ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਸਾਬਕਾ ਕਾਂਗਰਸੀ ਵਿਧਾਇਕਾ ਡਾ. ਨਵਜੋਤ ਕੌਰ ਨੂੰ ਪਾਰਟੀ ਤੋਂ ਮੁਅੱਤਲ ਕਰ ਦਿੱਤਾ ਹੈ। ਉਨ੍ਹਾਂ ‘ਤੇ ਹਾਲ ਹੀ ਵਿੱਚ ਪਾਰਟੀ ਲਾਈਨ ਤੋਂ ਬਾਹਰ ਬਿਆਨ ਦੇਣ ਅਤੇ ਅਨੁਸ਼ਾਸਨਹੀਣਤਾ ਦਾ ਦੋਸ਼ ਲਗਾਇਆ ਗਿਆ ਸੀ। ਪੰਜਾਬ ਵਿੱਚ ਕਾਨੂੰਨ ਵਿਵਸਥਾ ਸਮੇਤ ਕਈ ਮੁੱਦਿਆਂ ‘ਤੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ. ਨਵਜੋਤ ਕੌਰ ਨੇ ਕਿਹਾ ਸੀ ਕਿ, “ਜੇਕਰ ਕਾਂਗਰਸ ਸਿੱਧੂ ਨੂੰ ਪੰਜਾਬ ਵਿੱਚ ਪਾਰਟੀ ਦਾ ਮੁੱਖ-ਮੰਤਰੀ ਚਿਹਰਾ ਐਲਾਨਦੀ ਹੈ ਤਾਂ ਉਨ੍ਹਾਂ ਦੇ ਪਤੀ ਸਰਗਰਮ ਰਾਜਨੀਤੀ ਵਿੱਚ ਵਾਪਸ ਆ ਜਾਣਗੇ। ਅਸੀਂ ਹਮੇਸ਼ਾ ਪੰਜਾਬ ਅਤੇ ਪੰਜਾਬੀਅਤ ਬਾਰੇ ਗੱਲ ਕਰਦੇ ਹਾਂ। ਪਰ ਸਾਡੇ ਕੋਲ ਮੁੱਖ-ਮੰਤਰੀ ਦੀ ਕੁਰਸੀ ‘ਤੇ ਬਿਰਾਜਮਾਨ ਹੋਣ ਲਈ 500 ਕਰੋੜ ਰੁਪਏ ਨਹੀਂ ਹਨ।” ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਕੋਈ ਉਨ੍ਹਾਂ ਤੋਂ ਪੈਸੇ ਮੰਗਦਾ ਹੈ ਤਾਂ ਉਨ੍ਹਾਂ ਨੇ ਨਾਂਹ ਵਿੱਚ ਜਵਾਬ ਦਿੱਤਾ ਪਰ ਅੱਗੇ ਕਿਹਾ ਕਿ, “ਜੋ ਕੋਈ 500 ਕਰੋੜ ਰੁਪਏ ਵਾਲਾ ਸੂਟਕੇਸ ਦਿੰਦਾ ਹੈ ਉਹ ਮੁੱਖ-ਮੰਤਰੀ ਬਣ ਜਾਂਦਾ ਹੈ।”
ਡਾ. ਨਵਜੋਤ ਕੌਰ ਦੇ ਬਿਆਨਾਂ ਤੋਂ ਬਾਅਦ ਸਿਆਸੀ ਵਿਵਾਦ ਖੜ੍ਹਾ ਹੋਣ ਤੋਂ ਬਾਅਦ ਉਨ੍ਹਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀਆਂ ਸਪੱਸ਼ਟ ਟਿੱਪਣੀਆਂ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ। ਹਾਲਾਂਕਿ, ਸੋਮਵਾਰ ਨੂੰ ਪੰਜਾਬ ਕਾਂਗਰਸ ਪ੍ਰਧਾਨ ਨੇ ਡਾ. ਨਵਜੋਤ ਕੌਰ ਨੂੰ ਮੁਅੱਤਲ ਕਰਨ ਦਾ ਹੁਕਮ ਜਾਰੀ ਕਰ ਦਿੱਤਾ।
ਡਾ. ਨਵਜੋਤ ਕੌਰ ਨੇ 6 ਦਸੰਬਰ ਨੂੰ ਦਾਅਵਾ ਕੀਤਾ ਸੀ ਕਿ ਮੁੱਖ-ਮੰਤਰੀ ਦੀ ਸੀਟ ਅਤੇ ਟਿਕਟ ਦੇ ਬਦਲੇ ਪੰਜਾਬ ਕਾਂਗਰਸ ਦੇ ਅੰਦਰ ਕਰੋੜਾਂ ਰੁਪਏ ਦੇ ਸੌਦੇ ਕੀਤੇ ਗਏ ਸਨ। ਡਾ. ਨਵਜੋਤ ਕੌਰ ਨੇ ਦਾਅਵਾ ਕੀਤਾ ਸੀ ਕਿ ਤਰਨਤਾਰਨ ਉਪ-ਚੋਣ ਵਿੱਚ ਕਾਂਗਰਸੀ ਉਮੀਦਵਾਰ ਕਰਨਬੀਰ ਸਿੰਘ ਬੁਰਜ ਲਈ ਟਿਕਟ ਪ੍ਰਾਪਤ ਕਰਨ ਵਾਸਤੇ 5 ਕਰੋੜ ਰੁਪਏ ਲਏ ਗਏ ਸਨ ਜਿਸਦੀ ਕੁੱਲ ਰਕਮ 11 ਕਰੋੜ ਰੁਪਏ ਤੱਕ ਪਹੁੰਚ ਗਈ ਸੀ। ਉਨ੍ਹਾਂ ਦਾਅਵਾ ਕੀਤਾ ਕਿ ਇਹ ਸੀਨੀਅਰ ਆਗੂਆਂ ਦੀ ਜਾਣਕਾਰੀ ਨਾਲ ਕੀਤਾ ਗਿਆ ਸੀ ਤੇ ਕਈ ਕੌਂਸਲਰ ਗਵਾਹੀ ਦੇਣ ਲਈ ਤਿਆਰ ਹਨ ਅਤੇ ਉਸਦੇ ਕੋਲ ਕਾਲ ਰਿਕਾਰਡਿੰਗਾਂ ਵੀ ਮੌਜੂਦ ਹਨ।
ਡਾ. ਨਵਜੋਤ ਕੌਰ ਨੇ ਹੁਣ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ‘ਤੇ ਗੰਭੀਰ ਦੋਸ਼ ਲਾਏ ਹਨ। ਡਾ. ਨਵਜੋਤ ਕੌਰ ਨੇ ਕਿਹਾ ਹੈ ਕਿ,”ਮੈਂ ਇੱਕ ਅਸੰਵੇਦਨਸ਼ੀਲ, ਗੈਰ-ਜ਼ਿੰਮੇਵਾਰ, ਨੈਤਿਕ ਤੌਰ ‘ਤੇ ਬੇਈਮਾਨ ਅਤੇ ਭ੍ਰਿਸ਼ਟ ਪ੍ਰਧਾਨ ਦੇ ਨਾਲ ਖੜ੍ਹਨ ਤੋਂ ਇਨਕਾਰ ਕਰਦੀ ਹਾਂ। ਮੈਂ ਆਪਣੇ ਸਾਰੇ ਭਰਾਵਾਂ ਅਤੇ ਭੈਣਾਂ ਦੇ ਨਾਲ ਖੜ੍ਹੀ ਹਾਂ ਜੋ ਉਸਦੀ ਅਯੋਗਤਾ ਅਤੇ ਗੈਰ-ਜ਼ਿੰਮੇਵਾਰਾਨਾ ਵਿਵਹਾਰ ਤੋਂ ਦੁਖੀ ਹਨ। ਮੈਨੂੰ ਹੈਰਾਨੀ ਹੈ ਕਿ ਮੁੱਖ-ਮੰਤਰੀ ਉਸਨੂੰ ਕਿਉਂ ਬਚਾਅ ਕਿਉਂ ਰਿਹਾ ਹੈ। ਨਵਜੋਤ ਕੌਰ ਨੇ ਕਾਂਗਰਸ ਪਾਰਟੀ ਨੂੰ ਵੰਡਣ ਅਤੇ ਕਈ ਮਾਮਲਿਆਂ ਵਿੱਚ ਗ੍ਰਿਫਤਾਰੀ ਤੋਂ ਬਚਣ ਲਈ ਮੁੱਖ-ਮੰਤਰੀ ਭਗਵੰਤ ਮਾਨ ਨਾਲ ਮਿਲੀਭੁਗਤ ਦਾ ਦੋਸ਼ ਲਗਾਇਆ ਹੈ। ਉਸਨੇ ਲਿਖਿਆ, “ਐਸਸੀ/ ਐਸਟੀ ਐਕਟ ਤਹਿਤ ਗ੍ਰਿਫਤਾਰੀ, ਬੱਸ ਬਾਡੀ ਕੇਸ ਅਤੇ 2,500 ਏਕੜ ਜ਼ਮੀਨ ਹੜੱਪਣ ਦਾ ਤੁਹਾਡਾ ਮਾਮਲਾ, ਜੋ ਮੈਂ ਪੀਐਮਓ, ਪੰਜਾਬ ਦੇ ਰਾਜਪਾਲ, ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਨੂੰ ਭੇਜਿਆ ਹੈ। ਮੁੱਖ-ਮੰਤਰੀ ਭਗਵੰਤ ਮਾਨ, ਕਿਰਪਾ ਕਰਕੇ ਦੱਸੋ ਕਿ ਤੁਸੀਂ ਉਸਨੂੰ ਕਿਉਂ ਬਚਾਅ ਰਹੇ ਹੋ? ਡਾ. ਨਵਜੋਤ ਕੌਰ ਨੇ ਅੱਗੇ ਕਿਹਾ ਹੈ ਕਿ, “ਰਾਜਾ ਵੜਿੰਗ, ਵਾਹਿਗੁਰੂ ਜੀ ਨੇ ਮੈਨੂੰ ਆਪਣੀ ਕਿਰਪਾ ਨਾਲ ਪੰਜਾਬ ਨੂੰ ਤੁਹਾਡੇ ਤੋਂ ਬਚਾਉਣ ਦੀ ਬਖਸ਼ਿਸ਼ ਕੀਤੀ ਹੈ। ਤੁਸੀਂ ਪੰਜਾਬ ਕਾਂਗਰਸ ਨੂੰ ਟੁਕੜੇ-ਟੁਕੜੇ ਕਰ ਦਿੱਤਾ ਹੈ ਅਤੇ ਤੁਸੀਂ ਕਈ ਮਾਮਲਿਆਂ ਵਿੱਚ ਗ੍ਰਿਫ਼ਤਾਰੀ ਤੋਂ ਬਚਣ ਲਈ ਮੁੱਖ-ਮੰਤਰੀ ਦੇ ਪੈਰ ਚੱਟ ਰਹੇ ਹੋ ਅਤੇ ਉਨ੍ਹਾਂ ਦੇ ਇਸ਼ਾਰਿਆਂ ‘ਤੇ ਨੱਚ ਰਹੇ ਹੋ। ਰਾਜਾ ਵੜਿੰਗ, ਤੁਸੀਂ ਕੀ ਕਹਿੰਦੇ ਹੋ? ਤੁਸੀਂ ਅਤੇ ਤੁਹਾਡੀ ਟੀਮ ਸਿਰਫ਼ ਨਵਜੋਤ ਸਿੰਘ ਸਿੱਧੂ ਨੂੰ ਤਬਾਹ ਕਰਨ ‘ਤੇ ਕੇਂਦ੍ਰਿਤ ਸੀ ਜੋ ਤੁਹਾਡਾ ਸਲਾਹਕਾਰ ਸੀ ਅਤੇ ਜਿਸਨੇ ਤੁਹਾਨੂੰ ਮੰਤਰੀ ਬਨਾਉਣ ਦੇ ਲਈ ਸਟੈਂਡ ਲਿਆ ਸੀ। ਤੁਸੀਂ ਸਿਰਫ਼ ਨਵਜੋਤ ਸਿੰਘ ਸਿੱਧੂ ਦੇ ਸਮਰਥਕਾਂ ਨਾਲ ਲੜਨ ਅਤੇ ਉਨ੍ਹਾਂ ਨੂੰ ਅਪਮਾਨਿਤ ਕਰਨ ‘ਤੇ ਕੇਂਦ੍ਰਿਤ ਰਹੇ। ਇਸਦਾ ਜਵਾਬ ਦਿਓ। ਰਾਜਾ ਵੜਿੰਗ, ਜੇਕਰ ਤੁਹਾਨੂੰ ਆਪਣੀ ਪਾਰਟੀ ਨਾਲ ਕੋਈ ਪਿਆਰ ਸੀ, ਤਾਂ ਤੁਹਾਨੂੰ ਉਸ ਦਿਨ ਅਸਤੀਫਾ ਦੇ ਦੇਣਾ ਚਾਹੀਦਾ ਸੀ ਜਿਸ ਦਿਨ ਤੁਸੀਂ ਵਾਰ-ਵਾਰ ਮੂਰਖਤਾਪੂਰਨ, ਬੇਕਾਰ ਟਿੱਪਣੀਆਂ ਕੀਤੀਆਂ ਅਤੇ ਇਕੱਲੇ ਹੀ ਤਰਨਤਾਰਨ ਵਿੱਚ ਆਪਣੀ ਪਾਰਟੀ ਨੂੰ ਹਾਰ ਦਿੱਤੀ, ਜਿੱਥੇ ਬਾਜਵਾ ਜੀ, ਚੰਨੀ ਜੀ, ਸੁੱਖੀ ਰੰਧਾਵਾ ਜੀ, ਐਮਪੀ ਔਜਲਾ ਅਤੇ ਇਮਾਨਦਾਰ ਕਾਂਗਰਸੀ ਵਰਕਰ ਕਾਂਗਰਸੀ ਉਮੀਦਵਾਰ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਦਿਨ-ਰਾਤ ਕੰਮ ਕਰ ਰਹੇ ਸਨ। ਡਾ. ਨਵਜੋਤ ਕੌਰ ਨੇ ਇਹ ਵੀ ਦੋਸ਼ ਲਾਇਆ ਕਿ, “ਜਦੋਂ ਉਨ੍ਹਾਂ ਦੇ ਪਤੀ ਨਵਜੋਤ ਸਿੱਧੂ ਨੇ ਚੋਣ ਲੜੀ ਸੀ ਤਾਂ ਕਾਂਗਰਸੀ ਆਗੂਆਂ ਦੁਆਰਾ ਖੁੱਲ੍ਹਕੇ ਅਕਾਲੀ ਦਲ ਦੇ ਉਮੀਦਵਾਰ ਬਿਕਰਮ ਸਿੰਘ ਮਜੀਠੀਆ ਦਾ ਸਮਰਥਨ ਕਰਨ ‘ਤੋਂ ਪਾਰਟੀ ਨੇ ਅੱਖਾਂ ਮੀਟ ਲਈਆਂ ਸਨ। ਜਦੋਂ ਕਾਂਗਰਸੀ ਆਗੂ ਨਵਜੋਤ ਸਿੱਧੂ ਦੀ ਚੋਣ ਦੌਰਾਨ ਖੁੱਲ੍ਹ ਕੇ ਅਕਾਲੀ ਦਲ ਦੇ ਉਮੀਦਵਾਰ ਮਜੀਠੀਆ ਦਾ ਸਮਰਥਨ ਕਰ ਰਹੇ ਸਨ ਤਾਂ ਅਨੁਸ਼ਾਸਨ ਕਮੇਟੀ ਕਿੱਥੇ ਸੁੱਤੀ ਪਈ ਸੀ? ਜਦੋਂ ਕਾਂਗਰਸ ਆਗੂ ਖੁੱਲ੍ਹ ਕੇ ਦੂਜੀਆਂ ਪਾਰਟੀਆਂ ਦੇ ਸਮਰਥਨ ਕਾਰਣ ਹਾਰ ਜਾਂਦੇ ਹਨ ਤਾਂ ਇਹ ਕਮੇਟੀ ਕਿਉਂ ਸੁੱਤੀ ਰਹੀ? ਅਤੇ ਤੁਸੀਂ ਉਨ੍ਹਾਂ ਨੂੰ ਜ਼ਿਲ੍ਹਾ ਪ੍ਰਧਾਨ ਬਣਾ ਦਿੱਤਾ?”
ਇਸ ਦੌਰਾਨ ਕੇਂਦਰੀ ਮੰਤਰੀ ਅਤੇ ਭਾਜਪਾ ਨੇਤਾ ਰਵਨੀਤ ਸਿੰਘ ਬਿੱਟੂ ਨੇ ਕਾਂਗਰਸ ਪਾਰਟੀ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ, “ਪੰਜਾਬ ਵਿੱਚ ਝਾੜੂ ਟੁੱਟਣ ਤੋਂ ਪਹਿਲਾਂ ਹੀ ਕਾਂਗਰਸ ਟੁੱਟ ਗਈ ਹੈ।” ਭਾਜਪਾ ਦੇ ਰਾਸ਼ਟਰੀ ਬੁਲਾਰੇ ਸ਼ਹਿਜ਼ਾਦ ਪੂਨਾਵਾਲਾ ਨੇ ਕਿਹਾ ਕਿ, “ਡਾ. ਨਵਜੋਤ ਕੌਰ ਨੂੰ ਤੁਰੰਤ ਪ੍ਰਭਾਵ ਨਾਲ ਕਾਂਗਰਸ ਪਾਰਟੀ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਮੁੱਖ-ਮੰਤਰੀ ਅਹੁਦੇ ਲਈ 500 ਕਰੋੜ ਰੁਪਏ ਦਾ ਨਤੀਜਾ। ਇੱਕ ਫਤਵਾ ਜਾਰੀ ਕੀਤਾ ਗਿਆ ਅਤੇ ਉਨ੍ਹਾਂ ਨੂੰ ਸੱਚ ਬੋਲਣ ਦੀ ਸਜ਼ਾ ਦਿੱਤੀ ਗਈ।” ਆਪ ਨੇਤਾ ਅਤੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਾਂਗਰਸ ਲੀਡਰਸ਼ਿਪ ਨੂੰ ਨਵਜੋਤ ਕੌਰ ਸਿੱਧੂ ਦੇ ਦੋਸ਼ਾਂ ਦਾ ਜਵਾਬ ਦੇਣ ਲਈ ਚੁਣੌਤੀ ਦਿੱਤੀ ਹੈ। ਕਈ ਕਾਂਗਰਸੀ ਆਗੂਆਂ ਨੇ ਇਨ੍ਹਾਂ ਦੋਸ਼ਾਂ ਨੂੰ ਝੂਠਾ ਕਰਾਰ ਦਿੱਤਾ ਹੈ। ਪ੍ਰਗਟ ਸਿੰਘ ਨੇ ਕਿਹਾ ਹੈ ਕਿ, “ਉਨ੍ਹਾਂ ਨੂੰ ਕਦੇ ਵੀ ਅਜਿਹੀ ਮੰਗ ਦਾ ਸਾਹਮਣਾ ਨਹੀਂ ਕਰਨਾ ਪਿਆ ਅਤੇ ਇਹ ਸੰਭਾਵਤ ਤੌਰ ‘ਤੇ ਡਾ. ਨਵਜੋਤ ਕੌਰ ਦੀ ਨਿੱਜੀ ਰਾਇ ਹੈ। ਕਾਂਗਰਸ ਸੰਸਦ ਮੈਂਬਰ ਸੁਖਜਿੰਦਰ ਰੰਧਾਵਾ ਨੇ ਡਾ. ਨਵਜੋਤ ਕੌਰ ਦੇ ਦਾਅਵੇ ‘ਤੇ ਹੈਰਾਨੀ ਪ੍ਰਗਟ ਕੀਤੀ ਹੈ। ਪੰਜਾਬ ਦੇ ਸਾਬਕਾ ਉਪ-ਮੁੱਖ ਮੰਤਰੀ ਰੰਧਾਵਾ ਨੇ ਇਹ ਵੀ ਕਿਹਾ ਕਿ ਕਾਂਗਰਸ ਪਾਰਟੀ ਨੂੰ ਕਿਸੇ ਹੋਰ ਤੋਂ ਨਹੀਂ ਸਗੋਂ ਆਪਣੇ ਲੋਕਾਂ ਤੋਂ ਹੀ ਖ਼ਤਰਾ ਹੈ। ਇਹ ਮੰਦਭਾਗਾ ਹੈ ਕਿ ਡਾ. ਨਵਜੋਤ ਕੌਰ ਨੇ ਅਜਿਹਾ ਬਿਆਨ ਦਿੱਤਾ ਹੈ। ਨਵਜੋਤ ਸਿੱਧੂ ਭਾਜਪਾ ਤੋਂ ਕਾਂਗਰਸ ਵਿੱਚ ਸ਼ਾਮਲ ਹੋਏ ਅਤੇ ਉਨ੍ਹਾਂ ਨੂੰ ਮੰਤਰੀ ਬਣਾਇਆ ਗਿਆ ਸੀ।” ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਜੋ ਪਹਿਲਾਂ ਕਾਂਗਰਸ ਵਿੱਚ ਸਨ, ਨੇ ਕਿਹਾ ਹੈ ਕਿ, “ਉਨ੍ਹਾਂ ਨੇ ਰਿਸ਼ਵਤ ਬਾਰੇ ਅਜਿਹੀਆਂ ਚਰਚਾਵਾਂ ਸੁਣੀਆਂ ਹਨ। ਇੱਕ ਸਾਬਕਾ ਮੁੱਖ-ਮੰਤਰੀ ਨੇ ਉਨ੍ਹਾਂ ਨੂੰ ਇਹ ਕਿਹਾ ਸੀ ਕਿ, “ਮੈਂ ਕੋਈ ਪੰੁਨ ਨੀਂ ਕਮਾਇਆ, 350 ਕਰੋੜ ਰੁਪਏ ਦਿੱਤੇ ਤਾਂ ਕੁਰਸੀ ਮਿਲੀ ਹੈ।”
ਸਿੱਧੂ ਪਰਿਵਾਰ ਜੋ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਰਾਜਨੀਤਿਕ ਦ੍ਰਿਸ਼ ਤੋਂ ਗਾਇਬ ਸੀ ਇੱਕ ਵਾਰ ਫਿਰ 2027 ਚੋਣਾਂ ਦੇ ਲਈ ਸਰਗਰਮ ਹੋ ਗਿਆ ਜਾਪਦਾ ਹੈ। ਕਾਂਗਰਸ ਦੇ ਅੰਦਰਲੇ ਸੂਤਰਾਂ ਦਾ ਮੰਨਣਾ ਹੈ ਕਿ ਸਿੱਧੂ ਅਤੇ ਚੰਨੀ ਟਕਰਾਅ ਦੇ ਕਾਰਣ ਪਾਰਟੀ ਨੂੰ 2022 ਵਿੱਚ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਕਾਂਗਰਸ 2027 ਵਿੱਚ ਪੰਜਾਬ ਵਿੱਚ ਸੱਤਾ ਵਿੱਚ ਵਾਪਸ ਆਉਣ ਦੀ ਉਮੀਦ ਕਰ ਰਹੀ ਹੈ ਪਰ ਪਾਰਟੀ ਅੰਦਰ ਧੜੇਬੰਦੀ ਅਤੇ ਡਾ. ਨਵਜੋਤ ਕੌਰ ਦੇ ਤਾਜ਼ਾ ਬਿਆਨਾਂ ਨੇ ਪਾਰਟੀ ਦੀਆਂ ਚਿੰਤਾਵਾਂ ਹੋਰ ਵਧਾ ਦਿੱਤੀਆਂ ਹਨ।
