Articles

ਜੰਗ ਨਹੀਂ ਕਿਸੇ ਮਸਲੇ ਦਾ ਹੱਲ !

ਵੈਸੈ ਤਾਂ ਇਸ ਜੰਗ ਨੂੰ ਭਾਰਤ-ਪਾਕਿ ਜੰਗ ਕਿਹਾ ਜਾ ਰਿਹਾ ਹੈ ਪਰ ਅਸਲ ਵਿੱਚ ਇਸ ਜੰਗ ਵਿੱਚ ਪਿਸਣਾ ਚੜ੍ਹਦੇ ਤੇ ਲਹਿੰਦੇ ਪੰਜਾਬ ਨੇ ਹੀ ਹੈ।
ਲੇਖਕ: ਭਵਨਦੀਪ ਸਿੰਘ ਪੁਰਬਾ

ਬੀਤੇ ਕੁੱਝ ਦਿਨ੍ਹਾ ਤੋਂ ਪੰਜਾਬ ਅਤੇ ਕਸ਼ਮੀਰ ਵਿੱਚ ਬਹੁੱਤ ਭਿਆਨਕ ਸਮਾਂ ਚੱਲ ਰਿਹਾ ਹੈ। ਜੰਗ ਦਾ ਮਾਹੋਲ ਹੈ। ਵੈਸੈ ਤਾਂ ਇਸ ਜੰਗ ਨੂੰ ਭਾਰਤ-ਪਾਕਿ ਜੰਗ ਕਿਹਾ ਜਾ ਰਿਹਾ ਹੈ ਪਰ ਅਸਲ ਵਿੱਚ ਇਸ ਜੰਗ ਵਿੱਚ ਪਿਸਣਾ ਚੜ੍ਹਦੇ ਤੇ ਲਹਿੰਦੇ ਪੰਜਾਬ ਨੇ ਹੀ ਹੈ। ਕੁੱਝ ਸਿਰਫਿਰੇ ਤੇ ਬੇ-ਅਕਲ ਲੋਕਾਂ ਨੂੰ ਛੱਡ ਕੇ ਕੋਈ ਵੀ ਪੰਜਾਬੀ ਇਹ ਜੰਗ ਨਹੀਂ ਚਾਹੁੰਦਾ। ਸਾਰੇ ਪੰਜਾਬ ਬਲਕਿ ਸਾਰੇ ਭਾਰਤੀ ਤੇ ਪਾਕਸਿਤਾਨੀ ਹੀ ਜਾਣਦੇ ਹਨ ਕਿ ਜੰਗ ਕਿਸੇ ਮਸਲੇ ਦਾ ਹੱਲ ਨਹੀਂ ਹੈ। ਇਹ ਜੰਗਾ ਸਿਰਫ ਰਾਜਨੀਨਿਤਕ ਲੋਕਾਂ ਦੀ ਹੀ ਦੇਣ ਹਨ ਆਪਣੀ ਸੱਤਾ ਨੂੰ ਬਰਕਰਾਰ ਰੱਖਣ ਲਈ। ਜਦ ਹਰ ਭਾਰਤੀ ਕਹਿ ਰਿਹਾ ਹੈ ਕਿ ਅਸੀਂ ਕਿਤੇ ਵੀ ਜੰਗ ਨਹੀਂ ਚਾਹੁੰਦੇ ਤਾਂ ਸਰਕਾਰ ਵੱਲੋਂ ਜੰਗ ਨੂੰ ਬੜਾਵਾ ਕਿਉਂ?

ਸੈਂਟਰ ਸਰਕਾਰ ਕਹਿ ਰਹੀ ਹੈ ਕਿ ਬੀਤੇ ਮਹੀਨੇ ਹੋਏ ਪਹਿਲਗਾਊ ਦੇ ਅੱਤਵਾਦੀ ਹਮਲੇ ਦਾ ਬਦਲਾ ਲੈਣ ਲਈ ‘ਅਪ੍ਰੈਸਨ ਸਿੰਦੂਰ’ ਚਲਾਇਆ ਗਿਆ ਹੈ। ਪਰ ਇਨਸਾਨੀਅਤ ਦੇ ਤੌਰ ਤੇ ਸੋਚੀਏ ਤਾਂ ਇਸ ‘ਅਪ੍ਰੈਸਨ ਸਿੰਦੂਰ’ ਨਾਲ ਹੁਣ ਹੋਰ ਕਿੰਨਿਆਂ ਔਰਤਾਂ ਦਾ ‘ਸੰਦੂਰ’ ਮਿੱਟ ਜਾਵੇਗਾ? ਕਿੰਨੇ੍ ਫੌਜੀ ਵੀਰ ਸ਼ਹੀਦ ਹੋਣਗੇ। ਕਿੰਨੇ੍ ਬੱਚਿਆਂ ਦੇ ਸਿਰ ਤੋਂ ਉਨ੍ਹਾਂ ਦੇ ਪਿਤਾ ਦਾ ਸਾਇਆ ਖਤਮ ਹੋ ਜਾਵੇਗਾ, ਕਿੰਨੀਆਂ ਮਾਵਾਂ ਦੇ ਪੁੱਤ ਬੇ-ਵਕਤ ਉਨ੍ਹਾਂ ਤੋਂ ਵਿਛੜ ਜਾਣਗੇ। ਅਜਿਹੇ ਬਦਲੇ ਦਾ ਕੀ ਫਾਇਦਾ ਜਿਸ ਨਾਲ ਆਪਣੇ ਹੀ ਵੀਰਾਂ ਦਾ ਨੁਕਸਾਨ ਹੋਣਾ ਹੈ। ਆਪਾਂ ਸਾਰੇ ਹੀ ਜਾਣਦੇ ਆਂ ਭਾਰਤ ਪਾਕਿਸਤਾਨ ਦੀ ਜੰਗ ਦੀ ਸ਼ੁਰੂਆਤ ਨਾਲ ਹੀ ਬਾਰਡਰ ਦੀਆਂ ਸਟੇਟਾਂ ਦੇ ਕੀ ਹਾਲਾਤ ਬਣੇ ਹੋਏ ਹਨ। ਇਸ ਜੰਗ ਵਿੱਚ ਸਭ ਤੋਂ ਵੱਧ ਪ੍ਰਭਾਵਿਤ ਸਾਡੇ ਪੰਜਾਬ ਨੇ ਹੀ ਹੋਣਾ ਹੈ। ਵਿਦੇਸ਼ ਵਿੱਚ ਬੈਠੇ ਪੰਜਾਬੀ ਵੀ ਤਰਾਹ-ਤਰਾਹ ਕਰ ਰਹੇ ਹਨ। ਉਹਨਾਂ ਦਾ ਸਾਰਾ ਧਿਆਨ ਵੀ ਪੰਜਾਬ ਵਿੱਚ ਹੈ ਕਿਉਂਕਿ ਉਨ੍ਹਾਂ ਦੇ ਪ੍ਰੀਵਾਰ ਵੀ ਪੰਜਾਬ ਵਿੱਚ ਹਨ। ਕਿਸੇ ਦੇ ਮਾਤਾ-ਪਿਤਾ ਪੰਜਾਬ ਵਿੱਚ ਹਨ, ਕਿਸੇ ਦੇ ਰਿਸ਼ਤੇਦਾਰ ਪੰਜਾਬ ਵਿੱਚ ਹਨ। ਕਿਸੇ ਦੀ ਜਮੀਨ ਜਾਇਦਾਦਾ ਤੇ ਘਰ ਪੰਜਾਬ ਵਿੱਚ ਹੈ। ਪੰਜਾਬ ਨਾਲ ਉਨ੍ਹਾਂ ਦਾ ਪਿਆਰ ਵੀ ਹੈ। ਪੰਜਾਬ ਉਨ੍ਹਾਂ ਦੇ ਦਿਲਾ ਵਿੱਚ ਵਸਦਾ ਹੈ, ਉਹ ਵੀ ਪੰਜਾਬ ਦੀ ਚੜ੍ਹਦੀ ਕਲਾ ਤੇ ਖੁਸਹਾਲੀ ਮੰਗਦੇ ਹਨ। ਉਹ ਵੀ ਜਾਣਦੇ ਹਨ ਕਿ ਜਦੋਂ ਵੀ ਭਾਰਤ ਤੇ ਪਾਕਸਿਤਾਨ ਵੀ ਲੜਾਈ ਲੱਗਦੀ ਹੈ ਤਾਂ ਸਭ ਤੋਂ ਵੱਧ ਨੁਕਸਾਨ ਪੰਜਾਬ ਦਾ ਹੀ ਹੁੰਦਾਂ ਹੈ। ਦੋਵੇਂ ਪੰਜਾਬ ਜਿਹੜਾ ਪਾਕਿਸਤਾਨ ‘ਚ ਹੈ ਜਿਹੜਾ ਭਾਰਤ ਵਿੱਚ ਹੈ, ਨੁਕਸਾਨ ਸਭ ਤੋਂ ਵੱਧ ਇਸ ਦਾ ਹੀ ਹੋਣਾ ਹੈ।

ਇਸ ਵੇਲੇ ਜਿਹੜੇ ਹਾਲਾਤ ਬਣੇ ਹੋਏ ਹਨ ਬੜੇ ਸਹਿਜ ਨਾਲ ਬੜੀ ਸ਼ਾਂਤੀ ਨਾਲ ਨਜਿੱਠਣ ਵਾਲੇ ਹਨ। ਆਪਣੇ ਆਪ ਨੂੰ ਅਤੇ ਆਪਣੇ ਜਜਬਾਤਾ ਨੂੰ ਵੀ ਟਿਕਾ ਕੇ ਰੱਖਣਾ ਪੈਣਾ ਹੈ। ਸਾਨੂੰ ਪ੍ਰਸ਼ਾਸਨ ਦਾ ਵੀ ਸਾਥ ਦੇਣਾ ਪਵੇਗਾ। ਪ੍ਰਸ਼ਾਸਨ ਦੀਆਂ ਹਦਾਇਤਾ ਮੰਨਣੀਆਂ ਪੈਣਗੀਆਂ ਕਿਉਕਿ ਉਹ ਸਾਡੀ ਰੱਖਿਆਂ ਲਈ ਹੀ ਸਭ ਕੁੱਝ ਕਰ ਰਹੇ ਹਨ ਜੋ ਉਨ੍ਹਾਂ ਦੀ ਡਿਉਟੀ ਹੈ ਉਹ ਨਿਭਾਅ ਰਹੇ ਹਨ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਜੇਕਰ ਜੰਗ ਵਧਦੀ ਹੈ ਤਾਂ ਮਹਿਲ ਘੱਟ ਢੇਰੀ ਹੋਣਗੇ, ਝੁੱਗੀਆਂ ਹੀ ਜਿਆਦਾ ਢਹਿਣਗੀਆਂ। ਪੁੱਤ ਵੀ ਸਾਡੇ ਹੀ ਮਰਨੇ ਹਨ। ਫੌਜੀ ਵੀਰ ਸਾਡੇ ਹੀ ਹਨ, ਜਿਨ੍ਹਾਂ ਨੇ ਸ਼ਹੀਦ ਹੋ ਕੇ ਸਦਾ ਲਈ ਸਾਡੇ ਤੋਂ ਦੂਰ ਚਲੇ ਜਾਣਾ ਹੈ। ਹਾਕਮਾਂ ਦੀਆਂ ਅੱਖਾਂ ਤਾਂ ਸਿਰਫ ਦਿਖਾਵੇ ਲਈ ਹੀ ਨਮ ਹੋਣਗੀਆਂ। ਕਦੇ ਵੇਖਿਆਂ ਕਿਸੇ ਮੰਤਰੀ ਦਾ ਮੁੰਡਾ ਫੌਜ ਵਿੱਚ ਸ਼ਹੀਦ ਹੋਇਆ ਹੋਵੇ? ਕਦੇ ਕਿਸੇ ਮੰਤਰੀ-ਸੰਤਰੀ ਨੇ ਆਪਣਾ ਪੁੱਤ ਬਾਰਡਰ ਤੇ ਭੇਜਿਆ? ਸ਼ਾਤਿਰ ਦਿਮਾਗ ਖੇਡਾਂ ਖੇਡ ਜਾਦੇ ਆ! ਆਪਣਿਆਂ ਕੋਲੋਂ ਆਪਣੇ ਈ ਕਤਲ਼ ਕਰਵਾ ਦਿੰਦੇ ਹਨ। ਜੇਕਰ ਦੋਹਾ ਮੁਲਕਾਂ ਦੀ ਵੱਡੀ ਜੰਗ ਲੱਗਦੀ ਹੈ ਤਾਂ ਸਮਾਂ ਇਹਨਾਂ ਖਤਰਨਾਕ ਆਵੇਗਾ ਕਿ ਤੁਸੀਂ ਹਰ ਸਾਹ ਨਾਲ ਰੱਬ ਨੂੰ ਯਾਦ ਕਰੋਗੇ ਪਰ ਸਮਾਂ ਮਿਲਣਾ ਨਹੀਂ। ਫਿਰ ਕੋਈ ‘ਬੇ੍ਰਕਿਗ ਨਿਊਜ’ ਬਣਾਉਣ ਵਾਲਾ ਵੀ ਨਹੀਂ ਹੋਵੇਗਾ ਅਤੇ ਨਾ ਹੀ ਕੋਈ ‘ਬੇ੍ਰਕਿਗ ਨਿਊਜ’ ਵੇਖਣ ਵਾਲਾ ਹੋਵੇਗਾ, ਇਹ ਗੱਲ ਭੜਕਾਉ ਮੀਡੀਆ ਨੂੰ ਸਮਝ ਜਾਣੀ ਚਾਹੀਦੀ ਹੈ।

ਜੰਗ ਲੱਗਣ ਦੌਰਾਨ ਜੰਗ ਦੀਆਂ ਕਾਰਵਾਈਆਂ ਫੌਜੀ ਵੀਰਾਂ ਨੇ ਆਪਣੇ ਸੀਨੀਅਰ ਅਫਸਰਾਂ ਦੇ ਹੁਕਮ ਅਨੁਸਾਰ ਕਰਨੀਆਂ ਹੁੰਦੀਆਂ ਹਨ ਅਤੇ ਬਚਾਓ ਤੇ ਸਾਵਧਾਨੀ ਦੀਆਂ ਹਦਾਇਤਾ ਪ੍ਰਸ਼ਾਸ਼ਨ ਨੇ ਜਾਰੀ ਕਰਨੀਆ ਹਨ। ਅਸੀਂ ਤਾਂ ਰੱਬ ਅੱਗੇ ਦੁਆ, ਅਰਦਾਸ, ਬੇਨਤੀ ਕਰ ਸਕਦੇ ਹਾਂ। ਆਓ! ਸਾਰੇ ਜਣੇ ਚਾਹੇ ਕੋਈ ਹਿੰਦੂ ਹੈ, ਚਾਹੇ ਮੁਸਲਮਾਨ ਹੈ, ਚਾਹੇ ਸਿੱਖ ਹੈ। ਤੁਸੀਂ ਜਿੱਥੇ ਵੀ ਜਾਦੇ ਹੋ ਚਾਹੇ ਉਧਰ ਮਸੀਤਾਂ ਵਿੱਚ ਬੈਠੇ ਹੋ, ਚਾਹੇ ਕੋਈ ਸਾਡੇ ਮੰਦਰਾਂ ਵਿੱਚ ਬੈਠਾ ਹੈ, ਚਾਹੇ ਕੋਈ ਗੁਰਦੁਆਰਿਆਂ ਵਿੱਚ ਜਾਦਾ ਹੈ। ਤੁਸੀਂ ਕਿਸੇ ਵੀ ਰੱਬ ਨੂੰ ਮੰਨਦੇ ਹੋ ਰਾਮ, ਰਹੀਮ, ਅੱਲ੍ਹਾ, ਵਾਹਿਗੁਰੂ ਸਾਰੇ ਦਿਲੋਂ ਕਾਮਨਾ ਕਰੋ ਇਹ ਜੰਗਾਂ ਬੰਦ ਹੋ ਜਾਣ। ਮਹਾਰਾਜ ਦੇ ਚਰਨਾਂ ‘ਚ ਅਰਦਾਸ ਕਰੀਏ ਕਿ ਪੰਜਾਬ ਨੇ ਜੋ 1947 ਵਿੱਚ, ਫਿਰ 1971 ਵਿੱਚ ਅਤੇ ਫਿਰ 1984 ਵਿੱਚ ਜੋ ਸੰਤਾਪ ਭੋਗਿਆ ਹੈ ਉਹ ਹੁਣ ਦੁਬਾਰਾ ਨਾ ਵੇਖਣਾ ਪਵੇ। ਆਓ ਸਾਰੀ ਮਨੁੱਖਤਾ ਲਈ ਸਭ ਦਾ ਭਲਾ ਮੰਗੀਏ। ਕਦੇ ਵੀ ਕੋਈ ਧਰਮ ਮਾੜਾ ਨਹੀਂ ਹੁੰਦਾ, ਮਾੜੀ ਤਾਂ ਇਨਸਾਨ ਦੀ ਸਵਾਰਥੀ ਸੋਚ ਹੈ, ਮਾੜਾ ਤਾਂ ਸੱਤਾ ਦਾ ਹੰਕਾਰ ਹੈ। ਆਪਣੇ ਲਈ ਧਨ, ਦੌਲਤ, ਧੀਆਂ, ਪੁੱਤਰ, ਸੁੱਖ, ਸ਼ੌਹਰਤ ਆਦਿ ਮੰਗਦੇ ਸਮੇਂ ਆਪਣਾ ਪਿੰਡ, ਆਪਣੇ ਸ਼ਹਿਰ, ਆਪਣੇ ਦੇਸ਼ ਦਾ, ਸੰਸਾਰ ਦਾ ਭਲਾ ਵੀ ਮੰਗਿਆ ਕਰੋ। ਜੇਕਰ ਸਭ ਦਾ ਭਲਾ ਹੋ ਗਿਆ ਤਾਂ ਸਾਡਾ ਭਲਾ ਤਾਂ ਆਪ ਹੀ ਹੋ ਜਾਣਾ।

ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ॥

Related posts

Shepparton Paramedic Shares Sikh Spirit of Service This Diwali

admin

If Division Is What You’re About, Division Is What You’ll Get

admin

Emirates Illuminates Skies with Diwali Celebrations Onboard and in Lounges

admin