Articles

ਟੋਟਮ ਅਤੇ ਟੈਬੂਜ਼

ਟੋਟਮ ਤੇ ਟੈਬੂਜ਼ ਅੰਗਰੇਜ਼ੀ ਭਾਸ਼ਾ ਦੇ ਸ਼ਬਦ ਹਨ। ਟੋਟਮ ਨੂੰ ਪੰਜਾਬੀ ਵਿੱਚ ਟੋਟਮ ਅਤੇ ਟੈਬੂਜ਼ ਨੂੰ ਪੰਜਾਬੀ ਵਿੱਚ ‘ਮਨਾਹੀਆਂ’ ਕਿਹਾ ਜਾ ਜਾਂਦਾ ਹੈ। ਪੁਰਾਤਨ ਸਮੇਂ ਵਿੱਚ ਜਦੋਂ ਮਨੁੱਖ ਕਬੀਲਾ ਯੁੱਗ ਵਿੱਚ ਪ੍ਰਵੇਸ਼ ਕਰਦਾ ਹੈ ਅਤੇ ਕੁਦਰਤ ਦੇ ਰਹੱਸਾਂ ਨੂੰ ਸਮਝਣ ਦੇ ਯਤਨ ਵਜੋਂ ਉਹ ਕੁਝ ਵਿਸ਼ੇਸ਼ ਪਸ਼ੂ, ਪੰਛੀਆਂ ਅਤੇ ਰੁੱਖਾਂ ਦੀ ਪੂਜਾ ਸ਼ੁਰੂ ਕਰਦਾ ਹੈ। ਇਥੋਂ ਹੀ ਕਿਸੇ ਜਾਤੀ ਦੇ ਟੋਟਮ ਸ਼ੁਰੂ ਹੁੰਦੇ ਹਨ। ਜਿਵੇਂ ਗਊ, ਸੂਰ, ਸੱਪ, ਗਧਾ, ਚੂਹਾ, ਪਿੱਪਲ, ਬੋਹੜ, ਤੁਲਸੀ ਆਦਿ। ਇਹ ਸਭ ਟੋਟਮ ਹਨ। ਮਨੁੱਖ ਇਨ੍ਹਾਂ ਦੀ ਪੂਜਾ ਵੀ ਕਰਦਾ ਹੈ ਪਰ ਭੋਜਨ ਵਜੋਂ ਸਵੀਕਾਰ ਨਹੀਂ ਕਰਦਾ। ਇਸ ਲਈ ਕੋਈ ਕਾਨੂੰਨ ਨਹੀਂ ਹੁੰਦਾ। ਇਹ ਸਮਾਜਿਕ ਤੌਰ ਤੇ ਪਰੰਪਰਾ ਤੋਂ ਪੀੜ੍ਹੀ ਦਰ ਪੀੜ੍ਹੀ ਕਿਸੇ ਜਾਤੀ ਦੇ ਲੋਕ ਮਨ ਵਿੱਚ ਵਸ ਚੁੱਕੇ ਹੁੰਦੇ ਹਨ। ਅਜੋਕਾ ਮਨੁੱਖ ਵੀ ਇਨ੍ਹਾਂ ਨਿਯਮਾਂ ਦੀ ਪਾਲਣਾ ਕਰਦਾ ਹੈ ਅਤੇ ਇਨ੍ਹਾਂ ਪਿੱਛੇ ਦੂਸਰੀਆਂ ਜਾਤੀਆਂ ਨਾਲ ਦਵੈਤ ਭਾਵਨਾ  ਵੀ ਰੱਖਦਾ ਹੈ।

ਮਨਾਹੀਆਂ ਦਾ ਸੰਬੰਧ ਅਜਿਹੇ ਸਮਾਜਿਕ ਨਿਯਮਾਂ ਨਾਲ ਹੈ, ਜਿਨ੍ਹਾਂ ਦੀ ਪਾਲਣਾ ਵਿਸ਼ਵ ਦੀਆਂ ਸਾਰੀਆਂ ਸੱਭਿਅਕ ਕੌਮਾਂ ਕਿਸੇ ਰੂਪ ਵਿੱਚ ਕਰਦੀਆਂ ਹਨ। ਇਨ੍ਹਾਂ ਨੂੰ ਕਾਮ ਸਬੰਧੀ, ਭੋਜਨ ਲੜੀਆਂ ਅਤੇ ਧਾਰਮਿਕ ਅਕੀਦਿਆਂ ਵਿੱਚ ਵੰਡ ਕੇ ਸਮਝਿਆ ਜਾ ਸਕਦਾ ਹੈ। ਵਿਸ਼ਵ ਵਿੱਚ ਇੱਕ ਛੱਤ ਥੱਲੇ ਰਹਿਣ ਵਾਲੇ ਬੱਚਿਆਂ ਦਾ ਆਪਸ ਵਿੱਚ ਵਿਆਹ ਨਹੀਂ ਕੀਤਾ ਜਾਂਦਾ ਜਿਨ੍ਹਾਂ ਨੂੰ ਅਸੀਂ ਭੈਣ ਭਰਾ ਕਹਿੰਦੇ ਹਾਂ। ਇਸੇ ਤਰ੍ਹਾਂ ਪਿਓ ਧੀ ਜਾਂ ਮਾਂ ਪੁੱਤ ਦਾ ਸਰੀਰਕ ਸੰਬੰਧ ਸਮਾਜ ਪ੍ਰਵਾਨ ਨਹੀਂ ਕਰਦਾ। ਭਾਰਤੀ ਸਮਾਜ ਵਿੱਚ ਵਿਆਹ ਲਈ ਨਾਨਕਿਆਂ, ਦਾਦਕਿਆਂ ਦਾ ਖੂਨ ਛੱਡ ਕੇ ਹੀ ਰਿਸ਼ਤੇ ਕੀਤੇ ਜਾਂਦੇ ਹਨ ਜਦਕਿ ਇਸਲਾਮ ਵਿੱਚ ਅਜਿਹਾ ਨਹੀਂ। ਉਥੇ ਮਾਮੇ, ਮਾਸੀ ਦੇ ਬੱਚਿਆਂ ਨਾਲ ਵੀ ਵਿਆਹ ਕਰ ਲਿਆ ਜਾਂਦਾ ਹੈ। ਇਹ ਵੀ ਇੱਕ ਸਮਾਜਿਕ ਮਨਾਹੀ ਹੈ ਭਾਵੇਂ ਕਿ ਇਸ ਲਈ ਕੋਈ ਕਾਨੂੰਨ ਦੁਆਰਾ ਸਜ਼ਾ ਨਹੀਂ ਦਿੱਤੀ ਜਾਂਦੀ ਪ੍ਰੰਤੂ ਜੇਕਰ ਕੋਈ ਵਿਅਕਤੀ ਉਲੰਘਣਾ ਕਰ ਲੈਂਦਾ ਹੈ ਤਾਂ ਉਹ ਸਮਾਜ ਦੇ ਪ੍ਰਭਾਵ ਅਧੀਨ ਮਾਨਸਿਕ ਰੋਗੀ ਬਣ ਜਾਂਦਾ ਹੈ। ਇਸ ਬਾਰੇ ਪ੍ਰਸਿੱਧ ਮਨੋ ਵਿਗਿਆਨੀ ਡਾਕਟਰ ਸਿਗਮੰਡ ਫਰਾਇਡ ਨੇ ਖੋਜ ਭਰਪੂਰ ਬਹੁਤ ਕੰਮ ਕੀਤਾ ਹੈ। ਉਨ੍ਹਾ ਦੀ ਪ੍ਰਸਿੱਧ ਪੁਸਤਕ ਟੋਟਮ ਐਂਡ ਟੈਬੂਜ਼ ਹੈ।
ਸਮਾਜ ਵਿੱਚ ਭੋਜਨ ਕੜੀਆਂ ਦੀਆਂ ਮਨਾਹੀਆਂ ਵਿੱਚ ਟੋਟਮ ਪ੍ਰਜਾਤੀਆਂ ਦੇ ਮਾਸ ਖਾਣ ਉੱਤੇ ਮਨਾਹੀ ਹੈ। ਭਾਰਤ ਵਿੱਚ ਨਾਗਾਲੈਂਡ ਨੂੰ ਛੱਡ ਕੇ ਕੁੱਤੇ ਦਾ ਮਾਸ ਖਾਣਾ ਚੰਗਾ ਨਹੀਂ ਸਮਝਿਆ ਜਾਂਦਾ ਜਦ ਕਿ ਚੀਨ ਅਤੇ ਯੂਰਪ ਵਿੱਚ ਬੜੇ ਹੀ ਸਵਾਦ ਨਾਲ ਖਾਧਾ ਜਾਂਦਾ ਹੈ ਇਸੇ ਪ੍ਰਕਾਰ ਹੀ ਵਿਸ਼ਵ ਵਿਚ ਮਨੁੱਖ ਦੁਆਰਾ ਮਨੁੱਖ ਦਾ ਮਾਸ ਖਾਣ ਦੀ ਮਨਾਹੀ ਹੈ। ਇਸ ਪ੍ਰਕਾਰ ਹੀ ਭਾਰਤ ਵਿੱਚ ਜੂਠ ਦਾ ਸੰਕਲਪ ਵੀ ਸੱਭਿਆਚਾਰਕ ਤੌਰ ਤੇ ਪੈਦਾ ਹੋਇਆ ਜਦ ਕਿ ਇਸਲਾਮ ਵਿੱਚ ਜੂਠ ਦੇ ਸੰਕਲਪ ਦਾ ਕੋਈ ਆਧਾਰ ਨਹੀਂ ਹੈ। ਇਸੇ ਪ੍ਰਕਾਰ ਹੀ ਖਾਣਾ ਖਾਣ ਦੇ ਨਿਯਮ ਵੱਖ- ਵੱਖ ਵੀ ਹਰ ਸਮਾਜ ਦੇ ਆਪੋ ਆਪਣੇ ਹੁੰਦੇ ਹਨ। ਇਨ੍ਹਾਂ ਲਈ ਭਾਵੇਂ ਕੋਈ ਕਾਨੂੰਨ ਨਹੀਂ ਹੁੰਦਾ ਪ੍ਰੰਤੂ ਇਨ੍ਹਾਂ ਨੂੰ ਅਸੀਂ ਸੱਭਿਅਕ ਜਾਂ ਅਸੱਭਿਅਕ ਵਰਤਾਰੇ ਵਿੱਚ ਵੰਡ ਲੈਂਦੇ ਹਾਂ। ਨੇਪਾਲ ਵਿੱਚ ਮਾਸਿਕ ਧਰਮ ਦੇ ਦਿਨਾਂ ਵਿੱਚ ਔਰਤ ਨੂੰ ਘਰ ਵਿੱਚ ਰਹਿਣ ਦੀ ਆਗਿਆ ਨਹੀਂ ਹੈ। ਉਸ ਨੂੰ ਪਸ਼ੂਆਂ ਦੇ ਵਾੜੇ ਵਿੱਚ ਰਹਿਣਾ ਪੈਂਦਾ ਹੈ ਭਾਵੇਂ ਕਿ ਕੋਈ ਔਰਤ ਕਿਸੇ ਦੇ ਘਰ ਕਿਰਾਏ ਤੇ ਹੀ ਕਿਉਂ ਨਾ ਰਹਿੰਦੀ ਹੋਵੇ। ਇਸ ਤਰ੍ਹਾਂ ਦੀ ਰੀਤ ਹਿਮਾਚਲ ‘ਚ ਕੁੱਲੂ ਦੇ ਕੁਝ ਪਿੰਡਾਂ ਵਿੱਚ ਪ੍ਰਚੱਲਿਤ ਹੈ। ਭਾਵੇਂ ਕਿ ਅਜੋਕੇ ਯੁੱਗ ਵਿੱਚ ਮਨੁੱਖ ਦੀ ਸਰੀਰਕ ਜਾਣਕਾਰੀ ਵਿੱਚ ਬਹੁਤ ਵਾਧਾ ਹੋਇਆ ਹੈ ਪਰ ਅਜ ਵੀ ਕਿਤੇ ਨਾ ਕਿਤੇ ਅਸੀਂ ਇਨ੍ਹਾਂ ਮਨਾਹੀਆਂ ਨਾਲ ਜੁੜੇ ਹੋਏ ਹਾਂ। ਜਿਵੇ ਭਾਰਤ ਵਿੱਚ ਉੱਚੀ ਜਾਤੀਆਂ ਦੇ ਚੌਂਕੇ ਚੁੱਲ੍ਹੇ ਵਿੱਚ ਨਿਮਨ ਜਾਤੀਆਂ ਨੂੰ ਪ੍ਰਵੇਸ਼ ਕਰਨ ਦੀ ਆਗਿਆ ਨਹੀਂ ਸੀ ਹੁੰਦੀ। ਜਿਸ ਦੇ ਸਿੱਟੇ ਵਜੋਂ ਸਮਾਜ ਵਿੱਚ ਛੂਤ ਛਾਤ, ਜਾਤ ਪਾਤ ਦੀ ਅਜਿਹੀ ਬਿਮਾਰੀ ਫੈਲੀ ਜਿਹੜੀ ਕਿ ਅਜ ਤੱਕ ਸਾਡੇ ਸਭਿਆਚਾਰ ਵਿੱਚ ਸਿੱਧੇ ਜਾਂ ਅਸਿੱਧੇ ਰੂਪ ਦੇਖੀ ਜਾ ਸਕਦੀ ਹੈ।
ਅਜ ਵੀ ਭਾਰਤ ਵਿੱਚ ਉਚੇਰੀ ਜਾਤੀਆਂ ਨਾਲ ਸੰਬੰਧਤ ਲੋਕ ਸਫਾਈ ਸੈਨਿਕਾਂ ਦੀਆਂ ਅਸਾਮੀਆਂ ਉੱਤੇ ਕੰਮ ਕਰਨ ਲਈ ਤਿਆਰ ਨਹੀਂ। ਇਹ ਕੰਮ ਨਿਮਨ ਜਾਤੀਆਂ ਦੇ ਹਿੱਸੇ ਆਇਆ। ਧਰਮ ਨਾਲ ਸਬੰਧਤ ਮਨਾਹੀਆਂ ਵਿੱਚ ਆਪਣੇ ਆਪਣੇ ਧਾਰਮਿਕ ਚਿੰਨਾਂ ਦੀ ਸੰਭਾਲ ਕਰਨੀ ਅਤੇ ਉਨ੍ਹਾਂ ਦੇ ਨਿਯਮਾਂ ਦੀ ਪਾਲਣਾ ਕਰਨੀ ਵੀ ਵਿਸ਼ਵ ਵਿੱਚ ਪ੍ਰਚੱਲਤ ਹੈ। ਨਹਾਉਣ ਸਮੇਂ ਇਨ੍ਹਾਂ ਚਿੰਨ੍ਹਾਂ ਨੂੰ ਕਿਸ ਤਰ੍ਹਾਂ ਰੱਖਣਾ ਹੈ। ਉਨ੍ਹਾਂ ਦਾ ਕਿਸ ਤਰ੍ਹਾਂ ਸਤਿਕਾਰ ਕਰਨਾ ਹੈ। ਇਹ ਵੀ ਮਨਾਹੀਆਂ ਦੇ ਘੇਰੇ ਵਿੱਚ ਆ ਜਾਂਦਾ ਹੈ। ਜਿਸ ਤਰ੍ਹਾਂ ਸਾਡੇ ਭਾਰਤ ਵਿੱਚ ਬਹੁਤ ਸਾਰੇ ਮੰਦਿਰਾਂ ਵਿੱਚ ਔਰਤਾਂ ਨੂੰ ਜਾਣ ਦੀ ਮਨਾਈ ਹੈ, ਇਸੇ ਤਰ੍ਹਾਂ ਹੀ ਮਸੀਤ ਵਿੱਚ ਜਾ ਕੇ ਔਰਤਾਂ ਨਮਾਜ਼ ਅਦਾ ਨਹੀਂ ਕਰ ਸਕਦੀਆਂ। ਇਨ੍ਹਾਂ ਮਨਾਹੀਆਂ ਦਾ ਵੀ ਕੋਈ ਕਾਨੂੰਨੀ ਆਧਾਰ ਨਹੀਂ। ਇਸ ਪ੍ਰਕਾਰ ਹੀ ਜੈਨ ਧਰਮ ਵਿੱਚ ਮਹਾਂਵੀਰ ਸੁਆਮੀ ਵਲੋਂ ਜੀਵ ਹੱਤਿਆ ਦੀ ਮਨਾਹੀ ਕੀਤੀ ਗਈ ਸੀ। ਇਸ ਕਰਕੇ ਜੈਨ ਧਰਮ ਨੂੰ ਮੰਨਣ ਵਾਲਿਆਂ ਨੇ ਖੇਤੀ ਅਤੇ ਹੱਥੀ ਕੰਮ ਕਰਨੇ ਛੱਡ ਦਿੱਤੇ ਤੇ ਉਹ ਸਿਰਫ ਕਪੜੇ ਅਤੇ ਕਰਿਆਨੇ ਆਦਿ ਦਾ ਵਪਾਰ ਕਰਨ ਲੱਗੇ।
ਇਸ ਪ੍ਰਕਾਰ ਹੀ ਮਹਾਤਮਾ ਬੁੱਧ ਨੇ ਜੀਵ ਹੱਤਿਆ ਨੂੰ ਹੀ ਪਾਪ ਮੰਨਿਆ ਪਰੰਤੂ ਇਕ ਵਾਰ ਇਕ ਭਿਖਸ਼ੂ ਦੇ ਭਾਂਡੇ ਵਿਚ ਅਸਮਾਨ ਵਿੱਚ ਉਡਦੇ ਜਾਂਦੇ ਪੰਛੀ ਦੇ ਮੂੰਹ ਵਿਚੋਂ ਮਾਸ ਦਾ ਟੁੱਕੜਾ ਡਿਗ ਪਿਆ ਤਾਂ ਉਸਨੇ ਆ ਕੇ ਮਹਾਤਮਾ ਬੁੱਧ ਨੂੰ ਪੁਛਿਆ ਕਿ ਇਸਦਾ ਕੀ ਕੀਤਾ ਜਾਵੇ ਤਾਂ ਬੁੱਧ ਨੇ ਕਿਹਾ ਜੋ ਆਪੇ ਝੋਲੀ ਵਿਚ ਡਿੱਗਿਆ ਹੈ ਉਸਨੂੰ ਖਾ ਲੈਣਾ ਚਾਹੀਦਾ ਹੈ। ਪਰੰਤੂ ਇਸ ਦਾ ਸਿੱਟਾ ਇਹ ਨਿਕਲਿਆ ਕਿ ਅਜ ਦੁਨੀਆਂ ਦੇ ਪੰਜਾਹ ਕਰੋੜ ਬੁੱਧ ਆਪੇ ਮਰੇ ਹੋਏ ਪਸ਼ੂ ਦਾ ਮਾਸ ਖਾਂਦੇ ਹਨ। ਹੈਰਾਨੀਜਨਕ ਗੱਲ ਇਹ ਹੈ ਕਿ ਇਤਨੇ ਜੀਵ ਕਿਵੇ ਮਰ ਸਕਦੇ ਹਨ? ਇਸ ਲਈ ਟੋਟਮ ਅਤੇ ਟੈਬੂਜ਼ ਕਾਰਨ ਤੇ ਕਾਰਜ ਦੇ ਸਿਧਾਂਤ ਦੇ ਅਧੀਨ ਨਹੀਂ ਹੁੰਦੇ। ਇਨ੍ਹਾਂ ਦਾ ਵਿਗਿਆਨਕ ਆਧਾਰ ਨਾ ਹੋ ਕੇ ਪਰਾਭੌਤਿਕ ਆਧਾਰ ਹੈ। ਇਸ ਲਈ ਇਨ੍ਹਾਂ ਦੀ ਮਾਨਤਾ ਲੋਕ ਮਨ ਵਿੱਚ ਹੈ ਅਤੇ ਹਰ ਸਮਾਜ ਇਨ੍ਹਾਂ ਦੀ ਪਾਲਣਾ ਕਿਸੇ ਨਾ ਕਿਸੇ ਰੂਪ ਵਿੱਚ ਕਰਨ ‘ਚ ਮਾਣ ਮਹਿਸੂਸ ਕਰਦਾ ਹੈ।

Related posts

ਬ੍ਰਿਕਸ ਸਮੇਂ ਦੇ ਅਨੁਸਾਰ ਆਪਣੇ ਆਪ ਨੂੰ ਬਦਲ ਸਕਦਾ ਹੈ: ਪ੍ਰਧਾਨ ਮੰਤਰੀ

admin

ਗਰਮ ਮੌਸਮ ਨਾਲ ਬਰਫ਼ ਪਿਘਲਣ ਕਰਕੇ ਵਿਸ਼ਵ ਜਲਵਾਯੂ ‘ਚ ਨਕਾਰਾਤਮਕ ਬਦਲਾਅ ਦਾ ਖਤਰਾ !

admin

ਕਾਰਤਿਕ ਆਰੀਅਨ ਨੂੰ ਵੀ ਸੁਸ਼ਾਂਤ ਸਿੰਘ ਰਾਜਪੂਤ ਵਾਂਗ ਨਿਸ਼ਾਨਾ ਬਣਾਇਆ ਜਾ ਰਿਹੈ ?

admin