Articles

ਜੈ ਜਵਾਨ ਜੈ ਕਿਸਾਨ ਜੈ ਵਿਗਿਆਨ !

ਹਰ ਰੋਜ਼ ਫੋਜੀ ਜਵਾਨ ਆਪਣੇ ਦੇਸ਼ ਵਾਸੀਆਂ ਨੂੰ ਸੁਨੇਹਾ ਦਿੰਦਾ ਹੈ “ ਸੋਂ ਜਾਓ ਹਿੰਦ ਵਾਸੀਓ ,ਤੁਸੀਂ ਭਾਰਤ ਮਾਤਾ ਦੀ ਗੋਦ ਦਾ ਨਿੱਘ ਮਾਣੋ ,ਮੈਂ ਬਾਰਡਰ ਤੇ ਜਾਗਦਾ ਹੋਇਆ ਤੁਹਾਡੀ ਹਿਫਾਜ਼ਤ ਲਈ ਖੜ੍ਹਾ ਹਾਂ”
ਲੇਖਕ: ਸੁਖਪਾਲ ਸਿੰਘ ਗਿੱਲ,
ਅਬਿਆਣਾਂ ਕਲਾਂ

ਆਪਣੇ ਦੇਸ਼ ਤੋਂ ਵੱਧ ਕੇ ਆਪਣਾ ਕੋਈ ਨਿਕਟ ਸੰਬੰਧੀ ਅਤੇ ਮਿੱਤਰ ਨਹੀਂ ਹੁੰਦਾ। ਉਧਰ ਦੇਸ਼ ਭਗਤ ਦਾ ਖੂਨ ਸੁਤੰਤਰਤਾ ਅਤੇ ਪ੍ਰਭੂਸੱਤਾ ਦੇ ਰੁੱਖ ਦਾ ਬੀਜ ਹੁੰਦਾ ਹੈ। ਇਹ ਵੀ ਸੱਚ ਹੈ ਕਿ ਭੁੱਖੇ ਢਿੱਡ ਨਾਲ ਦੇਸ਼ ਭਗਤ ਨਹੀਂ ਬਣਿਆ ਜਾ ਸਕਦਾ। ਦੇਸ਼ ਦੀ ਰਾਖੀ ਲਈ ਚਾਰੇ ਪਾਸਿਓ ਅਤੇ ਸਾਰੇ ਪੱਖਾਂ ਤੋਂ ਘੇਰਾਬੰਦੀ ਜਰੂਰੀ ਹੁੰਦੀ ਹੈ। ਇਸੇ ਲਈ ਕੋਈ ਸਿਧਾਂਤ ਪੇਸ਼ ਕਰਨ ਲਈ ਪਿੱਛੇ ਵੱਡੀ ਵਿਰਾਸਤ ਹੁੰਦੀ ਹੈ। ਕਹਾਵਤ ਵੀ ਹੈ ਕਿ ਸਿਧਾਂਤ ਪੇਸ਼ ਕਰਨ ਲਈ ਪਹਿਲਾਂ ਇਸ ਦੇ ਨਤੀਜਿਆਂ ਬਾਰੇ ਸੋਚਿਆ ਜਾਂਦਾ ਹੈ। ਇਸ ਲਈ ਇਹ ਪੁਖਤਾ ਬਣਦੇ ਹਨ। ਗੱਲ ਕਰੀਏ ਜੈ ਜਵਾਨ , ਜੈ ਕਿਸਾਨ, ਜੈ ਵਿਗਿਆਨ” ਜੇ ਸਫਰ ਦੀ ।

ਗੁਲਾਮੀ ਦੇ ਜੁੱਲੜ ਲਾਹੁਣ ਤੋਂ ਬਾਅਦ ਦੇਸ਼ ਕਈ ਤਰ੍ਹਾਂ ਦੇ ਦੌਰਾਂ ਵਿੱਚੋਂ ਲੰਘਿਆ। ਆਜ਼ਾਦੀ ਤੋਂ ਬਾਅਦ ਤਿੰਨ ਜੰਗਾਂ 1962 ਵਿੱਚ ਚੀਨ ਨਾਲ , 1965 ਵਿੱਚ ਪਾਕਿਸਤਾਨ ਨਾਲ ਅਤੇ 1971 ਵਿੱਚ ਪਾਕਿਸਤਾਨ ਨਾਲ ਲੜੀਆਂ ਗਈਆਂ। ਨਤੀਜਾ ਠੀਕ ਰਿਹਾ। ਪਰ ਫਿਰ ਵੀ ਕਈ ਪੱਖਾਂ ਤੋਂ ਲੋੜ ਮਹਿਸੂਸ ਕੀਤੀ ਜੋ ਸਮੇਂ ਦੀ ਚਾਲ ਨਾਲ ਪੂਰੀ ਕੀਤੀ ਜਾਂਦੀ ਰਹੀ। ਦੇਸ਼ ਨੂੰ ਬਾਹਰੀ ਅਤੇ ਅੰਦਰੂਨੀ ਸੁਰੱਖਿਆ ਦੀ ਬੇਹੱਦ ਲੋੜ ਸੀ। ਭੁੱਖਮਰੀ ਤੋਂ ਬਚਾ ਕੇ ਅਤੇ ਦੁਸ਼ਮਣ ਤੋਂ ਬਚਾ ਕੇ ਰੱਖਣਾ ਰਾਜਨੀਤਿਕ ਵਰਗ ਦਾ ਮੁੱਢਲਾ ਫਰਜ਼ ਹੈ। ਇਸ ਦੇ ਨਾਲ ਹਰ ਦੇਸ਼ ਵਾਸੀ ਦਾ ਵੀ ਇਹੀ ਫਰਜ਼ ਹੈ। “ ਜਿਹਦੀ ਕੋਠੀ ਦਾਣੇ ਓਹਦੇ ਕਮਲੇ ਵੀ ਸਿਆਣੇ” ਦੇ ਸਿਧਾਂਤ ਅਨੁਸਾਰ 1970 ਦੇ ਨੇੜੇ ਤੇੜੇ ਹਰੀ ਕ੍ਰਾਂਤੀ ਨੇ ਦੇਸ਼ ਨੂੰ ਅਨਾਜ ਪੱਖੋਂ ਆਤਮ ਨਿਰਭਰ ਕੀਤਾ। ਸਮੇਂ ਅਨੁਸਾਰ ਇਸਦੀ ਇੰਨੀ ਲੋੜ ਸੀ ਕਿ ਇਸਦੇ ਉਸ ਸਮੇਂ ਨਾਂਹ ਪੱਖੀ ਪ੍ਰਭਾਵ ਵਿਚਾਰੇ ਹੀ ਨਹੀਂ ਗਏ। ਇਸ ਨਾਲ ਅਨਾਜ ਪੱਖੋਂ ਦੇਸ਼ ਦੇ ਭੰਡਾਰ ਭਰ ਦਿੱਤੇ ਗਏ। ਇਹਨਾਂ ਪਿੱਛੇ ਕਿਸਾਨ ਦੀ ਸਖ਼ਤ ਮਿਹਨਤ ਅਤੇ ਭਾਵਨਾ ਸੀ। ਤਿੰਨ ਜੰਗਾਂ ਦੇ ਝੰਬਿਆਂ ਨੂੰ ਬਾਹਰੀ ਬਚਾਓ ਲਈ ਜਵਾਨ ਦੀ ਤਾਕਤ ਦੀ ਲੋੜ ਸੀ। ਇਸ ਸਭ ਕਾਸੇ ਨੂੰ ਦੇਖਦੇ ਹੋਏ ਤੱਤਕਾਲੀ ਪ੍ਰਧਾਨ ਮੰਤਰੀ ਸ਼੍ਰੀ ਲਾਲ ਬਹਾਦਰ ਸ਼ਾਸਤਰੀ ਜੀ ਨੇ ਦਿੱਲੀ ਦੇ ਰਾਮ ਲੀਲਾ ਗਰਾਊਂਡ ਵਿੱਚ “ ਜੈ ਜਵਾਨ, ਜੈ ਕਿਸਾਨ ” ਦਾ ਨਾਅਰਾ ਦਿੱਤਾ। ਇਸ ਨਾਅਰੇ ਨਾਲ ਦੇਸ਼ ਦਾ ਕਿਸਾਨ ਅਤੇ ਜਵਾਨ ਉਤਸੁਕ ਹੋਇਆ ਅਤੇ ਉਤਸ਼ਾਹ ਨਾਲ ਦੇਸ਼ ਪ੍ਰੇਮ ਵਿੱਚ ਜੁੱਟ ਗਿਆ। ਨਾਲ ਹੀ ਦੇਸ਼ ਹਰ ਪੱਖੋਂ ਆਤਮ ਨਿਰਭਰ ਹੋਣ ਦੀ ਰਾਹ ਪਿਆ। ਇਹ ਨਾਅਰਾ ਭਾਰਤ ਦੀ ਰੂਹ ਲਈ ਰਾਮ ਬਾਣ ਸਾਬਤ ਹੋਇਆ।
ਭਾਰਤ ਸਰਕਾਰ ਨੇ ਕਿਸਾਨਾਂ ਲਈ ਤਿੰਨ ਕਾਨੂੰਨ ਬਣਾਏ। ਬਣਾਉਣ ਵਾਲਾ ਕਹਿੰਦਾ ਕਿ ਇਹਨਾਂ ਦਾ ਫਾਇਦਾ ਹੈ ਜਿਨ੍ਹਾਂ ਲਈ ਬਣਾਏ ਉਹ ਕਹਿੰਦੇ ਸਾਡੇ ਲਈ ਨੁਕਸਾਨ ਹੈ। ਇਹ ਵਰਤਾਰਾ ਅੰਦੋਲਨ ਵਿੱਚ ਬਦਲ ਗਿਆ। ਆਖਰ ਸਮੇਂ ਦੀ ਸਰਕਾਰ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਤੇ ਇਹ ਕਾਨੂੰਨ ਵਾਪਸ ਲੈ ਲਏ ਕਿਸਾਨੀ ਭਾਵਨਾਵਾਂ ਦੀ ਕਦਰ ਕਰਕੇ ਜੈ ਕਿਸਾਨ ਕਰ ਦਿੱਤਾ। ਸਮੇਂ ਦਾ ਹਾਣੀ ਬਣਨਾ ਜਰੂਰੀ ਹੈ ਅੱਜ ਦੇ ਵਿਗਿਆਨਕ ਯੁੱਗ ਵਿੱਚ ਸ਼੍ਰੀ ਅਟੱਲ ਬਿਹਾਰੀ ਵਾਜਪਾਈ ਜੀ ਨੇ ਪੋਖਰਨ ਵਿੱਚੋਂ ਉਪਜੇ ਵਿਗਿਆਨ ਨੂੰ “ਜੈ ਜਵਾਨ ਜੈ ਕਿਸਾਨ ਜੈ ਵਿਗਿਆਨ” ਤਹਿਤ ਲੜੀ ਵਿੱਚ ਪਰੋ ਕੇ ਵਾਧਾ ਕੀਤਾ। ਇਸ ਦੀ ਸਮੇਂ ਅਨੁਸਾਰ ਭਾਰੀ ਲੋੜ ਸੀ। ਵਿਗਿਆਨ ਨਾਲ ਦੁਸ਼ਮਣ ਨੂੰ ਭਜਾਉਣਾ ਸੋਖਾ ਹੋ ਗਿਆ। ਵਿਗਿਆਨਕ ਯੁੱਗ ਵਿੱਚ ਨਵੇਂ-ਨਵੇਂ ਹਥਿਆਰਾਂ ਦੀ ਖਰੀਦ ਅਤੇ ਖੋਜ ਹੋਈ। ਸ਼੍ਰੀ ਅਟੱਲ ਬਿਹਾਰੀ ਵਾਜਪਾਈ ਜੀ ਦਾ ਨਾਅਰਾ ਨਵੇਂ ਰੂਪ ਵਿੱਚ ਅਟੱਲ ਹੋ ਗਿਆ “ਜੈ ਜਵਾਨ ਜੈ ਕਿਸਾਨ ਜੈ ਵਿਗਿਆਨ ” ਅੱਜ ਦੇ ਹਲਾਤਾਂ ਅਨੁਸਾਰ ਇਹ ਨਾਅਰਾ ਪ੍ਰੇਰਨਾ ਸਰੋਤ ਅਤੇ ਜੋਸ਼ ਭਰਭੂਰ ਹੈ। ਮਾਨਸਿਕ ਅਤੇ ਸਮਾਜਿਕ ਵਿਕਾਸ ਲਈ ਗਿਆਨ ਦੇ ਨਾਲ ਵਿਗਿਆਨ ਦਾ ਹੋਣਾ ਵੀ ਜਰੂਰੀ ਹੈ। ਵਿਗਿਆਨ ਕਈ ਬਿਮਾਰੀਆਂ ਦਾ ਹੱਲ ਕਰਦਾ ਹੈ। ਸ਼੍ਰੀ ਚੰਦਰ ਸ਼ੇਖਰ ਵੈਕਟਾਰਮਨ ਵਿਗਿਆਨੀ ਨੇ ਸੁਨੇਹਾ ਦਿੱਤਾ ਸੀ“ਵਿਗਿਆਨ ਦਾ ਸਾਰ ਉਪਕਰਨ ਨਹੀਂ ਸਗੋਂ ਸੁਤੰਤਰ ਸੋਚ ਅਤੇ ਮਿਹਨਤ ਹੈ ”। ਇਸ ਨਵੇਂ ਨਾਅਰੇ ਨਾਲ ਪ੍ਰੋਫੈਸਰ ਮੋਹਨ ਸਿੰਘ ਦੀ ਕਾਵਿਕ ਰਚਨਾ ਮੂੰਹੋਂ ਨਿਕਲਦੀ ਹੈ “ ਆਓ ਹਿੰਦੀਏ ਹਲ ਛੋਹੀਏ , ਕੋਈ ਇਸ਼ਕ ਦਾ ਤਿਖੜਾ ਤਾਲ ਵਲੇ, ਪਰਦੇ ਚਾਈਏ ਘੂੰਗਟ ਲਾਹੀਏ, ਨੱਚੀਏ ਨਾਲੋਂ ਨਾਲ ਵਲੇ, ਦੇਸ਼ ਪਿਆਰ ਦੀ ਮਦਰਾ ਪੀ ਕੇ , ਹੋਈਏ ਮਸਤ ਬੇਹਾਲ ਵਲੇ” ਇਸ ਨਾਅਰੇ ਨੇ ਇਸ ਤੱਥ ਨੂੰ ਪੁਖਤਾ ਹੈ ਕਿ ਨਾਅਰੇ , ਲੋਕ ਤੱਥ ਅਤੇ ਸਾਹਿਤ ਸਮੇਂ ਦੇ ਹਾਲਾਤ ਅਤੇ ਆਲੇ-ਦੁਆਲੇ ਦੇ ਵਾਤਾਵਰਨ ਵਿੱਚੋਂ ਉਪਜਦੇ ਹਨ। ਇਸੇ ਲਈ ਜੈ ਜਵਾਨ ਤੋਂ ਜੈ ਵਿਗਿਆਨ ਤੱਕ ਦਾ ਪੈਂਡਾਂ ਸਮੇਂ ਦੇ ਹਾਲਾਤਾਂ ਤੇ ਨਿਰਭਰ ਹੋ ਕੇ ਆਪ ਮੁਹਾਰੇ ਹੀ ਉਪਜਿਆ।
ਸਾਡੇ ਜਵਾਨਾਂ ਅਤੇ ਗਿਆਨਵਾਨ ਦੇਸ਼ ਵਾਸੀਆਂ ਨੂੰ ਇਸ ਨਾਅਰੇ ਨੇ ਜੋਸ਼ ਵਰਧਕ ਕੀਤਾ। ਅੱਜ ਇਹਨਾਂ ਦੇ ਜਿਹਨ ਵਿੱਚ ਇੱਕ ਹੀ ਗੱਲ ਹੈ ਕਿ ਇਹ ਕਥਨ ‘ਹੇਲ’ ਦੇ ਨੁਕਤੇ ਨੂੰ ਪਿੰਡੇ ਤੇ ਹੰਢਾਂ ਰਹੇ ਹਨ। ਕਥਨ ਹੈ ਕਿ “ ਮੈਨੂੰ ਕੇਵਲ ਇਹ ਹੀ ਅਫਸੋਸ ਹੈ ਕਿ ਮੇਰੇ ਪਾਸ ਦੇਸ਼ ਤੋਂ ਵਾਰਨ ਲਈ ਕੇਵਲ ਇੱਕ ਹੀ ਜੀਵਨ ਹੈ”। ਸਾਡੇ ਜਵਾਨ ਕਿਸਾਨ ਹਾਲਾਤ ਤੋਂ ਭੱਜਦੇ ਨਹੀਂ ਸਗੋਂ ਇਹਨਾਂ ਦੇ ਮਨ ਵਿੱਚ ਇਹ ਗੱਲ ਖਾਸ ਘਰ ਕਰ ਗਈ ਹੈ ਕਿ ਹਾਲਾਤ ਦਾ ਸਾਮ੍ਹਣਾ ਬਹਾਦਰੀ ਤੇ ਦਿਲ ਨਾਲ ਹੋਵੇਗਾ। ਇਹ ਨਾਅਰਾ ਜਦੋਂ ਜੰਗ ਦੇ ਦਿਨਾਂ ਵਿੱਚੋਂ ਗੁਜ਼ਰਦਾ ਹੈ ਤਾਂ ਦੇਸ਼ ਪ੍ਰੇਮ ਦੀ ਤਾਨ ਆਪਣੇ ਸ਼ੀਨੇ ਛਿੜਨ ਲੱਗਦੀ ਹੈ। ਸ਼ਹੀਦਾਂ ਦੀ ਯਾਦ ਅਤੇ ਤਾਬੂਤ ਦੇਖ ਕੇ ਇਹ ਸੁਨੇਹਾ ਯਾਦ ਆਉਂਦਾ ਹੈ “ਹਿੰਦ ਵਾਸੀਓ ਰੱਖਣਾ ਯਾਦ ਸਾਨੂੰ , ਕਿਤੇ ਦਿਲਾਂ ਤੋਂ ਨਾ ਭੁੱਲਾ ਦੇਣਾ , ਖਾਤਰ ਵਤਨ ਦੀ ਲੱਗੇ ਹਾਂ ਚੜ੍ਹਨ ਫਾਂਸੀ , ਸਾਨੂੰ ਦੇਖ ਕੇ ਨਾ ਘਬਰਾ ਜਾਣਾ , ” । ਜੈ ਜਵਾਨ , ਜੈ ਕਿਸਾਨ , ਜੈ ਵਿਗਿਆਨ ਦਾ ਨਾਅਰਾ ਹਰ ਭਾਰਤੀ ਦੇ ਦਿਲ ਵਿੱਚ ਲਗਨ ਪੈਦਾ ਕਰਦਾ ਹੈ “ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖਾਲੀਆ ਨੇ , ਜਿਨਾਂ ਦੇਸ਼ ਸੇਵਾ ਵਿੱਚ ਪੈਰ ਪਾਇਆ, ਓਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ”
ਹਰ ਰੋਜ਼ ਫੋਜੀ ਜਵਾਨ ਆਪਣੇ ਦੇਸ਼ ਵਾਸੀਆਂ ਨੂੰ ਸੁਨੇਹਾ ਦਿੰਦਾ ਹੈ “ ਸੋਂ ਜਾਓ ਹਿੰਦ ਵਾਸੀਓ ,ਤੁਸੀਂ ਭਾਰਤ ਮਾਤਾ ਦੀ ਗੋਦ ਦਾ ਨਿੱਘ ਮਾਣੋ ,ਮੈਂ ਬਾਰਡਰ ਤੇ ਜਾਗਦਾ ਹੋਇਆ ਤੁਹਾਡੀ ਹਿਫਾਜ਼ਤ ਲਈ ਖੜ੍ਹਾ ਹਾਂ ” ਇਨ੍ਹਾਂ ਨਾਲ ਹਰ ਭਾਰਤੀ ਦਾ ਸੀਨਾ ਗਰਬ ਨਾਲ ਚੌੜਾ ਹੋ ਜਾਂਦਾ ਹੈ ਕਿ ਅਸੀਂ ਫੌਜ਼ੀ ਵੀਰਾਂ ਦੇ ਸਿਰ ਤੇ ਸੁਰੱਖਿਅਤ ਹਾਂ। ਕਿਸਾਨ ਅਤੇ ਜਵਾਨ ਹਮੇਸ਼ਾ ਆਸ਼ਾਵਾਦੀ ਰਹਿੰਦੇ ਹਨ। ਇੱਕ ਖੇਤੀਬਾੜੀ ਕਰਦਾ ਹੈ ਦੂਜਾ ਦੇਸ਼ ਦੀ ਰਾਖੀ ਕਰਦਾ ਹੈ। ਕਿਸਾਨ ਦਾ ਟੀਚਾ ਫ਼ਸਲ ਨੂੰ ਘਰ ਲਿਆਉਣਾ ਅਤੇ ਸਾਂਭਣਾ ਹੈ ਜਦ ਕਿ ਜਵਾਨ ਦਾ ਟੀਚਾ ਦੇਸ਼ ਨੂੰ ਦੁਸ਼ਮਣ ਤੋਂ ਬਚਾ ਕੇ ਰੱਖਣਾ ਹੈ। ਦੋਵੇਂ ਜ਼ੋਖਿਮ ਹੰਢਾ ਕੇ ਅੰਦਰੂਨੀ ਅਤੇ ਬਾਹਰੀ ਸੁਰੱਖਿਆ ਦਿੰਦੇ ਹਨ। ਵਿਗਿਆਨ ਦਾ ਟੀਚਾ ਹੈ ਕਿ ਦੋਵਾਂ ਨੂੰ ਸਹੀ ਦਿਸ਼ਾ ਨਿਰਦੇਸ਼ ਦੇਣੇ। ਅਸਲ ਸ਼ਬਦਾਂ ਵਿੱਚ ਕਿਹਾ ਜਾ ਸਕਦਾ ਹੈ ਕਿ ਜਿਨ੍ਹਾਂ ਚਾਹਤ ਨਾਲ ਜ਼ੋਖਿਮ ਉਠਾਉਣ ਦਾ ਫੈਸਲਾ ਕੀਤਾ ਹੈ ਉਹ ਹੀ ਸੱਚਾ ਜਵਾਨ ਅਤੇ ਕਿਸਾਨ ਹੈ। ਜਵਾਨ ਅਤੇ ਕਿਸਾਨ ਆਪਣੇ ਨਿੱਜੀ ਸਵਾਰਥ ਅਤੇ ਮੁਫਾਦਾਂ ਤੋਂ ਉੱਪਰ ਉੱਠ ਕੇ ਆਪਣੇ ਕਿੱਤੇ ਅਤੇ ਕਰਮ ਵਿੱਚ ਖੁੱਭੇ ਰਹਿੰਦੇ ਹਨ। ਦੋਵੇਂ ਜਮਾਤਾਂ ਅਜਿਹੀਆਂ ਹਨ ਜੋ ਆਪਣੀ ਕਿਸਮਤ ਅਤੇ ਤਕਦੀਰ ਆਪ ਘੜ੍ਹਦੀਆਂ ਹਨ। ਜਿੰਮਾ ਵੀ ਆਪ ਹੀ ਲੈਂਦੀਆਂ ਹਨ ਹਰ ਭਾਰਤੀ ਜੋ ਜਵਾਨ ਅਤੇ ਕਿਸਾਨ ਦੀ ਸ਼ਾਨ ਨੂੰ ਉੱਚੀ ਨਹੀਂ ਕਰਦਾ ਉਹ ਅਸੱਭਿਅਕ ਹੈ। ਹਰ ਭਾਰਤੀ ਦਾ ਫ਼ਰਜ਼ ਹੈ ਕਿ ਦੇਸ਼ ਦੇ ਜਵਾਨ ਅਤੇ ਕਿਸਾਨ ਨੂੰ ਸੱਚੇ ਸਮਝ ਕੇ ਇਨ੍ਹਾਂ ਦਾ ਆਦਰ ਮਾਣ ਕਰਨਾ। ਇਹ ਵੀ ਸਮਝਣਾ ਚਾਹੀਦਾ ਹੈ ਕਿ ਪ੍ਰਸਥਿਤੀਆਂ ਦੇ ਅਸਰ ਤੋਂ ਕੋਈ ਵੀ ਬਚ ਨਹੀਂ ਸਕਦਾ। ਕਿਸਾਨ ਅਤੇ ਜਵਾਨ ਦੋਵੇਂ ਕੌਮਾਂ ਕਾਨੂੰਨ ਦੀਆਂ ਅਤੇ ਦੇਸ਼ ਪ੍ਰੇਮ ਦੀਆਂ ਭਾਵਨਾਵਾਂ ਨੂੰ ਸਮਝ ਕੇ ਆਪਣੇ ਨਿਸ਼ਾਨੇ ਦੀ ਪ੍ਰਾਪਤੀ ਅਤੇ ਪੂਰਤੀ ਕਰਦੀਆਂ ਹਨ। ਅਗਿਆਤ ਨੇ ਕਿਹਾ ਸੀ “ ਜਿਸਦੇ ਦਿਲ ਵਿੱਚ ਦੇਸ਼ ਦਾ ਦਰਦ ਨਹੀਂ , ਮੈਂ ਤੇ ਕਹਾਂਗਾਂ ਕਿ ਓਹ ਇਨਸਾਨ ਹੀ ਨਹੀਂ, ਜਿਸਦੀ ਮਾਂ ਦੀਆਂ ਮੀਂਢੀਂਆਂ ਗੈਰ ਪੁੱਟਣ ਬਾਪ ਆਪਣੇ ਦੀ ਓਹ ਸੰਤਾਨ ਹੀ ਨਹੀਂ” । ਹਰ ਦੇਸ਼ ਵਾਸੀ ਦਾ ਫ਼ਰਜ ਹੈ ਕਿ ਗਿਆਨ ਤੇ ਵਿਗਿਆਨ ਦੇ ਧਾਰਨੀ ਬਣ ਕੇ ਜਵਾਨ ਅਤੇ ਕਿਸਾਨ ਦੀ ਕਦਰ ਕਰੀਏ। ਇਹ ਦੋਵੇਂ ਹੀ ਅੰਦਰੂਨੀ ਅਤੇ ਬਾਹਰੀ ਸੁਰੱਖਿਆ ਲਈ ਭਾਰਤ ਦੇ ਸੱਚੇ ਸਪੂਤ ਹਨ।

Related posts

Shepparton Paramedic Shares Sikh Spirit of Service This Diwali

admin

If Division Is What You’re About, Division Is What You’ll Get

admin

Emirates Illuminates Skies with Diwali Celebrations Onboard and in Lounges

admin