Articles

ਜੱਟਾਂ ਬਾਰੇ ਹੀ ਨਹੀਂ, ਜੱਟੀਆਂ ਬਾਰੇ ਵੀ ਬਣ ਰਹੇ ਹਨ ਘਟੀਆ ਗੀਤ।

ਲੇਖਕ: ਬਲਰਾਜ ਸਿੰਘ ਸਿੱਧੂ ਐਸ.ਪੀ., ਪੰਡੋਰੀ ਸਿੱਧਵਾਂ

ਪੰਜਾਬੀ ਗਾਇਕਾਂ ਨੇ ਸਿਰਫ ਜੱਟਾਂ ਨੂੰ ਨਹੀਂ, ਬਲਕਿ ਜੱਟੀਆਂ ਨੂੰ ਰੱਜ ਕੇ ਬਦਨਾਮ ਕਰਨ ਵਾਲੇ ਅਨੇਕਾਂ ਅਸ਼ਲੀਲ ਗੀਤ ਗਾਏ ਹਨ। ਪੰਜਾਬੀ ਦੇ ਪੁਰਾਣੇ ਅਤੇ ਨਵੇਂ ਗਾਇਕਾਂ ਨੇ ਹਰੇਕ ਗਾਣੇ ਵਿੱਚ ਲੜਕੀ ਨੂੰ ਸੰਬੋਧਨ ਕਰਨ ਵੇਲੇ ਜੱਟੀ ਸ਼ਬਦ ਦੀ ਵਰਤੋਂ ਜਰੂਰ ਕੀਤੀ ਹੈ। ਕਲੀਆਂ ਤੇ ਦੋਗਾਣਾ ਗਾਇਕੀ ਦੇ ਪੁਰਾਣੇ ਕਥਿੱਤ ਬਾਦਸ਼ਾਹਾਂ ਨੇ ਹੀਰ ਅਤੇ ਸਾਹਿਬਾਂ ਦੀ ਆੜ ਹੇਠ ਰੱਜ ਕੇ ਜੱਟੀਆਂ ਨੂੰ ਬਦਨਾਮ ਕੀਤਾ ਹੈ। ਪੰਜਾਬੀ ਗਾਣੇ ਸੁਣ ਕੇ ਇਸ ਤਰਾਂ ਲੱਗਦਾ ਹੈ ਜਿਵੇਂ ਇਸ਼ਕ ਕਰਨ ਅਤੇ ਪਰਿਵਾਰ ਨੂੰ ਬਦਨਾਮ ਕਰ ਕੇ ਆਸ਼ਕ ਨਾਲ ਘਰੋਂ ਭੱਜਣ ਦਾ ਸਾਰਾ ਠੇਕਾ ਜੱਟੀਆਂ ਨੇ ਹੀ ਲੈ ਰੱਖਿਆ ਹੈ। ਜੇ ਪੁਲਿਸ ਰਿਕਾਰਡ ਚੈੱਕ ਕੀਤਾ ਜਾਵੇ ਤਾਂ ਜੱਟਾਂ ਦੀਆਂ ਲੜਕੀਆਂ ਦੇ ਘਰੋਂ ਭੱਜਣ ਦਾ ਅੰਕੜਾ ਬਾਕੀ ਜ਼ਾਤਾਂ ਵਿੱਚ ਸਭ ਨਾਲੋਂ ਘੱਟ ਹੈ। ਗਾਇਕ – ਗਾਇਕਾ ਚਾਹੇ ਕਿਸੇ ਜ਼ਾਤ ਦੇ ਹੋਣ, ਉਹ ਗਾਣੇ ਵਿੱਚ ਜੱਟ – ਜੱਟੀ, ਜੱਟ – ਜੱਟੀ ਦਾ ਹੀ ਰਾਗ ਅਲਾਪੀ ਜਾਂਦੇ ਹਨ। ਗਾਣਿਆਂ ਵਿੱਚ ਜੱਟੀਆਂ ਬਾਰੇ ਰੱਜ ਕੇ ਅਸ਼ਲੀਲਤਾ ਫੈਲਾਈ ਜਾਂਦੀ ਹੈ। ਉਸ ਦੀ ਚਾਲ ਤੋਂ ਲੈ ਕੇ ਹਰੇਕ ਅੰਗ ਦੀ ਕਿਸੇ ਨਾ ਕਿਸੇ ਵਸਤੂ ਨਾਲ ਤੁਲਨਾ ਕੀਤੀ ਜਾਂਦੀ ਹੈ। ਜੱਟੀ ਦੀ ਅੱਖ ਇਹੋ ਜਿਹੀ, ਜੱਟੀ ਦੀ ਚਾਲ ਇਹੋ ਜਿਹੀ, ਜੱਟੀ ਦੀ ਗਰਦਨ ਇਹੋ ਜਿਹੀ ਆਦਿ ਆਦਿ। ਹੋਰ ਵੀ ਕਈ ਅੰਗਾਂ ਬਾਰੇ ਗਾਇਆ ਗਿਆ ਹੈ, ਜਿਸ ਬਾਰੇ ਲਿਖਣਾ ਠੀਕ ਨਹੀਂ।

ਇਹ ਵੀ ਹੈਰਾਨੀ ਵਾਲੀ ਗੱਲ ਹੈ ਕਿ ਗਾਇਕਾਂ ਵੱਲੋਂ ਸਟੇਜ਼ਾਂ ‘ਤੇ ਅਜਿਹੇ ਗਾਣੇ ਗਾਉਣ ਵੇਲੇ ਸਭ ਤੋਂ ਵੱਧ ਨੋਟ ਵੀ ਜੱਟ ਹੀ ਵਾਰਦੇ ਹਨ। ਬਜਾਏ ਕਿ ਉਨ੍ਹਾਂ ਦੇ ਖਿਲਾਫ ਕੋਈ ਅਦਾਲਤੀ ਜਾਂ ਪੁਲਿਸ ਕੇਸ ਕਰਨ ਦੇ, ਸਗੋਂ ਹੋਰ ਹੌਂਸਲਾ ਅਫਜ਼ਾਈ ਕੀਤੀ ਜਾਂਦੀ ਹੈ। ਕੁਝ ਸਾਲ ਪਹਿਲਾਂ ਇੱਕ ਥਰਡ ਕਲਾਸ ਗਾਇਕ ਨੇ ਇੱਕ ਗਾਣਾ ਗਾਇਆ ਸੀ, ਫਲਾਣੀ ਗਲਾਸ ਵਰਗੀ। ਉਸ ਜ਼ਾਤ ਦੇ ਪਤਵੰਤਿਆਂ ਨੇ ਗਾਇਕ ਦੇ ਖਿਲਾਫ ਥਾਣੇ ਵਿੱਚ ਪਰਚਾ ਦਰਜ਼ ਕਰਵਾਉਣ ਦੇ ਨਾਲ ਨਾਲ ਮਾਣ ਹਾਨੀ ਦਾ ਅਦਾਲਤੀ ਕੇਸ ਵੀ ਠੋਕਿਆ ਸੀ। ਉਸ ਗਾਇਕ ਨੂੰ ਜਨਤਕ ਤੌਰ ‘ਤੇ ਮਾਫੀ ਮੰਗ ਕੇ ਜਾਨ ਛੁਡਾਉਣੀ ਪਈ ਸੀ। ਪਰ ਜੱਟਾਂ ਨੇ ਅਜਿਹਾ ਕਰਨ ਬਾਰੇ ਕਦੇ ਨਹੀਂ ਸੋਚਿਆ, ਸਗੋਂ ਗਾਣੇ ਸੁਣ ਕੇ ਮਾਣ ਮਹਿਸੂਸ ਕੀਤਾ ਜਾਂਦਾ ਹੈ।

ਕਈ ਸਾਲ ਪਹਿਲਾਂ ਜਦੋਂ ਮੈਂ ਵਿੱਚ ਕਾਲਜ ਪੜ੍ਹਦਾ ਸੀ ਤਾਂ ਮੇਰੇ ਇੱਕ ਦੋਸਤ ਦੇ ਭਰਾ ਦਾ ਸ਼ਗਨ ਵੇਖਣ ਲਈ ਅਸੀਂ ਕਈ ਕਲਾਸ ਫੈਲੋ ਉਸ ਦੇ ਪਿੰਡ ਗਏ। ਸਿਆਲ ਦੇ ਦਿਨ ਸਨ ਤੇ ਲੌਢੇ ਵੇਲੇ ਇੱਕ ਚਾਲੂ ਜਿਹੇ ਗਾਇਕ ਦਾ ਅਖਾੜਾ ਲੱਗਾ ਹੋਇਆ ਸੀ। ਟਰਾਲੀ ਵਿੱਚ ਦਰੀਆਂ ਵਿਛਾ ਕੇ ਮਾਈਕ ਅਤੇ ਸਪੀਕਰ ਲਗਾਏ ਗਏ ਸਨ ਤੇ ਸਾਜ਼ਿੰਦੇ ਚੌਂਕੜੀਆਂ ਮਾਰ ਕੇ ਢੋਲਕੀਆਂ ਛੈਣੇ ਖੜਕਾ ਰਹੇ ਸਨ। ਗਾਇਕ ਤੂੰਬੀ ਫੜ੍ਹ ਕੇ ਆਪਣੀ ਸਾਥਣ ਸਮੇਤ ਪੂਰਾ ਚਮਕੀਲਾ ਬਣਿਆ ਗਾਇਕੀ ਦੀ ਲੱਤ ਤੋੜ ਰਿਹਾ ਸੀ। ਗਾਇਕਾ ਨੇ ਮੂੰਹ ‘ਤੇ ਐਨਾ ਮੇਕਅੱਪ ਥੱਪਿਆ ਹੋਇਆ ਸੀ ਕਿ ਦਰਮਿਆਨੇ ਅਕਾਰ ਦਾ ਇੱਕ ਕਮਰਾ ਪੇਂਟ ਕੀਤਾ ਜਾ ਸਕਦਾ ਸੀ। ਉਨ੍ਹਾਂ ਨੇ ਗਾਣਿਆਂ ਵਿੱਚ ਬਾਰ ਬਾਰ ਜੱਟੀਆਂ ਬਾਰੇ ਵਾਹਯਾਤ ਸ਼ਬਦ ਬੋਲਣੇ ਸ਼ੁਰੂ ਕਰ ਦਿੱਤੇ। ਰੂੜੀ ਮਾਰਕਾ ਨਾਲ ਰੱਜੀ ਜਨਤਾ ਨੋਟ ਵਾਰ ਰਹੀ ਸੀ। ਉਸ ਵੇਲੇ ਪੰਜ ਦਸ ਰੁਪਏ ਵਾਰਨੇ ਬਹੁਤ ਵੱਡੀ ਗੱਲ ਸਮਝੀ ਜਾਂਦੀ ਸੀ। ਐਨੇ ਨੂੰ ਇੱਕ ਬਜ਼ੁਰਗ ਹੌਲੀ ਹੌਲੀ ਸੰਮਾਂ ਵਾਲੀ ਡਾਂਗ ਲੈ ਕੇ ਟਰਾਲੀ ਵੱਲ ਵਧਿਆ। ਦੋ ਕੁ ਪੈੱਗ ਲੱਗੇ ਹੋਣ ਕਰ ਕੇ ਉਸ ਦੀ ਅੱਖ ਮੁੱਛ ਪੂਰੀ ਖੜੀ ਹੋਈ ਪਈ ਸੀ। ਸਭ ਨੇ ਸਮਝਿਆ ਕਿ ਸ਼ਾਇਦ ਬਾਪੂ ਗਾਇਕ ਨੂੰ ਪੈਸੇ ਦੇਣ ਚੱਲਿਆ ਹੈ। ਉਹ ਅਗਲੇ ਪਾਸੇ ਤੋਂ ਟਰਾਲੀ ਦੇ ਅੰਦਰ ਹੀ ਵੜ ਗਿਆ। ਲੋਕ ਮਸ਼ਕਰੀਆਂ ਕਰਨ ਲੱਗ ਪਏ ਕਿ ਬੁੱਢਾ ਕੁਝ ਜਿਆਦਾ ਹੀ ਮਸਤ ਹੋ ਗਿਆ ਲੱਗਦਾ ਹੈ, ਸ਼ਾਇਦ ਗਾਇਕਾ ਨਾਲ ਨਾਲ ਕੋਈ ਛੇੜਖਾਨੀ ਕਰੇਗਾ।

ਸਾਰੇ ਧਿਆਨ ਨਾਲ ਬਜ਼ੁਰਗ ਵੱਲ ਵੇਖ ਰਹੇ ਸਨ ਕਿ ਉਸ ਨੇ ਖਿੱਚ ਕੇ ਪੰਜ ਸੱਤ ਡਾਂਗਾਂ ਗਾਇਕ ਦੀ ਪਿੱਠ ‘ਤੇ ਰਸੀਦ ਕਰ ਦਿੱਤੀਆਂ ਤੇ ਨਾਲ ਹੀ ਚੋਂਦੀਆਂ ਚੋਂਦੀਆਂ ਗਾਲ੍ਹਾਂ ਕੱਢਣ ਲੱਗ ਪਿਆ, “ਖੜ੍ਹ ਤੇਰੀ ਫਲਾਣ ਦੀ, ਕੁੱਤੇ ਦਿਆ ਪੁੱਤਾ। ਸਾਲਾ ਦੋ ਘੰਟਿਆਂ ਦਾ ਜੱਟੀਆਂ ਪਿੱਛੇ ਪਿਆ ਹੋਇਆ ਐ। ਤੈਨੂੰ ਸਹੁਰੀ ਦਿਆ ਕੋਈ ਹੋਰ ਜ਼ਾਤ ਨਈਂ ਦੀਹਦੀ?” ਸੁੱਚੇ ਸੂਰਮੇ ਦੀ ਵਾਰ ਵਾਂਗ “ਲਾ ਲਾ ਹੋ ਗੀ, ‘ਖਾੜਾ ਗਿਆ ਹੱਲ ਸੀ” ਗਾਇਕ ਮੰਡਲੀ ਸਕਿੰਟਾਂ ਵਿੱਚ ਖਿਲਰ ਪੁਲਰ ਗਈ। ਜੇ ਪਿੰਡ ਵਾਲੇ ਬਜ਼ੁਰਗ ਨੂੰ ਨਾ ਫੜ੍ਹਦੇ ਤਾਂ ਅਜੇ ਗਾਇਕ ਦੀ ਹੋਰ ਸੇਵਾ ਹੋਣੀ ਸੀ। ਗਾਇਕ ਤੇ ਸਾਜ਼ਿੰਦੇ ਆਪੋ ਆਪਣੇ ਹਰਮੋਨੀਅਮ, ਢੋਲਕੀਆਂ ਸੰਭਾਲ ਕੇ ਬਿਨਾਂ ਪੈਸੇ ਲਿਆਂ, ਅੰਬੈਸਡਰ ਨੂੰ ਸੈੱਲਫ ਮਾਰ ਕੇ ਹਵਾ ਹੋ ਗਏ। ਗਾਣੇ ਗਾਉਣਾ ਹਰੇਕ ਦਾ ਹੱਕ ਹੈ, ਪਰ ਹਰ ਵੇਲੇ ਇੱਕ ਹੀ ਜ਼ਾਤ ਦੀਆਂ ਜਨਾਨੀਆਂ ਬਾਰੇ ਘਟੀਆ ਤੇ ਅਸ਼ਲੀਲ ਟਿੱਪਣੀਆਂ ਕਰੀ ਜਾਣੀਆਂ ਵੀ ਠੀਕ ਨਹੀ। ਇਸ ਲਈ ਚਾਹੀਦਾ ਹੈ ਕਿ ਜਿਸ ਵੀ ਜ਼ਾਤ ਦੀ ਔਰਤ ਬਾਰੇ ਕੋਈ ਕਲਾਕਾਰ ਇਖਲਾਕ ਤੋਂ ਡਿੱਗੀ ਗੱਲ ਕਰਦਾ ਹੈ, ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਜਰੂਰ ਕਰਨੀ ਚਾਹੀਦੀ ਹੈ।

Related posts

ਸੰਸਦ ਦੇ ਦੂਸ਼ਿਤ ਵਾਤਾਵਰਨ ਲਈ ਕੌਣ ਜ਼ਿੰਮੇਵਾਰ ?

admin

ਵਿਸ਼ਵ ਸਾੜੀ ਦਿਵਸ 2024: ਸੁੰਦਰਤਾ, ਪਰੰਪਰਾ ਅਤੇ ਸ਼ਕਤੀਕਰਨ ਦਾ ਜਸ਼ਨ !

admin

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ “ਵੀਰ ਬਾਲ ਦਿਵਸ” ਕਹਿਣਾ: ਕੀ ਸਿੱਖ ਮਰਿਆਦਾ ਨਾਲ ਖਿਲਵਾੜ ਨਹੀਂ ?

admin