Articles

ਜੀਵਨ ਨੂੰ ਕਿਸਮਤ ਦੇ ਸਹਾਰੇ ਨਹੀਂ ਛੱਡਿਆ ਜਾ ਸਕਦਾ !

Harkirat Kaur Sabhara
ਲੇਖਕ: ਹਰਕੀਰਤ ਕੌਰ, ਤਰਨਤਾਰਨ

ਪੂਰੇ ਬ੍ਰਹਿਮੰਡ ਵਿਚੋਂ ਸਰਵਸ੍ਰੇਸ਼ਟ ਜੂਨ ਮਨੁੱਖਾ ਜੀਵਨ ਹੈ। ਇੱਕ ਅਜਿਹੀ ਹੋਂਦ ਜਿਸ ਵਿੱਚ ਕੁਝ ਵੀ ਕਰਨ ਦੀ ਸਮਰੱਥਾ ਕੁਦਰਤ ਨੇ ਬਖਸ਼ੀ ਹੋਈ ਹੈ। ਜਿੰਨੀ ਪ੍ਰਪੱਕਤਾ ਨਾਲ ਮਨੁੱਖ ਨੂੰ ਸੋਚਣ ਦੀ ਸ਼ਕਤੀ ਮਿਲੀ, ਏਨੀ ਸੂਝ ਬ੍ਰਹਿਮੰਡ ਦੇ ਕਿਸੇ ਵੀ ਹੋਰ ਜੀਵ ਕੋਲ ਨਹੀਂ ਹੈ। ਅਜਿਹੀ ਅਸੀਮ ਸ਼ਕਤੀ ਦਾ ਮਾਲਕ ਬਣਾ ਕਾਦਰ ਨੇ ਦੂਸਰੀਆਂ ਸਾਰੀਆਂ ਜੂਨਾਂ ਨੂੰ ਮਨੁੱਖ ਦੇ ਅਧੀਨ ਕਰ ਦਿੱਤਾ।

ਹਰ ਇਨਸਾਨ ਚਾਹੁੰਦਾ ਹੈ ਕਿ ਉਹ ਜੀਵਨ ਵਿੱਚ ਸਫ਼ਲ ਹੋਵੇ। ਉਸਦਾ ਇੱਕ ਨਾਮ ਹੋਵੇ, ਇੱਕ ਅਜਿਹੀ ਪਹਿਚਾਣ ਹੋਵੇ ਜਿਸ ਦੇ ਹੁੰਦਿਆਂ ਉਸਦੇ ਕਰੀਬੀ ਉਸਤੇ ਮਾਣ ਮਹਿਸੂਸ ਕਰਨ। ਪਰ ਸਫ਼ਲ ਹੋਣਾ ਕੋਈ ਸੌਖੀ ਖੇਡ ਨਹੀਂ।ਅੱਜ ਤੱਕ ਸਫ਼ਲਤਾ ਉਹਨਾਂ ਦੇ ਹੱਥ ਆਈ ਜਿੰਨਾਂ ਮਿਹਨਤ ਕੀਤੀ, ਦ੍ਰਿੜ੍ਹ ਭਰੋਸਾ ਰੱਖਿਆ, ਆਲਸ ਨੂੰ ਤਿਆਗ, ਬਿਖੜੇ ਪੈਂਡਿਆਂ ਨਾਲ ਨਿਪਟਿਆ ਤੇ ਸਫ਼ਲਤਾ ਦਾ ਝੰਡਾ ਗੱਡਿਆ। ਜੀਵਨ ਦੇ ਚੱਲਦਿਆਂ ਬਹੁਤ ਸਾਰੇ ਰਸਤੇ ਸਾਡੇ ਸਾਰਿਆਂ ਦੇ ਰਾਹ ਵਿੱਚ ਆਉਂਦੇ ਹਨ, ਜਿੰਨਾਂ ਇਮਤਿਹਾਨਾਂ ਵਿੱਚ ਮਨੁੱਖ ਕਈ ਵਾਰ ਪਾਸ ਹੁੰਦਾ ਹੈ ਅਤੇ ਕਈ ਵਾਰ ਨਿਰਾਸ਼ ਹੁੰਦਾ ਹੈ। ਅਸੀਂ ਆਲੇ ਦੁਆਲੇ ਦੇਖਦੇ ਹਾਂ ਕਿ ਬਹੁਤ ਸਾਰੇ ਲੋਕ ਆਪਣੀਆਂ ਮੁਸ਼ਕਿਲਾਂ ਨਾਲ ਨਜਿੱਠਣ ਦੀ ਬਜਾਇ ਕਿਸਮਤ ਨੂੰ ਕੋਸਦੇ ਰਹਿੰਦੇ ਹਨ। ਕਈ ਅਜਿਹੇ ਵੀ ਹੁੰਦੇ ਹਨ, ਜੋ ਮਿਹਨਤ ਕਰਨ ਲਈ ਤਿਆਰ ਨਹੀਂ ਹੁੰਦੇ ਪਰ ਕਿਸਮਤ ਭਰੋਸੇ ਬੈਠੇ ਰਹਿੰਦੇ ਹਨ, ਅਤੇ ਜਦੋਂ ਨਿਰਾਸ਼ਤਾ ਹੱਥ ਲੱਗਦੀ ਹੈ ਤਾਂ ਕਿਸਮਤ ਨੂੰ ਝੂਰਦੇ ਹਨ।
ਇਹ ਕੁਦਰਤ ਦਾ ਨਿਯਮ ਹੈ ਜਿੰਨੇ ਯਤਨ, ਰੀਝ, ਉਤਸ਼ਾਹ ਨਾਲ ਤੁਸੀਂ ਕੰਮ ਕਰੋਗੇ, ਉਦਾਂ ਦੇ ਹੀ ਨਤੀਜ਼ੇ ਤੁਹਾਡੇ ਹੱਥ ਲੱਗਣਗੇ। ਕਿਸਮਤ ਕਦੇ ਵੀ ਬਣੀ ਬਣਾਈ ਨਹੀਂ ਹੁੰਦੀ ਇਸਨੂੰ ਘੜਣਾ ਪੈਂਦਾ ਹੈ। ਜੇਕਰ ਕਿਸਮਤਾਂ ਪਹਿਲਾਂ ਹੀ ਬਣੀਆਂ ਹੁੰਦੀਆਂ ਤਾਂ ਹਰ ਕੰਮ ਪਹਿਲਾਂ ਹੀ ਬਣੀਆਂ ਸ਼ਕਤੀਆਂ ਦੇ ਅਧੀਨ ਹੋਕੇ ਆਪਣੇ ਆਪ ਹੀ ਚੱਲਦੇ ਜਾਣਾ ਸੀ। ਕਿਸੇ ਨੂੰ ਕਿਸੇ ਵੀ ਤਰ੍ਹਾਂ ਦਾ ਯਤਨ ਕਰਨ ਦੀ ਜਰੂਰਤ ਨਹੀਂ ਸੀ ਪੈਣੀ। ਪਰ ਅਜਿਹਾ ਨਹੀਂ ਹੈ ਹਰ ਕਾਮਯਾਬੀ ਪਿੱਛੇ ਇੱਕ ਬਹੁਤ ਵੱਡੀ ਘਾਲਣਾ ਹੁੰਦੀ ਹੈ, ਸਵੈ ਵਿਸ਼ਵਾਸ, ਦ੍ਰਿੜ੍ਹਤਾ, ਸਾਹਸ, ਕੁਝ ਕਰ ਗੁਜ਼ਰਨ ਦਾ ਜ਼ਜਬਾ ਹੁੰਦਾ ਹੈ। ਕਿਸਮਤ ਦੇ ਸਹਾਰਾ ਸਿਰਫ਼ ਆਲਸੀ, ਅਵੇਸਲੇ, ਬਹਾਨੇਬਾਜ ਲੋਕ ਲੈਂਦੇ ਹਨ।
ਜਿਹੜੇ ਲੋਕਾਂ ਨੇ ਦੁਨੀਆਂ ਵਿੱਚ ਆਪਣੇ ਨਾਮ ਦਾ ਝੰਡਾ ਬੁਲੰਦ ਕੀਤਾ ਹੈ, ਉਹਨਾਂ ਕਦੇ ਵੀ ਆਪਣੇ ਕਿਸੇ ਕਾਰਜ ਨੂੰ ਕਿਸਮਤ ਦੇ ਸਹਾਰੇ ਨਹੀਂ ਛੱਡਿਆ। ਇਹ ਨਹੀਂ ਕਿ ਉਹਨਾਂ ਦੇ ਰਾਹਾਂ ਵਿੱਚ ਔਕੜਾਂ ਨਹੀਂ ਆਈਆਂ, ਇਹ ਨਹੀਂ ਕਿ ਉਹਨਾਂ ਨੇ ਚੁਣੌਤੀਆਂ ਦਾ ਸਾਹਮਣਾ ਨਹੀਂ ਕੀਤਾ, ਬਲਕਿ ਔਕੜਾਂ, ਚ
ਚੁਣੌਤੀਆਂ ਨਾਲ ਆਪਣੇ ਬਲਬੂਤੇ ਤੇ ਦੋ ਹੱਥ ਕੀਤੇ। ਜੀਵਨ ਇੱਕ ਖੇਡ ਹੈ, ਇਸ ਬਾਜੀ ਨੂੰ ਜੀਅ ਤਾਂ ਹਰ ਕੋਈ ਲੈਂਦਾ ਹੈ, ਪਰ ਮਾਣਦਾ ਕੋਈ ਕੋਈ ਹੈ। ਇਸ ਬਾਜੀ ਨੂੰ ਕਿਸਮਤ ਦੇ ਸਹਾਰੇ ਨਹੀਂ ਛੱਡਿਆ ਜਾ ਸਕਦਾ। ਜਿਵੇਂ ਮੈਂ ਸ਼ੁਰੂਆਤ ਵਿੱਚ ਜ਼ਿਕਰ ਕੀਤਾ ਕਿ ਮਨੁੱਖ ਇਸ ਬ੍ਰਹਿਮੰਡ ਦਾ ਸਰਵਉੱਚ ਪ੍ਰਾਣੀ ਹੈ, ਇਸ ਦੀ ਤਾਕਤ, ਇਸਦਾ ਦ੍ਰਿੜ੍ਹ ਸਕੰਲਪ ਕੁਦਰਤ ਵਿੱਚ ਵੀ ਕਿਸੇ ਤਰ੍ਹਾਂ ਦੀ ਤਬਦੀਲੀ ਕਰ ਸਕਦੀ ਹੈ। ਇਮਤਿਹਾਨ ਹਰ ਇੱਕ ਦੇ ਜੀਵਨ ਵਿੱਚ ਆਉਂਦੇ ਹਨ,ਪਰ ਜਿਹੜੇ ਵੱਡਾ ਜਿਗਰਾ ਕਰਦੇ ਹੋਏ ਉਹਨਾਂ ਦੇ ਹੱਲ ਲੱਭਦੇ ਹਨ, ਉਹ ਜੀਵਨ ਰੂਪੀ ਇਮਤਿਹਾਨ ਨੂੰ ਪਾਸ ਕਰ ਜਾਂਦੇ ਹਨ। ਬਾਕੀ ਲੋਕਾਂ ਲਈ ਪ੍ਰੇਰਨਾ ਸਰੋਤ ਬਣਦੇ ਹਨ। ਇਸਦੇ ਉੱਲਟ ਕੇਵਲ ਕਿਸਮਤ ਦੇ ਸਹਾਰਾ ਲੈਣ ਵਾਲੇ ਹਮੇਸ਼ਾ ਨਤੀਜੇ ਆਉਣ ‘ਤੇ ਹੱਥਾਂ ਨੂੰ ਦੰਦੀਆਂ ਵੰਡਦੇ, ਪਛਤਾਉਂਦੇ ਹੀ ਵੇਖੇ ਗਏ ਹਨ।
ਸੋ ਅਸੀਂ ਆਪਣੇ ਜੀਵਨ ਨੂੰ ਕਿਸਮਤ ਦੇ ਭਰੋਸੇ ਨਹੀਂ ਛੱਡ ਸਕਦੇ। ਕਿਸਮਤ, ਹੱਥਾਂ ਦੀ ਲਕੀਰਾਂ ਉਸ ਵੇਲੇ ਬੇਅਰਥ ਹੋ ਜਾਂਦੀਆਂ ਹਨ, ਜਦੋਂ ਤੁਸੀਂ ਹੱਥਾਂ ਤੋਂ ਕੰਮ ਲੈਣਾ ਬੰਦ ਕਰ ਦਿੰਦੇ ਹੋ। ਅੱਜ ਤੱਕ ਕਦੇ ਵੀ ਥਾਲੀ ਵਿੱਚ ਪਈ ਖਾਣੇ ਦੀ ਬੁਰਕੀ ਆਪ ਮੂੰਹ ਵਿੱਚ ਨਹੀਂ ਪਈ, ਉਸਨੂੰ ਤੋੜਣ ਲਈ ਹੱਥ ਹਿਲਾਉਣੇ ਹੀ ਪਏ ਹਨ। ਬਸ ਏਸੇ ਤਰ੍ਹਾਂ ਹੱਥੀਂ ਕਿਰਤ ਕਰਨੀ ਪਵੇਗੀ, ਵੱਡਾ ਹੌਸਲਾ ਕਰ ਚੁਣੌਤੀਆਂ ਦੀ ਧੌਣ ਮਰੋੜਣੀ ਪਵੇਗੀ। ਵਿਹਲੇ ਬੈਠਿਆ ਕਦੇ ਕਾਮਯਾਬੀਆਂ ਨਹੀਂ ਮਿਲਦੀਆਂ।
ਕਿਸਮਤਾਂ ਬਣੀਆਂ ਨਹੀਂ ਬਣਾਈਆਂ ਜਾਂਦੀਆਂ ਹਨ। ਹੱਥਾਂ ਦੀ ਲਕੀਰਾਂ ਆਪ ਘੜਣੀਆਂ ਪੈਂਦੀਆਂ ਹਨ, ਫਿਰ ਕਿਤੇ ਜਾ ਕੇ ਜੀਵਨ ਸਫ਼ਲ ਹੁੰਦੇ ਹਨ।

Related posts

If Division Is What You’re About, Division Is What You’ll Get

admin

Emirates Illuminates Skies with Diwali Celebrations Onboard and in Lounges

admin

Sydney Opera House Glows Gold for Diwali

admin