Bollywood

ਟੌਪ ਮਾਡਲ ਬਣਨ ਦੇ ਬਾਅਦ ਅਭਿਨੈ ਜਗਤ ਵਿੱਚ ਦਾਖਲ ਹੋਣ ਵਾਲੀ ਅਮਾਇਰਾ ਦਸਤੂਰ

ਟੌਪ ਮਾਡਲ ਬਣਨ ਦੇ ਬਾਅਦ ਅਭਿਨੈ ਜਗਤ ਵਿੱਚ ਦਾਖਲ ਹੋਣ ਵਾਲੀ ਅਮਾਇਰਾ ਦਸਤੂਰ ਇਨ੍ਹੀਂ ਦਿਨੀਂ ਫਿਲਮਾਂ ਦੇ ਇਲਾਵਾ ਡਿਜੀਟਲ ਪਲੇਟਪਾਰਮ ਉੱਤੇ ਬੇਹੱਦ ਬਿਜ਼ੀ ਨਜ਼ਰ ਆ ਰਹੀ ਹੈ। ਕਈ ਵੱਡੇ ਬ੍ਰਾਂਡਸ ਦੇ ਉਤਪਾਦਾਂ ਲਈ ਐਡ ਵਿੱਚ ਕੰਮ ਕਰਦੇ ਹੋਏ ਅਮਾਇਰਾ ‘ਇਸ਼ਕ’, ‘ਰਾਜਮਾਂਹ ਚਾਵਲ’, ‘ਕੁੰਗ ਫੂ ਯੋਗਾ’, ‘ਮਿਸਟਰ ਐਕਸ’, ‘ਜਜਮੈਂਟਲ ਹੈ ਕਯਾ’ ਵਰਗੀਆਂ ਫਿਲਮਾਂ ਵਿੱਚ ਵੀ ਨਜ਼ਰ ਆ ਚੁੱਕੀ ਹੈ। ਇਸ ਸਾਲ ਸੈਫ ਅਲੀ ਖਾਨ ਅਤੇ ਡਿੰਪਲ ਕਪਾਡੀਆ ਵਰਗੇ ਸਿਤਾਰਿਆਂ ਨਾਲ ਵੈੱਬ ਸੀਰੀਜ਼ ‘ਤਾਂਡਵ’ ਤੋਂ ਇਲਾਵਾ ਉਹ ਫਿਲਮ ‘ਕੋਈ ਜਾਨੇ ਨਾ’ ਵਿੱਚ ਵੀ ਨਜ਼ਰ ਆਈ ਹੈ। ਇਨ੍ਹੀਂ ਦਿਨੀਂ ਉਸ ਦੀ ਝੋਲੀ ਵਿੱਚ ਸਾਊਥ ਦੀਆਂ ਦੋ ਵੱਡੀਆਂ ਫਿਲਮਾਂ ਦੇ ਨਾਲ ਇੱਕ ਹੋਰ ਵੈੱਬ ਸੀਰੀਜ਼ ‘ਡੋਂਗਰੀ ਟੂ ਦੁਬਈ’ ਸ਼ਾਮਲ ਹੈ। ਇਨ੍ਹੀਂ ਦਿਨੀਂ ਉਹ ਆਪਣੇ ਨਵੇਂ ਮਿਊਜ਼ਿਕ ਵੀਡੀਓ ‘ਪਿੰਡ ਖਾਲੀ ਲਗਦਾ’ ਬਾਰੇ ਵੀ ਸੁਰਖੀਆਂ ਖੱਟ ਰਹੀ ਹੈ। ਇਸ ਵੀਡੀਓ ਵਿੱਚ ਉਸ ਨਾਲ ਅਭਿਨੇਤਾ ਪਿ੍ਰਆਂਕ ਸ਼ਰਮਾ ਨਜ਼ਰ ਆ ਰਿਹਾ ਹੈ। ਇਸ ਗੀਤ ਨੂੰ ਪਲਕ ਮੁੱਛਲ ਨੇ ਆਵਾਜ਼ ਦਿੱਤੀ ਹੈ। ਪੇਸ਼ ਹਨ ਅਮਾਇਰਾ ਨਾ ਹੋਈ ਗੱਲਬਾਤ ਦੇ ਕੁਝ ਅੰਸ਼ :
* ਪਿਤਾ ਵਾਂਗ ਡਾਕਟਰ ਬਣਨ ਦੀ ਬਜਾਏ ਤੁਸੀਂ ਐਕਟਿੰਗ ਨੂੰ ਕਿਉਂ ਚੁਣਿਆ?
– ਇਨਸਾਨ ਸੋਚਦਾ ਕੁਝ ਹੋਰ ਅਤੇ ਹੁੰਦਾ ਕੁਝ ਹੋਰ ਹੈ। ਮੇਰੇ ਪਿਤਾ ਜੀ ਇੱਕ ਹਸਪਤਾਲ ਦੇ ਸਰਜਨ ਅਤੇ ਡਾਇਰੈਕਟਰ ਹਨ। ਮਾਂ ਨੌਕਰੀ ਕਰਦੀ ਸੀ, ਪਰ ਭਰਾ ਅਤੇ ਮੇਰੀ ਪਰਵਰਿਸ਼ ਦੀ ਖਾਤਰ ਉਨ੍ਹਾਂ ਨੇ ਆਪਣੀ ਨੌਕਰੀ ਛੱਡ ਦਿੱਤੀ। ਬਚਪਨ ਵਿੱਚ ਮੈਂ ਆਪਣੇ ਤੋਂ ਇੱਕ ਸਾਲ ਵੱਡੇ ਭਰਾ ਦੇ ਕੱਪੜੇ ਪਾਇਆ ਕਰਦੀ ਸੀ। ਭਰਾ ਨਾਲ ਮਸਤੀ ਤੇ ਪੜ੍ਹਾਈ ਕਰਨਾ ਇਹੀ ਮੇਰੀ ਜ਼ਿੰਦਗੀ ਸੀ। ਸਕੂਲ ਵਿੱਚ ਅਕਸਰ ਮੈਨੂੰ ਡਰਾਮਾ ਅਤੇ ਕੰਪੀਟੀਸ਼ਨਾਂ ਵਿੱਚ ਸਿਲੈਕਟ ਕੀਤਾ ਜਾਂਦਾ ਸੀ। 10ਵੀਂ ਦੇ ਇਮਤਿਹਾਨ ਦੇ ਬਾਅਦ ਮੈਂ ਸੋਚਿਆ ਕਿ ਮੈਨੂੰ ਐਕਟਿੰਗ ਵਿੱਚ ਟਰਾਈ ਕਰਨਾ ਚਾਹੀਦਾ ਹੈ, ਜੇ ਹੀਰੋਇਨ ਨਾ ਵੀ ਬਣੀ ਤਾਂ ਕਿਸੇ ਹੋਰ ਪ੍ਰੋਫੈਸ਼ਨ ਵਿੱਚ ਖੁਦ ਨੂੰ ਅਜ਼ਮਾ ਲਵਾਂਗੀ।
* ਫਿਰ ਤੁਸੀਂ ਐਕਟਿੰਗ ਵਿੱਚ ਕੋਸ਼ਿਸ਼ ਕਰਨ ਲੱਗੇ?
-ਫਿਲਮਾਂ ਲਈ ਟੈਲੈਂਟ, ਅਨੁਭਵ, ਕਿਸਮਤ ਆਦਿ ਕਈ ਗੱਲਾਂ ਮਾਇਨੇ ਰੱਖਦੀਆਂ ਹਨ। ਮੰਮੀ ਦੀ ਇੱਕ ਖਾਸ ਸਹੇਲੀ ਫਿਰੋਜ਼ਾ ਮੋਦੀ ਨੇ ਮੈਨੂੰ ਤੇ ਮੰਮੀ ਨੂੰ ਸਮਝਾਇਆ ਕਿ ਫੋਟੋ ਸੈਸ਼ਨ ਦੇ ਨਾਲ ਮਾਡਲਿੰਗ ਕਰਨਾ ਸਹੀ ਹੋਵੇਗਾ। ਮੇਰੇ ਪਰਵਾਰ ਵਿੱਚ ਕਿਸੇ ਨੂੰ ਨਹੀਂ ਪਤਾ ਸੀ ਕਿ ਬਾਲੀਵੁੱਡ ਵਿੱਚ ਜਾਣ ਲਈ ਕੀ ਕਰਨਾ ਚਾਹੀਦਾ ਹੈ। ਮੈਂ ਫਿਰੋਜ਼ਾ ਆਂਟੀ ਦੀ ਸਲਾਹ ਉੱਤੇ ਖੁਦ ਦਾ ਫੋਟੋ ਸੈਸ਼ਨ ਕਰਵਾਇਆ ਤੇ ਆਡੀਸ਼ਨ ਲਈ ਖੁਦ ਨੂੰ ਰਜਿਸਟਰ ਵੀ ਕੀਤਾ। ਸੀਨੀਅਰ ਮਾਡਲ ਐਰਿਕਾ ਨੇ ਮੇਰੀ ਕਾਫੀ ਮਦਦ ਕੀਤੀ। ਮੈਂ ਬਾਡੀ ਸ਼ੇਮਿੰਗ ਤੋਂ ਪ੍ਰੇਸ਼ਾਨ ਸੀ। ਮੈਂ ਲਗਾਤਾਰ ਦੋ ਸਾਲ ਆਡੀਸ਼ਨ ਦਿੱਤੇ। 12ਵੀਂ ਦੇ ਆਖਰੀ ਪੇਪਰਾਂ ਵਾਲੇ ਦਿਨ ‘ਇਸ਼ਕ’ ਦੇ ਆਫਿਸ ਵਾਲਿਆਂ ਨੇ ਮੈਨੂੰ ਨੈਕਸਟ ਰਾਊਂਡ ਦੇ ਆਡੀਸ਼ਨ ਲਈ ਬੁਲਾਇਆ।
* ਫਿਲਮ ‘ਇਸ਼ਕ’ ਦੇ ਫਲਾਪ ਹੋਣ ਨਾਲ ਤੁਹਾਡਾ ਕਰੀਅਰ ਕਿੰਨਾ ਪ੍ਰਭਾਵਤ ਹੋਇਆ?
-ਦੋ ਸਾਲਾਂ ਤੱਕ ਲਗਾਤਾਰ ਆਡੀਸ਼ਨ ਦਿੰਦੇ-ਦਿੰਦੇ ਮੈਂ ਥੱਕ ਚੁੱਕੀ ਸੀ ਤੇ ਆਸ ਕੀਤੀ ਕਿ ਕੋਈ ਕਿਰਨ ਨਜ਼ਰ ਨਾ ਆਉਣ ਉੱਤੇ ਅਭਿਨੈ ਨੂੰ ਗੁਡਬਾਇ ਕਰਨ ਦਾ ਫੈਸਲਾ ਲੈਂਦੇ ਹੀ ਫਿਲਮ ‘ਇਸ਼ਕ’ ਨਾਲ ਮੇਰਾ ਡੈਬਿਊ ਹੋਇਆ। ਪਹਿਲਾਂ ਤਾਂ ਮੈਨੂੰ ਲੱਗਾ ਕਿ ਫਿਲਮ ਰਿਲੀਜ਼ ਹੁੰਦੇ ਹੀ ਸਟਾਰ ਬਣ ਜਾਵਾਂਗੀ, ਮੈਨੂੰ ਦੇਖ ਕੇ ਭੀੜ ਜਮ੍ਹਾ ਹੋ ਜਾਵੇਗੀ, ਪਰ ਅਜਿਹਾ ਕੁਝ ਨਹੀਂ ਹੋਇਆ। ਫਿਲਮ ਚੱਲੀ ਨਹੀਂ, ਪਰ ਮੇਰਾ ਅਭਿਨੈ ਕ੍ਰਿਟਿਕਸ ਨੂੰ ਚੰਗਾ ਲੱਗਾ ਅਤੇ ਮੈਨੂੰ ਅਜੇ ਤੱਕ ਕੰਮ ਮਿਲ ਰਿਹਾ ਹੈ।
* ਇਮਰਾਨ ਹਾਸ਼ਮੀ, ਜੈਕੀ ਚੇਨ, ਧਨੁਸ਼, ਰਿਸ਼ੀ ਕਪੂਰ, ਰਾਜ ਕੁਮਾਰ ਰਾਓ ਵਰਗੇ ਕਲਾਕਾਰਾਂ ਤੋਂ ਤੁਸੀਂ ਕੀ ਸਿੱਖਿਆ?
– ਮੇਰੀ ਡੈਬਿਊ ਫਿਲਮ ‘ਇਸ਼ਕ’ ਦੌਰਾਨ ਮੈਂ ਬਹੁਤ ਨਰਵਸ ਸੀ। ਇਮਰਾਨ ਹਾਸ਼ਮੀ ਨੇ ਸਲਾਹ ਦਿੱਤੀ ਕਿ ਭੇਡਚਾਲ ਤੋਂ ਦੂਰ ਰਹਿ ਕੇ ਆਪਣਾ ਵਜੂਦ ਬਣਾਓ ਅਤੇ ਇਮਾਨਦਾਰੀ ਨਾਲ ਕੰਮ ਕਰਦੇ ਰਹਿਣਾ। ਤਮਿਲ ਫਿਲਮ ‘ਏਰਿਗਮ’ ਦੌਰਾਨ ਧਨੁਸ਼ ਤੋਂ ਮੈਂ ਨਰਮੀ ਅਤੇ ਇਨਸਾਨੀਅਤ ਸਿੱਖੀ। ਜੈਕੀ ਚੇਨ ਤੋਂ ਫਿਜ਼ੀਕਲੀ ਫਿੱਟ ਰਹਿਣਾ ਸਿੱਖਿਆ। ਰਿਸ਼ੀ ਕਪੂਰ ਤੋਂ ਬੇਝਿਜਕ ਹੋ ਕੇ ਡਾਇਲਾਗਸ ਬੋਲਣਾ ਸਿੱਖਿਆ। ਭਗਵਾਨ ਦਾ ਸ਼ੁਕਰ ਹੈ ਕਿ ਇਨ੍ਹਾਂ ਮਹਾਨ ਕਲਾਕਾਰਾਂ ਤੋਂ ਹਰ ਵਾਰ ਕੁਝ ਨਾ ਕੁਝ ਸਿੱਖਿਆ। ਰਾਜ ਕੁਮਾਰ ਰਾਓ ਬਿਹਤਰ ਕਲਾਕਾਰ ਹੈ। ਉਨ੍ਹਾਂ ਨਾਲ ਮੈਂ ‘ਮੇਡ ਇਨ ਚਾਈਨਾ’ ਅਤੇ ‘ਜਜਮੈਂਟਲ ਹੈ ਕਯਾ’ ਵਰਗੀਆਂ ਫਿਲਮਾਂ ਕੀਤੀਆਂ। ਉਨ੍ਹਾਂ ਦੇ ਨਾਲ ਕੰਮ ਕਰਦੇ ਸਮੇਂ ਮੈਂ ਉਨ੍ਹਾਂ ਦੇ ਅੰਦਾਜ਼ ਦੀ ਦੀਵਾਨੀ ਹੋ ਗਈ।
* ਫਿਲਮ ਅਤੇ ਓ ਟੀ ਟੀ ਵਿੱਚ ਤੁਸੀਂ ਕੀ ਫਰਕ ਮਹਿਸੂਸ ਕਰਦੇ ਹੋ?
-ਓ ਟੀ ਟੀ ਉੱਤੇ ਮੈਂ ‘ਤਾਂਡਵ’ ਦਾ ਪਹਿਲਾ ਹਿੱਸਾ ਕਰ ਚੁੱਕੀ ਹਾਂ ਅਤੇ ਦੂਸਰਾ ਹਿੱਸਾ ਕਰਾਂਗੀ। ਵੈੱਬ ਸੀਰੀਜ਼ ‘ਡੋਂਗਰੀ ਸੇ ਦੁਬਈ’ ਦੀ ਸ਼ੂਟਿੰਗ ਵੀ ਮੈਂ ਮਡ ਆਇਲੈਂਡ ਵਿੱਚ ਕੀਤੀ ਹੈ, ਜੋ ਦਾਊਦ ਇਬਰਾਹੀਮ ਉੱਤੇ ਆਧਾਰਤ ਹੈ। ਇਨ੍ਹਾਂ ਵੈੱਬ ਸੀਰੀਜ਼ ਦਾ ਬਜਟ ਕਰੋੜਾਂ ਵਿੱਚ ਹੈ। ਫਿਲਮਾਂਕਣ ਅਤੇ ਮੇਕਿੰਗ ਵਿੱਚ ਇਹ ਫਿਲਮਾਂ ਤੋਂ ਉਨੀ ਨਹੀਂ, ਵੀਹ ਹਨ। ਫਿਲਮਾਂ ਅਤੇ ਓ ਟੀ ਟੀ ਉੱਤੇ ਕੰਮ ਕਰਦੇ ਹੋਏ ਮੈਨੂੰ ਕੋਈ ਫਰਕ ਮਹਿਸੂਸ ਨਹੀਂ ਹੁੰਦਾ।
* ਅਮਾਇਰਾ ਬੜਾ ਅਨੋਖਾ ਨਾਂਅ ਹੈ। ਕੀ ਇਸ ਨਾਂਅ ਦਾ ਕੋਈ ਮਤਲਬ ਵੀ ਹੈ?
-ਮੇਰੇ ਪਿਤਾ ਡਾਕਟਰ ਗੁਲਜ਼ਾਰ ਦਸਤੂਰ ਪਾਰਸੀ ਹਨ, ਪਰ ਮਾਂ ਡੇਲਨਾ ਦਸਤੂਰ ਈਰਾਨ ਦੀ ਪਾਰਸੀ ਹੈ। ਅਰਬੀ ਭਾਸ਼ਾ ਵਿੱਚ ਰਾਜ ਕੁਮਾਰੀ ਨੂੰ ਅਮਾਇਰਾ ਕਹਿੰਦੇ ਹਨ, ਇਸ ਲਈ ਮੇਰਾ ਨਾਂ ਅਰਬੀ ਵਿੱਚ ਅਮਾਇਰਾ ਰੱਖਿਆ ਗਿਆ।

Related posts

ਬਾਲੀਵੁੱਡ ਹੀਰੋਇਨ ਕੈਟਰੀਨਾ ਦੀ ਸੁੰਦਰਤਾ ਅਤੇ ਬਿਜ਼ਨਸ ਵੋਮੈਨ ਵਜੋਂ ਸਫ਼ਲਤਾ ਦਾ ਰਾਜ਼ !

admin

ਬੌਲੀਵੁੱਡ ਮੂਵੀ ਧੁਰੰਧਰ ਦੇ ਭਾਗ-2 ਨੇ ਕਮਾਈ ਦੇ ਪੱਖੋਂ ਨਵੇਂ ਰਿਕਾਰਡ ਕਾਇਮ ਕਰਨੇ ਸ਼ੁਰੂ ਕਰ ਦਿੱਤੇ !

admin

ਬਾਲੀਵੁੱਡ ਅਦਾਕਾਰਾ ਵਲੋਂ ਆਪਣੇ ਭਰਾ ਨੂੰ ਯੂਏਈ ਜੇਲ੍ਹ ‘ਚੋਂ ਰਿਹਾਅ ਕਰਾਉਣ ਲਈ ਪ੍ਰਧਾਨ ਮੰਤਰੀ ਮੋਦੀ ਨੂੰ ਅਪੀਲ !

admin