![](http://indotimes.com.au/wp-content/uploads/2020/10/Surjit-Singh-Flora-150x150.jpg)
ਮੈਕਸੀਕੋ ਦੀ ਖਾੜੀ ਦਾ ਨਾਂ ਬਦਲ ਕੇ ‘ਅਮਰੀਕਾ ਦੀ ਖਾੜੀ’ ਕਰਨ ਦਾ ਟਰੰਪ ਦਾ ਕਾਰਜਕਾਰੀ ਆਦੇਸ਼ ਸਿਰਫ਼ ਇਕ ਹੋਰ ਬੇਤੁਕਾ ਸਟੰਟ ਜਾਂ ਉਸ ਦੇ ਅਜੀਬ ਵਿਵਹਾਰ ਦੀ ਇਕ ਹੋਰ ਉਦਾਹਰਨ ਨਹੀਂ ਹੈ। ਇਹ ਸੋਚੇ-ਸਮਝੇ, ਵਧੇਰੇ ਪਰੇਸ਼ਾਨ ਕਰਨ ਵਾਲੇ ਏਜੰਡੇ ਦਾ ਸੰਕੇਤ ਦਿੰਦਾ ਹੈ ਜੋ ਇਤਿਹਾਸਕ ਪਛਾਣ ਨੂੰ ਮਿਟਾਉਣ ਤੇ ਦਖ਼ਲਅੰਦਾਜ਼ੀ ਨੀਤੀਆਂ ਦੇ ਲੰਬੇ ਇਤਿਹਾਸ ਤੋਂ ਪੀੜਤ ਖੇਤਰ ’ਤੇ ਸਾਮਰਾਜੀ ਦਬਦਬਾ ਕਾਇਮ ਕਰਨ ਦੀ ਕੋਸ਼ਿਸ਼ ਕਰਦਾ ਹੈ। ਇਸ ਦੇ ਮੂਲ ’ਚ ਇਹ ਮਕਸਦ ਹੈ ਕਿ ਸਦੀਆਂ ਤੋਂ ਮਾਨਤਾ ਪ੍ਰਾਪਤ ਭੂਗੋਲਿਕ ਵਿਸ਼ੇਸ਼ਤਾ ਵਾਲੇ ਮੈਕਸੀਕੋ ਦੀ ਮੌਜੂਦਗੀ ਨੂੰ ਮਿਟਾ ਕੇ ਅਮਰੀਕੀ ਸਾਮਰਾਜ ਦਾ ਵਿਸਥਾਰ ਕੀਤਾ ਜਾਵੇ। ਇਸ ਦੇ ਨਾਲ ਹੀ ਟਰੰਪ ਨੇ ਤਿੰਨ ਮੁੱਖ ਨੀਤੀਗਤ ਐਲਾਨ ਪੇਸ਼ ਕੀਤੇ ਜੋ ਆਉਣ ਵਾਲੇ ਦਹਾਕਿਆਂ ਲਈ ਅਮਰੀਕਾ, ਮੱਧ ਪੂਰਬ ਤੇ ਵਿਸ਼ਵ ਮਾਮਲਿਆਂ ਨੂੰ ਨਿਰਦੇਸ਼ਤ ਕਰ ਸਕਦੇ ਹਨ। ਗਾਜ਼ਾ ’ਚ ਫਲਸਤੀਨੀਆਂ ਦੇ ਨਸਲੀ ਸਫ਼ਾਏ ਪ੍ਰਤੀ ਰਾਸ਼ਟਰਪਤੀ ਦੀ ਵਚਨਬੱਧਤਾ, ਉਨ੍ਹਾਂ ਦੀ ਇਹ ਨਿਸ਼ਚਤਤਾ ਕਿ ਨਸਲੀ ਸਫ਼ਾਇਆ ਦੂਜੇ ਦੇਸ਼ਾਂ ਦੀ ਸਹਾਇਤਾ ਨਾਲ ਹੋਵੇਗਾ ਤੇ ਉਨ੍ਹਾਂ ਦੀ ਇਹ ਘੋਸ਼ਣਾ ਕਿ ਅਮਰੀਕਾ ਗਾਜ਼ਾ ਨੂੰ ਆਪਣੇ ਕਬਜ਼ੇ ’ਚ ਲੈ ਲਵੇਗਾ-ਇਸ ਦਾ ਮਤਲਬ ਜੋ ਵੀ ਹੋਵੇ, ਜੰਗਬੰਦੀ ਤੇ ਨਵੀਂ ਸ਼ਾਂਤੀ ਪ੍ਰਕਿਰਿਆ ਦਾ ਅੰਤ ਯਕੀਨੀ ਬਣਾਉਂਦਾ ਹੈ। ਅਸਲ ਮਕਸਦ ਤਾਂ ਗਾਜ਼ਾ ਨੂੰ ਆਪਣੇ ਕਬਜ਼ੇ ਵਿਚ ਕਰ ਕੇ ਉਸ ਨੂੰ ਆਪਣੇ ਹਿਸਾਬ ਨਾਲ ਵਰਤਣ ਤੱਕ ਹੈ। ਕਾਬਿਲੇਗ਼ੌਰ ਹੈ ਕਿ ‘ਮੈਕਸੀਕੋ ਦੀ ਖਾੜੀ’ ਦਾ ਨਾਂ 16ਵੀਂ ਸਦੀ ਤੋਂ ਮੌਜੂਦ ਹੈ।