ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ 2 ਅਪ੍ਰੈਲ ਨੂੰ ਦੁਨੀਆ ਭਰ ਦੇ ਦੇਸ਼ਾਂ ‘ਤੇ ਭਾਰੀ ਟੈਰਿਫ ਲਗਾਉਣ ਦਾ ਐਲਾਨ ਕੀਤਾ। ਟਰੰਪ ਦਾ ਕਹਿਣਾ ਹੈ ਕਿ ਟੈਰਿਫ ਲਗਾਉਣ ਨਾਲ ਅਮਰੀਕਾ ਦਾ ਵਪਾਰ ਘਾਟਾ ਘੱਟ ਜਾਵੇਗਾ, ਕੰਪਨੀਆਂ ਅਮਰੀਕਾ ਆਉਣਗੀਆਂ ਅਤੇ ਉਤਪਾਦਨ ਸ਼ੁਰੂ ਕਰਨਗੀਆਂ ਅਤੇ ਇਸ ਨਾਲ ਨੌਕਰੀਆਂ ਵਧਣਗੀਆਂ। ਉਸਨੇ ਨਾ ਸਿਰਫ਼ ਆਪਣੇ ਮੁਕਾਬਲੇਬਾਜ਼ਾਂ ‘ਤੇ ਇਹ ਟੈਰਿਫ ਲਗਾਇਆ, ਸਗੋਂ ਆਪਣੇ ਨਜ਼ਦੀਕੀ ਕਾਰੋਬਾਰੀ ਸਾਥੀਆਂ ਨੂੰ ਵੀ ਨਹੀਂ ਬਖਸ਼ਿਆ। 2 ਅਪ੍ਰੈਲ ਨੂੰ ‘Liberation Day’ (ਮੁਕਤੀ ਦਿਵਸ) ਦੱਸਦੇ ਹੋਏ, ਟਰੰਪ ਨੇ ਕਿਹਾ ਕਿ, ‘ਇਹ (ਟੈਰਿਫ) ਸਾਡੀ ਆਜ਼ਾਦੀ ਦਾ ਐਲਾਨ ਹੈ। ਟੈਰਿਫ ਲਗਾਉਣ ਨਾਲ ਅਮਰੀਕਾ ਦਾ ਵਪਾਰ ਘਾਟਾ ਘੱਟ ਜਾਵੇਗਾ, ਕੰਪਨੀਆਂ ਅਮਰੀਕਾ ਆਉਣਗੀਆਂ ਅਤੇ ਉਤਪਾਦਨ ਸ਼ੁਰੂ ਕਰਨਗੀਆਂ ਅਤੇ ਨੌਕਰੀਆਂ ਵਧਣਗੀਆਂ।”
ਇਸ ਸਬੰਧੀ ਆਰਥਿਕ ਮਾਹਿਰਾਂ ਦਾ ਕਹਿਣਾ ਹੈ ਕਿ ਟਰੰਪ ਦੇ ਇਸ ਕਦਮ ਨਾਲ ਵਿਸ਼ਵਵਿਆਪੀ ਵਪਾਰ ਯੁੱਧ ਸ਼ੁਰੂ ਹੋ ਸਕਦਾ ਹੈ ਅਤੇ ਦੇਸ਼ਾਂ ਦੀ ਆਰਥਿਕਤਾ ਕਮਜ਼ੋਰ ਹੋ ਸਕਦੀ ਹੈ। ਇਹ ਟੈਰਿਫ਼ ਅਮਰੀਕਾ ਨੂੰ ਅਮੀਰ ਬਨਾਉਣ ਦੀ ਥਾਂ ਗੰਭੀਰ ਆਰਥਿਕ ਦਲ-ਦਲ ਦੇ ਵਿੱਚ ਫਸਾ ਦੇਵੇਗਾ ਜਿਥੋਂ ਨਿੱਕਲਣ ਲਈ, ਅਮਰੀਕਾ ਨੂੰ ਲੰਮਾ ਸਮਾਂ ਲੱਗੇਗਾ।
ਆਸਟ੍ਰੇਲੀਆ ਸਮੇਤ ਦੁਨੀਆ ਭਰ ਦੇ ਹੋਰ ਨੇਤਾਵਾਂ ਨੇ ਟਰੰਪ ਦੇ ਨਵੇਂ ਟੈਰਿਫ ਐਲਾਨ ‘ਤੇ ਪ੍ਰਤੀਕਿਰਿਆ ਦਿੱਤੀ ਹੈ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਾਨੀਜ਼ ਨੇ ਵੀਰਵਾਰ ਨੂੰ ਕਿਹਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਆਸਟ੍ਰੇਲੀਆ ਉਪਰ 10% ਟੈਰਿਫ ਲਗਾਉਣ ਦਾ ਫੈਸਲਾ “ਕਿਸੇ ਦੋਸਤ ਦਾ ਕੰਮ ਨਹੀਂ” ਹੈ ਪਰ ਉਨ੍ਹਾਂ ਨੇ ਅਮਰੀਕਾ ਵਿਰੁੱਧ ਪਰਸਪਰ ਟੈਰਿਫ ਲਗਾਉਣ ਤੋਂ ਇਨਕਾਰ ਕਰ ਦਿੱਤਾ ਹੈ। ਐਲਬਨੀਜ਼ ਨੇ ਦੱਸਿਆ ਕਿ, ‘ਟਰੰਪ ਪ੍ਰਸ਼ਾਸਨ ਦੇ ਟੈਰਿਫ ਦਾ ਕੋਈ ਤਰਕਪੂਰਨ ਆਧਾਰ ਨਹੀਂ ਹੈ ਅਤੇ ਇਹ ਟੈਰਿਫ ਦੋਵਾਂ ਦੇਸ਼ਾਂ ਵਿਚਕਾਰ ਸਾਂਝੇਦਾਰੀ ਦੇ ਵਿਰੁੱਧ ਹੈ ਅਤੇ ਇਹ ਕਿਸੇ ਦੋਸਤ ਦਾ ਕੰਮ ਨਹੀਂ ਹੈ।”
ਇਥੇ ਇਹ ਵੀ ਦੱਸਣਾ ਜਰੂਰੀ ਹੈ ਕਿ ਟਰੰਪ ਦੇ ਵਲੋਂ ਨਵਾਂ ਟੈਰਿਫ਼ ਉਸ ਵੇਲੇ ਲਗਾਇਆ ਗਿਆ ਹੈ ਜਦੋਂ ਆਸਟ੍ਰੇਲੀਆ ਚੋਣਾਂ ਦਾ ਸ੍ਹਾਮਣਾ ਕਰ ਰਿਹਾ ਹੈ। ਆਸਟ੍ਰੇਲੀਆ ਦੇ ਵਿੱਚ 3 ਮਈ ਨੂੰ ਵੋਟਾਂ ਪੈਣੀਆਂ ਹਨ ਅਤੇ ਇਸ ਲਈ ਚੋਣ ਪ੍ਰਚਾਰ ਸ਼ੁਰੂ ਹੈ। ਅਜਿਹੀ ਸਥਿਤੀ ਦੇ ਵਿੱਚ ਟੈਰਿਫ਼ ਸਬੰਧੀ ਆਸਟ੍ਰੇਲੀਆ ਦਾ ਰੁਖ ਕੀ ਹੋਵੇਗਾ? ਸੱਤਾਧਾਰੀ ਅਤੇ ਵਿਰੋਧੀ ਧਿਰ ਦੋਹਾਂ ਨੂੰ ਇਸ ਸਬੰਧੀ ਆਪਣਾ ਪੱਖ, ਸਪੱਸ਼ਟ ਕਰਨ ਦੇ ਵਿੱਚ ਮੁਸ਼ਕਲਾਂ ਦਾ ਸ੍ਹਾਮਣਾ ਕਰਨਾ ਪੈ ਰਿਹਾ ਹੈ।
ਟਰੰਪ ਨੇ ਭਾਰਤ ‘ਤੇ 27% ਦਾ ਟੈਰਿਫ ਲਗਾਇਆ ਹੈ। ਭਾਰਤ ਦੇ ਕੇਂਦਰੀ ਵਿੱਤ ਰਾਜ ਮੰਤਰੀ ਪੰਕਜ ਚੌਧਰੀ ਨੇ ਕਿਹਾ ਹੈ ਕਿ ਭਾਰਤ ਪਹਿਲਾਂ ਟੈਰਿਫ ਦਾ ਵਿਸ਼ਲੇਸ਼ਣ ਕਰੇਗਾ। ਟਰੰਪ ਲਈ ਅਮਰੀਕਾ ਪਹਿਲਾਂ ਆਉਂਦਾ ਹੈ ਅਤੇ ਮੋਦੀ ਜੀ ਲਈ, ਭਾਰਤ ਪਹਿਲਾਂ ਆਉਂਦਾ ਹੈ। ਅਸੀਂ ਪਹਿਲਾਂ ਇਸਦਾ (ਟੈਰਿਫ) ਵਿਸ਼ਲੇਸ਼ਣ ਕਰਾਂਗੇ, ਫਿਰ ਇਸਦੇ ਪ੍ਰਭਾਵ ਦਾ ਮੁਲਾਂਕਣ ਕਰਾਂਗੇ ਅਤੇ ਦੇਖਾਂਗੇ ਕਿ ਇਸ ਨਾਲ ਕਿਵੇਂ ਨਜਿੱਠਣਾ ਹੈ।”
ਚੀਨ ਨੇ ਵੀਰਵਾਰ ਨੂੰ ਨਵੇਂ ਅਮਰੀਕੀ ਟੈਰਿਫਾਂ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਉਹ ਅਜਿਹੇ ਅਭਿਆਸਾਂ ਦਾ “ਦ੍ਰਿੜਤਾ ਨਾਲ ਵਿਰੋਧ” ਕਰਦਾ ਹੈ ਅਤੇ ਆਪਣੇ ਅਧਿਕਾਰਾਂ ਅਤੇ ਹਿੱਤਾਂ ਦੀ ਰੱਖਿਆ ਲਈ ਜਵਾਬੀ ਉਪਾਅ ਕਰੇਗਾ। ਵੀਰਵਾਰ ਨੂੰ ਇੱਕ ਬਿਆਨ ਵਿੱਚ, ਚੀਨ ਦੇ ਵਣਜ ਮੰਤਰਾਲੇ ਨੇ ਟੈਰਿਫਾਂ ਦੀ ਆਲੋਚਨਾ ਕਰਦਿਆਂ ਕਿਹਾ ਕਿ ਇਹ ਅੰਤਰਰਾਸ਼ਟਰੀ ਵਪਾਰ ਨਿਯਮਾਂ ਦੀ ਉਲੰਘਣਾ ਹੈ ਅਤੇ ਦਲੀਲ ਦਿੱਤੀ ਕਿ ਇਹ ਪ੍ਰਭਾਵਿਤ ਦੇਸ਼ਾਂ ਦੇ ਜਾਇਜ਼ ਅਧਿਕਾਰਾਂ ਨੂੰ ਕਾਫ਼ੀ ਨੁਕਸਾਨ ਪਹੁੰਚਾੳਣ ਵਾਲੇ ਹਨ।”
ਟਰੰਪ ਦੀ ਸਹਿਯੋਗੀ ਇਟਲੀ ਦੀ ਜਾਰਜੀਆ ਮੇਲੋਨੀ ਨੇ ਕਿਹਾ ਕਿ ਇਹ ਫੈਸਲਾ “ਗਲਤ” ਹੈ ਪਰ ਇਸ ਦੇ ਨਾਲ ਹੀ ਉਸਨੇ ਕਿਹਾ ਕਿ ਉਹ ਵਪਾਰ ਯੁੱਧ ਨੂੰ ਰੋਕਣ ਲਈ ਅਮਰੀਕਾ ਨਾਲ ਇੱਕ ਸਮਝੌਤੇ ਲਈ ਕੰਮ ਕਰੇਗੀ।”
ਯੂਰਪੀਅਨ ਯੂਨੀਅਨ ਦੇ ਪ੍ਰਧਾਨ ਵੌਨ ਡੇਰ ਲੇਅਨ ਨੇ ਕਿਹਾ, ‘ਰਾਸ਼ਟਰਪਤੀ ਟਰੰਪ ਦਾ ਯੂਰਪੀਅਨ ਯੂਨੀਅਨ ਸਮੇਤ ਪੂਰੀ ਦੁਨੀਆ ‘ਤੇ ਟੈਰਿਫ ਲਗਾਉਣ ਦਾ ਐਲਾਨ ਵਿਸ਼ਵ ਅਰਥਵਿਵਸਥਾ ਲਈ ਇੱਕ ਵੱਡਾ ਝਟਕਾ ਹੈ। ਇਸ ਨਾਲ ਅਨਿਸ਼ਚਿਤਤਾ ਵਧੇਗੀ ਅਤੇ ਸੁਰੱਖਿਆਵਾਦ ਨੂੰ ਹੁਲਾਰਾ ਮਿਲੇਗਾ। ਇਸ ਦੇ ਦੁਨੀਆ ਭਰ ਦੇ ਲੱਖਾਂ ਲੋਕਾਂ ਲਈ ਗੰਭੀਰ ਨਤੀਜੇ ਹੋਣਗੇ।”
ਆਇਰਿਸ਼ ਪ੍ਰਧਾਨ ਮੰਤਰੀ ਮਾਈਕਲ ਮਾਰਟਿਨ ਨੇ ਕਿਹਾ, ‘ਅਮਰੀਕਾ ਵੱਲੋਂ ਅੱਜ ਰਾਤ ਯੂਰਪੀਅਨ ਯੂਨੀਅਨ ਤੋਂ ਆਯਾਤ ‘ਤੇ 20% ਟੈਰਿਫ ਲਗਾਉਣ ਦਾ ਫੈਸਲਾ ਬਹੁਤ ਹੀ ਅਫਸੋਸਜਨਕ ਹੈ। ਮੇਰਾ ਪੱਕਾ ਵਿਸ਼ਵਾਸ ਹੈ ਕਿ ਟੈਰਿਫ ਕਿਸੇ ਨੂੰ ਵੀ ਲਾਭ ਨਹੀਂ ਪਹੁੰਚਾਉਂਦੇ। ਮੇਰੀ ਅਤੇ ਸਰਕਾਰ ਦੀ ਤਰਜੀਹ ਆਇਰਲੈਂਡ ਦੀਆਂ ਨੌਕਰੀਆਂ ਅਤੇ ਇਸਦੀ ਆਰਥਿਕਤਾ ਦੀ ਰੱਖਿਆ ਕਰਨਾ ਹੈ।”
ਸਪੇਨ ਦੇ ਪ੍ਰਧਾਨ ਮੰਤਰੀ ਪੇਡਰੋ ਸਾਂਚੇਜ਼ ਨੇ ਕਿਹਾ ਕਿ ਸਪੇਨ ਇੱਕ ਖੁੱਲ੍ਹੀ ਦੁਨੀਆ ਪ੍ਰਤੀ ਵਚਨਬੱਧ ਹੈ। ਉਨ੍ਹਾਂ ਕਿਹਾ, ‘ਸਪੇਨ ਆਪਣੀਆਂ ਕੰਪਨੀਆਂ ਅਤੇ ਕਰਮਚਾਰੀਆਂ ਦੀ ਰੱਖਿਆ ਕਰੇਗਾ ਅਤੇ ਇੱਕ ਖੁੱਲ੍ਹੀ ਦੁਨੀਆ ਪ੍ਰਤੀ ਵਚਨਬੱਧ ਰਹੇਗਾ।”
ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਕਿਹਾ ਕਿ ਇਹ ਯੂਰਪ ਲਈ ਬਹੁਤ ਮੁਸ਼ਕਲ ਹੈ। ਮੇਰਾ ਮੰਨਣਾ ਹੈ ਕਿ ਇਹ ਅਮਰੀਕਾ ਅਤੇ ਇਸਦੇ ਨਾਗਰਿਕਾਂ ਲਈ ਵੀ ਬਹੁਤ ਵਿਨਾਸ਼ਕਾਰੀ ਹੋਣ ਵਾਲਾ ਹੈ।”
ਅਮਰੀਕਾ ਨੇ ਤਾਈਵਾਨ ‘ਤੇ 32% ਦਾ ਟੈਰਿਫ ਲਗਾਇਆ ਹੈ। ਇਸ ਟੈਰਿਫ ਬਾਰੇ, ਦੇਸ਼ ਦੇ ਪ੍ਰਧਾਨ ਮੰਤਰੀ ਚੋ ਜੰਗ ਨੇ ਕਿਹਾ ਕਿ ਇਹ ਇੱਕ ਬਹੁਤ ਹੀ ਅਣਉਚਿਤ ਕਦਮ ਹੈ। ਉਨ੍ਹਾਂ ਕਿਹਾ ਕਿ ਉਹ ਅਮਰੀਕਾ ਸਾਹਮਣੇ ਆਪਣੀ ਗੱਲ ਗੰਭੀਰਤਾ ਨਾਲ ਰੱਖਣਗੇ।”
ਦੱਖਣੀ ਕੋਰੀਆ ਦੇ ਕਾਰਜਕਾਰੀ ਰਾਸ਼ਟਰਪਤੀ ਹਾਨ ਡਕ-ਸੂ ਨੇ ਕਿਹਾ ਕਿ ਵਿਸ਼ਵ ਵਪਾਰ ਯੁੱਧ ਇੱਕ ਹਕੀਕਤ ਬਣ ਗਿਆ ਹੈ। ਅਮਰੀਕਾ ਨੇ ਦੱਖਣੀ ਕੋਰੀਆ ‘ਤੇ 26% ਦਾ ਟੈਰਿਫ ਲਗਾਇਆ ਹੈ। ਡੁਕ ਸੂ ਨੇ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਵਪਾਰ ਸੰਕਟ ਨੂੰ ਦੂਰ ਕਰਨ ਦੇ ਤਰੀਕਿਆਂ ‘ਤੇ ਵਿਚਾਰ ਕਰੇਗੀ।”
ਬ੍ਰਿਟਿਸ਼ ਪ੍ਰਧਾਨ ਮੰਤਰੀ ਸਟਾਰਮਰ ਨੇ ਕਿਹਾ ਹੈ ਕਿ ਉਹ ਟੈਰਿਫ ਦੇ ਪ੍ਰਭਾਵ ਨੂੰ ਘਟਾਉਣ ਲਈ ਅਮਰੀਕਾ ਨਾਲ ਵਪਾਰ ਸਮਝੌਤੇ ‘ਤੇ ਪਹੁੰਚਣ ਲਈ “ਲੜਾਈ” ਕਰਨਗੇ। ਉਨ੍ਹਾਂ ਕਿਹਾ ਹੈ ਕਿ ਦੁਨੀਆ ਇੱਕ ਨਵੇਂ ਯੁੱਗ ਵਿੱਚ ਪ੍ਰਵੇਸ਼ ਕਰ ਰਿਹਾ ਹੈ।”
ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਬੁੱਧਵਾਰ ਨੂੰ ਕਿਹਾ ਕਿ ਕੈਨੇਡਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਟੈਰਿਫਾਂ ਦਾ ਜਵਾਬ ਦੇਵੇਗਾ। ਕੈਨੇਡਾ ਦੇ ਜਵਾਬ ਬਾਰੇ ਚਰਚਾ ਕਰਨ ਲਈ ਕੈਬਨਿਟ ਮੀਟਿੰਗ ਤੋਂ ਪਹਿਲਾਂ ਗੱਲ ਕਰਦੇ ਹੋਏ, ਉਨ੍ਹਾਂ ਕਿਹਾ, “ਉਦੇਸ਼ ਅਤੇ ਤਾਕਤ ਨਾਲ ਕੰਮ ਕਰਨਾ ਮਹੱਤਵਪੂਰਨ ਹੈ, ਅਤੇ ਅਸੀਂ ਇਹੀ ਕਰਾਂਗੇ।”
ਡੋਨਾਲਡ ਟਰੰਪ ਦੀ ਅਮਰੀਕਾ ਦੇ ਤੀਜੀ ਵਾਰ ਰਾਸ਼ਟਰਪਤੀ ਬਣਨ ਦੀ ‘ਲਾਲਸਾ’
ਕੀ ਅਮਰੀਕਾ ਦੇ ਦੂਜੀ ਵਾਰ ਰਾਸ਼ਟਰਪਤੀ ਬਣੇ ਡੋਨਾਲਡ ਟਰੰਪ ਅਮਰੀਕਾ ਦੀਆਂ ਚੋਣਾਂ ਵਿੱਚ ਤੀਜੀ ਵਾਰ ਫਿਰ ਰਾਸ਼ਟਰਪਤੀ ਅਹੁਦੇ ਲਈ ਚੋਣ ਲੜਨਗੇ? ਇਸ ਸਵਾਲ ਦਾ ਜਵਾਬ ਹਾਂ ਦੇ ਵਿੱਚ ਹੈ ਅਤੇ ਟਰੰਪ ਦੇ ਤੀਜੇ ਕਾਰਜਕਾਲ ਲਈ ਚੋਣ ਲੜਨ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਬੇਸ਼ੱਕ ਇਹ ਅਮਰੀਕਨ ਸੰਵਿਧਾਨ ਦੇ ਵਿਰੁੱਧ ਹੈ।
ਇੱਕ ਪ੍ਰਮੁੱਖ ਆਸਟ੍ਰੇਲੀਅਨ ਪੋਲਿੰਗ ਫਰਮ ਦੇ ਡਾਇਰੈਕਟਰ ਦਾ ਕਹਿਣਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਸੰਵਿਧਾਨ ਦੇ ਵਿਰੁੱਧ ਹੋਣ ਦੇ ਬਾਵਜੂਦ ਤੀਜੀ ਵਾਰ ਚੋਣ ਲੜਨ ਦੀ ਸੰਭਾਵਨਾ ਰੱਖਦੇ ਹਨ। ਰੈੱਡਬ੍ਰਿਜ ਗਰੁੱਪ ਦੇ ਰਣਨੀਤੀ ਅਤੇ ਵਿਸ਼ਲੇਸ਼ਣ ਨਿਰਦੇਸ਼ਕ ਕੋਸ ਸੈਮਾਰਸ ਨੇ ਮੈਕਕੇਲ ਇੰਸਟੀਚਿਊਟ ਫੋਰਮ ਦੌਰਾਨ ਕਿਹਾ ਕਿ, ਉਹ ਉਮੀਦ ਕਰਦੇ ਹਨ ਕਿ ਟਰੰਪ ਅਗਲੀਆਂ ਚੋਣਾਂ ਵਿੱਚ ਦੁਬਾਰਾ ਰਾਸ਼ਟਰਪਤੀ ਅਹੁਦੇ ਲਈ ਚੋਣ ਲੜਨਗੇ। ਟਰੰਪ ਦੇ ਤੀਜੇ ਕਾਰਜਕਾਲ ਲਈ ਚੋਣ ਲੜਨ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਮੈਂ ਇੱਥੇ ਅਮਰੀਕਨ ਸੰਵਿਧਾਨਕ ਚਰਚਾਵਾਂ ਵਿੱਚ ਨਹੀਂ ਪੈਣਾ ਚਾਹੁੰਦਾ ਪਰ ਉਸਦੀ ਟੀਮ ਉੱਥੇ ਹੀ ਜਾ ਰਹੀ ਹੈ।”
ਰੈੱਡਬ੍ਰਿਜ ਗਰੁੱਪ ਦੇ ਇੱਕ ਹੋਰ ਨਿਰਦੇਸ਼ਕ ਟੋਨੀ ਬੈਰੀ ਨੇ ਕਿਹਾ ਕਿ, “ਟਰੰਪ ਦੇ ਅਧੀਨ ਤੀਜੇ ਕਾਰਜਕਾਲ ਦੀ ਸੰਭਾਵਨਾ “ਭਿਆਨਕ” ਹੈ। ਜਦੋਂ ਲੋਕ ਕਹਿੰਦੇ ਹਨ ਕਿ ਉਹ ਰੂੜੀਵਾਦੀ ਹੈ, ਤਾਂ ਇਹ ਮੈਨੂੰ ਪਾਗਲ ਕਰ ਦਿੰਦਾ ਹੈ। ਰੂੜੀਵਾਦੀ ਸੰਸਥਾਵਾਂ ਦੀ ਰੱਖਿਆ ਕਰਨਾ ਚਾਹੁੰਦੇ ਹਨ, ਪਰ ਇਹ ਆਦਮੀ ਉਨ੍ਹਾਂ ਨੂੰ ਕਮਜ਼ੋਰ ਕਰਦਾ ਹੈ ਅਤੇ ਤਬਾਹ ਕਰਦਾ ਹੈ। ਅਮਰੀਕੀ ਸੰਵਿਧਾਨ ਦੀ 22ਵੀਂ ਸੋਧ ਦੇ ਤਹਿਤ, “ਕੋਈ ਵੀ ਵਿਅਕਤੀ ਰਾਸ਼ਟਰਪਤੀ ਦੇ ਅਹੁਦੇ ਲਈ ਦੋ ਵਾਰ ਤੋਂ ਵੱਧ ਨਹੀਂ ਚੁਣਿਆ ਜਾ ਸਕਦਾ।”
ਬੇਸ਼ੱਕ ਅਮਰੀਕੀ ਸੰਵਿਧਾਨ ਦੀ 22ਵੀਂ ਸੋਧ ਦੇ ਤਹਿਤ ਕੋਈ ਵੀ ਵਿਅਕਤੀ ਰਾਸ਼ਟਰਪਤੀ ਦੇ ਅਹੁਦੇ ਲਈ ਦੋ ਵਾਰ ਤੋਂ ਵੱਧ ਨਹੀਂ ਚੁਣਿਆ ਜਾ ਸਕਦਾ, ਪਰ ਅਮਰੀਕਾ ਦੇ ਦੂਜੀ ਵਾਰ ਰਾਸ਼ਟਰਪਤੀ ਬਣੇ ਡੋਨਾਲਡ ਟਰੰਪ ਦੀ ਅਮਰੀਕਾ ਦੇ ਤੀਜੀ ਵਾਰ ਰਾਸ਼ਟਰਪਤੀ ਬਣਨ ਦੀ ਲਾਲਸਾ ਸਾਫ਼ ਝਲਕਦੀ ਹੈ। ਡੋਨਾਲਡ ਟਰੰਪ ਨੇ ਸੋਮਵਾਰ ਨੂੰ ਐਨਬੀਸੀ ਨਿਊਜ਼ ਨਾਲ ਇੱਕ ਇੰਟਰਵਿਊ ਦੌਰਾਨ ਕਿਹਾ ਕਿ, “ਅਮਰੀਕਨ ਲੋਕ ਚਾਹੁੰਦੇ ਹਨ ਕਿ ਉਹ ਇੱਕ ਹੋਰ ਕਾਰਜਕਾਲ ਲਈ ਚੋਣ ਲੜਨ, ਮੈਂ ਮਜ਼ਾਕ ਨਹੀਂ ਕਰ ਰਿਹਾ।”