Articles

ਡਿਜੀਟਲ ਪਾੜਾ ਅਤੇ ਇਸ ਦੇ ਪ੍ਰਭਾਵ !

ਬਿਜਲਈ ਜਨ ਸੰਚਾਰ ਦੇ ਸਾਧਨ ਆਡੀਓ, ਵੀਡੀਓ, ਇੰਟਰਨੈੱਟ, ਮੋਬਾਈਲ ਅਤੇ ਸੋਸ਼ਲ ਮੀਡੀਆ ਵਗੈਰਾ ਜਨ ਸੰਚਾਰ ਦਾ ਆਦਾਨ ਪ੍ਰਦਾਨ ਕਰਦੇ ਹਨ।
ਲੇਖਕ: ਸੁਖਪਾਲ ਸਿੰਘ ਗਿੱਲ,
ਅਬਿਆਣਾਂ ਕਲਾਂ

ਬਿਜਲਈ ਜਨ ਸੰਚਾਰ ਦੇ ਸਾਧਨ ਆਡੀਓ, ਵੀਡੀਓ, ਇੰਟਰਨੈੱਟ, ਮੋਬਾਈਲ ਅਤੇ ਸੋਸ਼ਲ ਮੀਡੀਆ ਵਗੈਰਾ ਜਨ ਸੰਚਾਰ ਦਾ ਆਦਾਨ ਪ੍ਰਦਾਨ ਕਰਦੇ ਹਨ। ਇਹ ਪ੍ਰਿੰਟ ਮੀਡੀਏ ਨੂੰ ਪਿੱਛੇ ਛੱਡ ਗਏ ਹਨ। ਅਜੋਕੇ ਸਮੇਂ ਵਿੱਚ ਇਸ ਦੀ ਵਧੇਰੇ ਮਹੱਤਤਾ ਹੈ। ਪਰ ਇਸ ਦਾ ਨਾਂਹ-ਪੱਖੀ ਪ੍ਰਭਾਵ ਇਹ ਵੀ ਹੈ ਕਿ ਜੋ ਮਰਜ਼ੀ ਇਹਨਾਂ ਰਾਹੀਂ ਫੈਲਾਈ ਜਾਵੇ, ਜਿੱਦਾਂ ਦੀ ਸੋਚ ਉਸਨੂੰ ਹੀ ਅੱਗੇ ਤੌਰੀ ਜਾਂਦੇ। ਅਗਲੇ ਪਾਸੇ ਵਾਲਾ ਵੀ ਨਿਤਾਰਾ ਕਰਨ ਦੀ ਬਜਾਏ ਬਿਨਾਂ ਸੋਚੇ ਸਮਝੇ ਆਪ ਪੜ੍ਹ ਸੁਣ ਕੇ ਅੱਗੇ ਤੋਰੀ ਜਾਂਦੇ ਹਨ। ਸ਼ੈਕਸਪੀਅਰ ਦਾ ਕਥਨ ਹੈ, “ਕੁੱਝ ਵੀ ਚੰਗਾ ਮਾੜਾ ਨਹੀਂ ਹੁੰਦਾ, ਕੇਵਲ ਸੋਚ ਹੀ ਇਸਨੂੰ ਅਜਿਹਾ ਬਣਾਉਂਦੀ ਹੈ” ਆਪਣੇ ਆਲੇ ਦੁਆਲੇ ਵਾਪਰਦੇ ਘਟਨਾ ਕ੍ਰਮ ਵਿੱਚ ਸਿਆਣੇ ਬਣਨ ਦੀ ਲੋੜ ਹੈ । ਫੈਸਲਾ ਵਿਚਾਰ ਕੇ ਕਰੋ। ਆਪਣੇ ਵਿਚਾਰ ਸੋਚ ਸਮਝ ਕੇ ਅੱਗੇ ਭੇਜਣੇ ਚਾਹੀਦੇ ਹਨ ਜੋ ਵਿਚਾਰ ਆਪਣੇ ਕੋਲ ਆਉਣ ਉਹਨਾਂ ਉੱਤੇ ਵਿਚਾਰ ਕਰਨੀ ਚਾਹੀਦੀ ਹੈ। ਗਲਤ ਵਿਚਾਰਾਂ ਨੂੰ ਪਰੇ ਸੁੱਟ ਦੇਣਾ ਚਾਹੀਦਾ ਹਨ। ਬਿਨਾਂ ਸੋਚੇ ਸਮਝੇ ਸੋਸ਼ਲ ਮੀਡੀਆ ਤੇ ਵਿਚਾਰ ਪੋਸਟ ਨੂੰ ਅੱਗੇ ਕਰ ਦੇਣ ਵਾਲੇ ਵਿਅਕਤੀ ਦੀ ਮਾਨਸਿਕਤਾ ਖੜ੍ਹੇ ਪਾਣੀ ਵਰਗੀ ਹੁੰਦੀ ਹੈ ਜਿਸ ਵਿੱਚ ਕੀੜੇ ਪੈਦਾ ਹੋਏ ਹੁੰਦੇ ਹਨ। ਅੱਜ ਮੋਬਾਈਲ ਫੋਨ ਖੋਲਦੇ ਹੀ ਅਨੇਕਾਂ ਅਸ਼ਲੀਲ ਪੋਸਟਾਂ, ਵੀਡੀਓਜ਼ ਅਤੇ ਕਾਰਟੂਨ ਸਾਹਮਣੇ ਆ ਜਾਂਦੇ ਹਨ , ਪ੍ਰੀਵਾਰ ਵਿੱਚ ਠਿੱਠ ਹੋਣਾ ਪੈਂਦਾ ਹੈ। ਇਹਨਾਂ ਨੂੰ ਇਗਨੋਰ ਕਰਨਾ ਜਾਂ ਕੱਟ ਦੇਣਾ ਹੀ ਬੁੱਧੀਮਾਨੀ ਹੈ। ਅੱਜ ਦੇ ਡਿਜੀਟਲ ਯੁੱਗ ਵਿੱਚ ਚੰਗੇ ਮਾੜੇ ਪ੍ਰਭਾਵਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਤਾਂ ਜੋ ਸਮਾਜ ਵਿੱਚ ਅਸੰਤੁਲਨ ਨਾ ਬਣੇ, ਬਲਕਿ ਸ਼ਹਿਣਸ਼ੀਲਤਾ ਬਣੀ ਰਹੇ। ਬੇਲਗਾਮ ਸੋਸ਼ਲ ਮੀਡੀਏ ਨੂੰ ਕਿਸੇ ਦਾਇਰੇ ਅਧੀਨ ਕਰਨਾ ਚਾਹੀਦਾ ਹੈ ਤਾਂ ਜੋ ਅਸੱਭਿਅਕ ਅਤੇ ਬੁਰੇ ਵਿਚਾਰਾਂ ਨੂੰ ਨੱਥ ਪਾਈ ਜਾ ਸਕੇ। ਬੱਚਿਆਂ ਤੋਂ ਇਲੈਕਟ੍ਰਾਨਿਕ ਅੰਗਾਂ ਨੂੰ ਅਸ਼ਲੀਲਤਾ ਦੇ ਡਰੋਂ ਦੂਰ ਰੱਖਿਆ ਜਾਵੇ। ਇਸ ਡਿਜੀਟਲ ਯੁੱਗ ਵਿੱਚ ਸੋਸ਼ਲ ਮੀਡੀਏ ਦੀ ਦੁਰਵਰਤੋਂ ਕੂਟਨੀਤਕ ਅਤੇ ਸਥਾਨਕ ਸੰਬੰਧਾਂ ਨੂੰ ਪ੍ਰਭਾਵਿਤ ਕਰਦੀ ਹੈ। ਫਿਰਕੂ ਉਕਸਾਹਟ ਵਿੱਚ ਸੋਸ਼ਲ ਮੀਡੀਆ ਰਾਹੀਂ ਫੈਲਾਈਆਂ ਜਾਣਕਾਰੀਆਂ ਘਾਤਕ ਹੁੰਦੀਆਂ ਹਨ। ਫਿਰਕੂਵਾਦ ਵਿਕਾਸ ਦਾ ਰੋੜਾ ਬਣ ਜਾਂਦਾ ਹੈ।

ਸੋਸ਼ਲ ਮੀਡੀਏ ਨੂੰ ਜ਼ਾਬਤੇ ਦੇ ਅਧੀਨ ਰੱਖਣਾ ਹਰ ਸੂਝਵਾਨ ਨਾਗਰਿਕ ਦਾ ਫਰਜ਼ ਹੈ। ਨਾਂਹ -ਪੱਖੀ ਪ੍ਰਭਾਵਾਂ ਲਈ ਹਰ ਨੌਜਵਾਨ ਅੱਗੇ ਆਵੇ। ਇਸ ਦੀ ਨਜਾਇਜ਼ ਵਰਤੋਂ ਨਾਲ ਲੋਕਤੰਤਰ ਦੇ ਰੂਝਾਨ ਅਤੇ ਸ਼ਾਨੋ ਸ਼ੌਕਤ ਨੂੰ ਮੰਜ਼ਿਲ ਤੱਕ ਨਹੀਂ ਪਹੁੰਚਾਇਆ ਜਾ ਸਕਦਾ। ਇਸ ਵਰਤਾਰੇ ਨਾਲ ਆਮ ਲੋਕਾਈ ਵਿੱਚ ਨਿਰਾਸ਼ਾ ਦਾ ਆਲਮ ਪੈਦਾ ਹੁੰਦਾ ਹੈ। ਪੜ੍ਹੇ ਲਿਖੇ ਅਤੇ ਜਾਣਕਾਰ ਤਾਂ ਸਮਝ ਲੈਂਦੇ ਹਨ, ਪਰ ਅਣਜਾਣ ਵਿਅਕਤੀ ਇਸ ਦੀਆਂ ਪੋਸਟਾਂ ਨੂੰ ਸਹੀ ਹੀ ਮੰਨ ਕੇ ਬੇਲੋੜੀ ਬਹਿਸ ਵਿੱਚ ਹਿੱਸਾ ਲੈਂਦਾ ਹੈ। ਕਾਰਪੋਰੇਟ ਦੇ ਗਲਬੇ ਅਧੀਨ ਕਈ ਵਾਰ ਸੋਸ਼ਲ ਮੀਡੀਆ ਕਦਰਾਂ ਕੀਮਤਾਂ ਨੂੰ ਢਾਅ ਲਾ ਦਿੰਦਾ ਹੈ। ਕਈ ਦੇਸ਼ਾਂ ਨੇ ਤਾਂ ਇਸ ਉੱਤੇ ਸ਼ਿਕੰਜਾ ਕੱਸਿਆ ਹੈ। ਬਦਕਿਸਮਤੀ ਇਹ ਹੈ ਇਸ ਦੇ ਪ੍ਰਭਾਵ ਹੇਠ ਆਇਆ ਨੂੰ ਸਮਝਾਉਣਾ ਵਸੋ ਬਾਹਰ ਦੀ ਗੱਲ ਹੋ ਜਾਂਦੀ ਹੈ।ਇਹ ਲੋਕ ਸੋਸ਼ਲ ਮੀਡੀਆ ਦੇ ਪ੍ਰਚਾਰ ਪ੍ਰਸਾਰ ਨੂੰ ਸੱਚ ਮੰਨ ਲੈਂਦੇ ਹਨ। ਅਜਿਹੇ ਵਰਗ ਦੀ ਕਚਹਿਰੀ ਵਿੱਚ ਸਹੀ ਅਤੇ ਸੱਚੀ ਜਾਣਕਾਰੀ ਲੰਬਿਤ ਪਈ ਰਹਿੰਦੀ ਹੈ। ਚੁਸਤ ਚਲਾਕ ਲੋਕ ਅਜਿਹੀ ਮਾਨਸਿਕਤਾ ਨੂੰ ਆਪਣੇ ਹਿੱਤਾਂ ਲਈ ਵਰਤ ਲੈਂਦੇ ਹਨ। ਸੱਚੀ ਗੱਲ ਦੀ ਹਾਮੀ ਭਰਨ ਵਾਲੇ ਕੁੱਝ ਹੀ ਰਹਿ ਜਾਂਦੇ ਹਨ। ਫਿਰਕਾਪ੍ਰਸਤੀ,ਊਟ ਪਟਾਂਗ ਅਤੇ ਅਸ਼ਲੀਲਤਾ ਅਜਿਹੇ ਮੌਕਿਆਂ ਤੇ ਉੱਪਰ ਚਲੀ ਜਾਂਦੀ ਹੈ। ਸਾਂਝੀਵਾਲਤਾ ਅਤੇ ਕੌਮੀ ਪਿਆਰ ਨੂੰ ਤਿਲਾਂਜਲੀ ਦੇ ਦਿੱਤੀ ਜਾਂਦੀ ਹੈ। ਸਮਾਜ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪੈਂਦਾ ਹੈ।ਆਊਟਸੋਰਸ ਅਤੇ ਠੇਕੇ ਤੇ ਅਧਾਰਿਤ ਮੁਲਾਜ਼ਮ ਵਰਗ ਆਪਣੀ ਅਸੁਰੱਖਿਆ ਦੇਖਦੇ ਹੋਏ ਇਸ ਦੀ ਦੁਰਵਰਤੋਂ ਕਰਦੇ ਹਨ।
ਸਾਡੇ ਮੁਲਕ ਦਾ ਪ੍ਰਭਾਵ ਵਿਦੇਸ਼ਾਂ ਵਿੱਚ ਕਾਫ਼ੀ ਵੱਧ ਰਿਹਾ ਹੈ। ਇਸ ਲਈ ਸੋਸ਼ਲ ਮੀਡੀਆ ਦੀ ਦੁਰਵਰਤੋਂ ਅਤੇ ਪ੍ਰਭਾਵਾਂ ਨੂੰ ਸੋਚ ਵਿਚਾਰ ਕੇ ਹੀ ਕਰਨਾ ਚਾਹੀਦਾ ਹੈ। ਕਈ ਵਾਰ ਪੁਆੜਾ ਡਿਜੀਟਲ ਦੀ ਦੁਰਵਰਤੋਂ ਵਿੱਚੋਂ ਉਪਜਦਾ ਹੈ। ਸਕੂਲ ਪੱਧਰ ‘ਤੇ ਡਿਜੀਟਲ ਪਾੜਾ ਖ਼ਤਮ ਹੋਣਾ ਚਾਹੀਦਾ ਹੈ। ਪ੍ਰਾਈਵੇਟ ਅਤੇ ਸਰਕਾਰੀ ਸਕੂਲਾਂ ਵਿੱਚ ਇਹ ਪਾੜਾ ਦਿੱਖਦਾ ਹੈ। ਪਿਛਲੇ ਸਾਲ ਦੀ ਰਿਪੋਰਟ ਅਨੁਸਾਰ ਪੰਜਾਬ ਦੇ 47% ਸਕੂਲਾਂ ਵਿੱਚ ਇੰਟਰਨੈਟ ਦੀ ਸਹੂਲਤ ਹੈ ਜਦ ਕਿ ਗਵਾਂਢੀ ਸੂਬੇ ਹਰਿਆਣਾ ਦੇ 29% ਸਕੂਲਾਂ ਵਿੱਚ ਇੰਟਰਨੈਟ ਦੀ ਸਹੂਲਤ ਹੈ। ਪੰਜਾਬ ਮੁਕਾਬਲਤਨ ਵਧੀਆ ਹੈ। ਇਹ ਵਰਤਾਰਾ ਸਮਾਜਿਕ ਨਾ ਬਰਾਬਰੀ ਨੂੰ ਹੱਲਾਸ਼ੇਰੀ ਦਿੰਦਾ ਹੈ, ਜੋ ਅੱਗੇ ਜਾ ਕੇ ਕਈ ਅਲਾਮਤਾਂ ਨੂੰ ਜਨਮ ਦਿੰਦਾ ਹੈ। ਭਾਰਤ ਦਾ ਡਿਜੀਟਲ ਇੰਡੀਆ ਸੰਕਲਪ ਹੈ। ਪਰ 2023 ਵਿੱਚ ਭਾਰਤ ਵਿੱਚ 24.2% ਸਕੂਲਾਂ ਵਿੱਚ ਇੰਟਰਨੈਟ ਦੀ ਸਹੂਲਤ ਹੈ। ਵਿਦਿਆਰਥੀਆਂ ਲਈ ਇਹ ਗਿਆਨ ਦੇ ਸਰੋਤ ਦਾ ਮੌਕਾ ਹੁੰਦਾ ਹੈ। ਇਹ ਗਰੀਬੀ ਅਮੀਰੀ ਦੇ ਪਾੜ ਵਿੱਚ ਫਸ ਜਾਂਦਾ ਹੈ। ਸੂਚਨਾ ਮਨੁੱਖ ਦੇ ਹਰ ਪੱਖ ਲਈ ਜ਼ਰੂਰੀ ਹੈ। ਇਸ ਲਈ ਇਹ ਹਰ ਗਰੀਬ ਅਮੀਰ ਤੱਕ ਪੁੱਜਣੀ ਚਾਹੀਦੀ ਹੈ। ਕਈ ਤੱਥ ਤੌੜ ਮਰੋੜ ਕੇ ਅਤੇ ਕਈ ਤੱਥ ਸਮੇਂ ਦੇ ਬਦਲਦੇ ਹਾਲਾਤ ਲਈ ਪ੍ਰਚਾਰ ਪ੍ਰਸਾਰ ਕੀਤੇ ਜਾਂਦੇ ਹਨ। ਸਾਡੇ ਦੇਸ਼ ਵਿੱਚ ਪੀਣ ਵਾਲੇ ਪਾਣੀ ਦਾ ਪਾੜਾ ਸਮਾਜਿਕ ਪੁਆੜਾ, ਪਾੜੇ ਦੇ ਅਧੀਨ ਹੈ। ਇਸ ਦੇ ਨਾਲ ਵਿਗਿਆਨ ਅਤੇ ਤਕਨਾਲੋਜੀ ਤਾਂ ਹੋਰ ਵੀ ਵੱਡੇ ਪਾੜੇ ਦੇ ਅਧੀਨ ਹਨ। ਸਰਕਾਰ ਨੇ ਪਿਛਲੇ ਸਾਲਾਂ ਵਿੱਚ ਪੰਚਾਇਤਾਂ ਨੂੰ ਬ੍ਰਾਂਡ ਬੈਂਡ ਦੇ ਕੁਨੈਕਸ਼ਨ ਦਿੱਤੇ ਜੋ ਜਾਰੀ ਹਨ। ਇਹਨਾਂ ਦਾ ਬਹੁਤਾ ਯੋਗਦਾਨ ਨਹੀਂ ਹੈ। ਦੂਰ ਦੁਰੇਡੀਆਂ ਪੰਚਾਇਤਾਂ ਅਜੇ ਇੰਟਰਨੈਟ ਨੂੰ ਉਡੀਕਦੀਆਂ ਹਨ। ਅੱਜ ਸੜਕਾਂ ਨਾਲੋਂ ਇੰਟਰਨੈਟ ਜ਼ਰੂਰੀ ਹੈ। ਗੈਰਇੰਟਰ ਨੈੱਟ ਵਾਲੇ ਇਲਾਕੇ ਬਾਕੀ ਇਲਾਕਿਆਂ ਨਾਲੋਂ ਟੁੱਟੇ ਰਹਿੰਦੇ ਹਨ। 23-11-1997 ਨੂੰ ਪ੍ਰਸਾਰ ਭਾਰਤੀ ਸੰਵਿਧਾਨਕ ਸੰਸਥਾ ਬਣੀ ਸੀ ਇਹ ਕਾਇਦੇ ਅਧੀਨ ਸੀ। ਇੱਥੋਂ ਇਲੈਕਟ੍ਰਾਨਿਕ ਮੀਡੀਆ ਦੇ ਹੋਰ ਅੰਗ ਫੈਲਦੇ ਅਤੇ ਇਜ਼ਾਦ ਹੁੰਦੇ ਗਏ ਪਰ ਜ਼ਾਬਤੇ ਤੋਂ ਬਾਹਰ ਵੀ ਹੁੰਦੇ ਰਹਿੰਦੇ ਹਨ। ਸੋਸ਼ਲ ਮੀਡੀਆ ਦੀ ਬੇਲਗਾਮਤਾ ਨੂੰ 1860 ਦੀ ਤਾਜ਼ੇਰਾਤ-ਏ-ਹਿੰਦ ਦੇ ਨਵੇਂ ਰੂਪਾਂ ਅਧੀਨ ਕਰਕੇ ਇਸ ਤੇ ਲਗਾਮ ਕੱਸੀ ਚਾਹੀਦੀ ਹੈ।
ਉਂਝ ਇਹ ਇਲੈਕਟ੍ਰਾਨਿਕ ਮੰਚ ਸੱਚ ਤਰਾਸ਼ਣ ਲਈ ਅਤੇ ਆਪਣੀਆਂ ਭਾਵਨਾਵਾਂ ਦਾ ਪ੍ਰਸਾਰ ਕਰਨ ਲਈ ਵਧੀਆ ਪਲੇਟ ਫਾਰਮ ਹੈ। ਮਿਖ਼ਾਇਲ ਬਾਖਤਿਕ ਦਾ ਕਥਨ ਹੈ, “ਸੱਚ ਕਿਸੇ ਇੱਕ ਮਨੁੱਖ ਦੇ ਮਨ ਵਿੱਚ ਜਨਮ ਨਹੀਂ ਲੈਂਦਾ, ਇਹ ਮਨੁੱਖਾਂ ਵਿੱਚਕਾਰ ਸੰਵਾਦ ਚੋਂ ਪੈਦਾ ਹੁੰਦਾ ਹੈ” ਇਹਨਾਂ ਰਾਹੀਂ ਸਾਰਥਿਕ ਪਹੁੰਚ ਅਪਣਾ ਕੇ ਹੀ ਸਹੀ ਨਕਸ਼ਾ ਨਜ਼ਰੀਆ ਚਿਤਰਿਆ ਜਾ ਸਕਦਾ ਹੈ। ਗਲਤ ਵਿਚਾਰਾਂ ਰਾਹੀਂ ਅਜ਼ਾਦੀ ਦਾ ਗਲਾ ਘੁੱਟਿਆ ਜਾਂਦਾ ਹੈ।2023 ਵਿੱਚ ਕੇਂਦਰ ਸਰਕਾਰ ਨੇ ਇੰਟਰਨੈਟ ਤੇ ਪਾਈ ਜਾਣ ਵਾਲੀ ਹਰੇਕ ਸਮਗਰੀ ਦੇ ਨਿਯਮਾਂ ਵਿੱਚ ਸੋਧ ਕੀਤੀ। ਗੱਲ ਇੰਨੀ ਹੈ ਕਿ ਜੇ ਕੋਈ ਖ਼ਬਰ ਸੂਚਨਾ ਗਲਤ ਹੈ ਤਾਂ ਸੋਸ਼ਲ ਮੀਡੀਆ ਤੋਂ ਹਟਾ ਦਿੱਤੀ ਜਾਵੇਗੀ। ਇਹ ਵੀ ਸ਼ੰਕਾਵਾਂ ਦੇ ਘੇਰੇ ਵਿੱਚ ਹਨ। ਇਸ ਨਾਲ ਸੋਸ਼ਲ ਮੀਡੀਆ ਪਲੇਟਫਾਰਮ ਦੀ ਜ਼ਿੰਮੇਵਾਰੀ ਵਧੀ। ਅਖ਼ਬਾਰੀ ਐਡੀਟਰਾਂ ਨੇ ਇਸ ਦਾ ਵਿਰੋਧ ਕੀਤਾ। ਇਹਨਾਂ ਨੇ ਕੁਦਰਤੀ ਨਿਆਂ ਦੇ ਵਿਰੁੱਧ ਅਤੇ ਸੈਂਸਰ ਵਰਗਾ ਦੱਸਿਆ। ਦੂਜੇ ਪਾਸੇ ਇੱਕ ਵਾਰ ਫੈਲੀ ਖ਼ਬਰ ਉਹੀ ਰਹਿੰਦੀ ਹੈ ਜੋ ਪਹਿਲੇ ਮਾਰਕੀਟ ਵਿੱਚ ਆ ਗਈ। ਸਰਕਾਰ ਨੇ ਵਿਆਪਕ ਅਤੇ ਆਲਮੀ ਪੱਧਰ ‘ਤੇ ਦੇਖਣਾ ਹੁੰਦਾ ਹੈ ਜਦੋਂ ਕਿ ਹਟਾਏ ਤੱਥ ਇੱਕ ਵਰਗ ਨਾਲ ਸੰਬੰਧਿਤ ਹੁੰਦੇ ਹਨ। ਅਫਵਾਹਾਂ ਫੈਲਾਈਆਂ ਜਾਣਾ ਇਲੈਕਟ੍ਰਾਨਿਕ ਅੰਗਾਂ ਦਾ ਘਿਨਾਉਣਾ ਅਪਰਾਧ ਹੈ। ਇਹ ਜ਼ਿੰਮੇਵਾਰੀ ਨਾਲ ਕੰਮ ਕਰਨ। ਸਰਕਾਰ ਵੀ ਇਹਨਾਂ ਅੰਗਾਂ ਤੇ ਸੱਚੀ ਜਾਣਕਾਰੀ ਦੀ ਆਸ ਰੱਖੇ, ਨਾਲ ਹੀ ਖਾਹ ਮਖਾਹ ਇਹਨਾਂ ਦੇ ਕੰਮਾਂ ਵਿੱਚ ਦਖਲ ਨਾ ਦੇਵੇ। ਇਸ ਦਿਸ਼ਾ ਵੱਲ ਸਹੀ ਅਤੇ ਪੁੱਖਤਾ ਕਦਮ ਉਠਾਉਣਾ ਜ਼ਰੂਰੀ ਹੈ। ਇਹ ਭਰੋਸੇਯੋਗਤਾ ਨਾਲ ਜੁੜਿਆ ਮਾਮਲਾ ਹੈ। ਵਿਗਿਆਨਕ ਤਰੱਕੀ ਦੇ ਤੌਰ ਤੇ ਇਲੈਕਟ੍ਰਾਨਿਕ ਅੰਗਾਂ ਦੀ ਲੋੜ ਹੁੰਦੀ ਹੈ ਇਸ ਤੋਂ ਬਿਨਾਂ ਅਧੂਰਾ ਜਿਹਾ ਲੱਗਦਾ ਹੈ। ਇਹਨਾਂ ਦੀਆਂ ਤਰੰਗਾਂ, ਉਮੰਗਾਂ ਅਤੇ ਮੰਗਾਂ ਨੂੰ ਝੁਠਲਾਇਆ ਨਹੀਂ ਜਾ ਸਕਦਾ। ਸਮੇਂ ਦਾ ਹਾਣੀ ਬਣਨ ਲਈ ਇਹਨਾਂ ਦੇ ਚੰਗੇ ਮਾੜੇ ਪ੍ਰਭਾਵਾਂ ਨੂੰ ਦੇਖਣਾ ਪਰਖਣਾ ਨੌਜਵਾਨ ਵਰਗ ਦੀ ਤਰਜੀਹ ਹੋਣੀ ਚਾਹੀਦੀ ਹੈ।
ਇਲੈਕਟ੍ਰਾਨਿਕ ਅੰਗਾਂ ਦੀਆਂ ਖੁਸ਼ੀਆਂ ਅਤੇ ਸੁਖਦ ਪਲਾਂ ਵਿੱਚ ਗਵਾਚ ਕੇ ਮਨੁੱਖ ਦੀ ਸਥਿਤੀ ਹਨੇਰੇ ਵਿੱਚ ਭਟਕੇ ਪੰਛੀ ਵਰਗੀ ਹੁੰਦੀ ਹੈ। ਮਾਪੇ ਆਪਣੇ ਬੱਚਿਆਂ ਨਾਲ ਖਿੱਝ ਖਿਝਾਉਣ ਵਿੱਚ ਪੈਣ ਨਾਲੋਂ ਉਹਨਾਂ ਨੂੰ ਮੋਬਾਈਲ, ਟੀਵੀ ਅਤੇ ਕੰਪਿਊਟਰ ਨੂੰ ਇੱਕ ਖੇਲ ਵਜੋਂ ਪੇਸ਼ ਕਰ ਦਿੰਦੇ ਹਨ। ਇੱਥੋਂ ਡਿਜੀਟਲ ਕੜਵਾਹਟ ਦੀ ਸ਼ੁਰੂਆਤ ਹੁੰਦੀ ਹੈ। ਐਂਡਰਿਊ ਬਰਾਊਨ ਕਹਿੰਦੇ ਹਨ ਕਿ, “ਇੰਟਰਨੈਟ ਇੰਨਾ ਵੱਡਾ, ਇੰਨਾ ਤਾਕਤਵਰ ਅਤੇ ਦਿਸ਼ਾਹੀਣ ਹੈ ਕਿ ਕੁੱਝ ਲੋਕਾਂ ਵਾਸਤੇ ਇਹ ਜ਼ਿੰਦਗੀ ਬਣ ਗਿਆ ਹੈ” ਨੌਜਵਾਨੀ ਲਈ ਨਸ਼ੇ ਦਾ ਇਹ ਦੂਜਾ ਰੂਪ ਹੈ। ਮੁੱਠੀ ਵਿੱਚ ਕੀਤੀ ਦੁਨੀਆਂ ਨਾਲ ਇਸ ਤੋਂ ਇਲਾਵਾ ਦੁਨੀਆ ਹੀ ਅਧੂਰੀ ਲੱਗਦੀ ਹੈ। ਇਹ ਮਾਨਸਿਕਤਾ ਨਾਲ ਨੇੜਿਓਂ ਜੁੜੇ ਹੋਏ ਹਨ। ਇਹ ਮਾਨਸਿਕਤਾ ਦੇ ਰੋਗੀਆਂ ਦੀ ਗਿਣਤੀ ਵਧਾ ਰਿਹਾ ਹੈ। ਮਾਰਕ ਫਿਸਰ ਨੇ ਇਸ ਨੂੰ ਇਉਂ ਪ੍ਰਮਾਣਿਤ ਕੀਤਾ, “ਇਹ ਅਤੀਅੰਤ ਨਿਰਾਸ਼ਾ ਵਿੱਚ ਦੱਬਣ ਵਾਲੀ ਖੁਸ਼ੀ ਹੈ, ਦੋਵੇਂ ਆਪਾਂ ਵਿਰੋਧੀ ਹਨ ਵਰਤੋਂਕਾਰ ਇਸ ਵਿੱਚੋਂ ਖੁਸ਼ੀ ਲੱਭਦੇ ਹੋਏ ਨਿਰਭਰ ਹੋ ਰਹੇ ਹਨ ਅਜੋਕੇ ਸਮੇਂ ਮਨੁਖੀ ਜੀਵਨ ਵਿੱਚ ਇਸ ਵਲੋਂ ਕੀਤੀ ਘੁਸਪੈਠ ਨੇ ਇਸ ਨੂੰ ਸਵੀਕਾਰਨ ਲਈ ਮਜਬੂਰ ਕਰ ਦਿੱਤਾ ਹੈ ਇਸ ਤੋਂ ਬਿਨਾਂ ਚਕਾਚੌਂਧ ਲੱਗਦਾ ਹੈ” ਇਹ ਅੰਗ ਨੌਜਵਾਨੀ ਨੂੰ ਅਸਲੀਅਤ ਤੱਕ ਜਾਣ ਤੋਂ ਰੋਕ ਕੇ ਫ਼ਰਜ਼ੀਵਾੜੇ ਦਾ ਲੇਪਨ ਕਰਕੇ ਅੱਗੇ ਜਾਣ ਤੋਂ ਰੋਕ ਦਿੰਦੇ ਹਨ। ਬੇਗਾਨਗੀ ਦੀ ਭਾਵਨਾ ਪੈਦਾ ਕਰਕੇ ਕੋਲ ਬੈਠਿਆਂ ਨੂੰ ਦੂਰੀ ਦਾ ਅਹਿਸਾਸ ਕਰਵਾਉਂਦੇ ਹਨ। ਇਹ ਬੁਰਾਈ ਆਦਤ ਸਮਝੀ ਜਾਂਦੀ ਹੈ।ਦਿੱਕਤ ਇਹ ਹੈ ਕਿ ਇਸ ਬੁਰੀ ਆਦਤ ਦੇ ਧਾਰਨੀ ਇਸ ਨੂੰ ਬੁਰੀ ਆਦਤ ਮੰਨਣ ਲਈ ਤਿਆਰ ਨਹੀਂ ਹਨ। ਸਗੋਂ ਸਹੀ ਸਿੱਧ ਕਰਨ ਦੀ ਵਕਾਲਤ ਕਰਦੇ ਹਨ।
ਸਵਾਲ ਇਹ ਉੱਠਦਾ ਹੈ ਕਿ ਇਲੈਕਟ੍ਰਾਨਿਕ ਅੰਗਾਂ ਨੂੰ ਅੱਖੋ ਉਹਲੇ ਕਰ ਦੇਣਾ ਚਾਹੀਦਾ ਹੈ? ਜਾਂ ਨਾਂਹ -ਪੱਖੀ ਪ੍ਰਭਾਵ ਕਰਕੇ ਨੌਜਵਾਨੀ ਤੋਂ ਕੋਈ ਆਸ ਨਹੀਂ ਰੱਖਣੀ ਚਾਹੀਦੀ? ਖੈਰ ਅਜਿਹਾ ਨਹੀਂ। ਸਮੇਂ ਦਾ ਹਾਣੀ ਬਣਨ ਦੀ ਕਾਫ਼ੀ ਲੋੜ ਹੈ। ਇਸ ਨੂੰ ਮਾਨਸਿਕ ਗੁਲਾਮੀ ਹੀ ਸਮਝ ਲੈਣਾ ਠੀਕ ਨਹੀਂ ਹੈ।ਇਸ ਦੇ ਹਾਂ ਪੱਖੀ ਪਹਿਲੂ ਵੀ ਤਰੱਕੀ ਨੂੰ ਗਤੀਸ਼ੀਲ ਕਰਦੇ ਹਨ। ਅੱਜ ਦੀ ਜਵਾਨੀ ਇਸ ਦੀ ਗੁਲਾਮੀ ਦੇ ਤੱਥ ਤਰਾਸ਼ ਕੇ ਇਹਨਾਂ ਦੇ ਹਾਂ ਪੱਖੀ ਪਹਿਲੂਆਂ ਨੂੰ ਵਿਚਾਰ ਕੇ ਇਹਨਾਂ ਵਿਰੁੱਧ ਮਜ਼ਬੂਤ ਇੱਛਾ ਸ਼ਕਤੀ ਨਾਲ ਨਜਿੱਠਣ ਦੀ ਸਖ਼ਤ ਲੋੜ ਹੈ। ਫੇਸਬੁੱਕ, ਇੰਟਰਨੈਟ, ਵਟਸਐਪ, ਸੋਸ਼ਲ ਮੀਡੀਆ ਅਤੇ ਮੋਬਾਈਲ ਜ਼ਰੀਏ ਇਸ ਦੀ ਨਫ਼ਰਤ ਤੇ ਅਸ਼ਲੀਲ ਉਤੇਜਨਾ ਪੈਦਾ ਕਰਨ ਵਾਲੇ ਤੱਥਾਂ ਨੂੰ ਪਛਾਣ ਕੇ ਗਿਆਨ ਵਰਧਕ ਅਤੇ ਹਾਂ ਪੱਖੀ ਉਤੇਜਨਾ ਪੈਦਾ ਕਰਨ ਦੀ ਲੋੜ ਹੈ। ਡਿਜੀਟਲ ਅਰੈਸਟ ਨਵਾਂ ਸੱਪ ਨਿਕਲ ਆਇਆ ਹੈ। ਇਸ ਦੀਆਂ ਅਨੇਕਾਂ ਠੱਗੀਆਂ ਸਾਹਮਣੇ ਆਈਆਂ ਹਨ। ਇਹਨਾਂ ਦੇ ਝੰਬੇ ਖ਼ੁਦਕੁਸ਼ੀਆਂ ਵਲ ਵੀ ਜਾਂਦੇ ਹਨ। ਇਸ ਨੇ ਸਮਾਂ ਘਟਾ ਕੇ ਜਲਦੀ ਮੇਲ ਜੋਲ ਕਰਾਏ। ਬਟਵਾਰੇ ਦੇ ਵਿਛੜੇ ਵੀ ਮਿਲਾਏ। ਇਸ ਦੀ ਗੁਲਾਮੀ ਦੀ ਪਛਾਣ ਕਰਨ ਲਈ ਨੌਜਵਾਨ ਖੁਦ ਅੱਗੇ ਆਉਣ ਇਹ ਵੀ ਵਿਚਾਰ ਕਰਨ ਕਿ ਗਿਆਨ ਅਤੇ ਤਰੱਕੀ ਵੀ ਇਸ ਵਿੱਚ ਹੀ ਛੁਪੀ ਬੈਠੀ ਹੈ। ਇਸ ਦੀ ਸਹੀ ਵਰਤੋਂ ਯਕੀਨੀ ਬਣੇ।

Related posts

ਬੁੱਝੋ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਕੌਣ ਹੋਇਆ ?

admin

ਭਾਰਤ ਵਿੱਚ ਨਸ਼ਾ ਵੇਚਣ ਵਾਲਿਆਂ ਦਾ ਵਧਦਾ ਨੈੱਟਵਰਕ !

admin

ਕੰਨੜ ਲੇਖਿਕਾ ਦੇ ਮਿੰਨੀ ਕਹਾਣੀ ਸੰਗ੍ਰਹਿ ‘ਹਾਰਟ ਲੈਂਪ’ ਨੂੰ ‘ਇੰਟਰਨੈਸ਼ਨਲ ਬੁਕਰ ਪ੍ਰਾਈਜ਼ 2025’ ਮਿਲਿਆ !

admin