
ਮੈਂ ਜਦ ਕਦੇ ਵੀ ਮੌਤ ਦੀ ਗੱਲ ਕਰਨ ਲਗਦਾ ਤਾਂ ਮੇਰੀ ਬੀਬੀ (ਮਾਂ) ਝਟਪਟ ਮੇਰੇ ਮੂੰਹ ਉਪਰ ਹੱਥ ਰੱਖ ਦਿੰਦੀ ਅਤੇ ‘ਮੌ’ ਸ਼ਬਦ ਉਪਰੰਤ ‘ਤ’ ਅਣਉਚਾਰਿਆ ਅੰਦਰ ਹੀ ਦਮ ਤੋੜ ਦਿੰਦਾ। ਬੀਬੀ ਮੋਹਭਿੱਜੀ ਝਿੜਕ ਮਾਰਦਿਆਂ ਕਹਿੰਦੀ,” ਹਟ, ਇਸ ਕਲਮੂੰਹੀ ਦੀ ਗਲ ਨਹੀਂ ਕਰੀਦੀ, ਮਨਮੋਹਣੀ ਜ਼ਿੰਦਗੀ ਦੀ ਬਾਤ ਪਾਈਦੀ ਐ’।
ਹੁਣ ਨਾਂ ਬੀਬੀ ਰਹੀ, ਨਾਂ ਹੀ ਬਾਪੂ, ਇਸ ਲਈ ਮੂੰਹ ਤੇ ਹੱਥ ਰਖਣ ਵਾਲਾ ਕੋਈ ਨਹੀਂ ਬਚਿਆ, ਸੋਚਿਆ ਹੁਣ ਮੌਤ ਦੀ ਗੱਲ ਹੋ ਹੀ ਜਾਏ।
ਜ਼ਿੰਦਗੀ ‘ਚ ਮੌਤ ਅਟਲ ਹੈ। ਜੀਵਨ ਦਾ ਅੰਤ ਮੌਤ ਹੈ ਅਤੇ ਇਹ ਗੱਲ ਸੋਲਾਂ ਆਨੇ ਸੱਚ ਹੈ। ਜੀਵਨ ਵੀ ਝੂਠ ਨਹੀਂ। ਜੀਣਾ ਮਰਨਾਂ ਦੋਵੇਂ ਸੱਚ ਹਨ। ਸ਼ਰੀਰ ਨਾਸ਼ਮਾਨ ਹੈ। ਜੋ ਜਨਮਿਆਂ ਉਸ ਦਾ ਮਰਨਾ ਨਿਸਚਤ ਹੈ। ਜੰਮਣ ਅਤੇ ਮਰਨ ਵਿਚਲਾ ਸਮਾਂ ਜੀਵਨ ਹੈ। ਅਸੀਂ ਕਿਵੇਂ ਜੀਊਂਦੇ ਹਾਂ, ਜੀਣ-ਥੀਣ ਦੀ ਕੀ ਬਣਤ ਬਣਾਈ ਹੈ, ਸਾਡਾ ਨਿਤਾ-ਪ੍ਰਤੀ ਦਾ ਵਰਤਾਰਾ ਕਿਹੋ ਜਿਹਾ ਹੈ, ਅਸੀਂ ਆਪਣਿਆਂ-ਬੇਗਾਨਿਆਂ, ਆਂਢ-ਗੁਆਂਡ, ਸਮਾਜ-ਸਮੁਦਾਇ ਨਾਲ ਕਿੰਝ ਪੇਸ਼ ਆਉਂਦੇ ਹਾਂ, ਸਾਡਾ ਚਾਲ-ਚਲਨ, ਆਚਾਰ, ਵਿਹਾਰ, ਕਿਰਦਾਰ ਕਿਵੇਂ ਦਾ ਹੈ, ਸਭ ਰਲ-ਮਿਲ ਕੇ ਸਾਡੇ ਜੀਣ-ਢੰਗ ਨੂੰ ਨਿਧਾਰਤ ਕਰਦੇ ਹਨ ਅਤੇ ਆਂਕਦੇ ਵੀ ਹਨ।
ਮਰਨਾ ਤਹਿ ਹੈ, ਜੀਣਾ ਵੀ ਲਾਜ਼ਿਮ ਹੈ। ਦੁੱਖ-ਸੁੱਖ, ਧੁੱਪ-ਛਾਂ, ਰੋਗ-ਸੋਗ, ਤੰਦਰੁਸਤੀ-ਬੀਮਾਰੀ ਸਭ ਜੀਵਨ ਦੇ ਵੱਖ ਵੱਖ ਪਹਿਲੂ ਅਤੇ ਪੜਾਅ ਹਨ। ਸਥਿਰ ਅਤੇ ਸਦੀਵੀ ਕੁਝ ਨਹੀਂ। ਆਈ-ਚਲਾਈ, ਆਉਣ-ਜਾਣ, ਜਗਣ-ਬੁਝਣ ਚਲਦਾ ਰਹਿੰਦਾ ਹੈ। ਜੀਣ ਨੂੰ ਦਿਲ ਨਾ ਵੀ ਕਰੇ ਤਾਂ ਵੀ ਜੀਣਾ ਪੈਂਦਾ ਹੈ-‘ਦੁਨੀਆਂ ਮੇਂ ਹਮ ਆਏ ਹੈਂ ਤੋ ਜੀਨਾ ਹੀ ਪੜੇਗਾ,/ਜੀਵਨ ਹੈ ਅਗਰ ਜ਼ਹਿਰ ਤੋ ਪੀਨਾ ਹੀ ਪੜੇਗਾ’ (ਫਿਲਮ ‘ਮਦਰ ਇੰਡੀਆ’-1957)।
ਕਈ ਮੱਤ ਜੀਵਨ ਨੂੰ ਬੜਾ ਛੁਟਿਆਉਂਦੇ ਹਨ, ਮੌਤ ਦੀ ਨਿਸਚਿਤਤਾ ਦੇ ਗੋਗੇ ਗਾਉਂਦੇ ਹਨ। ਵਈ ਜੇ ਜੀਵਨ ਐਨਾਂ ਹੀ ਨਖਿੱਧ ਹੈ ਤਾਂ ਪਰਮ ਪਿਤਾ ਪਰਮਾਤਮਾਂ ਸਾਨੂੰ ਪੈਦਾ ਹੀ ਕਿਉਂ ਕਰਦਾ? ਪਿਛੇ ਜਿਹੇ ਜਦ ਪੂਰੇ ਵਿਸ਼ਵ ਦੀ ਆਬਾਦੀ ਅੱਠ ਅਰਬ ਹੋਈ ਤਾਂ ਅੱਠ ਅਰਬਵਾਂ ਬੱਚਾ ਪੈਦਾ ਹੋਣ ‘ਤੇ ਸੰਸਾਰ ਭਰ ਦੇ ਹਰ ਕਿਸਮ ਦੇ ਮੀਡੀਆ ਨੇ ਇਸ ਦੀ ਖੂਬ ਚਰਚਾ ਕੀਤੀ। ਭਲਾ ਕਿਉਂ ਕੀਤੀ? ਜਨਮ ਅਤੇ ਜੀਵਨ ਜ਼ਿੰਦਗੀ ਦਾ ਜਸ਼ਨ ਹਨ! ਇਹ ਇਸ ਵਿਚ ਖੇੜਾ-ਖੁਸ਼ੀ ਲੈ ਕੇ ਆਉਂਦੇ ਹਨ। ਹਰ ਜੀਅ ਜੋ ਇਸ ਧਰਤੀ ਉਪਰ ਆਉਂਦਾ ਹੈ ਉਸ ਦਾ ਕੋਈ ਮਕਸਦ ਹੁੰਦਾ ਹੈ। ਉਸ ਨੇ ਜੀਵਨ ਵਿਚ ਕੁਝ ਕਰਨਾਂ ਹੁੰਦਾ ਹੈ। ਅੰਗਰੇਜ਼ੀ ਦਾ ਕਵੀ ਐਲਫਰੈਡ ਲਾਰਡ ਟੈਨੀਸਨ 1850 ਦੀ ਆਪਣੀ ਇਕ ਮਸ਼ਹੂਰ ਕਵਿਤਾ, ਜੋ ਉਸ ਨੇ ਆਪਣੇ ਮ੍ਰਿਤਕ ਦੋਸਤ ਦੀ ਯਾਦ ਵਿਚ “ਇਨ ਮੈਮੋਰੀਅਮ’ ਦੇ ਸਿਰਲੇਖ ਹੇਠ ਲਿਖੀ ਸੀ, ਵਿਚ ਕਹਿੰਦਾ ਹੈ ਕਿ ‘ਕੁਝ ਵੀ ਇਥੇ ਬੇਮਕਸਦ ਨਹੀਂ ਫਿਰਦਾ… ਹੋਰ ਤਾਂ ਹੋਰ ਇਕ ਕੀੜਾ ਵੀ ਬਿਨ ਕਾਰਨੋਂ ਦੁਫਾੜ ਨਹੀਂ ਹੁੰਦਾ”।
ਬਹੁਤੇ ਸਾਧਰਨ ਜਿਹਾ ਜੀਵਨ ਜੀਊਂਦੇ ਹਨ; ਕਈ ਕੁਝ ਕਰ ਗੁਜ਼ਰਦੇ ਹਨ ਪਰ ਕੋਈ ਕੋਈ ਕਰਾਮਾਤਾਂ ਕਰ ਜਾਂਦੇ ਹਨ! ਕਰਾਮਾਤ ਕੋਈ ਪ੍ਰਾਭੌਤਿਕੀ ਵਰਤਾਰਾ ਨਹੀਂ, ਇਹ ਹੱਡ-ਮਾਸ ਦੇ ਪੁਤਲੇ, ਭਾਵ ਔਰਤਾਂ-ਮਰਦ ਹੀ ਕਰਦੇ ਹਨ। ਵਿਗਿਆਨ ਨੇ ਜੋ ਜੋ ਮਾਹਰਕੇ ਮਾਰੇ ਹਨ, ਮੈਡੀਕਲ ਸਾਇੰਸ ਅਤੇ ਤਕਨਤਲੋਜੀ ਨੇ ਜੋ ਵੀ ਅਚੰਭਾਜਨਕ ਖੋਜਾਂ ਕਰਕੇ ਸਾਡੇ ਜੀਵਨ ਨੂੰ ਸੁਖ-ਸਹੂਲਤ ਪ੍ਰਦਾਨ ਕੀਤੀ ਹੈ, ਉਹ ਸਭ ਕ੍ਰਿਸ਼ਮਾਕਾਰੀ ਹੀ ਤਾਂ ਹੈ। ਇਹ ਸਭ ਮਾਨਵੀ ਸੋਚ ਅਤੇ ਖੋਜ ਦਾ ਕਮਾਲ ਹੈ, ਕਿਸੇ ਦੈਵੀ-ਸ਼ਕਤੀ ਦਾ ਨਹੀਂ। ਮਾਨਵ ਹੀ ਦੇਵ ਹੈ! ਐਵੇਂ ਤਾਂ ਨਹੀਂ ਉਸ ਨੂੰ ਸ੍ਰਿਸ਼ਟੀ ਦੇ ਹੋਰ ਜੀਵਾਂ ਨਾਲੋਂ ਸ੍ਰੇਸ਼ਟ ਮੰਨਿਆਂ ਗਿਆ, ‘ਇਸੁ ਧਰਤੀ ਮਹਿ ਤੇਰੀ ਸਿਕਦਾਰੀ’॥ (ਅੰਗ-374) ਦੀ ਗੱਲ ਕੀਤੀ ਗਈ, ਉਸ ਨੂੰ ‘ਅਸ਼ਰਫ-ਉਲ-ਮਖਲੂਕਾਕ’ ਕਿਹਾ ਗਿਆ! ਗੁਰਬਾਣੀ ਵਿਚ ਤਾਂ ਇਥੋਂ ਤਕ ਕਿਹਾ ਗਿਐ ਕਿ’ ਇਸੁ ਦੇਹੀ ਕਉ ਸਿਮਰਹਿ ਦੇਵ॥ (ਅੰਗ 1159) ਅਤੇ ‘ਜਿਨਿ ਮਾਣਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ’॥ (ਅੰਗ 462)। ਭਲਾ ਜੇ ਦੇਹ ਐਨੀ ਹੀ ਮਾੜੀ ਹੁੰਦੀ ਤਾਂ ਫਿਰ ਦੇਵਤੇ ਇਸ ਨੂੰ ਧਾਰਨ ਦੀ ਲਾਲਸਾ ਕਿਉਂ ਰਖਦੇ?
ਸੁਰਗ-ਨਰਕ ਸਭ ਧਰਤੀ ‘ਤੇ ਹੀ ਹਨ। ਗਤੀ-ਮੁਕਤੀ ਵੀ ਇਥੇ ਹੀ ਹੈ। ਸਾਨੂੰ ਤਾਂ ਜੀਂਦੇ-ਜੀਅ ਸੁਰਗ ਚਾਹੀਦੈ, ਮਰਨ ਉਪਰੰਤ ਇਸ ਤੋਂ ਅੰਬ ਲੈਣੇ ਐਂ। ਭਗਤ ਨਾਮ ਦੇਵ ਜੀ ਨੇ ਬੜੀ ਖਰੀ ਗਲ ਕੀਤੀ ਹੈ-‘ਮੂਏ ਹੂਏ ਜਉ ਮੁਕਤਿ ਦੇਹੁਗੇ ਮੁਕਤਿ ਨ ਜਾਨੈ ਕੋਇਲਾ’॥ (ਅੰਗ-1292)
ਕਿਸੇ ਦੀ ਚਾਹਤ ਵਿਚ ਮਰਨਾਂ ਮੁਹੱਬਤ ਹੈ; ਮਾਂ-ਭੂੰਮੀ ਲਈ ਮਰਨਾਂ ਸ਼ਹਾਦਤ ਹੈ! ਸ਼ਹਾਦਤ ਸ੍ਰੇਸ਼ਟ ਹੈ, ਇਸ ਨੂੰ ਸਿਜਦੇ ਹੁੰਦੇ ਹਨ। ਵਾਰਾਂ/ਗਾਥਾਵਾਂ ਪੜ੍ਹੀਆਂ/ਸੁਣਾਈਆਂ ਜਾਂਦੀਆਂ ਹਨ ਕਿਉਂਕਿ ‘ਸ਼ਹੀਦ ਕੀ ਜੋ ਮੌਤ ਹੈ ਵੋਹ ਕੌਮ ਕੀ ਹਯਾਤ ਹੈ’। ਗੁਰਬਾਣੀ ਅਨੁਸਾਰ,” ਮਰਣੁ ਮੁਣਸਾ ਸੂਰਿਆ ਹਕੁ ਹੈ ਜੇ ਹੋਇ ਮਰਨਿ ਪਰਵਾਣੋ’॥ (ਅੰਗ-579)। ਸ਼ਹਾਦਤ ਸਿੱਖੀ ਦਾ ਸਿਰਨਾਵਾਂ ਹੈ!
ਬੇਸ਼ਕ ਮੁਹੱਬਤ ਵਿਚ ਜੀਊਂਦੇ ਰਹਿਣਾ ਚਾਹੀਦੈ ਪਰ ਫਿਰ ਵੀ ਕੋਈ ਜਣਾ-ਖਣਾ ਮੁਹੱਬਤ ‘ਚ ਜਾਨ ਨਹੀਂ ਦੇ ਸਕਦਾ। ਇਸ ਲਈ ਇਸ਼ਕ ਦੀ ਇੰਤਹਾ ਦਰਕਾਰ ਹੈ। ਇਸ਼ਕ ਨੂੰ ਇਸ਼ਟ ਮੰਨਣਾ ਪੈਦੈ। ਇਸ਼ਕ ਮਿਜਾਜ਼ੀ ਵਾਲੇ ਕਹਿੰਦੇ ਹਨ-‘ਤੇਰੀ ਆਈ ਮੈਂ ਮਰ ਜਾਂ, ਤੇਰਾ ਵਾਲ ਵੀ ਵਿੰਗਾ ਨਾਂ ਹੋਵੇ’। ਇਸ਼ਕ ਹਕੀਕੀ ਵਾਲੇ ਇਸ ਤੋਂ ਵੀ ਅਗੇ ਵਧ ਕੇ ਕਹਿੰਦੇ ਹਨ-‘ਜਿਸੁ ਪਿਆਰੇ ਸਿਉ ਨੇਹੁ ਤਿਸੁ ਆਗੈ ਮਰਿ ਚਲੀਐ॥ ਧ੍ਰਿਗੁ ਜੀਵਣੁ ਸੰਸਾਰਿ ਤਾ ਕੈ ਪਾਛੈ ਜੀਵਣਾ’॥ (ਅੰਗ 83)
ਗੁਰਬਾਣੀ ਜਿਥੇ ਜੀਵਨ-ਜਾਚ ਸਿਖਾਉਣ ਦਾ ਅਦਭੁਤ ਅਧਿਆਤਮਕ ਆਸਥਾਵਾਨ ਅਮਲ ਹੈ, ਉਥੇ ਇਸ ਵਿਚ ਮੌਤ ਦੀ ਚਰਚਾ ਵੀ ਬਹੁਤ ਹੈ। ਗੁਰੂੁ ਤੇਗ ਬਹਾਦਰ ਜੀ ਦੀ ਬਾਣੀ ਤਾਂ ਬਹੁਤੀ ਹੈ ਹੀ ਮੌਤ ਵਾਰੇ। ਬਾਕੀ ਹੋਰ ਪੰਜ ਗੁਰੂ ਸਾਹਿਬਾਨ ਜਿਨਾਂ ਦੀ ਬਾਣੀ ਗੁਰੁੂ ਗਰੰਥ ਸਾਹਿਬ ਵਿਚ ਦਰਜ ਹੈ, ਸਤਿਕਾਰਤ ਭਗਤ ਅਤੇ ਹੋਰ ਗੁਰਸਿਖ ਪਿਆਰੇ ਵੀ ਗੁਰੂੁ ਗਰੰਥ ਸਹਿਬ ਵਿਚ ਮੌਤ ਦੀ ਚਰਚਾ ਕਰਦੇ ਹਨ ਪਰ ਨੌਂਵੀ ਪਾਤਸ਼ਾਹੀ ਇਸ ਵਾਰੇ ਸਭ ਤੋਂ ਵਧੇਰੇ ਗੱਲ ਕਰਦੇ ਹਨ।
ਸਵਾਲ ਪੈਦਾ ਹੁੰਦਾ ਹੈ ਕਿ ਕੀ ਮੌਤ ਦੀ ਵਾਰ-ਵਾਰ ਕੀਤੀ ਗਈ ਚਰਚਾ ਮੌਤ ਤੋਂ ਡਰਨ ਜਾਂ ਸਾਨੂੰ ਡਰਾਉਣ ਲਈ ਕੀਤੀ ਗਈ ਹੈ? ਜਵਾਬ ਵਡੀ ਸਾਰੀ ਨਾਂਹ ਹੈ। ਤੱਤੀ ਤਵੀ ‘ਤੇ ਬਹਿ ਕੇ ਤਸੀਹੇ ਝੱਲਣ ਵਾਲੇ ਸ਼ਹੀਦਾਂ ਦੇ ਸਰਤਾਜ ਪੰਜਵੇਂ ਪਾਤਸ਼ਾਹ ਗੁਰੂੁ ਅਰਜਨ ਦੇਵ ਜੀ ਇਸ ਨੂੰ ਰੱਬੀ ਮਿੱਠਾ ਭਾਣਾ ਮੰਨਦੇ ਹਨ, ਸਰਬੰਸਦਾਨੀ ਅਤੇ ਖਾਲਸਾ ਪੰਥ ਦੇ ਸਿਰਜਕ ਗੁਰੂੁ ਗੋਬਿੰਦ ਸਿੰਘ ਬੇਸਰੋਸਾਮਾਨੀ ਦੀ ਸਥਿਤੀ ਵਿਚ ਵੀ ਜ਼ਾਲਿਮ ਔਰੰਗਜ਼ੇਬ ਨੂੰ ਜਿਤ ਦਾ ਖਤ/ਫਤਹੇਨਾਮਾ (ਜ਼ਫਰਨਾਮਾ) ਲਿਖਦੇ ਹਨ ਅਤੇ ਉਸ ਦੀ ਨੈਤਿਕ ਹਾਰ ਬਿਆਨਦੇ ਹਨ, ਬਾਕੀ ਗੁਰੁੂ ਸਾਹਿਬਾਨ ਅਤੇ ਭਗਤ ‘ਅੰਤ’ ਆਉਣ ‘ਤੇ ਆਨੰਦਤ ਹੁੰਦੇ ਹਨ- ‘ਕਬੀਰ ਜਿਸੁ ਮਰਨੇ ਤੇ ਜਗੁ ਡਰੈ ਮੇਰੇ ਮਨਿ ਆਨੰਦੁ॥ ਮਰਨੇ ਹੀ ਤੇ ਪਾਈਐ ਪੂਰਨੁ ਪਰਮਾਨੰਦੁ’॥ ਜਾਂ ‘ਕਬੀਰ ਮਰਤਾ ਮਰਤਾ ਜਗੁ ਮੂਆ ਮਰਿ ਭੀ ਨ ਜਾਨਿਆ ਕੋਇ॥ ਐਸੇ ਮਰਨੇ ਜੋ ਮਰੈ ਬਹੁਰਿ ਨ ਮਰਨਾ ਹੋਇ॥ ਕਰ ਚਲੋ ਬਹੁਰ ਨ ਮਰਨਾ ਹੋਇ’॥ ਅੰਗ-1365-66)
ਫਿਰ ਬਾਣੀ ਵਿਚ ਮੌਤ ਦੀ ਐਨੀ ਚਰਚਾ ਕਿਉਂ? ਤਾਂ ਕਿ ਜੀਣ ਦੀ ਜਾਚ ਆ ਜਾਏ! ਭਲਾ ਉਸ ਘਟਨਾ ਤੋਂ ਕਾਹਦਾ ਡਰ ਜੋ ਇਕ ਅਟਲ ਸਚਾਈ ਹੈ; ਨਿਸਚਿਤ ਹੈ; ਪੂਰਵ-ਨਿਰਧਾਰਤ ਹੈ। ਪਰ ਜੇ ਸਾਨੂੰ ਮੌਤ ਚੇਤੇ ਰਹੇਗੀ ਤਾਂ ਅਸੀਂ ਸਚਿਆਰਾ ਜੀਵਨ ਜੀਆਂਗੇ; ਜੇ ਸਾਨੂੰ ਮੌਤ ਚੇਤੇ ਰਹੇਗੀ ਤਾਂ ਅਸੀਂ ਜ਼ਿੰਦਗੀ ਦੀ ‘ਪਕੜ’ ਨਹੀਂ ਕਰਾਂਗੇ, ਧੋਖਾ, ਫਰੇਬ, ਕੁਫਰ, ਕੂੜ, ਠੱਗੀ-ਠੋਰੀ, ਐਬ-ਵੈਲੀਪੁਣਾ ਅਤੇ ਹੋਰ ਨਕਾਰਤਮਕ ਗੱਲਾਂ ਨਹੀਂ ਕਰਾਂਗੇ। ਪੰਜੇ ਵਿਕਾਰਾਂ ਦੇ ਵਿਜੇਤਾ ਬਣਾਂਗੇ, ਵਿਕਾਰਾਂ ਨੂੰ ਵਿਜੇਤਾ ਨਹੀਂ ਬਣਨ ਦੇਵਾਂਗੇ।
ਜੋ ਇਹ ਸਭ ਕਰਦੇ ਹਨ ਉਹਨਾਂ ਨੂੰ ਮੌਤ ਭੁਲ਼ੀ ਹੋਈ ਹੈ। ਉਹਨਾਂ ਨੂੰ ਲਗਦੈ ਕਿ ਉਹਨਾਂ ਨੇ ਇਸ ਧਰਤੀ ਤੇ ਕੀਲਾ ਗਡਿਐ ਜੋ ਕੋਈ ਪਟ/ ਉਖਾੜ ਨਹੀਂ ਸਕਦਾ। ਉਹਨਾਂ ਨੂੰ ਇਹ ਭਰਮ ਹੁੰਦੈ ਕਿ ‘ਮੈ ਨ ਮਰਉ ਮਰਿਬੋ ਸੰਸਾਰਾ’॥ (ਅੰਗ-325)। ਉਹ ਇਹ ਭੁਲ ਜਾਂਦੇ ਹਨ ਕਿ ‘ਜੋ ਉਪਜੈ ਸੋ ਸਗਲ ਬਿਨਾਸੈ ਰਹਨੁ ਨ ਕੋਊ ਪਾਵੈ’॥ (ਅੰਗ-1231) ਜਾਂ ’ਜੋ ਉਪਜਿਓ ਸੋ ਬਿਨਸਿ ਹੈ ਪਰੋ ਆਜੁ ਕੇ ਕਾਲ’॥ (ਅੰਗ-1429)
ਭਾਈ ਕਾਨ੍ਹ ਸਿੰਘ ਨਾਭਾ ਦੇ ਮਹਾਨਕੋਸ਼ ਵਿਚ ਮੌਤ ਨੂੰ ਅਰਬੀ ਭਾਸ਼ਾ ਦਾ ਸ਼ਬਦ ਦਸਿਆ ਗਿਆ ਹੈ। ਇਹ ਸੰਗਯਾ ਹੈ ਜਿਸ ਦਾ ਅਰਥ ‘ਮ੍ਰਿਤਯੁ’ ਹੈ। ਮੌਤ ਨੂੰ ਅੰਗਰੇਜ਼ੀ ਵਿਚ ‘ਡੈਥ’ ਕਹਿੰਦੇ ਹਨ। ਸ਼ਬਦ-ਵਿਗਿਆਨ ਅਨੁਸਾਰ ਇਸ ਸ਼ਬਦ ਦੀਆਂ ਜੜ੍ਹਾਂ ਲਾਤੀਨੀ ਭਾਸ਼ਾ ਦੇ ਸ਼ਬਦ ‘ਮੌਰਟ’ ਵਿਚ ਹਨ, ਜਿਸ ਦਾ ਅਰਥ ਮੌਤ ਹੁੰਦੈ। ਯੂਨਾਨੀ ਭਾਸ਼ਾ ਦੇ ਸ਼ਬਦ ‘ਥਨਾਟੋਸ’ ਵੀ ਇਸ ਦਾ ਮੂਲ ਮੰਨਿਆਂ ਜਾਂਦਾ ਹੈ। ਡਿਕਸ਼ਨਰੀ ਅਨੁਸਾਰ ‘ਡੈਥ’ ਸ਼ਬਦ ਮਿਡਲ ਇੰਗਲਿਸ਼ ਦੇ ‘ਡੀਥ’, ਓਲਡ ਇੰਲਿਸ਼ ਦੇ ‘ਡੈਥ’, ਡੱਚ ਦੇ ਡੂਡ, ਜਰਮਨ ਦੇ ਟੋਡ, ਪਰੋਟੋ-ਜਰਮੈਨਿਕ ਦੇ ਡਾਪੁਜ਼ ਤੋਂ ਹੁੰਦਾ ਹੋਇਆ ਆਪਣੇ ਮੌਜੂਦਾ ਸਰੂਪ ਵਿਚ ਪੁਜਾ ਹੈ।
ਮੈਰੀਅਮ-ਵੈਬਸਟਰ.ਕਾਮ ਅਨੁਸਾਰ ਮੌਤ ਦਾ ਅਰਥ ਸਭ ਪ੍ਰਾਣਧਾਰੀ/ਜੀਵਨ-ਰਖਿਅਕ ਕਾਰਜਾਂ ਦਾ ਸਥਾਈ ਤੌਰ ਤੇ ਬੰਦ ਹੋਣਾ ਜਾਂ ਜੀਵਨ ਦਾ ਅੰਤ ਹੈ।
ਸ਼ਾਇਰਾਂ ਵਿਚ ‘ਡੈਥ ਵਿਛ’ (ਮਰਨ-ਇਛਾ) ਉਹਨਾਂ ਦੀਆਂ ਰਚਨਾਵਾਂ ਰਾਹੀਂ ਆਮ ਦੇਖਣ ਨੂੰ ਮਿਲਦੀ ਹੈ। ਅੰਗਰੇਜ਼ੀ ਦਾ ਕਵੀ ਜੌਹਨ ਕੀਟਸ, ਜੋ 25 ਸਾਲ ਤੋਂ ਕੁਝ ਕੁ ਮਹੀਨੇ ਵਧ ਉਮਰ ‘ਚ ਮਰ ਗਿਆ ਸੀ, ਆਪਣੀ ਪ੍ਰਸਿਧ ਕਵਿਤਾ ‘ਓਡ ਟੂ ਏ ਨਾਈਟਿੰਗੇਲ’ ਵਿਚ ਇਸ ਇਛਾ ਦਾ ਵਾਰ-ਵਾਰ ਪ੍ਰਗਟਾਵਾ ਕਰਦਾ ਹੇ-ਮੌਤ ਨੂੰ ਸੂਖਮਈ ਕਹਿੰਦੈ, ਬਿਨ ਦਰਦ ਅੱਧੀ ਰਾਤ ਨੂੰ ਆਪਣਾ ਅੰਤ ਲੋੜਦੈ। ਆਪਣਾ ਸ਼ਿਵ ਬਟਾਲਵੀ, ਜੋ 37 ਕੁ ਸਾਲ ਹੀ ਜੀਵਿਆ, ਡੰਕੇ ਦੀ ਚੋਟ ‘ਤੇ ਕਹਿੰਦੈ-‘ਅਸਾਂ ਤਾਂ ਜੋਬਨ ਰੁਤੇ ਮਰਨਾ/ਮੁੜ ਜਾਣਾ ਅਸਾਂ ਭਰੇ ਭਰਾਏ/ ਇਸ਼ਕ ਤੇਰੇ ਦੀ ਕਰ ਪਰਕਰਮਾ’।
ਪਰ ਕਈ ਕਵੀ ਮੌਤ ਨੂੰ ਮਖੌਲਾਂ ਕਰਦੇ ਹਨ। ਸੋਲਵੀਂ-ਸਤਾਰਵੀਂ ਸਦੀ ਦਾ ਮੈਟਾਫਿਜ਼ੀਕਲ ਕਵੀ ਜੋਹਨ ਡੱਨ ਮੌਤ ਨੂੰ ਵੰਗਾਰ ਕੇ ਕਹਿੰਦਾ ਹੈ’ ਡੈਥ ਬੀ ਨਾਟ ਪਰਾਊਡ” (ਮੌਤੇ ਐਵੈਂ ਮਾਣ ਨਾਂ ਕਰੀਂ) ਉਹ ਤਾਂ ਆਪਣੀ ਇਸ ਚੌਦਾਂ ਸਤਰਾਂ ਦੀ ਸਾਨਟ ਦੇ ਅੰਤ ਵਿਚ ਇਥੋਂ ਤਕ ਕਹਿੰਦੈ ਕਿ ਮੌਤੇ! ਤੂੰ ਮੈਨੂੰ ਕੀ ਮਾਰੇਂਗੀ, ਤੂੰ ਤਾਂ ਖੁਦ ਹੀ ਮਰ ਜਾਏਂਗੀ! ਵੈਲਸ਼ ਕਵੀ ਡਾਇਲੈਨ ਟਾਮਸ ਤਾਂ ਆਪਣੀ 1951 ਵਿਚ ਛਪੀ ਕਵਿਤਾ ‘ਡੂ ਨਾਟ ਗੋ ਜੈਂਟਲ ਇਨਟੂ ਦੈਟ ਗੁਡਨਾਈਟ” ਵਿਚ ਜੀਵਨ ਦੇ ਕੀਮਤੀ ਹੋਣ ਅਤੇ ਇਸ ਖਾਤਰ ਹਰ ਮੋੜ ਤੇ ਲੜਨ ਦੀ ਨਸੀਹਤ ਕਰਦਿਆ ਮੌਤ ਵਿਰੁਧ ਰੋਸ ਅਤੇ ਰੋਹ ਪ੍ਰਗਟ ਕਰਨ ਦੀ ਤਾਗੀਦ ਕਰਦਾ ਹੈ। ਉਸ ਅਨੁਸਾਰ ਬੇਸ਼ਕ ਮੌਤ ਨੇ ਆਉਣਾ ਹੀ ਹੈ ਪਰ ਸਾਨੂੰ ਇਸ ਅਗੇ ਹਥਿਆਰ ਨਹੀਂ ਸੁਟਣੇ ਚਾਹੀਦੇ, ਸਗੋਂ ਠਾਠ ਅਤੇ ਕਠੋਰਤਾ ਨਾਲ ਇਸ ਵਿਰੁੱਧ ਲੜਨਾ ਚਾਹੀਦਾ ਹੈ (ਇਹ ਕਵਿਤਾ ਖੁਸ਼ਵੰਤ ਸਿੰਘ ਨੂੰ ਬਹੁਤ ਪਸੰਦ ਸੀ)।
ਹਿੰਦੀ ਅਤੇ ਪੰਜਾਬੀ ਫਿਲਮਾਂ ਵਿਚ ਵੀ ਮੌਤ ਦੀ ਬੜੀ ਗੱਲ ਹੋਈ ਹੈ। ਰਾਜ ਕਪੂਰ ਦੀ 1970 ਦੀ ਕਲਾਸਕੀ ਫਿਲਮ ‘ਮੇਰਾ ਨਾਮ ਜੋਕਰ’ ਦਾ ਗੀਤ ‘ਜੀਨਾਂ ਯਹਾਂ ਮਰਨਾਂ ਯਹਾਂ, ਇਸ ਕੇ ਸਿਵਾ ਜਾਨਾ ਕਹਾਂ’ ਬਹੁਤ ਪ੍ਰਚੱਲਿਤ ਹੋਇਐ। ਆਸਾ ਸਿੰਘ ਮਸਤਾਨਾ ਦਾ ਗਾਇਆ ਇਹ ਗਾਣਾ ਬੜਾ ਹਰਮਨ ਪਿਆਰਾ ਹੈ- ‘ਜਦੋਂ ਮੇਰੀ ਅਰਥੀ ਉਠਾ ਕੇ ਚਲਣਗੇ, ਮੇਰੇ ਯਾਰ ਸਭ ਹੁੰਮ ਹੁਮਾ ਕੇ ਚਲਣਗੇ…ਚਲਣਗੇ ਮੇਰੇ ਨਾਲ ਦੁਸ਼ਮਣ ਵੀ ਮੇਰੇ, /ਇਹ ਵੱਖਰੀ ਏ ਗਲ ਕਿ ਮੁਸਕਰਾ ਕੇ ਚਲਣਗੇ’।
ਪਹਿਲਾਂ ਵੀ ਮੌਤ ਸਬੰਧੀ ਸ੍ਰੀ ਗੁਰੂੁ ਗਰੰਥ ਸਾਹਿਬ ‘ਚੋਂ ਹਵਾਲੇ ਦਿਤੇ ਗਏ ਹਨ, ਕੁਝ ਕੁ ਟੂਕਾਂ ਹੋਰ ਪੇਸ਼ ਹਨ-
-ਮਰਣ ਲਿਖਾਇ ਮੰਡਲ ਮਹਿ ਆਏ॥ (ਅੰਗ-865)
-ਮਰਣੈ ਤੇ ਜਗਤੁ ਡਰੈ ਜੀਵਿਆ ਲੋੜੈ ਸਭੁ ਕੋਇ॥ (ਅੰਗ-555)
-ਮਰਨੇ ਤੇ ਕਿਆ ਡਰਪਨਾ ਜਬ ਹਾਥਿ ਸਿਧਉਰਾ ਲੀਨ॥ (ਅੰਗ-1368)
-ਸਬਦਿ ਮਰਹੁ ਫਿਰਿ ਜੀਵਹੁ ਸਦਹੀ ਤਾ ਫਿਰਿ ਮਰਣੁ ਨ ਹੋਈ॥ (ਅੰਗ-604)
ਉਰਦੂ ਸ਼ਾਇਰੀ ਵਿਚ ਮੌਤ ਵਾਰੇ ਬਹੁਤ ਲਿਖਿਆ ਗਿਐ। ਸਿਰਫ ਕੁਝ ਉਦਾਹਰਣਾ ਹੀ ਦਿਆਂਗੇ-
-ਮੌਤ ਕਾ ਏਕ ਦਿਨ ਮੁਯਈਅਨ ਹੈ,
ਨੀਂਦ ਕਿਉਂ ਰਾਤ ਭਰ ਨਹੀਂ ਆਤੀ’-ਮਿਰਜ਼ਾ ਗਾਲਿਬ
-ਮੌਤ ਕਾ ਭੀ ਇਲਾਜ ਹੈ ਸ਼ਾਇਦ,
ਜ਼ਿੰਦਗੀ ਕਾ ਕੋਈ ਇਲਾਜ ਨਹੀਂ-ਫਿਰਾਕ ਗੋਰਖਪੁਰੀ
-ਕੌਨ ਕਹਿਤਾ ਹੈ ਕਿ ਮੌਤ ਆਈ ਤੋ ਮਰ ਜਾਊਂਗਾ,
ਮੈਂ ਤੋ ਦਰਿਆ ਹੂੰ ਸਮੁੰਦਰ ਮੇਂ ਉਤਰ ਜਾਊਂਗਾ-ਅਹਿਮਦ ਨਦੀਮ ਕਾਸਮੀ
-ਮੌਤ ਕਯਾ ਏਕ ਲਫਜ਼-ਏ-ਬੇ-ਮਾਅਨੀ,
ਜਿਸ ਕੋ ਮਾਰਾ ਹਯਾਤ ਨੇ ਮਾਰਾ-ਜਿਗਰ ਮੁਰਾਦਾਬਾਦੀ
ਮੌਤ ਸਬੰਧੀ ਅਨੇਕਾਂ ਅਖਾਣ/ਮੁਹਾਵਰੇ ਹਨ-
ਮੂਸਾ ਭੱਜਿਆ ਮੌਤ ਤੋਂ ਅਗੇ ਮੌਤ ਖੜੀ, ਮੌਤ ਨੂੰ ਮਾਸੀ ਕਹਿਣਾ, ਮੌਤ ਨੂੰ ਮਖੌਲਾਂ ਕਰਨਾਂ, ਮਰ ਗਈ ਗੁੱਡੀ ਪਟੋਲਿਆਂ ਖੁਣੋ, ਮਰਦਾ ਹਰ ਹਰ ਕਰਦਾ, ਮਰਦਾ ਕੀ ਨਹੀਂ ਕਰਦਾ, ਮਰਦੀ ਨੇ ਅੱਕ ਚੱਬਿਆ, ਮਰਦੀ ਦੇ ਮੂੰਹ ਘਿਉ ਲਾਇਆ, ਮੇਰੀ ਘਿਉ ਖਾਂਦੜੀ ਮੋਈ, ਮਰੇ ਦੇ ਮੂੰਹ ਨੂੰ ਮੱਖਣ ਲਾਉਣਾ, ਮਰਦੀ ਮਰ ਗਈ ਪਰ ਚੋਚਲਿਆਂ ਤੋਂ ਨਾ ਗਈ, ਮਰੇ ਤਾਂ ਸ਼ਹੀਦ, ਮਾਰੇ ਤਾਂ ਗਾਜ਼ੀ, ਮਰੇ ਦਾ ਕੀ ਮਾਰਨਾ, ਮਰੇ ਪਿਛੋਂ ਵੈਦ, ਮੌਤੋਂ ਭੁੱਖ ਬੁਰੀ, ਮਰ ਕੇ ਮਿੱਟੀ ਹੋਣਾ, ਮਰਨ ਮਿੱਟੀ ਚੜ੍ਹਨਾ, ਮਰਨ ਜੀਣ ਦੀ ਸਾਂਝ, ਮਰਨ ਦੀ ਵਿਹਲ ਨਾਂ ਹੋਣੀ, ਕਿਸੇ ਮਰਾਣੇ ਮਰਨਾਂ, ਮਰੂੰ ਮਰੂੰ ਕਰਨਾ ਅਦਿ।
ਆਖਿਰ ਵਿਚ ਦੋ ਸ਼ਾਇਰਾਂ ਦੀਆਂ ਸਤਰਾਂ ਨਾਲ ਗਲ ਸਮੇਟਦੇ ਹਾਂ। ਜੇਮਜ਼ ਸ਼ਿਰਲੇ ਦੀ ਇਕ ਕਵਿਤਾ ਹੈ ‘ਡੈਥ ਦਾ ਲੈਵਲਰ’(ਹਮਵਾਰ ਕਰਨ ਵਾਲੀ ਮੌਤ)। ਉਸ ਅਨੁਸਾਰ ਹਰ ਜਣੇ ਨੇ ਮਰਨਾਂ ਹੈ ਪਰ ਸਿਰਫ ਸਚਿਆਰਿਆਂ ਦੇ ਕੰੰਮ ਹੀ ਉਹਨਾਂ ਦੀ ਮਿੱਟੀ ਉਪਰ ਮਿੱਠੀ ਖੂਸ਼ਬੂ ਬਣ ਕੇ ਮਹਿਕਣਗੇ!
ਫੈਜ਼ ਅਹਿਮਦ ਫੈਜ਼ ਨੇ ਤਾਂ ਇਹ ਕਹਿ ਕੇ ਸਿਰਾ ਹੀ ਲਾ ਦਿਤਾ-
“ਜਿਸ ਧਜ ਸੇ ਕੋਈ ਮਕਤਲ ਮੇਂ ਗਯਾ ਵੋਹ ਸ਼ਾਨ ਸਲਾਮਤ ਰਹਿਤੀ ਹੈ,
ਯੇ ਜਾਨ ਤੋ ਆਨੀ ਜਾਨੀ ਹੈ ਇਸ ਜਾਂ ਕੀ ਤੋ ਕੋਈ ਬਾਤ ਨਹੀਂ”!