
ਸਾਡੇ ਸਮਾਜ ਵਿੱਚ ਸੱਸ ਨੂੰ ਆਮ ਤੌਰ ਤੇ ਸਤਿਕਾਰਿਤ ਰੁਤਬੇ ਨਾਲ ਨਹੀਂ ਦੇਖਿਆ ਜਾਂਦਾ।ਲੋਕ ਗੀਤਾਂ ‘ਚ ਸੱਸਾਂ ਬਾਰੇ ਬਹੁਤ ਕੁਮੈਂਟ ਮਿਲਦੇ ਹਨ। ਪਹਿਲਾਂ ਕੁੜੀਆਂ ਤੀਆਂ ‘ਚ ਆਪਣੀਆਂ ਸੱਸਾਂ ਦੇ ਜ਼ਿਆਦਤੀ ਵਾਲੇ ਰਵੱਈਏ ਤੋਂ ਤੰਗ ਹੋਈਆਂ ਬੋਲੀਆਂ ਪਾ ਕੇ ਆਪਣੀ ਭੜਾਸ ਕੱਢ ਲੈਂਦੀਆਂ ਸਨ। ਪਰ ਹੁਣ ਤਾਂ ਇਹੋ ਜਿਹੇ ਤਿਉਹਾਰ ਸਮੇਂ ਦੀ ਤੇਜ਼ ਰਫਤਾਰ ਨੇ ਆਲੋਪ ਕਰ ਦਿੱਤੇ ਹਨ।ਇਸ ਕਰਕੇ ਲੜਕੀਆਂ ਦੇ ਜ਼ਜਬਾਤ ਕਈ ਵਾਰੀ ਦੱਬੇ ਰਹਿ ਜਾਣ ਕਾਰਨ ਗਲਤ ਕਦਮ ਚੁੱਕਣ ਲਈ ਮਜਬੂਰ ਕਰ ਦਿੰਦੇ ਹਨ।ਰਿਸਤਾ ਹੋਣ ਸਮੇਂ ਸੱਸਾਂ ਆਮ ਹੀ ਕਹਿੰਦੀਆਂ ਸੁਣੀਆਂ ਜਾ ਸਕਦੀਆਂ ਹਨ, ‘ਤੁਹਾਡੀ ਕੁੜੀ ਨੂੰ ਧੀ ਬਣਾ ਕੇ ਰੱਖੂੰ ’ ਜੋ ਕਿ ਵਧੀਆ ਗੱਲ ਹੈ।ਵੇਸੈ ਆਪਣੀਆਂ ਨੂੰਹਾਂ ਨੂੰ ਧੀਆਂ ਬਨਾਉਣਾ ਹਰ ਇੱਕ ਔਰਤ ਦੇ ਵਸ ਦੀ ਗੱਲ ਨਹੀਂ।ਕਹਿਣਾ ਸੌਖਾ ਹੁੰਦਾ ਹੈ ਪਰ ਨਿਭਾਉਣਾ ਔਖਾ ਹੁੰਦਾ ਹੈ।ਘਰ ਆਉਣ ਤੇ ਨੂੰਹ ਵਿੱਚ ਕਈ ਸੱਸਾਂ ਨੂੰ ਨੁਕਸ ਤਾਂ ਦਿੱਖਣ ਲੱਗ ਜਾਂਦੇ ਹਨ ਪਰ ਉਸ ਦੇ ਗੁਣ ਨਹੀਂ ਦਿੱਸਦੇ ,ਇਥੇ ਸੱਸਾਂ ਨੂੰ ਬੜੀ ਸਾਵਧਾਨੀ ਨਾਲ ਆਪਣੀ ਧੀ ਦੇ ਗੁਣਾਂ ਅਵਗੁਣਾਂ ਨੂੰ ਜਰੂਰ ਵਿਚਾਰ ਲੈਣਾ ਚਾਹੀਦਾ ਹੈ ਅਤੇ ਕੋਈ ਗੱਲ ਕਾਹਲ ‘ਚ ਨਹੀਂ ਕਰਨੀ ਚਾਹੀਦੀ।ਆਪਣੀ ਧੀ ਨੂੰ ਮਾਂ ਹਰੇਕ ਚੀਜ਼ ਬਾਪ ਤੋਂ ਚੋਰੀ ਵੀ ਲੈ ਕੇ ਦਿੰਦੀ ਹੈ ਪਰ ਨੂੰਹ ਨੂੰ ਲੌੜੀਂਦੀਆਂ ਚੀਜ਼ਾਂ ਉਸ ਦੇ ਪੇਕਿਆਂ ਤੋਂ ਮਜਬੂਰਨ ਲਿਆੳਣ ਲਈ ਸੱਸ ੁਕਿਸੇ ਨਾ ਕਿਸੇ ਤਰ੍ਹਾਂ ਹੱਥ ਕੰਡੇ ਵਰਤਦੀ ਰਹਿੰਦੀ ਹੈ। ਸਾਡੇ ਸਮਾਜ ਅੰਦਰਲੀ ਔਰਤ ਦੀ ਮਾਨਸਿਕਤਾ ਐਨੀ ਗਿਰ ਚੁੱਕੀ ਹੈ ਕਿ ਉਹ ਆਪਣੀ ਧੀ ਨਾਲ ਸਹੁਰਿਆਂ ਵਲੋਂ ਕੀਤੇ ਜਾਂਦੇ ਵਿਤਕਰੇ ਤੋਂ ਦੁੱਖੀ ਤਾਂ ਰਹਿੰਦੀ ਹੈ ਪਰ ਆਪਣੀ ਸੋਚ ਨੂੰ ਬਦਲਣ ਦੀ ਬਜਾਇ ਆਪ ਵੀ ਕਿਸੇ ਦੀ ਧੀ ਨਾਲ ਉਹੀ ਵਿਤਕਰਾ ਕਰਕੇ ਇੱਕ ਹੋਰ ਮਾਂ ਨੂੰ ਠੇਸ ਪਹੁੰਚਾਉਂਦੀ ਹੈ।ਵਿਆਹ ਤੋਂ ਬਾਅਦ ਅਕਸਰ ਮੱਧ-ਵਰਗੀ ਪਰਿਵਾਰ ਹਰੇਕ ਗੱਲ ‘ਚ ਪੈਸੇ ਵਲੋਂ ਤੰਗੀ ਦੀ ਗੱਲ਼ ਕਰਨ ਲੱਗ ਜਾਂਦੇ ਹਨ।ਪਹਿਲਾਂ ਤਾਂ ਵਿਆਹ ਤੇ ਫਜੂਲ਼ ਖਰਚਾ ਕਰ ਲੈਂਦੇ ਹਨ ਫਿਰ ਜਦੋਂ ਵਿਆਹੁਤਾ ਬੱਚੇ ਆਪਣੀ ਜਿੰਦਗੀ ਨੂੰ ਸੁੱਖ ਸਹੂਲਤਾਂ ਲਈ ਖਰਚਾ ਮੰਗਦੇ ਹਨ ਤਾਂ ਅਕਸਰ ਘਰਾਂ ‘ਚ ਕਲੇਸ਼ ਪੈਂਦਾ ਹੈ।ਸੱਸ ਬਣੀ ਔਰਤ ਨੂੰ ਆਪਣੇ ਪਿਛੋਕੜ ਤੇ ਗੰਭੀਰਤਾ ਨਾਲ ਝਾਤ ਮਾਰ ਲੈਣੀ ਚਾਹੀਦੀ ਹੈ। ਇਹ ਸੱਸ ਦਾ ਰੂਪ ਬਣੀ ਮਾਂ ਨੂੰ ਆਪਣੇ ਪੁੱਤ ਦੀ ਖੁਸ਼ੀ ਲਈ ਨਜ਼ਰੀਆ ਬਦਲਣ ਦੀ ਲੌੜ ਹੁੰਦੀ ਹੈ ।ਪੁੱਤ ਉੱਪਰ ਪਹਿਲਾਂ ਵਾਲਾ ਅਧਿਕਾਰ ਜਰੂਰ ਰੱਖੇ ਪਰ ਆਪਣੇ ਪਤੀ ਦੇਵ ਨਾਲ ਜਿਵੇਂ ਵਧੀਆ ਸਬੰਧ ਰੱਖਣ ਦੀ ਖਾਹਿਸ਼ ਆਪ ਰੱਖਦੀ ਹੈ ਇਸੇ ਤਰ੍ਹਾਂ ਨੂੰਹ ਦੇ ਸਬੰਧ ਵੀ ਆਪਣੇ ਬੇਟੇ ਨਾਲ ਰੱਖਣ ਦੇਣ ਦਾ ਮਾਦਾ ਰੱਖੇ।ਵਿਆਹ ਸਮੇਂ ਕਈ ਵਾਰ ਕਹਿਣ ਨੂੰ ਤਾਂ ਲੜਕੇ ਵਾਲੇ ਕਹਿਣਗੇ ਕਿ ਸਾਡੀ ਕੋਈ ਮੰਗ ਨਹੀਂ ।ਪਰ ਬਾਅਦ ‘ਚ ਜਦੋਂ ਲੜਕੀ ਵਾਲੇ ਰਿਸ਼ਤੇਦਾਰਾਂ ਲਈ ਪੁੱਛਦੇ ਹਨ ਤਾਂ ਕਈ ਤਾਂ ਹੌਲੀ ਹੌਲੀ ਵਿਆਹ ਤੱਕ ਹੀ ਕੋਈ ਨਾ ਕੋਈ ਖਾਹਿਸ਼ ਨੂੰ ਉਜਾਗਰ ਕਰਦੇ ਰਹਿੰਦੇ ਹਨ।ਚਲੋ ਸਮਾਜ ਦੀ ਸੋਚ ਬਦਲਣ ਨੂੰ ਆਪਣੇ ਆਪ ਨੂੰ ਸਮਝਾਉਣਾ ਪਵੇਗਾ ਕਿਉਂ ਕਿ ਆਪਾਂ ਹੀ ਸਮਾਜ ਦਾ ਅੰਗ ਹਾਂ।ਵੈਸੇ ਹਰੇਕ ਸਿਆਣਾ ਮਾਪਾ ਆਪਣੀ ਧੀ ਲਈ ਵਿਆਹ ਤੋਂ ਬਾਅਦ ਆਪਣੀ ਹੈਸ਼ੀਅਤ ਮੁਤਾਬਕ ਉਸਦਾ ਬਣਦਾ ਹਿੱਸਾ ਕਿਸੇ ਨਾ ਕਿਸੇ ਰੂਪ ‘ਚ ਆਪਣੀ ਧੀ ਨੂੰ ਦਿੰਦਾ ਹੈ।ਉਂਝ ਵੀ ਹਰੇਕ ਧੀ ਦਾ ਆਪਣੇ ਮਾਂ-ਬਾਪ ਦੀ ਜਾਇਦਾਦ ‘ਚ ਸੰਵਿਧਾਨਿਕ ਤੌਰ ਤੇ ਵੀ ਬਰਾਬਰ ਦਾ ਹਿੱਸਾ ਹੁੰਦਾ ਹੈ।
ਕਈ ਸ਼ੋਸ਼ਲ ਮੀਡੀਏ ਤੇ ਮਾਵਾਂ ਨੂੰ ਨਸੀਹਤਾਂ ਦਿੰਦੇ ਹਨ ਕਿ ਉਹ ਆਪਣੀਆਂ ਧੀਆਂ ਦੇ ਘਰ ਵਸਾਉਣ ਲਈ ਸਹੁਰਿਆਂ ਦੇ ਘਰਾਂ ‘ਚ ਫੋਨ ਤੇ ਦਖਲਅੰਦਾਜ਼ੀ ਨਾ ਕਰਨ,ਬੇਟੀ ਨੂੰ ਗਲਤ ਗਾਈਡ ਨਾ ਕਰਨ।ਕਾਫੀ ਹੱਦ ਤੱਕ ਗੱਲ ਠੀਕ ਹੈ।ਕਈ ਮਾਵਾਂ ਜਿਆਦਾ ਸ਼ਮਝਾਉਣ ਦੀ ਬਜਾਇ ਭੜਕਾਉਣ ਦਾ ਕੰਮ ਕਰਦੀਆਂ ਹਨ।ਪਰ ਸਮਝਦਾਰ ਮਾਂ ਕਦੇ ਨਹੀਂ ਚਾਹੁੰਦੀ ਕਿ ਉਸ ਦੀ ਧੀ ਦਾ ਘਰ ਖਰਾਬ ਹੋਵੇ।ਸ਼ੁਰੂ ਸ਼ੁਰੂ ‘ਚ ਧੀ ਲਈ ਨਵੇਂ ਪਰਿਵਾਰ ਨੂੰ ਸਮਝਣ ਲਈ ਸਮਾਂ ਲੱਗਦਾ ਹੈ।ਇਸ ਸਮੇਂ ਧੀ ਤੋਂ ਨੂੰਹ ਬਣੀ ਲੜਕੀ ਲਈ ਸੱਸ ਸਹੁਰੇ ਤੋਂ ਮਾਂ-ਬਾਪ ਵਾਲੇ ਪਿਆਰ ਵਾਂਗ ਜੇਕਰ ਪਿਆਰ ਮਿਲਦਾ ਹੈ ਤਾਂ ਉਹ ਛੇਤੀ ਪਰਿਵਾਰ ਵਿੱਚ ਘੱੁਲਮਿਲ ਜਾਵੇਗੀ।ਕਈ ਲੜਕੀਆਂ ਬਿਊਟੀ ਪਾਰਲਰ ’ਚ ਜਾਣ ਕਰਕੇ ਵਾਧੂ ਖਰਚੇ ਖੜ੍ਹੇ ਕਰਦੀਆਂ ਹਨ,ਉਥੇ ਲੜਕੀਆਂ ਨੂੰ ਸਹੁਰੇ ਪਰਿਵਾਰ ਦੀ ਸਥਿਤੀ ਨੂੰ ਸਮਝਣਾ ਚਾਹੀਦਾ ਹੈ ਅਤੇ ਇਹੋ ਜਿਹੇ ਫਜ਼ੂਲ ਖਰਚਿਆਂ ਤੋਂ ਬਚਣਾ ਚਾਹੀਦਾ ਹੈ।ਜੇਕਰ ਦੋ ਨੂੰਹਾਂ ਨੇ ਤਾਂ ਦੋਹਾਂ ਨਾਲ ਬਰਾਬਰ ਵਰਤਾਉ ਕਰਨਾ ਸੱਸ ਦੀ ਸਮਝਦਾਰੀ ਹੈ,ਹੋ ਸਕਦਾ ਦੋਹਾਂ ਦੇ ਸੁਭਾਅ ‘ਚ ,ਕੰਮਾਂ ‘ਚ , ਰਹਿਣ-ਸਹਿਣ ਦੇ ਤੌਰ ਤਰੀਕੇ ਆਦਿ ‘ਚ ਫਰਕ ਹੋਵੇ ਤਾਂ ਉਥੇ ਦੋਹਾਂ ਲਈ ਸੰਤਲੁਨ ਬਣਾ ਕੇ ਰੱਖਣਾ ਵੀ ਜਰੂਰੀ ਹੈ ਤਾਂ ਕਿ ਆਪਸੀ ਪਿਆਰ ਬਣਿਆ ਰਹੇ।
ਕਈ ਸੱਸਾਂ ਖਾਣ-ਪੀਣ ਵਾਲੀਆਂ ਚੀਜ਼ਾਂ ਆਪਣੇ ਕੰਟਰੋਲ ‘ਚ ਜਾਂ ਕਈ ਤਾਂ ਜਿੰਦਰਾ ਹੀ ਮਾਰ ਕੇ ਰੱਖਦੀਆਂ ਹਨ।ਇਹੋ ਜਿਹੀਆਂ ਹਰਕਤਾਂ ਨੂੰ ਅੱਜਕਲ੍ਹ ਦੇ ਬੱਚੇ ਪਸ਼ੰਦ ਨਹੀਂ ਕਰਦੇ,ਇਸ ਨਾਲ ਆਪਸੀ ਨਫਰਤ ਵੱਧਣੀ ਸੰਭਵ ਹੈ। ਸੱਸ ਦਾ ਆਂਪਣੀ ਜ਼ਿੰਦਗੀ ਦਾ ਤਜਰਬਾ ਹੁੰਦਾ ਹੈ ਇਸ ਲਈ ਨੂੰਹ ਦੀਆਂ ਰਮਜ਼ਾਂ ਨੂੰ ਸਮਝ ਕੇ ਕੁਝ ਤਾਂ ਉਨ੍ਹਾਂ ਨੂੰ ਢਾਲ ਲੈਣਾ ਚਾਹੀਦਾ , ਕੁਝ ਆਪ ਢਲ ਜਾਣਾ ਚਾਹੀਦਾ ਹੈ।
ਕਈ ਸੱਸ-ਸਹੁਰੇ ਇਹੋ ਜਿਹੇ ਹੁੰਦੇ ਹਨ ਜਿੰਨ੍ਹਾਂ ਨੂੰ ਆਪਣੀ ਨੂੰਹ ਦੇ ਹਰੇਕ ਕੰਮ ‘ਚ ਨੁਕਸ ਕੱਢਣ ਦੀ ਆਦਤ ਹੁੰਦੀ ਹੈ ਪਰ ਆਪ ਆਪਣੇ ਕੰਮਾਂ ਨੂੰ ਨਹੀਂ ਵਾਚਦੇ।ਤੀਸਰੀ ਅੱਖ ਜਰੂਰ ਉਨ੍ਹਾਂ ਦੇ ਕੰਮਾਂ ਨੂੰ ਦੇਖਦੀ ਹੁੰਦੀ ਹੈ।ਸੋ ਅੱਜ ਦੇ ਮਾਪਿਆਂ ਨੂੰ ਆਪਣੇ ਬੱਚਿਆਂ ਦੀਆਂ ਭਾਵਨਾਵਾਂ ਨੂੰ ਸਮਝਣ ਦੀ ਲੌੜ ਹੈ ਨਾ ਕਿ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਦਬਾਉਣਾ ਚਾਹੀਦਾ ਹੈ।ਇਸ ਤਰ੍ਹਾਂ ਆਪਣੇ ਬੱਚਿਆਂ ਦੀਆਂ ਖੁਸ਼ੀਆਂ ਨੂੰ ਕਾਇਮ ਰੱਖਿਆ ਜਾ ਸਕਦਾ ਹੈ।ਮੇਰੇ ਇੱਕ ਦੋਸਤ ਦੀ ਬੇਟੀ ਇੱਕਲੋਤੇ ਬੇਟੇ ਨੂੰ ਉਨ੍ਹਾਂ ਵਿਆਹ ਦਿੱਤੀ ਕਿ ਚਲੋ ਮੌਜ ਕਰੂਗੀ।ਪਰ ਥੋੜੇ ਚਿਰ ਬਾਅਦ ਛੋਟੀ ਛੋਟੀ ਗੱਲ ‘ਤੇ ਸੱਸ ਨੂੰਹ ‘ਚ ਨੋਕ ਝੋਕ ਹੋਣੀ ਸ਼ੁਰੂ ਹੋ ਗਈ ।ਘਰ ਪੋਤਾ ਵੀ ਹੋ ਗਿਆ ਪਰ ਕਲੇਸ ਵਧਦਾ ਗਿਆ।ਇੱਕਲੋਤਾ ਪੁੱਤ ਦੋਵੇਂ ਪਾਸੇ ਮੋਹ ਮਮਤਾ ਵਿੱਚ ਫਸ ਗਿਆ।ਇੱਕ ਦਿਨ ਰਾਤ ਨੂੰ ਦੋਸਤ ਨੂੰ ਬੰਦੇ ਲਿਜਾਣ ਤੱਕ ਨੋਬਤ ਹੋਣ ਤੇ ਰਿਸਤੇ ‘ਚ ਕੁੜੱਤਣ ਵੱਧਣਾ ਯਕੀਨੀ ਸੀ ।ਆਪਸੀ ਬੋਲ ਕਬੋਲਾਂ ਕਾਰਨ ਕੁੜਮਾਂ ‘ਚ ਰਿਸਤਾ ਖਤਮ ਹੀ ਹੋ ਗਿਆ।ਹੁਣ ਬੇਟੀ ਉੱਪਰ ਭਾਵੇਂ ਵੱਖਰੀ ਰਹਿੰਦੀ ਹੈ ,ਪਰ ਬਿਮਾਰੀ ਆਦਿ ਸਮੇਂ ਫਿਰ ਵੀ ਬੇਟੀ ਨੂੰ ਸੰਭਾਲ ਕਰਨੀ ਪੈਂਦੀ ਹੈ।ਪਰ ਸੱਸ-ਸਹੁਰਾ ਅਜੇ ਵੀ ਠੀਕ ਹੋਣ ਤੇ ਭੋਰਾ ਸਮਝਦੇ ਨਹੀਂ ।ਇਹੋ ਜਿਹੇ ਮਾਪੇ ਨੂੰਹਾਂ ਲਈ ਘੱਟ ਪਰ ਆਪਣੇ ਬੇਟੇ ਦੀ ਜ਼ਿੰਦਗੀ ਲਈ ਜ਼ਿਆਦਾ ਮੁਸੀਬਤਾਂ ਖੜ੍ਹੀਆਂ ਕਰਦੇ ਨੇ।
ਮੇਰੇ ਜਾਣਕਾਰ ਦੀ ਬੇਟੀ ਸਰਕਾਰੀ ਸਕੂਲ ‘ਚ ਅਧਿਆਪਕਾ ਲੱਗੀ ਹੋਈ ਹੈ।ਉਸ ਦਾ ਵਿਆਹ ਹੋਣ ਤੇ ਸਹੁਰੇ ਘਰ ਨੇੜੇ ਬਦਲੀ ਕਰਵਾ ਲਈ ।ਉਹ ਸਹੁਰੇ ਦੂਰ ਹੋਣ ਕਾਰਣ ਅਜੇ ਆਪਣੇ ਪੇਕੇ ਘਰ ਹੀ ਰਹਿ ਜਾਂਦੀ ਹਫਤੇ ਬਾਅਦ ਸਹੁਰੇ ਚਲੀ ਜਾਂਦੀ ।ਸਕੂਲੋਂ ਰੀਲੀਵ ਹੋ ਕੇ ਜਾਣਾ ਸੀ ਤਾਂ ਆਪਣੇ ਪਤੀ ਨੂੰ ਸਵੇਰੇ ਆ ਕੇ ਅਗਲੇ ਸਕੂਲ ‘ਚ ਹਾਜ਼ਰ ਹੋਣ ਲਈ ਲਿਜਾਣ ਬਾਰੇ ਕਹਿ ਦਿੱਤਾ।ਉਨ੍ਹਾਂ ਦੀ ਹਾਂ ਹੋ ਗਈ, ਪਰ ਜਦੋਂ ਪਤੀ ਦੇਵ ਨੇ ਆਪਣੀ ਮਾਂ ਨੂੰ ਸਵੇਰੇ ਜਾਣ ਬਾਰੇ ਦੱਸਿਆ ਤਾਂ ਕੰਜੂਸ ਮਾਂ ਨੇ ਪੁੱਤ ਤੋਂ ਕਹਾ ਦਿੱਤਾ , ‘ਤੇਰੇ ਡੈਡੀ ਹੋਰੀਂ ਹੀ ਨਾਲ ਆ ਜਾਣ..’।ਇਹ ਸ਼ਬਦ ਸੁਣਦਿਆਂ ਹੀ ਲੜਕੀ ਨੇ ਫੋਨ ਕੱਟ ਦਿੱਤਾ ।ਇਥੇ ਉਸ ਲੜਕੀ ਦੇ ਮਨ ਤੇ ਕੀ ਬੀਤੀ ,ਇਹ ਆਪ ਹੀ ਸੋਚ ਲਓ।ਇਥੋਂ ਮਨਾਂ ‘ਚ ਖਟਾਸ ਪੈਦਾ ਹੋਣੀ ਸ਼ੁਰੂ ਹੋ ਜਾਂਦੀ ਹੈ।ਇਸ ਲਈ ਜ਼ਿੰਮੇਵਾਰੀ ਤੁਸੀਂ ਤਹਿ ਕਰਨੀ ਹੈ।
ਇੱਕ ਹੋਰ ਜਾਣਕਾਰ ਨੇ ਛੋਟੀ ਉਮਰੇ ਆਪਣੇ ਬੇਟੇ ਨੂੰ ਸਰਕਾਰੀ ਨੋਕਰੀ ਮਿਲਣ ਕਾਰਨ ਜਲਦੀ ਨਾਲ ਕਈ ਸਾਲ ਵੱਡੀ ਉਮਰ ਦੀ ਸਰਕਾਰੀ ਮੁਲਾਜ਼ਮ ਲੜਕੀ ਨਾਲ ਲੋਕਲ ਵਿਆਹ ਕਰ ਦਿੱਤਾ।ਲੜਕੇ ਦੇ ਪਿਤਾ ਨੇ ਨਾਲ ਦਾ ਪਲਾਟ ਖਰੀਦਣ ਲਈ ਬੈਂਕ ਲੋਨ ਲੈਕੇ ਪੈਸੇ ਮੋੜਨ ਲਈ ਮਨਾ ਲਿਆ ਤਾਂ ਕਿ ਉਨ੍ਹਾਂ ਦੀ ਪ੍ਰਾਪਰਟੀ ਬਣ ਜਾਵੇਗੀ ਅਤੇ ਭਵਿੱਖ ‘ਚ ਵੱਖਰਾ ਮਕਾਨ ਵੀ ਆਸਾਨੀ ਨਾਲ ਬਣਾ ਲੈਣਗੇ।ਦੋ ਮੁਲਾਜ਼ਮਾਂ ਲਈ ਇਹ ਕੋਈ ਔਖਾ ਕੰਮ ਨਹੀਂ ਸੀ ।ਲੜਕੇ ਨੇ ਪਤਨੀ ਨਾਲ ਗੱਲ ਕੀਤੀ ਤਾਂ ਡਿਊਟੀ ਤੋਂ ਵਾਪਸੀ ਸਮੇਂ ਆਪਣੇ ਮਾਂ-ਬਾਪ ਦੇ ਘਰੇ ਚਲੀ ਗਈ , ਮਾਂ-ਬਾਪ ਨੇ ਗਲਤ ਸੋਚ ਕਿ ਤੁਸੀਂ ਤਾਂ ਕਰਜ਼ਾਈ ਬਣ ਜਾਉਗੇੇ ਅਤੇ ਬੇਟੀ ਨੂੰ ਹੋਰ ਉਕਸ਼ਾ ਦਿੱਤਾ ਅਤੇ ਉਹ ਰੋਸ ਵਜੋਂ ਘਰ ਹੀ ਨਾ ਆਈ ।ਕਈ ਦਿਨ ਕਲੇਸ਼ ਰਹਿਣ ਕਰਕੇ ਆਖਿਰ ਫੈਸਲਾ ਬਦਲਣ ਨਾਲ ਮਸਲਾ ਹੱਲ ਹੋਇਆ।ਇਥੇ ਲੜਕੀ ਦੀ ਗਲਤ ਫਹਿਮੀ ਕਾਰਨ ਅਚਾਨਕ ਘਰ ਦਾ ਮਾਹੌਲ ਖਰਾਬ ਹੋ ਗਿਆ ਸੀ ।ਬਾਅਦ ‘ਚ ਫਿਰ ਆਪਣੇ ਆਪ ਦੋਵਾਂ ਨੇ ਨਵਾਂ ਮਕਾਨ ਵੀ ਖਰੀਦ ਲਿਆ।ਇਸ ਲਈ ਲੜਕੀਆਂ,ਮਾਵਾਂ ਅਤੇ ਸੱਸਾਂ ਨੂੰ ਪਹਿਲੇ ਪਹਿਲੇ ਹਰ ਕਦਮ ਸੋਚ ਸਮਝ ਕੇ ਚੁੱਕਣਾ ਚਾਹੀਦਾ ਹੈ ਕਿ ਰਿਸਤਿਆਂ ‘ਚ ਤਰੇੜਾਂ ਨਹੀਂ ਸਗੋਂ ਪਿਆਰ ਵਾਲੀ ਮਿਠਾਸ ਪੈਦਾ ਹੋਵੇ ਜਿਸ ਨਾਲ ਘਰ ਦਾ ਮਾਹੌਲ ਸੁਖਾਵਾਂ ਬਣਿਆ ਰਹੇ।