ਅੱਜਕੱਲ੍ਹ ਗੁਰਦੁਆਰਾ ਬੰਗਲਾ ਸਾਹਿਬ ਹੈ, ਉਸ ਸਥਾਨ ‘ਤੇ ਠਹਿਰੇ। ਅਸਲ ਵਿਚ ਇਹ ਥਾਂ ਰਾਜਾ ਜੈ ਸਿੰਘ ਦਾ ਬੰਗਲਾ ਸੀ। ਇੱਥੇ ਹਰ ਰੋਜ਼ ਦਿੱਲੀ ਦੀ ਸੰਗਤ ਗੁਰੂ ਜੀ ਦੇ ਦਰਸ਼ਨਾਂ ਲਈ ਆਉਂਦੀ ਅਤੇ ਸਤਿਸੰਗ ਵਿੱਚ ਹਾਜ਼ਰੀ ਭਰਦੀ। ਦਿੱਲੀ ਪੁੱਜ ਕੇ ਵੀ ਜਦੋਂ ਗੁਰੂ ਜੀ ਨੇ ਔਰੰਗਜ਼ੇਬ ਨੂੰ ਦਰਸ਼ਨ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਔਰੰਗਜ਼ੇਬ ਨੇ ਆਪਣੇ ਪੁੱਤਰ ਮੁਅੱਜ਼ਮ ਨੂੰ ਗੁਰੂ ਜੀ ਕੋਲ ਭੇਜਿਆ। ਗੁਰੂ ਜੀ ਨੇ ਉਸ ਨੂੰ ਆਤਮਕ ਉਪਦੇਸ਼ ਦੇ ਕੇ ਨਿਹਾਲ ਕੀਤਾ। ਜਦੋਂ ਮੁਅੱਜ਼ਮ ਨੇ ਰਾਮ ਰਾਏ ਨੂੰ ਗੱਦੀ ਨਾ ਦਿੱਤੇ ਜਾਣ ਦੀ ਗੱਲ ਕੀਤੀ ਤਾਂ ਗੁਰੂ ਜੀ ਨੇ ਸਪਸ਼ਟ ਕੀਤਾ ਕਿ ਗੁਰਗੱਦੀ ਕੋਈ ਵਿਰਾਸਤ ਜਾਂ ਜੱਦੀ ਮਲਕੀਅਤ ਨਹੀਂ ਹੈ। ਰਾਮ ਰਾਏ ਨੇ ਗੁਰਬਾਣੀ ਦੀ ਪੰਕਤੀ ਬਦਲ ਦਿੱਤੀ, ਤਾਂ ਗੁਰੂ-ਪਿਤਾ ਨੇ ਉਸ ਨੂੰ ਤਿਆਗ ਦਿੱਤਾ। ਸ਼ਹਿਜ਼ਾਦਾ ਮੁਅੱਜ਼ਮ ਤੋਂ ਗੁਰੂ ਜੀ ਦੇ ਆਤਮਕ ਤੇ ਰੂਹਾਨੀ ਗਿਆਨ ਬਾਰੇ ਸੁਣ ਕੇ ਔਰੰਗਜ਼ੇਬ ਵੀ ਗੁਰੂ ਜੀ ਦੀ ਦੂਰ-ਦ੍ਰਿਸ਼ਟੀ ਤੇ ਸਪਸ਼ਟਤਾ ਦਾ ਕਾਇਲ ਹੋ ਗਿਆ। ਉਹਨੇ ਰਾਜਾ ਜੈ ਸਿੰਘ ਨੂੰ ਗੁਰੂ ਜੀ ਦੀ ਪਰਖ ਕਰਨ ਲਈ ਕਿਹਾ। ਰਾਜਾ ਜੈ ਸਿੰਘ ਗੁਰੂ ਜੀ ਨੂੰ ਆਪਣੇ ਮਹਿਲ ਵਿਚ ਲਿਆਇਆ, ਜਿੱਥੇ ਸਾਰੀਆਂ ਰਾਣੀਆਂ ਨੇ ਗੋਲੀਆਂ ਵਰਗੇ ਬਸਤਰ ਪਹਿਨੇ ਹੋਏ ਸਨ। ਗੁਰੂ ਜੀ ਨੇ ਆਪਣੀ ਛੜੀ ‘ਪਟਰਾਣੀ’ ਦੇ ਸਿਰ ‘ਤੇ ਰੱਖ ਕੇ ਉਸ ਦੀ ਪਛਾਣ ਕੀਤੀ।
ਉਨ੍ਹੀਂ ਦਿਨੀਂ ਦਿੱਲੀ ਵਿੱਚ ਚੇਚਕ ਦੀ ਮਹਾਂਮਾਰੀ ਫੈਲ ਗਈ। ਗੁਰੂ ਜੀ ਨੇ ਦੀਨ-ਦੁਖੀਆਂ ਅਤੇ ਰੋਗੀਆਂ ਦੀ ਬਿਨਾਂ ਕਿਸੇ ਵਿਤਕਰੇ ਤੋਂ ਆਪਣੇ ਹੱਥੀਂ ਸੇਵਾ ਕੀਤੀ।
ਗੁਰੂ ਜੀ ਨੇ ਸੰਗਤਾਂ ਦੇ ਦਸਵੰਧ ਤੇ ਭੇਟਾ ਨੂੰ ਸੇਵਾ ਹਿਤ ਲਾ ਦਿੱਤਾ। ਗੁਰੂ ਜੀ ਦੇ ਦਰਸ਼ਨ ਕਰਨ ਨਾਲ ਰੋਗੀਆਂ ਦੇ ਸਰੀਰਕ ਤੇ ਮਾਨਸਿਕ ਰੋਗ ਦੂਰ ਹੋਣ ਲੱਗੇ। ਇਸੇ ਲਈ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਦੇ ਪ੍ਰਥਾਇ ਇਹ ਆਖਿਆ ਹੈ- ਸ੍ਰੀ ਹਰਿਕ੍ਰਿਸ਼ਨ ਧਿਆਇਐ ਜਿਸ ਡਿਠੈ ਸਭਿ ਦੁਖਿ ਜਾਏ। ਇਵੇਂ ਹੀ ਰੋਗੀਆਂ ਦੀ ਸੇਵਾ ਕਰਦਿਆਂ ਉਹ ਆਪ ਵੀ ਇਸ ਬਿਮਾਰੀ ਦੀ ਲਪੇਟ ਵਿਚ ਆ ਗਏ। ਉਨ੍ਹਾਂ ਨੂੰ ਤੇਜ਼ ਬੁਖਾਰ ਹੋ ਗਿਆ ਅਤੇ ਸਰੀਰ ਉੱਤੇ ਚੇਚਕ ਦੇ ਲੱਛਣ ਵਿਖਾਈ ਦੇਣ ਲੱਗੇ। ਆਪਣਾ ਆਖ਼ਰੀ ਸਮਾਂ ਵੇਖ ਕੇ ਆਪ ਨੇ ਸੰਗਤਾਂ ਨੂੰ ਅਗਲੇ ਗੁਰੂ ਬਾਰੇ ਦੱਸਿਆ- “ਬਾਬਾ ਬਕਾਲੇ”, ਜਿਸ ਦਾ ਭਾਵ ਸੀ ਕਿ ਅਗਲੇ ਗੁਰੂ ਪਿੰਡ ਬਕਾਲੇ ਵਿੱਚ ਹਨ, ਜੋ ਰਿਸ਼ਤੇ ਵਿੱਚ ਉਨ੍ਹਾਂ ਦੇ ਬਾਬਾ, ਭਾਵ ਦਾਦਾ ਜੀ ਲੱਗਦੇ ਹਨ। ਆਪ 1664 ਈ. ਵਿੱਚ ਦਿੱਲੀ ਵਿਖੇ ਹੀ ਜੋਤੀ ਜੋਤਿ ਸਮਾ ਗਏ। ਆਪ ਦਾ ਸਸਕਾਰ ਯਮਨਾ ਨਦੀ ਦੇ ਕਿਨਾਰੇ ਕੀਤਾ ਗਿਆ, ਜਿੱਥੇ ਅੱਜਕੱਲ੍ਹ ਗੁਰਦੁਆਰਾ ਬਾਲਾ ਸਾਹਿਬ ਸੁਸ਼ੋਭਿਤ ਹੈ।
ਅੱਜ ਦੇ ਆਪੋ-ਧਾਪੀ ਦੇ ਯੁੱਗ ਵਿੱਚ ਮਨੁੱਖ ਦੀ ਸੋਚ ਬੜੀ ਸੰਕੀਰਣ ਹੋ ਗਈ ਹੈ। ਉਹ ਆਪਣੀ ਤਰੱਕੀ, ਖ਼ੁਸ਼ਹਾਲੀ, ਅਹੁਦੇ ਦੇ ਮਾਇਆ ਜਾਲ ਵਿਚ ਇੰਨੀ ਬੁਰੀ ਤਰ੍ਹਾਂ ਧਸ ਚੁੱਕਾ ਹੈ ਕਿ ਉਸ ਨੂੰ ਧਰਮ ਦੀ ਮੂਲ ਭਾਵਨਾ ਦੇ ਅਰਥ ਹੀ ਭੁੱਲ ਗਏ ਹਨ। ਇਨਸਾਨੀਅਤ ਦਾ ਜਜ਼ਬਾ ਨਸ਼ਟ ਹੋ ਗਿਆ ਹੈ। ਨਿਮਾਣੇ ਨਿਤਾਣੇ ਦੀ ਮਦਦ ਕਰਨੀ ਉਸ ਨੂੰ ਭਾਉਂਦੀ ਨਹੀਂ। ਕਈ ਵਾਰੀ ਆਪਣੇ ਫ਼ਾਇਦੇ ਲਈ ਉਹ ਬਹੁਤ ਸਾਰੇ ਅਜਿਹੇ ਕਾਰੇ ਵੀ ਕਰ ਜਾਂਦਾ ਹੈ, ਜਿਸ ਨਾਲ ਹੋਰਨਾਂ ਲੋਕਾਂ ਨੂੰ ਭਾਰੀ ਕਸ਼ਟ ਸਹਾਰਨੇ ਪੈਂਦੇ ਹਨ। ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਜੀਵਨ ਅਤੇ ਕਾਰਜਾਂ ਤੋਂ ਸਾਨੂੰ ਸੇਧ ਲੈਣ ਦੀ ਲੋੜ ਹੈ, ਜਿਨ੍ਹਾਂ ਨੇ ਬਿਨਾਂ ਕਿਸੇ ਜਾਤ-ਪਾਤ, ਊਚ-ਨੀਚ, ਅਮੀਰ-ਗ਼ਰੀਬ, ਛੂਤ-ਛਾਤ ਦੇ ਵਿਤਕਰੇ ਤੋਂ ਮਨੁੱਖਤਾ ਦੀ ਭਲਾਈ ਲਈ ਕਾਰਜ ਕੀਤੇ। ਗੁਰੂ ਸਾਹਿਬ ਦੀ ਸੇਵਾ ਅਤੇ ਭਗਤੀ ਦੇ ਸੰਕਲਪ ਨੂੰ ਆਪਣੇ ਜੀਵਨ ਵਿੱਚ ਢਾਲ ਕੇ ਅਸੀਂ ਇੱਕ ਅਜਿਹੇ ਸਮਾਜ ਦਾ ਨਵ-ਨਿਰਮਾਣ ਕਰ ਸਕਦੇ ਹਾਂ, ਜਿੱਥੇ ਘਿਰਣਾ, ਨਫ਼ਰਤ, ਹਉਮੈ ਅਤੇ ਸੌੜੇ ਹਿੱਤਾਂ ਨੂੰ ਤਿਆਗ ਕੇ ਸਰਬੱਤ ਦੇ ਭਲੇ ਲਈ ਕੰਮ ਕੀਤਾ ਜਾਵੇ।
ਪੰਜਾਬੀ ਕਵੀ ਬਾਬੂ ਫ਼ਿਰੋਜ਼ਦੀਨ ਸ਼ਰਫ਼ ਦੀਆਂ ਇਨ੍ਹਾਂ ਕਾਵਿ ਪੰਕਤੀਆਂ ਨਾਲ ਮੈਂ ਆਪਣੇ ਵਿਚਾਰਾਂ ਨੂੰ ਸਮੇਟਦਾ ਹਾਂ:
ਗੱਲਾਂ ਵੱਡੀਆਂ ਵੱਡੀਆਂ ਉਮਰ ਛੋਟੀ
ਨਾਫ਼ੇ* ਵਾਂਗ ਖ਼ੁਸ਼ਬੋ ਖਿਲਾਰ ਦਿੱਤੀ।
ਚਾਰ ਚੰਦ ਗੁਰਿਆਈ ਨੂੰ ਲਾਏ ਸੋਹਣੇ
ਸਿੱਖ ਪੰਥ ਦੀ ਸ਼ਾਨ ਸੰਵਾਰ ਦਿੱਤੀ।
ਜਿਧਰ ਨਿਗ੍ਹਾ ਪਵਿੱਤਰ ਦੇ ਬਾਣ ਛੱਡੇ
ਉਸੇ ਪਾਸਿਓਂ ਫ਼ਤਿਹ ਕਰਤਾਰ ਦਿੱਤੀ।
ਗੀਤਾ ਅਰਥ ਸੁਣਵਾ ਕਹਾਰ ਕੋਲੋਂ
ਪੰਡਿਤ ਹੋਰਾਂ ਦੀ ਤੇਹ ਉਤਾਰ ਦਿੱਤੀ।
(*ਨਾਫ਼ਾ : ਮਿਰਗ/ਹਿਰਨ ਦੀ ਨਾਭੀ ਵਿੱਚ ਪਈ ਕਸਤੂਰੀ)