Articles

ਜਿਸ ਅੰਦਰਿ ਤਾਤਿ ਪਰਾਈ ਹੋਵੈ ਤਿਸ ਦਾ ਕਦੇ ਨ ਹੋਵੀ ਭਲਾ।। 

Harkirat Kaur Sabhara
ਲੇਖਕ: ਹਰਕੀਰਤ ਕੌਰ ਸਭਰਾ, ਤਰਨਤਾਰਨ

ਸਾਨੂੰ ਸਾਰਿਆਂ ਨੂੰ ਆਪਣੇ ਆਪ ਨੂੰ ਭਾਗਾਂ ਵਾਲੇ ਸਮਝਣਾ ਚਾਹੀਦਾ ਹੈ ਕਿ ਸਾਡੇ ਕੋਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਇੱਕ ਅਜਿਹੇ ਮਾਰਗ ਦਰਸ਼ਕ ਹਨ ਜੋ ਸਾਡੇ ਜੀਵਨ ਦੇ ਹਰ ਮੋੜ ਉੱਪਰ ਸਾਡਾ ਮਾਰਗ ਦਰਸ਼ਨ ਕਰਦੇ ਹਨ। ਇੱਕ ਦਿਨ ਗੁਰਬਾਣੀ ਵਿਚਾਰਦਿਆਂ ਇਹ ਪੰਗਤੀਆਂ ਸਾਹਮਣੇ ਆਈਆਂ ਤਾਂ, ਮਨ ਹੈਰਾਨ ਸੀ ਕਿ ਗੁਰੂ ਸਾਹਿਬ ਸਾਨੂੰ ਕਿਸ ਤਰ੍ਹਾਂ ਹਰ ਗੱਲ ‘ਤੇ ਸਾਵਧਾਨ ਕਰ ਰਹੇ ਹਨ।

ਜੇਕਰ ਅੱਜ ਮੌਜੂਦਾ ਦੌਰ ਵੱਲ ਝਾਤ ਮਾਰੀਏ ਤਾਂ ਲੋਕ ਆਪਣੇ ਦੁੱਖ ਤੋਂ ਘੱਟ ਅਤੇ ਦੂਸਰਿਆਂ ਦੇ ਸੁੱਖ ਤੋਂ ਜਿਆਦਾ ਦੁਖੀ ਨਜ਼ਰ ਆਉਂਦੇ ਹਨ। ਈਰਖਾ, ਦਵੇਸ਼, ਕੁੜੱਤਣ, ਲਾਲਸਾ ਅਤੇ ਲਾਲਚ ਨੇ ਸਾਨੂੰ ਅੰਦਰੋਂ ਖੋਖਲਾ ਕਰ ਦਿੱਤਾ ਹੈ। ਮਨੁੱਖ ਕਿੰਨੀ  ਬੇਸਮਝੀ ਨਾਲ  ਕਿਸੇ ਹੋਰ ਦੇ ਸੁੱਖ ਅਰਾਮ, ਤਰੱਕੀ ਨੂੰ ਵੇਖ ਅੰਦਰੋ ਅੰਦਰੀ ਕੋਲੇ ਵਾਂਗ ਭੱਖਦਾ  ਰਹਿੰਦਾ ਹੈ, ਬਜਾਇ ਇਸ ਦੇ ਕਿ ਉਹੀ ਸਮਾਂ ਆਪਣੇ ਕੰਮ ਵੱਲ ਧਿਆਨ ਦੇਕੇ ਆਪ ਕਿਸੇ  ਖੇਤਰ ਵਿੱਚ ਸਫ਼ਲ ਹੋਇਆ ਜਾ ਸਕੇ। ਹਰ ਮਨੁੱਖ ਦੀ ਕਾਮਨਾ ਹੁੰਦੀ ਹੈ ਕਿ ਉਹ ਅੱਗੇ ਵਧੇ, ਸਮਾਜ ਵਿੱਚ ਉਸਦਾ ਚੰਗਾ ਰੁਤਬਾ ਹੋਵੇ, ਪਰ ਇਸ ਲਈ ਜਰੂਰੀ ਹੈ ਕਿ ਮਨੁੱਖ ਸਾਫ ਨੀਅਤ ਨਾਲ ਆਪਣਾ ਕਰਮ ਕਰੇ ਅਤੇ ਮਿਹਨਤ ਨਾਲ ਆਪਣਾ ਮੁਕਾਮ ਹਾਸਿਲ ਕਰੇ। ਜਿੰਨਾ ਸਮਾਂ ਦੂਸਰੇ ਦੀ ਤਰੱਕੀ ਜਾਂ ਸੁੱਖ ਨੂੰ ਘੂਰਦਿਆਂ ਅਜਾਈ ਗਵਾਇਆ ਜਾ ਰਿਹਾ, ਇਹ ਸਮਾਂ ਆਪਣੇ ਆਪ ਨੂੰ ਨਿਖਾਰਨ ਉੱਪਰ ਵੀ ਲਗਾਇਆ ਜਾ ਸਕਦਾ ਹੈ। ਦੂਸਰਿਆਂ ਲਈ ਮਨ ਵਿੱਚ ਦਵੇਸ਼ ਰੱਖਣ ਵਾਲਾ ਮਨੁੱਖ ਹਮੇਸ਼ਾ ਸੁਭਾਅ ਵਿੱਚ ਚਿੜਚਿੜਾ ਹੁੰਦਾ ਹੈ। ਉਸਨੂੰ ਬਿਨਾ ਕਿਸੇ ਗੱਲ ਤੋਂ ਹੀ ਗੁੱਸਾ ਆਉਂਦਾ ਹੈ, ਉਹ ਆਪ ਤਾਂ ਅੰਦਰੋ ਅੰਦਰ ਦੁਖੀ ਹੁੰਦਾ ਹੈ ਨਾਲ ਰਹਿਣ ਵਾਲੇ ਪਰਿਵਾਰਿਕ ਜਨਾਂ ਦਾ ਵੀ ਉਸ ਨੇ ਜੀਵਨ ਦੁੱਭਰ ਕੀਤਾ ਹੁੰਦਾ ਹੈ। ਪਰਾਈ ਤਾਤ ਰੱਖਣ ਵਾਲੇ ਇੱਕ ਮਨੁੱਖ ਕਰਕੇ ਹੀ ਪੂਰਾ ਪਰਿਵਾਰ ਅਵਾਜ਼ਾਰੀ  ਦਾ ਸਾਹਮਣਾ ਕਰਦਾ ਹੈ, ਕਿਉਂਕਿ ਬਹੁਤਾਤ ਅਜਿਹੇ ਮਨੁੱਖ ਦਾ ਵਸ ਕਿਤੇ ਹੋਰ ਨਾ ਚੱਲਣ ਕਰਕੇ ਪਰਿਵਾਰ ਮੈਬਰਾਂ ਉੱਪਰ ਚੱਲ ਜਾਂਦਾ ਹੁੰਦਾ ਹੈ। ਸੋ ਅਜਿਹੇ ਮਨੁੱਖ ਕਿਸੇ ਦੇ ਸੁੱਖ ਨੂੰ ਵੇਖ ਆਪ ਤਾਂ ਦੁੱਖੀ ਹੁੰਦੇ ਹੀ ਹਨ ਨਾਲ ਦੀ ਨਾਲ ਪਰਿਵਾਰ ਦੇ ਜੀਆਂ ਨੂੰ ਵੀ ਤੰਗ ਕਰਦੇ ਹਨ। ਪਰ ਯਾਦ ਰਹੇ ਕਿਸੇ ਪ੍ਰਤੀ ਮਨ ਵਿੱਚ ਦਵੇਸ਼, ਈਰਖਾ ਤੇ ਸਾੜਾ ਰੱਖਣ ਵਾਲੇ ਮਨੁੱਖ ਕਦੇ ਖੁਸ਼ ਨਹੀਂ ਹੁੰਦੇ। ਪੰਥ ਰਤਨ ਗਿਆਨੀ ਪਿੰਦਰਪਾਲ ਸਿੰਘ ਜੀ ਇੱਕ ਕਥਾ ਵਿੱਚ ਦੱਸਦੇ ਸਨ ਕਿ ਅਜਿਹੇ ਮਨੁੱਖ ਪਹਿਲਾਂ ਆਪਣੇ ਆਪ ਨੂੰ ਸਾੜਦੇ  ਹਨ, ਪਹਿਲਾਂ ਆਪ ਕਿਸੇ ਨੂੰ ਅੱਗੇ ਵੱਧਦਾ ਵੇਖ ਦੁੱਖੀ ਹੁੰਦੇ ਹਨ ਅਤੇ ਕਦੇ ਕਦੇ ਅਜਿਹੇ ਮਨੁੱਖ ਦੀ ਅਜਿਹੀ ਦਵੇਸ਼ ਭਰੀ ਨਿਗਾਹ ਕਿਸੇ ਉੱਪਰ ਪੈਂਦੀ ਹੈ ਕਿ ਕਿਸੇ ਦੀਆਂ ਖੁਸ਼ੀਆਂ ਨੂੰ ਵੀ ਨਜ਼ਰ ਲੱਗ ਜਾਂਦੀ ਹੈ।
ਪਰ ਧਿਆਨ ਰਹੇ ਗੁਰਬਾਣੀ ਦੇ ਮਹਾਵਾਕ  ਅਨੁਸਾਰ ਜਿਸ ਮਨੁੱਖ ਦੇ ਹਿਰਦੇ ਵਿੱਚ ਦੂਸਰਿਆਂ ਪ੍ਰਤੀ ਦਵੇਸ਼, ਈਰਖਾ ਹੈ ਉਸਦਾ ਆਪਣਾ ਕਦੇ ਵੀ ਭਲਾ ਨਹੀਂ ਹੋ ਸਕਦਾ , ਉਹ ਚਾਹ ਕੇ ਵੀ ਅੱਗੇ ਨਹੀਂ ਵੱਧ ਸਕਦਾ। ਅਜਿਹੇ ਮਨੁੱਖ ਹਮੇਸ਼ਾ ਖੁਸ਼ੀਆਂ ਤੋਂ ਵਾਂਝੇ ਰਹਿ ਜਾਂਦੇ ਹਨ ਅਤੇ ਸਾਰੀ ਜ਼ਿੰਦਗੀ ਦੂਸਰਿਆਂ ਦੇ ਸੁੱਖ ਨੂੰ ਦੇਖ ਦੇਖ ਕੇ ਦੁਖੀ ਹੁੰਦੇ ਰਹਿੰਦੇ ਹਨ। ਹਰ ਮਨੁੱਖ ਨੂੰ ਜੀਵਨ ਰੂਪੀ ਧਰਤ ਮਿਲੀ ਹੈ ਇਸ ਵਿੱਚ ਜਿਵੇਂ ਦੇ ਕਰਮ ਰੂਪੀ ਬੀਜ ਪਾਵਾਂਗੇ, ਉਸ ਤਰ੍ਹਾਂ ਦੇ ਫਲ ਸਾਨੂੰ ਨਸੀਬ ਹੋਣਗੇ। ਸੋ ਯਤਨ ਰਹੇ ਕਿ ਗੁਰਬਾਣੀ ਦੇ ਇਹਨਾਂ ਵਾਕਾਂ ਨੂੰ ਆਪਣੇ ਜੀਵਨ ਦਾ ਅਧਾਰ ਬਣਾ  , ਈਰਖਾ, ਦਵੇਸ਼, ਨਿੰਦਿਆ ਤੋਂ ਦੂਰ ਰਹੀਏ ਅਤੇ ਪਿਆਰ ਦੇ ਬੀਜ ਬੀਜੀਏ। ਤਾਂ ਜੋ ਇੱਕ ਪਿਆਰ ਭਰਿਆ ਸਮਾਜ ਸਿਰਜ ਸਕੀਏ ਜਿੱਥੇ ਹਰ ਕੋਈ ਭਾਈਚਾਰਕ ਸਾਂਝ ਨਾਲ ਜੀਵਨ ਬਸਰ ਕਰੇ।

Related posts

HAPPY DIWALI 2025 !

admin

ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਗ੍ਰਿਫ਼ਤਾਰੀ ਨਾਲ ਪੰਜਾਬ ਪੁਲਿਸ ‘ਚ ਮਚੀ ਹਥੜਾ-ਦਫ਼ੜੀ !

admin

Shepparton Paramedic Shares Sikh Spirit of Service This Diwali

admin