
ਅੱਜ ਸਾਰਾ ਹੀ ਦੇਸ਼ ਤਾਲਾਬੰਦੀ ਮਤਲਬ ‘ਲਾਕਡਾਊਨ’ ਦੇ ਪ੍ਰਭਾਵ ਹੇਠ ਹੈ। ਆਮ ਲੋਕਾਂ ਨੂੰ ਘਰਾਂ ਵਿੱਚੋਂ ਬਾਹਰ ਨਿਕਲਿਆਂ ਮਹੀਨਾ ਹੋ ਚਲਿਆ ਹੈ। ਇਸ ਤਾਲਾਬੰਦੀ ਦਾ ਹਰ ਇੱਕ ਦੀ ਜਿੰਦਗੀ ਉੱਤੇ ਬਹੁਤ ਪ੍ਰਭਾਵ ਪਿਆ ਹੈ। ਜੇਕਰ ਵੇਖਿਆ ਜਾਵੇ ਤਾਂ ਤਾਲਾਬੰਦੀ ਹਾਲ ਵਿੱਚ ਹੀ ਬੁਰੀ ਤਰ੍ਹਾਂ ਪੈਰ ਪਸਾਰ ਚੁੱਕੀ ਕੋਰੋਨਾ ਨਾਂ ਦੀ ਬਿਮਾਰੀ ਤੇ ਬੱਚਣ ਦਾ ਬਹੁਤ ਹੀ ਮਹੱਤਵਪੂਰਨ ਅਤੇ ਸੁਰੱਖਿਅਤ ਉਪਾਅ ਹੈੈ। ਇਸ ਲਈ ਸਰਕਾਰ ਵਲੋਂ ਕਿਹਾ ਗਿਆ ਹੈ ਕਿ ‘ਘਰ ਰਹੋ,ਤੰਦਰੁਸਤ ਰਹੋ’। ਕਿਉਂਕਿ ਕੋਰੋਨਾ ਵਰਗੀ ਘਾਤਕ ਬਿਮਾਰੀ ਕਿਸੇ ਕਰੋਨਾ ਪੀੜਤ ਵਿਅਕਤੀ ਦੇ ਸੰਪਰਕ ਵਿੱਚ ਆਉਣ ਨਾਲ ਫੈਲਦੀ ਹੈ। ਕਰੋਨਾ ਕਾਰਨ ਕੋਈ ਵੀ ਵਿਅਕਤੀ ਦੋ ਤਰੀਕਿਆਂ ਨਾਲ ਪ੍ਰਭਾਵ ਹੇਠ ਆ ਸਕਦਾ ਹੈ ਸਿੱਧੇ ਜਾਂ ਅਸਿੱਧੇ ਤੌਰ ਤੇ, ਮੰਨ ਲਉ ਜੇ ਕੋਈ ਬਿਮਾਰ ਵਿਅਕਤੀ ਕਿਸੇ ਤੰਦਰੁਸਤ ਵਿਅਕਤੀ ਦੇ ਸਿੱਧੇ ਤੌਰ ਤੇ ਸੰਪਰਕ ਵਿੱਚ ਆਇਆ ਹੈ ਤਾਂ ਉਹ ਪਛਾਨਣ ਯੋਗ ਵੀ ਹੁੰਦਾ ਹੈ ਅਤੇ ਉਸ ਦਾ ਵੀ ਇਲਾਜ ਕੀਤਾ ਜਾ ਸਕਦਾ ਹੈ। ਪਰ ਅੱਗੋਂ ਉਹ ਵਿਅਕਤੀ ਜਿਨ੍ਹਾਂ ਦੇ ਸੰਪਰਕ ਵਿੱਚ ਆਉਂਦਾ ਜਾਂਦਾ ਹੈ ਅਤੇ ਉਨ੍ਹਾਂ ਦੀ ਗਿਣਤੀ ਅਸੀਮਤ ਹੋ ਸਕਦੀ ਹੈ ਅਤੇ ਉਨ੍ਹਾਂ ਨੂੰ ਪਹਿਚਾਣਿਆ ਵੀ ਨਹੀਂ ਜਾ ਸਕਦਾ ਜੋ ਕਿ ਸਰਕਾਰ ਲਈ ਵੱਡੀ ਮੁਸ਼ਕਿਲ ਬਣਦੇ ਹਨ। ਇਸ ਲਈ ਸਰਕਾਰ ਦੁਆਰਾ ਤਾਲਾਬੰਦੀ ਦਾ ਨਿਯਮ ਅਪਣਾਇਆ ਗਿਆ ਹੈ ਤਾ ਜੋ ਤੰਦਰੁਸਤ ਅਤੇ ਬਿਮਾਰ ਵਿਅਕਤੀ ਦਾ ਆਪਸੀ ਸੰਪਰਕ ਨਾ ਹੋ ਸਕੇ ਅਤੇ ਬਿਮਾਰੀ ਨੂੰ ਫੈਲਣ ਤੋ ਰੋਕਿਆ ਜਾ ਸਕੇ। ਇਸ ਦਾ ਮੁੱਖ ਮੰਤਵ ਲੋਕਾਂ ਨੂੰ ਘਰਾਂ ਵਿਚ ਹੀ ਬੰਦ ਕਰਕੇ ਰੱਖਣਾ ਜਾ ਬਾਹਰ ਜਾਣ ਤੋ ਰੋਕਣਾ ਹੈ। ਕੋਵਿਡ-19 ਤੋ ਬੱਚਣ ਲਈ ਮਿਤੀ 22 ਮਾਰਚ 2020 ਨੂੰ ਜਨਤਕ ਕਲਫ਼ਿਉ ਦਾ ਐਲਾਨ ਕੀਤਾ ਗਿਆ ਸੀ ਅਤੇ ਬਾਅਦ ਵਿੱਚ ਮਿਤੀ 14 ਅਪ੍ਰੈਲ 2020 ਤੱਕ ਅਤੇ ਫਿਰ 3 ਮਈ ਤੱਕ ਅੱਗੇ ਵਧਾ ਦਿੱਤਾ ਗਿਆ ਹੈ। ਇਸ ਬਿਮਾਰੀ ਦੇ ਵਿਸ਼ਾਣੂ ਦੀ ਬਣਤਰ ਨਿਵੇਕਲੀ ਭਾਵ ਇੱਕ ਤਾਜ (ਕਰੋਨ) ਦੀ ਤਰ੍ਹਾਂ ਹੈ ਜਿਸ ਕਰਕੇ ਨੋਵਲ ਕੋਰੋਨਾ ਵਾਇਰਸ ਕਿਹਾ ਜਾਂਦਾ ਹੈ। ਇਸ ਬਿਮਾਰੀ ਦਾ ਸੰਕ੍ਰੰਮਨ ਚੀਨ ਦੇ ਵੁਹਾਨ ਸ਼ਹਿਰ ਤੋ ਦਸੰਬਰ 2019 ਵਿੱਚ ਸ਼ੁਰੂ ਹਇਆ। ਹੁਣ ਇਸ ਵਾਇਰਸ ਨੂੰ ਕੋਵਿਡ-19 ਨਾਂ ਦਿੱਤਾ ਗਿਆ ਹੈ। ਵਿਸ਼ਵ ਸਿਹਤ ਸੰਗਠਨ ਵੱਲੋ ਇਸ ਬਿਮਾਰੀ ਦਾ ਵੱਡੇ ਪੱਧਰ ‘ਤੇ ਸਾਰੇ ਦੇਸ਼ਾਂ ਵਿੱਚ ਵੀ ਫੈਲਣ ਕਾਰਨ 11 ਮਾਰਚ 2020 ਨੂੰ ‘ ਮਹਾਂਮਾਰੀ ’ ਵੱਜੋ ਐਲਾਨ ਕਰ ਦਿੱਤਾ ਗਿਆ ਹੈ।

