ਕਦੇ ਵੋਟ ਵੇਚੀਏ ਨਾ
ਚਾਹੇ ਰੱਜ ਹਮਾਤੜ ਹੋਵੇ ਬੰਦਾ ਚੁਣੀਏ ਚੰਗਾ ਜੀ
ਨਹੀ ਪੰਜ ਸਾਲ ਲਈ ਪੈਣਾ ਗਲ ਵਿੱਚ ਫੰਦਾ ਜੀ
ਵੱਡੀ ਅਕਲ ਵੇਖੀਏ ਲੋਕੋ ਵੱਡੇ ਸਰੋਤ ਵੇਖੀਏ ਨਾ
ਦਾਰੂ ਤੇ ਪੈਸਿਆਂ ਪਿੱਛੇ ਕਦੇ ਵੋਟ ਵੇਚੀਏ ਨਾ
ਕਦੇ ਵੋਟ ਵੇਚ ਕੇ ਬੰਦਾ ਹੱਕ ਮੰਗ ਨਹੀ ਸਕਦਾ
ਸੱਚਿਆ ਸੁੱਚਿਆ ਨੂੰ ਕੋਈ ਭੰਡ ਨਹੀ ਸਕਦਾ
ਟਾਊਟ ਲਫੰਗੇ ਬੰਦਿਆ ਦੀ ਭੁੱਲ ਉਟ ਵੇਖੀਏ ਨਾ
ਦਾਰੂ ਤੇ ਪੈਸਿਆਂ ਪਿੱਛੇ ਕਦੇ ਵੋਟ ਵੇਚੀਏ ਨਾ
ਤੰਗੀ ਚਾਹੇ ਹੰਢਾਇਉ ਤੁਸੀ ਜਮੀਰ ਵੇਚਿਉ ਨਾ
ਵੋਟ ਵੀ ਹੁੰਦਾ ਗਹਿਣਾ ਇਹ ਜਾਗੀਰ ਵੇਚਿਉ ਨਾ
ਐਵੇ ਬੁੱਧੂ ਬਣ ਲਿਹਾਜੀ ਜਾਤ ਗੋਤ ਵੇਖੀਏ ਨਾ
ਦਾਰੂ ਤੇ ਪੈਸਿਆਂ ਪਿੱਛੇ ਕਦੇ ਵੋਟ ਵੇਚੀਏ ਨਾ
ਚੁਣ ਗਲਤ ਬੰਦੇ ਨੂੰ ਵੋਟ ਨਾ ਖੂਹੇ ਪਾਈਏ ਜੀ
ਕੰਡਿਆਂ ਦਾ ਨਾ ਨਿੱਕੂਵਾਲ ਤਾਜ ਬਣਾਈਏ ਜੀ
ਮੇਰੀ ਗਲ ਸੱਚੀ ਨੂੰ ਚੁਟਕਲਾ ਜੋਕ ਵੇਖੀਏ ਨਾ
ਦਾਰੂ ਤੇ ਪੈਸਿਆਂ ਪਿੱਛੇ ਕਦੇ ਵੋਟ ਵੇਚੀਏ ਨਾ
———————00000———————
ਕਲਮ
ਕਲਮ ਨੂੰ ਤਲਵਾਰ ਲਿਖ
ਮਜ਼ਲੂਮਾਂ ਦੀ ਯਾਰ ਲਿਖ
ਝੂਠ ਸੱਚ ਪੁਣਨਾ ਜਾਣਦੀ
ਪੈਮਾਨਾ ਲਿਖ ਔਜਾਰ ਲਿਖ
ਸੁੱਤੇ ਜਗਾਵੇਂ ਹੱਕ ਦਿਵਾਵੇਂ
ਸੱਚ ਦੀ ਪਹਿਰੇਦਾਰ ਲਿਖ
ਤੀਜਾ ਥੰਮ ਹਕੀਕਤ ਦੇ ਵਿੱਚ
ਅਦਬ ਨਾਲ ਸਤਿਕਾਰ ਲਿਖ
ਢੋਰਾਂ ਤੋਂ ਇਨਸਾਨ ਬਣਾਵੇਂ
ਅਦਬੀਆਂ ਦੀ ਸ਼ਾਹਕਾਰ ਲਿਖ
ਕਲਮ ਦੀ ਤੌਹੀਨ ਨਾ ਹੋਜੇ
ਨਿੱਕੂਵਾਲ ਸੋਚ ਵਿਚਾਰ ਲਿਖ
———————00000———————