
ਹੁਣ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਅਤੇ ਇਨਾਂ ਦਿਨਾਂ ਵਿੱਚ ਬਜ਼ਾਰ ਵਿੱਚ ਮਿਲਾਵਟਖੋਰੀ ਪੂਰੇ ਧੜੱਲੇ ਨਾਲ ਸ਼ੁਰੂ ਹੋ ਜਾਂਦੀ ਹੈ। ਖੁਰਾਕੀ ਵਸਤਾਂ ਵਿੱਚ ਨਿਰੰਤਰ ਵੱਧ ਰਹੀ ਇਹ ਮਿਲਾਵਟਖੋਰੀ ਦੇਸ ਦੇ ਹਰ ਬਸ਼ਿੰਦੇ ਨੂੰ ਮੌਤ ਦੇ ਮੂੰਹ ਵੱਲ ਧੱਕ ਰਹੀ ਹੈ ਪਰ ਆਮ ਲੋਕਾਂ ਨੂੰ ਇਸ ਮਿਲਾਵਟਖੋਰੀ ਨਾਲ ਅਨੇਕ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਬਣਾਉਣ ਵਾਲੇ ਅਤੇ ਕਾਲਾਬਾਜ਼ਾਰੀ ਕਰਕੇ ਆਪਣੀਆ ਤਿਜੌਰੀਆਂ ਭਰਨ ਵਾਲੇ ਲੋਕਾਂ ਦੇ ਇਹ ਕਾਲੇ ਕਾਰਨਾਮੇ ਛੁਪੀਆਂ ਸਿਆਸੀ ਤਾਕਤਾਂ ਅਤੇ ਰਿਸ਼ਵਤਖੋਰਾਂ ਦੀ ਸਰਪ੍ਰਸਤੀ ਹੇਠ ਨਿਰੰਤਰ ਜਾਰੀ ਹੋਣ ਦੇ ਨਾਲ-ਨਾਲ ਦਿਨੋ-ਦਿਨ ਵਧ ਵੀ ਰਹੇ ਹਨ।
ਤਿਉਹਾਰਾਂ ਦੇ ਦਿਨਾ ਜਾਂ ਜਦੋ ਬਜ਼ਾਰ ਵਿੱਚ ਕਿਸੇ ਕਾਰਨ ਵੱਸ ਖੁਰਾਕੀ ਵਸਤਾਂ ਦੀ ਕੁਝ ਕੁ ਘਾਟ ਮਹਿਸੂਸ ਹੋਣ ਲੱਗਦੀ ਹੈ ਤਾਂ ਮਿਲਾਵਟਖੋਰੀ ਅਤੇ ਕਾਲਾਬਜ਼ਾਰੀ ਦੀ ਵੀ ਭਰਮਾਰ ਹੋ ਜਾਂਦੀ ਹੈ। ਅੰਕੜਿਆਂ ’ਤੇ ਨਿਗਾਂ ਮਾਰੀਏ ਤਾਂ ਇਸ ਕੰਮ ਵਿੱਚ ਸ਼ਾਮਲ ਲੋਕਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਪਰ ਸਿਆਸੀ ਸ਼ਹਿ ਅਤੇ ਰਿਸ਼ਵਤਖੋਰਾਂ ਦਾ ਗਠਜੋੜ ਇਸ ਧੰਦੇ ਵਿੱਚ ਸ਼ਾਮਲ ਲੋਕਾਂ ਨੂੰ ਹੱਲਾਸ਼ੇਰੀ ਦੇਣ ਵਿੱਚ ਪਿਛਾਂਹ ਨਹੀ ਹੈ। ਖੁਰਾਕੀ ਵਸਤਾਂ ਵਿੱਚ ਮਿਲਾਵਟ ਨੂੰ ਰੋਕਣ ਲਈ ਦੇਸ ਵਿੱਚ ਖੁਰਾਕ ਸੁਰੱਖਿਆ ਅਤੇ ਮਾਪਦੰਡ ਐਕਟ-2006 ਲਾਗੂ ਹੈ। ਜਿਸ ਅਨੁਸਾਰ ਮਿਲਾਵਟਖੋਰਾਂ ਨੂੰ 10 ਲੱਖ ਤੱਕ ਦਾ ਜੁਰਮਾਨਾ ਅਤੇ 6 ਮਹੀਨੇ ਤੋਂ ਲੈ ਕੇ ਉਮਰ ਕੈਂਦ ਤੱਕ ਦੀ ਸ਼ਜਾ ਦਿੱਤੀ ਜਾ ਸਕਦੀ ਹੈ।
ਸਰਕਾਰ ਦੁਆਰਾ ਮਿਲਾਵਟ ਨੂੰ ਰੋਕਣ ਲਈ ਆਈਪੀਸੀ ਦੀ ਧਾਰਾ 272 ਅਤੇ 273 ਦੇ ਤਹਿਤ ਪੁਲਿਸ ਪ੍ਰਸ਼ਾਸਨ ਨੂੰ ਸਿੱਧੇ ਕਾਰਵਾਈ ਕਰਨ ਦੀ ਵੀ ਖੁੱਲ ਦਿੱਤੀ ਗਈ ਹੈ ਪਰ ਐਨਾ ਸਖ਼ਤ ਐਕਟ ਦੇਸ ਵਿੱਚ ਲਾਗੂ ਹੋਣ ਦੇ ਬਾਅਦ ਵੀ ਇਹ ਧੰਦਾ ਨਹੀ ਰੁਕ ਰਿਹਾ।ਭਾਰਤੀ ਖੁਰਾਕ ਸੁਰੱਖਿਆ ਅਤੇ ਸਟੈਡਰਡ ਅਥਾਰਟੀ ਆਫ਼ ਇੰਡੀਆ ਦੀ ਰਿਪੋਰਟ ਅਨੁਸਾਰ ਸਾਲ 2013-14 ਵਿੱਚ ਖੁਰਾਕੀ ਵਸਤਾਂ ਦੇ 72200 ਨਮੂਨੇ ਲਏ ਗਏ ਜਿਨਾਂ ਵਿੱਚੋਂ 13571 ਮਿਲਾਵਟੀ ਪਾਏ ਗਏ ਅਤੇ 10235 ਮਾਮਲੇ ਦਰਜ ਹੋਏ ਪਰ ਦੋਸ਼ 3845 ਲੋਕਾਂ ਖ਼ਿਲਾਫ਼ ਹੀ ਸਿੱਧ ਹੋ ਸਕੇ। ਸੰਨ 2018-19 ਵਿੱਚ 94288 ਨਮੂਨੇ ਲਏ ਗਏ 26077 ਮਿਲਾਵਟੀ ਪਾਏ ਗਏ ਅਤੇ 20125 ਲੋਕਾਂ ਖ਼ਿਲਾਫ਼ ਮਾਮਲੇ ਦਰਜ ਹੋਏ ਪਰ ਦੋਸ਼ 475 ਲੋਕਾਂ ਖ਼ਿਲਾਫ਼ ਹੀ ਸਿੱਧ ਹੋ ਸਕੇ।
ਅੰਕੜਿਆਂ ਅਨੁਸਾਰ ਸਾਲ 2013-14 ਦੇ ਮੁਕਾਬਲੇ ਸਾਲ 2018-19 ਵਿੱਚ ਖੁਰਾਕੀ ਵਸਤਾਂ ਵਿੱਚ ਮਿਲਾਵਟ ਦੇ ਮਾਮਲੇ ਦੁੱਗਣੇ ਹੋ ਚੁੱਕੇ ਹਨ ਜਦੋਕਿ ਸਮੇ ਦੀਆ ਸਰਕਾਰਾਂ ਆਮ ਲੋਕਾਂ ਨੂੰ ਸ਼ੁੱਧ ਖੁਰਾਕੀ ਵਸਤਾਂ ਮੁਹੱਈਆ ਕਰਵਾਏ ਜਾਣ ਦੇ ਦਾਅਵੇ ਕਰ ਰਹੀਆ ਹਨ। ਇਨਾਂ ਅੰਕੜਿਆਂ ਦਾ ਨਿਰੰਤਰ ਵਧਣਾ ਇਹ ਸੰਕੇਤ ਕਰਦਾ ਹੈ ਕਿ ਮਿਲਾਵਟਖੋਰਾਂ ਤੇ ਨਕੇਲ ਕਸਣ ਵਿੱਚ ਰਿਸ਼ਵਤਖੋਰੀ ਸਭ ਤੋਂ ਵੱਡਾ ਕਲੰਕ ਹੈ। ਇਸੇ ਤਰਾਂ ਸਾਲ 2018-19 ਦੌਰਾਨ ਹੀ ਮਿਲਾਵਟਖੋਰਾਂ ਤੇ 20125 ਮਾਮਲੇ ਦਰਜ ਹੋਏ ਹਨ ਪਰ ਦੋਸ਼ ਸਿੱਧ ਹੋਣ ਦੀ ਗੱਲ ਆਉਦੀ ਹੈ ਤਾਂ ਇਹ ਅੰਕੜਾ 475 ਤੇ ਹੀ ਸਿਮਟ ਜਾਂਦਾ ਹੈ ਜੋ ਕੁੱਲ ਦਰਜ ਮਾਮਲਿਆਂ ਦਾ ਢਾਈ ਪ੍ਰਤੀਸ਼ਤ ਤੋਂ ਵੀ ਘੱਟ ਹੈ।
ਮਿਲਾਵਟਖੋਰੀ ਦੇ ਬਹੁਤੇ ਮਾਮਲਿਆਂ ਵਿੱਚ ਕੇਵਲ ਜੁਰਮਾਨਾ ਵਸੂਲ ਕਰਕੇ ਹੀ ਛੱਡ ਦਿੱਤਾ ਜਾਂਦਾ ਹੈ। ਇੱਥੇ ਵਿਖਾਈ ਜਾ ਰਹੀ ਇਹ ਢਿੱਲ ਵੀ ਇਸ ਬੁਰਾਈ ਨੂੰ ਵਧਣ-ਫੁੱਲਣ ਲਈ ਸਹਾਈ ਸਿੱਧ ਹੋ ਰਹੀ ਹੈ। ਖੁਰਾਕੀ ਵਸਤਾਂ ਵਿੱਚ ਮਿਲਾਵਟ ਨੂੰ ਰੋਕਣ ਦੀ ਜ਼ਿਮੇਵਾਰੀ ਭਾਰਤੀ ਖੁਰਾਕ ਸੁਰੱਖਿਆ ਅਤੇ ਸਟੈਡਰਡ ਅਥਾਰਟੀ ਆਫ ਇੰਡੀਆ ਦੀ ਹੈ। ਵਰਲਡ ਹੈਲਥ ਆਰਗੇਨਾਈਜੇਸ਼ਨ ( ਡਬਲਿਊ ਐਚ ਓ ) ਦੀ ਰਿਪੋਰਟ ਦੱਸਦੀ ਹੈ ਕਿ ਇਹ ਮਿਲਾਵਟੀ ਖੁਰਾਕੀ ਵਸਤਾਂ 200 ਤੋਂ ਵੀ ਜ਼ਿਆਦਾ ਭਿਆਨਕ ਬਿਮਾਰੀਆਂ ਨੂੰ ਜਨਮ ਦਿੰਦੀਆ ਹਨ ਪਰ ਮਿਲਾਵਟਖੋਰਾਂ ਅਤੇ ਰਿਸ਼ਵਤਖੋਰਾਂ ਦਾ ਗਠਜੋੜ ਆਪਣੀਆਂ ਜੇਬਾਂ ਭਰਨ ਦੀ ਲਾਲਸਾ ਅਧੀਨ ਆਮ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਰਿਹਾ ਹੈ।
ਦਾਲਾਂ, ਦੁੱਧ, ਪਨੀਰ, ਘਿਉ, ਖੋਆ, ਸਰੋਂ ਦਾ ਤੇਲ, ਮਸਾਲੇ ( ਹਲਦੀ, ਮਿਰਚ, ਧਨੀਆ ਆਦਿ ) ਆਈਸ ਕਰੀਮ, ਚੌਲ, ਡਰਾਈਫਰੂਟ, ਵੇਸਣ, ਸੌਫ਼, ਚਾਕਲੇਟ ਸੌਸ, ਬੋਤਲ ਬੰਦ ਪਾਣੀ, ਫਲ ਅਤੇ ਸਬਜੀਆਂ, ਮਿਠਾਈਆਂ, ਅਨਾਜ, ਆਟਾ, ਚਾਹ ਪੱਤੀ ਆਦਿ ਸਹਿਤ ਅਨੇਕ ਖੁਰਾਕੀ ਵਸਤਾਂ ਵਿੱਚ ਮਿਲਾਵਟ ਦੀ ਖੇਡ ਵੱਡੇ ਪੱਧਰ ਤੇ ਜਾਰੀ ਹੈ। ਸੰਸਾਰ ਸਿਹਤ ਸੰਗਠਨ ਵਲੋਂ ਭਾਰਤ ਸਰਕਾਰ ਲਈ ਜਾਰੀ ਐਡਵਾਇਜਰੀ ਵਿੱਚ ਕਿਹਾ ਗਿਆ ਕਿ ਜੇਕਰ ਦੁੱਧ ਅਤੇ ਦੁੱਧ ਤੋਂ ਬਣੇ ਪ੍ਰੋਡੱਕਟ ਵਿੱਚ ਮਿਲਾਵਟ ਤੇ ਲਗਾਮ ਨਾ ਲਗਾਈ ਗਈ ਤਾਂ ਸਾਲ 2025 ਤੱਕ ਭਾਰਤ ਦੀ ਕਰੀਬ 87 ਫੀਸਦੀ ਆਬਾਦੀ ਕੈਂਸਰ ਦੀ ਲਪੇਟ ਵਿੱਚ ਹੋਵੇਗੀ। ਮਿਲਾਵਟਖੋਰੀ ਨੂੰ ਰੋਕਣ ਲਈ ਕਾਨੂੰਨ ਕੇਂਦਰ ਸਰਕਾਰ ਬਣਾਉਂਦੀ ਹੈ ਪਰ ਉਸਦਾ ਪਾਲਣ ਸੂਬੇ ਦੀਆਂ ਏਜੰਸੀਆਂ ਨੇ ਕਰਵਾਉਣਾ ਹੁੰਦਾ ਹੈ।
ਸੂਬੇ ਦਾ ਖੁਰਾਕ ਸਪਲਾਈ ਵਿਭਾਗ,ਨਗਰ ਨਿਗਮ,ਪੁਲੀਸ ,ਐਫ ਐਸ ਐਸ ਏ ਆਈ ਦਾ ਜੋ ਸੂਬਾਈ ਦਫ਼ਤਰ ਹੈ ਉਨਾਂ ਦੇ ਜਿੰਮੇ ਕਾਨੂੰਨ ਦੀ ਪਾਲਣਾ ਕਰਵਾਉਣਾ ਹੁੰਦਾ ਹੈ ਪਰ ਇਹ ਕੰਮ ਸਾਰਥਿਕ ਢੰਗ ਨਾਲ ਨਾ ਹੋਣ ਕਾਰਨ ਇਹ ਬੁਰਾਈ ਦਿਨੋ-ਦਿਨ ਵਧ ਰਹੀ ਹੈ। ਆਮ ਲੋਕਾਂ ਵਿੱਚ ਜਾਗਰੂਕਤਾ ਦੀ ਵੱਡੀ ਕਮੀ ਦੇ ਕਾਰਨ ਵੀ ਮਿਲਾਵਟ ਦਾ ਇਹ ਧੰਦਾ ਦਿਨੋ-ਦਿਨ ਆਪਣੇ ਪੈਰ ਪਸਾਰ ਰਿਹਾ ਹੈ ਜੋ ਮਨੁੱਖਤਾ ਦੀ ਹੋਂਦ ਲਈ ਵੱਡਾ ਖਤਰਾ ਪੈਦਾ ਕਰ ਰਿਹਾ ਹੈ।
ਸਮੇ ਦੀਆ ਸਰਕਾਰਾਂ ਨੂੰ ਮਿਲਾਵਟਖੋਰੀ ਦੀ ਇਸ ਖੇਡ ਨੂੰ ਤੁਰੰਤ ਰੋਕਣ ਲਈ ਪ੍ਰਭਾਵੀ ਕਦਮ ਚੁੱਕਣੇ ਚਾਹੀਦੇ ਹਨ ਤਾਂ ਕਿ ਮਿਲਾਵਟੀ ਵਸਤਾਂ ਦਾ ਪ੍ਰਯੋਗ ਕਰਕੇ ਮੌਤ ਦਾ ਗਰਾਸ ਬਣ ਰਹੀ ਮਨੁੱਖੀ ਜ਼ਿੰਦਗੀ ਨੂੰ ਕੋਈ ਠੱਲ ਪੈ ਸਕੇ। ਹੁਣ ਜਦੋ ਪੰਜਾਬ ਦੇ ਨਵ-ਨਿਯੁਕਤ ਮੁੱਖ ਮੰਤਰੀ ਵਲੋਂ ਸਾਰੇ ਮਹਿਕਮਿਆਂ ਵਿੱਚੋਂ ਭਿ੍ਰਸ਼ਟਾਚਾਰ ਖਤਮ ਕਰਨ ਦੀ ਗੱਲ ਆਖੀ ਜਾ ਰਹੀ ਹੈ ਤਾਂ ਉਨਾਂ ਨੂੰ ਇਸ ਵੱਡੇ ਮੁੱਦੇ ਵੱਲ ਵੀ ਉਚੇਚੇ ਤੌਰ ਤੇ ਧਿਆਨ ਦੇਣਾ ਚਾਹਿਦਾ ਹੈ।