ਡਾਕਟਰ ਨੇ ਖੰਘ ਜੁਕਾਮ ਦੇ ਇੱਕ ਮਰੀਜ਼ ਨੂੰ ਕੁਝ ਦਵਾਈਆਂ ਲਿਖ ਕੇ ਦਿੱਤੀਆਂ। ਜੂਨ ਜੁਲਾਈ ਦੀ ਗਰਮੀ ਵਿੱਚ ਖਿਝ੍ਹਿਆ-ਖਪਿਆ ਮਰੀਜ਼ ਘੰਟੇ ਕੁ ਬਾਅਦ ਦੁਬਾਰਾ ਡਾਕਟਰ ਕੋਲ ਪਹੁੰਚ ਗਿਆ, “ਡਾਕਟਰ ਸਾਹਿਬ, ਇਸ ਪਰਚੀ ਵਿੱਚ ਤੁਸੀਂ ਜਿਹੜੀ ਦਵਾਈ ਸਭ ਤੋਂ ਉੱਪਰ ਲਿਖੀ ਹੈ, ਉਹ ਨਹੀਂ ਮਿਲ ਰਹੀ।”
ਡਾਕਟਰ ਨੇ ਪਰਚੀ ਵੇਖੀ ਤੇ ਥੋੜ੍ਹਾ ਜਿਹਾ ਹੱਸ ਕੇ ਬੋਲਿਆ, “ਇਹ ਦਵਾਈ ਨਹੀਂ ਹੈ। ਇਹ ਤਾਂ ਮੈਂ ਪੈੱਨ ਚੈੱਕ ਕਰਨ ਲਈ ਐਵੇਂ ਲਕੀਰਾਂ ਜਿਹੀਆਂ ਮਾਰੀਆਂ ਸਨ ਕਿ ਚੱਲਦਾ ਹੈ ਕਿ ਨਹੀਂ।”
ਸੜਿਆ ਬਲਿਆ ਮਰੀਜ਼ ਡਾਕਟਰ ਦੇ ਗਲ ਪੈ ਗਿਆ, “ਤੇਰਾ ਬੇੜਾ ਗਰਕ ਹੋ ਜਾਵੇ। ਤੇਰੇ ਇਸ ਪੈੱਨ ਚੈੱਕ ਕਰਨ ਦੇ ਚੱਕਰ ਵਿੱਚ ਮੈਂ ਦਵਾਈਆਂ ਦੀਆਂ 50 ਦੁਕਾਨਾਂ ਘੁੰਮ ਆਇਆਂ। ਸਾਰੇ ਇੱਕ ਤੋਂ ਵੱਧ ਇੱਕ ਸਨ। ਇੱਕ ਮੈਡੀਕਲ ਵਾਲਾ ਕਹਿੰਦਾ ਕਿ ਇਹ ਦਵਾਈ ਖਤਮ ਹੋ ਗਈ ਹੈ, ਕੱਲ੍ਹ ਨੂੰ ਮੰਗਵਾ ਦੇਵਾਂਗਾ। ਦੂਸਰਾ ਕਹਿਣ ਲੱਗਾ ਕਿ ਇਹ ਕੰਪਨੀ ਬੰਦ ਹੋ ਗਈ ਹੈ, ਦੂਸਰੀ ਕੰਪਨੀ ਦੀ ਲੈ ਜਾ। ਤੀਸਰਾ ਬੋਲਿਆ ਕਿ ਇਸ ਦਵਾਈ ਦੀ ਬਹੁਤ ਡਿਮਾਂਡ ਚੱਲ ਰਹੀ ਹੈ, ਇਹ ਤਾਂ ਬਲੈਕ ਵਿੱਚ ਹੀ ਮਿਲ ਸਕਦੀ ਹੈ। ਚੌਥਾ ਤਾਂ, ਸਾਲਾ ਸਾਰਿਆਂ ਦਾ ਬਾਪ ਨਿਕਲਿਆ। ਕਹਿਣ ਲੱਗਾ ਕਿ ਇਹ ਤਾਂ ਕੈਂਸਰ ਦੀ ਦਵਾਈ ਹੈ, ਕਿਸ ਨੂੰ ਹੋ ਗਿਆ ਕੈਂਸਰ?”