
ਸੋਹਣੀ ਜ਼ਿੰਦਗੀ ਜਿਉਣ ਲਈ ਬਹੁਤ ਸਾਰੇ ਤੱਤ ਜ਼ਰੂਰੀ ਹੁੰਦੇ ਹਨ। ਪਰ ਸਭ ਤੋਂ ਜ਼ਿਆਦਾ ਜ਼ਰੂਰੀ ਤੱਤ ਹੈ ਹਾਸ-ਰਸ ਦੀ ਕਲਾ। ਜੇਕਰ ਤੁਹਾਡੇ ਵਿੱਚ ਇਹ ਤੱਤ ਮੌਜੂਦ ਨਹੀਂ ਹੈ ਤਾਂ ਤੁਸੀਂ ਇਨਸਾਨ ਨਹੀਂ ਮਸ਼ੀਨ ਹੋ। ਮਸ਼ੀਨ ਦਾ ਕੰਮ ਹੁੰਦਾ ਆਪਣਾ ਕੰਮ ਕਰੀ ਜਾਣਾ ਅਤੇ ਅੰਤ ਵਿੱਚ ਖ਼ਰਾਬ ਹੋ ਕੇ ਖਤਮ ਹੋ ਜਾਣਾ। ਹਾਸੇ-ਮਜ਼ਾਕ ਤੋਂ ਸੱਖਣਾ ਵਿਅਕਤੀ ਵੀ ਇਸੇ ਤਰ੍ਹਾਂ ਹੀ ਜ਼ਿੰਦਗੀ ਗੁਜ਼ਾਰ ਜਾਂਦਾ ਹੈ। ਮੈਂ ਅਕਸਰ ਲੋਕਾਂ ਨੂੰ ਉਦਾਸ ਮੂੰਹ ਲੈ ਕੇ ਕੰਮ ਤੇ ਜਾਂਦੇ ਜਾਂ ਕੰਮ ਕਰਦੇ ਦੇਖਦਾ ਹਾਂ। ਕਈ ਵਾਰ ਤਾਂ ਉਦਾਸੀ ਦਾ ਆਲਮ ਇੱਥੋਂ ਤੱਕ ਹੁੰਦਾ ਹੈ ਕਿ ਲੋਕ ਵਿਆਹਾਂ-ਸ਼ਗਨਾਂ ਦੇ ਮੌਕਿਆਂ ਤੇ ਵੀ ਉਤਰੇ ਜਿਹੇ ਮੂੰਹ ਲੈ ਤੁਰੇ ਫ਼ਿਰਦੇ ਨਜ਼ਰ ਆਉਂਦੇ ਹਨ। ਪਤਾ ਨਹੀਂ ਜ਼ਿੰਦਗੀ ਦਾ ਉਹਨਾਂ ਤੇ ਐਡਾ ਕਿੱਡਾ ਕੁ ਬੋਝ ਹੁੰਦਾ ਹੈ ਕਿ ਖੁਸ਼ੀ ਦੇ ਮੌਕੇ ਤੇ ਵੀ ਹੱਸਣਾ ਭੁੱਲ ਜਾਂਦੇ ਹਨ। ਦੁੱਖ, ਚਿੰਤਾਵਾਂ, ਪ੍ਰੇਸ਼ਾਨੀਆਂ, ਉਲਝਣਾਂ ਜ਼ਿੰਦਗੀ ਦਾ ਅਹਿਮ ਹਿੱਸਾ ਹਨ। ਕੋਈ ਮਨੁੱਖ ਇਹਨਾਂ ਤੋਂ ਸੱਖਣਾ ਨਹੀਂ ਰਹਿ ਸਕਦਾ। ਪਰ ਇਹਨਾਂ ਸਭ ਦੇ ਬਾਵਜੂਦ ਸਾਡੇ ਕੋਲ ਖੁਸ਼ ਹੋਣ ਦੇ ਵੀ ਬਹੁਤ ਮੌਕੇ ਹੁੰਦੇ ਹਨ। ਸਾਡੀ ਬਦਕਿਸਮਤੀ ਇਹ ਹੁੰਦੀ ਹੈ ਕਿ ਅਸੀਂ ਬੋਝ ਥੱਲੇ ਖ਼ੁਦ ਨੂੰ ਐਨਾ ਦੱਬ ਲੈਂਦੇ ਹਾਂ ਕਿ ਹਾਸੇ ਕਿੱਧਰੇ ਗਵਾਚ ਹੀ ਜਾਂਦੇ ਨੇ। ਇਹਨਾਂ ਹਾਸਿਆਂ ਨੂੰ ਗਵਾਚਣ ਤੋਂ ਪਹਿਲਾਂ ਹੀ ਬੋਚ ਲੈਣਾ ਜ਼ਰੂਰੀ ਹੈ। ਸੋ ਹਾਲਾਤ ਨੂੰ ਸੁਖਾਵੇਂ ਕਰਨ ਲਈ ਝੂਠ-ਮੂਠ ਦਾ ਖੁਸ਼ ਹੋਣ ਵਿੱਚ ਵੀ ਕੋਈ ਹਰਜ਼ ਨਹੀਂ ਹੈ।