Articles International

ਟਰੰਪ ਦੀ ਅਮਰੀਕਨ ‘ਗੋਲਡ ਕਾਰਡ ਵੀਜ਼ਾ’ ਦੇਣ ਦੀ ਯੋਜਨਾ ਕੀ ਹੈ ?

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਉਨ੍ਹਾਂ ਨਿਵੇਸ਼ਕਾਂ ਲਈ 35 ਸਾਲ ਪੁਰਾਣੇ ਵੀਜ਼ੇ ਦੀ ਥਾਂ ’ਤੇ 50 ਲੱਖ ਡਾਲਰ ’ਚ ਗੋਲਡ ਕਾਰਡ ਪੇਸ਼ ਕਰਨ ਦੀ ਯੋਜਨਾ ਬਣਾਈ ਹੈ ਜਿਸ ਨੂੰ ਲੈਣ ਵਾਲੇ ਅਮਰੀਕੀ ਨਾਗਰਿਕਤਾ ਹਾਸਲ ਕਰਨ ਦੇ ਯੋਗ ਹੋ ਜਾਣਗੇ। ਟਰੰਪ ਨੇ ਓਵਲ ਦਫ਼ਤਰ ’ਚ ਕਿਹਾ, ‘‘ਅਮੀਰ ਅਤੇ ਸਫ਼ਲ ਵਿਅਕਤੀ ਇਹ ਵੀਜ਼ਾ ਲੈ ਸਕਦੇ ਹਨ। ਉਹ ਕਾਫੀ ਪੈਸਾ ਨਿਵੇਸ਼ ਕਰਨਗੇ, ਬਹੁਤ ਸਾਰਾ ਟੈਕਸ ਅਦਾ ਕਰਨਗੇ, ਬਹੁਤ ਸਾਰੇ ਲੋਕਾਂ ਨੂੰ ਨੌਕਰੀ ਦੇਣਗੇ ਅਤੇ ਮੈਨੂੰ ਜਾਪਦਾ ਹੈ ਕਿ ਇਹ ਯੋਜਨਾ ਬਹੁਤ ਹੀ ਸਫ਼ਲ ਹੋਣ ਵਾਲੀ ਹੈ। ਟਰੰਪ ਨੇ ਕਿਹਾ ਕਿ ਗੋਲਡ ਕਾਰਡ ਇਕ ਗਰੀਨ ਕਾਰਡ ਵਰਗਾ ਹੋਵੇਗਾ ਪਰ ਕਿਸੇ ਵੀ ਤਰ੍ਹਾਂ ਦੀ ਕੋਈ ਗੜਬੜ ਨਹੀਂ ਹੋਵੇਗੀ ਅਤੇ ਇਸ ਕਾਰਡ ਲਈ ਕਾਂਗਰਸ ਦੀ ਮਨਜ਼ੂਰੀ ਦੀ ਲੋੜ ਨਹੀਂ ਹੋਵੇਗੀ। ਵਣਜ ਸਕੱਤਰ ਹਾਵਰਡ ਲੁਟਨਿਕ ਨੇ ਕਿਹਾ ਕਿ ਦੋ ਹਫ਼ਤਿਆਂ ’ਚ ‘ਟਰੰਪ ਗੋਲਡ ਕਾਰਡ’ ‘ਈਬੀ-5’ ਵੀਜ਼ੇ ਦੀ ਥਾਂ ਲੈ ਲਵੇਗਾ। ਸੰਸਦ ਨੇ 1990 ’ਚ ਵਿਦੇਸ਼ੀ ਨਿਵੇਸ਼ ਨੂੰ ਧਿਆਨ ’ਚ ਰੱਖਦਿਆਂ ਈਬੀ-5 ਵੀਜ਼ਾ ਯੋਜਨਾ ਪੇਸ਼ ਕੀਤੀ ਸੀ ਅਤੇ ਇਹ 10 ਲੱਖ ਅਮਰੀਕੀ ਡਾਲਰ ਦਾ ਨਿਵੇਸ਼ ਕਰਨ ਵਾਲੇ ਵਿਅਕਤੀਆਂ ਨੂੰ ਮਿਲਦੀ ਸੀ। ਹੋਮਲੈਂਡ ਸਕਿਉਰਿਟੀ ਵਿਭਾਗ ਦੇ ਇਮੀਗਰੇਸ਼ਨ ਸਬੰਧੀ ਸਾਲਾਨਾ ਅੰਕੜਿਆਂ ਮੁਤਾਬਕ 30 ਸਤੰਬਰ, 2022 ਤੱਕ 12 ਮਹੀਨਿਆਂ ਦੌਰਾਨ ਕਰੀਬ 8 ਹਜ਼ਾਰ ਵਿਅਕਤੀਆਂ ਨੇ ਨਿਵੇਸ਼ਕ ਵੀਜ਼ਾ ਲਿਆ ਸੀ। ਸੰਸਦ ਦੀ ਖੋਜ ਸੇਵਾ ਨੇ 2021 ’ਚ ਕਿਹਾ ਸੀ ਕਿ ਈਬੀ-5 ਵੀਜ਼ਾ ’ਚ ਧੋਖਾਧੜੀ ਦਾ ਖ਼ਤਰਾ ਬਣਿਆ ਰਹਿੰਦਾ ਹੈ।

ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਪ੍ਰਸਤਾਵਿਤ ‘ਗੋਲਡ ਕਾਰਡ ਯੋਜਨਾ ਨਾਲ ਅਮਰੀਕੀ ਕੰਪਨੀਆਂ ਨੂੰ ਹਾਰਵਰਡ ਅਤੇ ਸਟੈਨਫੋਰਡ ਜਿਹੀਆਂ ਸਿਖਰਲੀਆਂ ਯੂਨੀਵਰਸਿਟੀਆਂ ਤੋਂ ਭਾਰਤੀ ਗਰੈਜੂਏਟਾਂ ਨੂੰ ਨਿਯੁਕਤ ਕਰਨ ਦੀ ਇਜਾਜ਼ਤ ਮਿਲੇਗੀ। ਟਰੰਪ ਨੇ ਅਮੀਰ ਵਿਦੇਸ਼ੀਆਂ ਲਈ ‘ਗੋਲਡ ਕਾਰਡ ਯੋਜਨਾ ਦੀ ਸ਼ੁਰੂਆਤ ਕੀਤੀ ਜਿਸ ਤਹਿਤ 50 ਲੱਖ ਅਮਰੀਕੀ ਡਾਲਰ ਫੀਸ ਦੇ ਬਦਲੇ ਉਨ੍ਹਾਂ ਨੂੰ ਅਮਰੀਕਾ ’ਚ ਰਹਿਣ ਅਤੇ ਕੰਮ ਕਰਨ ਦਾ ਅਧਿਕਾਰ ਦਿੱਤਾ ਜਾਵੇਗਾ ਅਤੇ ਨਾਗਰਿਕਤਾ ਦੀ ਪੇਸ਼ਕਸ਼ ਕੀਤੀ ਜਾਵੇਗੀ। ਕਾਰਡਾਂ ਦੀ ਵਿਕਰੀ ਕਰੀਬ ਦੋ ਹਫ਼ਤਿਆਂ ’ਚ ਸ਼ੁਰੂ ਹੋਵੇਗੀ ਅਤੇ ਅਜਿਹੇ ਲੱਖਾਂ ਕਾਰਡ ਵੇਚੇ ਜਾ ਸਕਦੇ ਹਨ।

ਸੀਐੱਨਐੱਨ ਦੀ ਰਿਪੋਰਟ ਮੁਤਾਬਕ ਟਰੰਪ ਨੇ ਕਿਹਾ ਹੈ ਕਿ, ‘‘ਅਸੀਂ ਗੋਲਡ ਕਾਰਡ ਵੇਚਣ ਜਾ ਰਹੇ ਹਾਂ। ਤੁਹਾਡੇ ਕੋਲ ਗਰੀਨ ਕਾਰਡ ਹੈ। ਇਹ ਇਕ ਗੋਲਡ ਕਾਰਡ ਹੈ। ਅਸੀਂ ਇਸ ਕਾਰਡ ਦੀ ਕੀਮਤ ਕਰੀਬ 50 ਲੱਖ ਡਾਲਰ ਰੱਖਣ ਜਾ ਰਹੇ ਹਾਂ ਅਤੇ ਇਸ ਨਾਲ ਤੁਹਾਨੂੰ ਗਰੀਨ ਕਾਰਡ ਦੇ ਵਿਸ਼ੇਸ਼ ਅਧਿਕਾਰ ਮਿਲਣਗੇ। ਇਸ ਦੇ ਨਾਲ ਹੀ ਅਮਰੀਕੀ ਨਾਗਰਿਕਤਾ ਹਾਸਲ ਕਰਨ ਦਾ ਰਾਹ ਵੀ ਪੱਧਰਾ ਹੋਵੇਗਾ। ਇਹ ਕਾਰਡ ਖ਼ਰੀਦ ਕੇ ਅਮੀਰ ਲੋਕ ਅਮਰੀਕਾ ਦਾ ਰੁਖ਼ ਕਰਨਗੇ। ਟਰੰਪ ਨੇ ਕਿਹਾ ਕਿ ਮੌਜੂਦਾ ਇਮੀਗਰੇਸ਼ਨ ਪ੍ਰਣਾਲੀ ਨੇ ਕੌਮਾਂਤਰੀ ਪ੍ਰਤਿਭਾਵਾਂ ਖਾਸ ਕਰ ਕੇ ਭਾਰਤੀਆਂ ਨੂੰ ਅਮਰੀਕਾ ’ਚ ਰਹਿਣ ਅਤੇ ਕੰਮ ਕਰਨ ਤੋਂ ਰੋਕ ਦਿੱਤਾ ਹੈ। ਅਮਰੀਕੀ ਰਾਸ਼ਟਰਪਤੀ ਨੇ ਕਿਹਾ, ‘‘ਕੋਈ ਵਿਅਕਤੀ ਭਾਰਤ, ਚੀਨ, ਜਪਾਨ ਅਤੇ ਹੋਰ ਮੁਲਕਾਂ ਤੋਂ ਆਉਂਦਾ ਹੈ। ਹਾਰਵਰਡ ਜਾਂ ਵਾਰਟਨ ਸਕੂਲ ਆਫ਼ ਫਾਇਨਾਂਸ ’ਚ ਪੜ੍ਹਾਈ ਕਰਦਾ ਹੈ। ਉਨ੍ਹਾਂ ਨੂੰ ਨੌਕਰੀ ਦੇ ਮੌਕੇ ਮਿਲਦੇ ਹਨ ਪਰ ਇਹ ਮੌਕੇ ਪ੍ਰਭਾਵਿਤ ਹੁੰਦੇ ਹਨ ਕਿਉਂਕਿ ਇਸ ਬਾਰੇ ਕੁਝ ਵੀ ਪੱਕਾ ਨਹੀਂ ਹੈ ਕਿ ਉਹ ਵਿਅਕਤੀ ਮੁਲਕ ’ਚ ਰਹਿ ਸਕਦਾ ਹੈ ਜਾਂ ਨਹੀਂ। ਟਰੰਪ ਨੇ ਕਿਹਾ ਕਿ ਇਸ ਕਾਰਨ ਕਈ ਪ੍ਰਤਿਭਾਸ਼ਾਲੀ ਗਰੈਜੂਏਟ, ਜਿਨ੍ਹਾਂ ਨੂੰ ਅਮਰੀਕਾ ਛੱਡਣ ਲਈ ਮਜਬੂਰ ਹੋਣਾ ਪਿਆ, ਆਪਣੇ ਮੁਲਕ ’ਚ ਸਫ਼ਲ ਕਾਰੋਬਾਰੀ ਬਣ ਗਏ। ਉਨ੍ਹਾਂ ਕਿਹਾ ਕਿ ਨੌਜਵਾਨ ਭਾਰਤ ਜਾਂ ਆਪਣੇ ਮੁਲਕ ਪਰਤਦੇ ਹਨ ਅਤੇ ਉਥੇ ਕਾਰੋਬਾਰ ਸ਼ੁਰੂ ਕਰਕੇ ਅਰਬਪਤੀ ਬਣ ਜਾਂਦੇ ਹਨ ਅਤੇ ਹਜ਼ਾਰਾਂ ਵਿਅਕਤੀਆਂ ਨੂੰ ਰੁਜ਼ਗਾਰ ਦਿੰਦੇ ਹਨ। ਟਰੰਪ ਨੇ ਕਿਹਾ ਕਿ ਕੋਈ ਵੀ ਕੰਪਨੀ ਗੋਲਡ ਕਾਰਡ ਖ਼ਰੀਦ ਸਕਦੀ ਹੈ ਅਤੇ ਇਸ ਦੀ ਵਰਤੋਂ ਗਰੈਜੂਏਟਾਂ ਦੀ ਭਰਤੀ ’ਚ ਕਰ ਸਕਦੀ ਹੈ।

ਟਰੰਪ ਪ੍ਰਸ਼ਾਸਨ ਨੇ ਅਮਰੀਕਾ ’ਚ ਗ਼ੈਰ-ਕਾਨੂੰਨੀ ਢੰਗ ਨਾਲ ਰਹਿ ਰਹੇ ਲੋਕਾਂ ਦੀ ਰਜਿਸਟਰੇਸ਼ਨ ਲਈ ਪ੍ਰਕਿਰਿਆ ਸ਼ੁਰੂ ਕੀਤੀ ਹੈ। ਟਰੰਪ ਪ੍ਰਸ਼ਾਸਨ ਦੀ ਰਜਿਸਟਰੇਸ਼ਨ ਪ੍ਰਕਿਰਿਆ ਦਾ ਮਕਸਦ ਗ਼ੈਰ-ਨਾਗਰਿਕਾਂ ਦੀ ਸ਼ਨਾਖ਼ਤ ਕਰਕੇ ਉਨ੍ਹਾਂ ਨੂੰ ਦੇਸ਼ ਨਿਕਾਲਾ ਦੇਣਾ ਵੀ ਹੋ ਸਕਦਾ ਹੈ। ਅਮਰੀਕੀ ਇਮੀਗਰੇਸ਼ਨ ਅਧਿਕਾਰੀਆਂ ਨੇ ਕਿਹਾ ਕਿ ਜਿਹੜੇ ਲੋਕ ਖੁਦ ਅੱਗੇ ਨਹੀਂ ਆਉਣਗੇ, ਉਨ੍ਹਾਂ ਨੂੰ ਜੁਰਮਾਨਾ ਜਾਂ ਸਜ਼ਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹੋਮਲੈਂਡ ਸਕਿਊਰਿਟੀ ਵਿਭਾਗ ਨੇ ਇਕ ਬਿਆਨ ’ਚ ਕਿਹਾ, ‘‘ਅਮਰੀਕਾ ’ਚ ਗ਼ੈਰ-ਕਾਨੂੰਨੀ ਢੰਗ ਨਾਲ ਰਹਿਣ ਵਾਲੇ ਹਰੇਕ ਵਿਅਕਤੀ ਨੂੰ ਰਜਿਸਟਰੇਸ਼ਨ ਕਰਵਾ ਕੇ ਫਿੰਗਰਪ੍ਰਿੰਟ ਅਤੇ ਆਪਣਾ ਪਤਾ ਦੇਣਾ ਹੋਵੇਗਾ।’ਉਨ੍ਹਾਂ ਰਜਿਸਟਰੇਸ਼ਨ ਪ੍ਰਕਿਰਿਆ ਨੂੰ ਜਾਇਜ਼ ਠਹਿਰਾਉਂਦਿਆਂ ਗੁੰਝਲਦਾਰ ਇਮੀਗਰੇਸ਼ਨ ਅਤੇ ਕੌਮੀਅਤ ਐਕਟ ਦੀ ਇਕ ਧਾਰਾ ਦਾ ਹਵਾਲਾ ਦਿੱਤਾ ਜੋ 14 ਸਾਲ ਅਤੇ ਉਸ ਤੋਂ ਵੱਧ ਉਮਰ ਦੇ ਕਿਸੇ ਵੀ ਵਿਅਕਤੀ ’ਤੇ ਲਾਗੂ ਹੋਵੇਗੀ। ਇਹ ਐਲਾਨ ਅਜਿਹੇ ਸਮੇਂ ਹੋਇਆ ਹੈ ਜਦੋਂ ਗ਼ੈਰ-ਕਾਨੂੰਨੀ ਢੰਗ ਨਾਲ ਰਹਿ ਰਹੇ ਲੋਕਾਂ ਨੂੰ ਵੱਡੇ ਪੱਧਰ ’ਤੇ ਅਮਰੀਕਾ ’ਚੋਂ ਕੱਢਿਆ ਜਾ ਰਿਹਾ ਹੈ। ਬਿਆਨ ’ਚ ਕਿਹਾ ਗਿਆ, ‘‘ਕਿਸੇ ਵਿਦੇਸ਼ੀ ਵੱਲੋਂ ਰਜਿਸਟਰੇਸ਼ਨ ਨਾ ਕਰਾਉਣਾ ਜੁਰਮ ਹੋਵੇਗਾ ਜਿਸ ਦੇ ਨਤੀਜੇ ਵਜੋਂ ਜੁਰਮਾਨਾ, ਜੇਲ੍ਹ ਜਾਂ ਦੋਵੇਂ ਹੀ ਹੋ ਸਕਦੇ ਹਨ। ਕਈ ਦਹਾਕਿਆਂ ਤੱਕ ਇਸ ਕਾਨੂੰਨ ਨੂੰ ਅਣਗੌਲਿਆ ਕੀਤਾ ਗਿਆ ਪਰ ਹੁਣ ਇੰਝ ਨਹੀਂ ਹੋਵੇਗਾ। ਅਮਰੀਕੀ ਨਾਗਰਿਕਤਾ ਅਤੇ ਇਮੀਗਰੇਸ਼ਨ ਸੇਵਾ ਨੇ ਆਪਣੀ ਵੈੱਬਸਾਈਟ ’ਤੇ ਕਿਹਾ ਕਿ ਉਹ ਛੇਤੀ ਹੀ ਰਜਿਸਟਰੇਸ਼ਨ ਲਈ ਫਾਰਮ ਅਤੇ ਪ੍ਰਕਿਰਿਆ ਤਿਆਰ ਕਰਨਗੇ।

Related posts

ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਗ੍ਰਿਫ਼ਤਾਰੀ ਨਾਲ ਪੰਜਾਬ ਪੁਲਿਸ ‘ਚ ਹੜਕੰਬ ਮਚ ਗਿਆ !

admin

Shepparton Paramedic Shares Sikh Spirit of Service This Diwali

admin

If Division Is What You’re About, Division Is What You’ll Get

admin