Articles

ਤਿੰਨ ਦਹਾਕੇ ਤੋਂ ਰਿੜਕ ਹੋ ਰਿਹਾ ਅਫਗਾਨਿਸਤਾਨ ਫਿਰ ਰੜਕਿਆ

ਲੇਖਕ: ਕੁਲਵੰਤ ਸਿੰਘ ਢੇਸੀ, ਯੂ ਕੇ

ਉਹ ਚਹੁੰਦੇ ਨੇ ਤੁਸੀਂ ਲੜ ਲੜ ਕੇ ਮਰ ਜਾਓ, ਤਦੇ ਹੀ ਮੁਫਤ ਵਿਚ ਹਥਿਆਰ ਦਿੰਦੇ ਨੇ ।
ਇਨ੍ਹਾ ਨੂੰ ਤੋੜ ਕੇ ਸੁੱਟਦਾ ਪਿਐ ਮਾਲੀ, ਅਖੇ ਫੁੱਲ ਟਾਹਣੀਆਂ ਨੂੰ ਭਾਰ ਦਿੰਦੇ ਨੇ।

ਅਫਗਾਨਿਸਤਾਨ ਦੀ ਵੱਡੀ ਬਰਬਾਦੀ ਦਾ ਮੁੱਢ ਉਦੋਂ ਬੱਝਾ ਜਦੋਂ 11 ਸਤੰਬਰ 2001 ਨੂੰ ਬਿਨ ਲਾਦੇਨ ਰਾਹੀਂ ਤਹਿਸ਼ੁਦਾ ਹਵਾਈ ਹਮਲਿਆਂ ਨਾਲ ਅਮਰੀਕਾ ਦੀਆਂ ਵਰਲਡ ਟਰੇਡ ਸੈਂਟਰ ਅਤੇ ਪੈਂਟਾਗਨ ਦੀਆਂ ਬਹੁਮੰਜ਼ਲੀ ਇਮਾਰਤਾਂ ਨੂੰ ਢਹਿ ਢੇਰੀ ਕਰ ਦਿੱਤਾ ਗਿਆ ਸੀ ਜਿਸ ਨਾਲ 3000 ਲੋਕਾਂ ਦੇ ਮਾਰੇ ਜਾਣ ਦੀਆਂ ਖਬਰਾਂ ਸਨ। ਬਿਨ ਲਾਦੇਨ ਉਸ ਸਮੇਂ ਅਫਗਾਨਿਸਤਾਨ ਵਿਚ ਸੀ ਅਤੇ ਤਾਲਿਬਾਨੀ ਸਰਕਾਰ ਨੇ ਉਸ ਨੂੰ ਪਨਾਹ ਦਿੱਤੀ ਹੋਈ ਸੀ। ਅਮਰੀਕਾ ਨੇ ਜਦੋਂ ਅਫਗਾਨਿਸਤਾਨ ਦੀ ਤਾਲਿਬਾਨੀ ਸਰਕਾਰ ਤੋਂ ਬਿਨ ਲਾਦੇਨ ਦੀ ਮੰਗ ਕੀਤੀ ਤਾਂ ਉਸ ਨੇ ਇਨਕਾਰ ਕਰ ਦਿੱਤਾ ਸੀ ਜਿਸ ਕਰਕੇ ਅਮਰੀਕਾ ਨੇ ਅਫਗਾਨਸਿਤਾਨ ਤੇ ਚੜ੍ਹਾਈ ਕਰਕੇ ਉਹਨਾ ਦਾ ਰਾਜ ਪਲਟਾ ਮਾਰਿਆ ਸੀ। ਫਿਰ ਵੀਹ ਸਾਲ ਦਾ ਲੰਬਾ ਸਮਾਂ ਅਮਰੀਕਾ ਅਤੇ ਨੈਟੋ ਦੇਸ਼ਾਂ ਨੇ ਉਥੇ ਲੋਕ ਰਾਜ ਕਾਇਮ ਕਰਨ ਅਤੇ ਅਫਗਾਨਿਸਤਾਨ ਦੀ 3 ਲੱਖ ਫੌਜ ਨੂੰ ਸਿਖਲਾਈ ਦੇਣ ਅਤੇ ਪੂਰੀ ਤਰਾਂ ਹਥਿਆਰਬੰਦ ਕਰਨ ਵਿਚ ਗੁਜ਼ਾਰ ਦਿੱਤੇ। ਹੁਣ ਜਦੋਂ ਨਾਟੋ ਫੌਜਾਂ ਦੇ ਨਾਲ ਨਾਲ ਅਮਰੀਕਾ ਅਫਗਾਨਿਸਤਾਨ ਵਿਚੋਂ ਨਿਕਲਿਆ ਤਾਂ ਕੇਵਲ 10 ਦਿਨਾ ਵਿਚ ਹੀ ਤਾਲਿਬਾਨਾ ਨੇ ਦੇਸ਼ ਤੇ ਮੁੜ ਕਬਜਾ ਕਰ ਲਿਆ ਹੈ ਤੇ ਦੁਨੀਆਂ ਭਰ ਵਿਚ ਇਸ ਰਾਜ ਪਲਟੇ ਕਾਰਨ ਹਾਹਾਕਾਰ ਮਚੀ ਹੋਈ ਹੈ। ਤਾਲਿਬਾਨੀ ਖਾੜਕੂਆਂ ਦੀ ਆਪਣੀ ਗਿਣਤੀ ਭਾਵੇਂ 60,000 ਦੱਸੀ ਜਾਂਦੀ ਹੈ ਪਰ ਇਹਨਾ ਨਾਲ ਹੋਰ ਖਾੜਕੂ ਗਰੁੱਪਾਂ ਦੀ ਨਫਰੀ ਨੂੰ ਜੋੜ ਲਿਆ ਜਾਵੇ ਤਾਂ ਇਹਨਾ ਦੀ ਕੁਲ ਗਿਣਤੀ 2 ਲੱਖ ਵੀ ਦੱਸੀ ਜਾਂਦੀ ਹੈ।

ਧਨ ਦੌਲਤ ਨਾਲ ਹੈਲੀਕਾਪਟਰ ਭਰ ਕੇ ਰਾਸ਼ਟਰਪਤੀ ਦੇਸ਼ ਛਡ ਕੇ ਨੱਠ ਗਿਆ

ਤਾਲਿਬਾਨਾ ਦੀ ਚੜ੍ਹਾਈ ਨੂੰ ਦੇਖਦਿਆਂ ਹੀ ਅਫਗਾਨਿਸਤਾਨ ਦਾ ਰਾਸ਼ਟਰਪਤੀ ਅਸ਼ਰਫ ਗਨੀ ਦੇਸ਼ ਛੱਡ ਗਿਆ। ਕਿਹਾ ਜਾਂਦਾ ਹੈ ਕਿ ਉਸ ਨੇ ਆਪਣਾ ਹੈਲੀਕਾਪਟਰ ਪੈਸਿਆਂ ਨਾਲ ਭਰ ਲਿਆ ਅਤੇ ਪੈਸਿਆਂ ਦੀਆਂ ਭਰੀਆਂ ਦੋ ਕਾਰਾਂ ਏਅਰਪੋਰਟ ‘ਤੇ ਦੇਖੇ ਜਾਣ ਦੀਆਂ ਖਬਰਾਂ ਹਨ। ਗਨੀ ਨੇ ਬਾਅਦ ਵਿਚ ਬਿਆਨ ਦਿੱਤਾ ਕਿ ਉਸ ਨੇ ਇਹ ਇਸ ਲਈ ਕੀਤਾ ਕਿਓਂਕਿ ਉਹ ਖੂਨ ਖਰਾਬਾ ਨਹੀਂ ਸੀ ਚਹੁੰਦਾ। ਇਹ ਘਟਨਾ 15 ਅਗਸਤ 2021 ਦੀ ਹੈ ਜਦੋਂ ਤਾਲਿਬਾਨਾ ਨੇ ਅਫਗਾਨਿਸਤਾਨ ਦੀ ਰਾਜਧਾਨੀ ਕਾਬਲ ‘ਤੇ ਕਬਜਾ ਕੀਤਾ ਤਾਂ ਰਾਸ਼ਟਰਪਤੀ ਅਸ਼ਰਫ ਗਨੀ ਤੁਰੰਤ ਆਪਣੇ ਮੰਤਰੀਆਂ ਅਤੇ ਹੋਰ ਨਜ਼ਦੀਕੀਆਂ ਨਾਲ ਦੇਸ਼ ਛੱਡ ਕੇ ਨੱਠ ਗਿਆ। ਉਸ ਦੀ 3 ਲੱਖ ਦੀ ਫੌਜ ਤਾਲਿਬਾਨਾ ਅੱਗੇ 10 ਦਿਨ ਵੀ ਖੜ੍ਹੀ ਨਾ ਹੋ ਸਕੀ ਅਤੇ ਇਸ ਦੇ ਨਾਲ ਹੀ ਪਿਛਲੇ 20 ਸਾਲ ਕੀਤੀ ਕਰਾਈ ਜਾਂਦੀ ਲੱਗੀ ਅਤੇ ਅੱਜ ਅਫਗਾਨਿਸਤਾਨ ਮੁੜ ਪਹਿਲਾਂ ਵਾਲੀ ਹਾਲਤ ਵਿਚ ਜਾਂਦਾ ਦਿਖਾਈ ਦਿੰਦਾ ਹੈ। ਦੋ ਦਹਾਕੇ ਦੇ ਇਸ ਲੰਬੇ ਸੰਘਰਸ਼ ਵਿਚ ਅਫਗਾਨਿਸਤਾਨ ਅਤੇ ਬਾਹਰਲੇ ਦੇਸ਼ਾਂ ਦੇ ਫੌਜੀਆਂ ਦੀਆਂ ਕੀਤੀਆਂ ਕੁਰਬਾਨੀਆਂ ਬੇਅਰਥੀਆਂ ਹੀ ਚਲੇ ਗਈਆਂ ਅਤੇ ਅੱਜ ਸਾਰੀ ਦੁਨੀਆਂ ਦੀਆਂ ਸਵਾਲੀਆਂ ਨਜ਼ਰਾਂ ਅਮਰੀਕਾ ਵਲ ਹਨ। ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਨੇ ਸਾਰਾ ਭਾਂਡਾ ਅਫਗਾਨਿਸਤਾਨੀ ਫੌਜ ਸਿਰ ਭੰਨਿਆਂ ਹੈ ਜਿਸ ਨੇ ਏਨੀ ਅਸਾਨੀ ਨਾਲ ਹਾਰ ਮੰਨ ਲਈ। ਅਮਰੀਕਾ ਦਾ ਰਾਸ਼ਟਰਪਤੀ ਜੋ ਬਾਇਡਨ ਅਤੇ ਯੂ ਕੇ ਦਾ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਇਸ ਕਰਕੇ ਵੀ ਆਪਣੀ ਜਨਤਾ ਸਾਹਮਣੇ ਜਵਾਬਦੇਹ ਹਨ ਕਿ ਅਫਗਾਨਿਸਤਾਨ ਛੱਡਣ ਦਾ ਫੈਸਲਾ ਲੈਣ ਤੋਂ ਪਹਿਲਾਂ ਉਹਨਾ ਨੇ ਆਪਣੇ ਲੋਕਾਂ ਅਤੇ ਸਹਿਯੋਗੀਆਂ ਨੂੰ ਉਥੋਂ ਕੱਢਣਾ ਯਕੀਨੀ ਕਿਓਂ ਨਾ ਬਣਾਇਆ ਜਦ ਕਿ ਤਾਲਿਬਾਨਾ ਦੀ ਝੜਾਈ ਦੀਆਂ ਖਬਰਾਂ ਤਾਂ ਕਈ ਦਿਨਾ ਤੋਂ ਆ ਰਹੀਆਂ ਸਨ।

ਟਰੰਪ ਦੇ ਬਿਆਨ ਕਿ ਅਫਗਾਨਿਸਤਾਨ ਵਿਚ ਵੜਨਾ ਗਲਤ ਫੈਸਲਾ ਸੀ

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੇ ਫੌਕਸ ਨਿਊਜ ਵਲੋਂ ਅਯੋਜਤ ਇੱਕ ਇੰਟਰਵਿਊ ਵਿਚ ਬਿਆਨ ਦਿੱਤੇ ਹਨ ਕਿ ਬੁਸ਼ ਸਰਕਾਰ ਵਲੋਂ ਵੀਹ ਸਾਲ ਪਹਿਲਾਂ ਬਿਨ ਲਾਦੇਨ ਦੇ ਮਾਮਲੇ ‘ਤੇ ਅਫਗਾਨਿਸਤਾਨ ਵਿਚ ਵੜਨਾ ਗਲਤ ਸੀ। ਟਰੰਪ ਨੇ ਤਾਂ ਸਗੋਂ ਇਸ ਨੂੰ ਇਤਹਾਸ ਦਾ ਸਭ ਤੋਂ ਮਾੜਾ ਫੈਸਲਾ ਕਿਹਾ ਹੈ। ਉਸ ਨੇ ਤਾਂ ਇਥੋਂ ਤਕ ਕਹਿ ਮਾਰਿਆ ਕਿ ਅਸੀਂ ਪੱਛਮੀ ਏਸ਼ੀਆ ਭਾਵ ਕਿ ਮਿਡਲ ਈਸਟ ਨੂੰ ਬਰਬਾਦ ਹੀ ਕਰ ਦਿੱਤਾ ਹੈ ਤੇ ਸਾਨੂੰ ਇਸ ਦੀ ਬੇਹਿਸਾਬ ਕੀਮਤ ਚੁਕਾਉਣੀ ਪਈ। ਪਰ ਅਫਗਾਨਿਸਤਾਨ ਦੀ ਹਾਲਤ ਪਹਿਲਾਂ ਨਾਲੋਂ ਵੀ ਬੁਰੀ ਹੋ ਗਈ ਹੈ ਕਿਓਂਕਿ ਮੁੜ ਉਸਾਰੀ ਕਰਨੀ ਪੈਣੀ ਹੈ। ਉਸ ਦਾ ਕਹਿਣਾ ਹੈ ਕਿ ਅਫਗਾਨਿਸਤਾਨ ਵਿਚ ਫਸਣਾ ਤਾਂ ਦਲਦਲ ਵਿਚ ਫਸਣਾ ਸੀ।

ਜੁਲਾਈ 2021 ਦੀ ਆਪਣੀ ਰਿਪੋਰਟ ਵਿੱਚ ਐੱਸਾਈਏਆਰ ਨੇ ਕਿਹਾ ਕਿ ਅਫ਼ਗਾਨਿਸਤਾਨ ਦੀ ਸੁਰੱਖਿਆ ‘ਤੋ 88 ਬਿਲੀਅਨ ਡਾਲਰ ਤੋਂ ਵੱਧ ਖਰਚਾ ਕੀਤਾ ਗਿਆ ਹੈ। ਅੱਜਕਲ ਸੋਸ਼ਲ ਮੀਡੀਏ ਤੇ ਵਾਇਰਲ ਹੋ ਰਹੀ ਇੱਕ ਰਿਪੋਰਟ ਵਿਚ ਇੱਕ ਰਿਚਰਡ ਓਜੇਦਾ ਨਾਮੀ ਰਿਟਾਇਰਡ ਫੌਜੀ ਮੇਕਰ ਦਾ ਕਹਿਣਾ ਹੈ ਕਿ 20 ਸਾਲ ਅਫਗਾਨੀ ਫੌਜ ਨੂੰ ਟਰੇਨਿੰਗ ਦੇਣ ਅਤੇ ਹਥਿਆਰਬੰਦ ਕਰਨ ਤੇ 2 ਟਰਿਲੀਅਨ ਡਾਲਰ ਖਰਚ ਕੀਤਾ ਗਿਆ ਤੇ ਇੱਕ ਹਫਤੇ ਵਿਚ ਉਹ ਹੱਥ ਖੜ੍ਹੇ ਕਰ ਗਏ। ਉਸ ਦਾ ਕਹਿਣਾ ਹੈ ਕਿ ਇਹ ਦੇਖ ਕੇ ਮੈਂ ਸੁੰਨ ਹੋ ਗਿਆ ਕਿ ਅਸਲ ਵਿਚ ਇਹ ਤਾਂ ਮਿਲਟਰੀ ਠੇਕਿਆਂ ਅਤੇ ਕਾਰਪੋਰੇਟਾਂ ਰਾਹੀਂ ਡਾਲਰ ਇੱਕਠੇ ਕਰਨ ਦਾ ਜਰੀਆ ਸੀ ਇਹ ਕੋਈ ਮਿਲਟਰੀ ਟਰੇਨਿੰਗ ਨਹੀਂ ਸੀ। ਅਸਲ ਵਿਚ ਇਹ ਗੱਲ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਅਮਰੀਕਾ ਵਲੋਂ ਸਿਖਲਾਈ ਹੋਈ ੩ ਲੱਖ ਦੀ ਸੰਗਠਿਤ ਅਫਗਾਨਿਸਤਾਨ ਦੀ ਫੌਜ ਤਾਲਿਬਾਨੀ ਖਾੜਕੂਆਂ ਅੱਗੇ ਕਿਓਂ ਨਹੀਂ ਖੜ੍ਹੀ ਹੋ ਸਕੀ।

ਅਮਰੀਕਾ ਵਲੋਂ ਅਫਗਾਨਿਸਤਾਨੀ ਫੌਜ ਨੂੰ ਮੁਹੱਈਆ ਕਰਵਾਏ ਗਏ ਅੱਤ ਅਧੁਨਕਿ ਹਥਿਆਰ ਅਤੇ ਮਾਰੂ ਉਪਰਕਨ ਹੁਣ ਤਾਲਿਬਾਨੀ ਹੱਥਾਂ ਵਿਚ ਚਲੇ ਗਏ ਹਨ ਅਤੇ ਲੜਾਈ ਦੇ ਮਾਮਲੇ ਵਿਚ ਤਾਲਿਬਾਨੀ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਸਮਰੱਥ ਹੋ ਗਏ ਹਨ।
ਏਨਾ ਕੁਝ ਹੋਣ ਤੇ ਵੀ ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਵਲੋਂ ਅਫਗਾਨਿਸਤਾਨ ਚੋਂ ਫੌਜਾਂ ਕੱਢਣ ਦੇ ਆਪਣੇ ਫੈਸਲੇ ਨੂੰ ਦਰੁਸੱਤ ਦੱਸਿਆ ਜਾ ਰਿਹਾ ਹੈ ਭਾਵੇਂ ਕਿ ਉਸ ਨੂੰ ਇਸ ਸਬੰਧੀ ਰਿਪਬਲੀਕਨਾ ਅਤੇ ਡੈਮੋਕ੍ਰੇਟਸ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਅਫਗਾਨੀ ਜੰਗ ਕਿਹੜੇ ਭਾਅ ਪਈ!

ਅਮਰੀਕਾ ਦੇ ਕਾਰੋਬਾਰੀ ਰਸਾਲੇ ‘ਫੋਰਬਜ਼’ ਦੇ ਹਵਾਲੇ ਨਾਲ ਜੋ ਜਾਣਕਾਈ ਸੋਸ਼ਲ ਸਾਈਟਾਂ ਤੋਂ ਮਿਲਦੀ ਹੈ ਉਸ ਮੁਤਾਬਕ ਜੇਕਰ ਮਾਲੀ ਤੌਰ ‘ਤੇ ਦੇਖਿਆ ਜਾਵੇ ਤਾਂ 20 ਸਾਲਾਂ ਵਿਚ ਅਮਰੀਕਾ ਨੇ ਅਫਗਾਨਿਸਤਾਨ ਯੁੱਧ ਤੇ 2 ਟਰਿਲੀਅਨ ਡਾਲਰ ਖਰਚ ਕੀਤੇ ਹਨ ਜੋ ਕਿ ਵੀਹ ਸਾਲਾਂ ਲਈ ਰੋਜਾਨਾ 300 ਮਿਲੀਅਨ ਡਾਲਰ ਪ੍ਰਤੀ ਦਿਨ ਬਣਦਾ ਹੈ। ਜਾਂ ਇੰਝ ਕਹਿ ਲਓ ਕਿ ਅਫਗਾਨਿਸਤਾਨ ਦੀ 40 ਮਿਲੀਅਨ ਅਬਾਦੀ ਦੇ ਹਿਸਾਬ ਇਹ ਖਰਚਾ ਹਰ ਵਿਅਕਤੀ ਨੂੰ 50,000 ਡਾਲਰ ਆਉਂਦਾ ਹੈ। ਇਸ ਰਾਸ਼ੀ ਨੂੰ ਇਸ ਤਰਾਂ ਵੀ ਸਮਝਿਆ ਜਾ ਸਕਦਾ ਹੈ ਜਿਵੇਂ ਅਮਰੀਕਾ ਨੇ ਤਾਲਿਬਾਨਾ ਦਾ ਸਫਾਇਆ ਕਰਨ ਲਈ ਅਮਰੀਜਾ ਦੇ ਬਿੱਲ ਗੇਟ ਵਰਗੇ 30 ਸਭ ਤੋਂ ਅਮੀਰ ਵਿਅਕਤੀਆਂ ਦਾ ਕੁਲ ਜੋੜ ਸਰਮਾਇਆ ਇਸ ਲੜਾਈ ਤੇ ਖਰਚਿਆ ਹੋਵੇ । 800 ਬਿਲੀਅਨ ਡਾਲਰ ਤਾਂ ਤਾਲਿਬਾਨਾ ਨਾਲ ਸਿੱਧੀ ਲੜਾਈ ਲੜਨ ਲਈ ਰਾਖਵਾਂ ਰੱਖਿਆ ਗਿਆ ਸੀ । ਅਫਗਾਨਿਸਤਾਨ ਦੀ ਫੌਜ ਨੂੰ ਸਿਖਲਾਈ ਦੇਣ ਲਈ 85 ਬਿਲੀਅਨ ਡਾਲਰ ਖਰਚ ਆਇਆ ਦੱਸਿਆ ਜਾਂਦਾ ਹੈ ਅਤੇ ਅਫਗਾਨ ਫੌਜ ਦੀ ਤਨਖਾਹ ਦਾ ਸਲਾਨਾ ਖਰਚ 650 ਮਿਲੀਅਨ ਦੱਸਿਆ ਜਾਂਦਾ ਹੈ। ਜੋ ਅਮਰੀਕੀ ਲੋਕ ਇਸ ਲੜਾਈ ਵਿਚ ਜ਼ਖਮੀ ਹੋਏ ਉਹਨਾ ਦੇ ਇਲਾਜ ਦਾ ਖਰਚ 300 ਬਿਲੀਅਨ ਡਾਲਰ ਦੱਸਿਆ ਜਾਂਦਾ ਹੈ । ਅਮਰੀਕਾ ਦੇ ਕਰਜ਼ੇ ‘ਤੇ ਹੁਣ ਤਕ 500 ਬਿਲੀਅਨ ਡਾਲਰ ਵਿਆਜ ਹੁਣ ਤਕ ਤਾਰਿਆ ਜਾ ਚੁੱਕਾ ਕਿਹਾ ਜਾਂਦਾ ਹੈ ਅਤੇ 2050 ਤਕ ਵਿਆਜ ਦਾ ਇਹ ਖਰਚ ਸਾਢੇ ਟਰਿਲੀਅਨ ਡਾਲਰ ਤਕ ਚੜ੍ਹ ਜਾਵੇਗਾ ਅਤੇ ਇਹ ਹਰ ਅਮਰੀਕੀ ਸ਼ਹਿਰੀ ਸਿਰ 20,000 ਡਾਲਰ ਬਣਦਾ ਹੈ।

ਇਸ ਲੜਾਈ ਵਿਚ ਮਾਲੀ ਨੁਕਸਾਨ ਦੇ ਨਾਲ ਨਾਲ ਜੋ ਜਾਨੀ ਨੁਕਸਾਨ ਹੋਇਆ ਉਹ ਇਸ ਤਰਾਂ ਹੈ –
47,000 ਆਮ ਲੋਕੀ ਮਾਰੇ ਗਏ ਜਦ ਕਿ ਅਫਗਾਨ ਸਕਿਓਰਿਟੀ ਫੋਰਸਾਂ ਦੇ 69,000 ਬੰਦੇ ਮਾਰੇ ਗਏ। ਕੋਲੀਸ਼ਨ ਫੋਰਸਾਂ ਦੇ 3,500 ਫੌਜੀ ਮਾਰੇ ਗਏ ਅਤੇ ਅਮਰੀਕੀ ਫੋਜ ਦੇ 2,500 ਫੌਜੀ ਮਾਰੇ ਗਏ ਦੱਸੇ ਜਾਂਦੇ ਹਨ। ਅਮਰੀਕਾ ਠੇਕੇਦਾਰ ਕੰਪਨੀਆਂ ਦੇ ੪,੦੦੦ ਲੋਕ ਵੀ ਇਸ ਲੜਾਈ ਦੀ ਭੇਂਟ ਚੜ੍ਹ ਗਏ ਜਦ ਕਿ ਤਾਲਿਬਾਨ ਜਾਂ ਉਹਨਾ ਦੇ ਸਹਿਯੋਗੀਆਂ ਦੇ ਮਾਰੇ ਜਾਣ ਦੀ ਗਿਣਤੀ 51,000 ਹੈ।

ਤਾਲਿਬਾਨੀ ਅਫਗਾਨਿਸਤਾਨ ਦੀਆਂ ਖੌਫਨਾਕ ਯਾਦਾਂ

ਕਾਬਲ ਤੇ ਕਬਜਾ ਕਰਨ ਮਗਰੋਂ ਤਾਲਿਬਾਨੀ ਆਗੂਆਂ ਨੇ ਆਪਣੀ ਪਹਿਲੀ ਕਾਨਫਰੰਸ ਵਿਚ ਦੁਨੀਆਂ ਨੂੰ ਦਿਲਬਰੀਆਂ ਦਿੱਤੀਆਂ ਹਨ। ਤਾਲਿਬਾਨੀ ਬੁਲਾਰੇ ਜੁਬੀਉੱਲ੍ਹਾ ਮੁਜਾਹਿਦ ਨੇ ਤਾਲਿਬਾਨ ਦੇ ਕਬਜ਼ੇ ਵਾਲੇ ਇਲਾਕਿਆਂ ਵਿੱਚ ਅਗਵਾ ਕਰਨ ਅਤੇ ਕਤਲ ਦੀਆਂ ਖ਼ਬਰਾਂ ਬਾਰੇ ਪੁੱਛੇ ਗਏ ਸਵਾਲ ’ਤੇ ਬੋਲਦਿਆਂ ਕਿਹਾ ਸਾਡਾ ਦੇਸ਼ ਹਮੇਸ਼ਾਂ ਤੋ ਇਸਲਾਮੀ ਸੀ ਅਤੇ ਰਹੇਗਾ ਵੀ। ਅਸੀਂ ਵਿਕਾਸਵਾਦੀ ਪ੍ਰਕਿਰਿਆ ਵਿਚੋਂ ਗੁਜ਼ਰਦੇ ਹੋਏ ਇਸਲਾਮੀ ਸ਼ਰੀਆ ਨੂੰ ਧਿਆਨ ਵਿਚ ਰੱਖਦੇ ਹੋਏ ਲੋੜ ਮੁਤਾਬਕ ਤਬਦੀਲੀਆਂ ਕਰ ਰਹੇ ਹਾਂ। ਅਸੀਂ ਚਹੁੰਦੇ ਹਾਂ ਦੇਸ਼ ਵਿਚ ਸਥਿਰਤਾ ਅਤੇ ਸਦਭਾਵਨਾ ਦਾ ਸ਼ਾਂਤਮਈ ਮਹੌਲ ਹੋਵੇ ਇਸੇ ਲਈ ਅਸੀਂ ਆਮ ਮੁਆਫੀ ਦਾ ਐਲਾਨ ਕਰ ਰਹੇ ਹਾਂ। ਅਸੀਂ ਬਣਨ ਵਾਲੇ ਰਾਜ ਪ੍ਰਬੰਧ ਵਿਚ ਵੱਖੋ ਵੱਖ ਸਮੂਹਾਂ ਨੂੰ ਸ਼ਾਮਲ ਹੋਣ ਦਾ ਸੱਦਾ ਦੇ ਰਹੇ ਹਾਂ। ਇੱਕ ਗੱਲ ਸਾਫ ਹੈ ਕਿ ਸਾਡੇ ਲੋਕ ਸਾਡੇ ਨਾਲ ਹਨ ਅਤੇ ਸਾਡੀ ਸਰਕਾਰ ਬਣਦਿਆਂ ਹੀ ਸਭ ਸਾਫ ਹੋ ਜਾਵੇਗਾ। ਅਸੀਂ ਆਲਮੀ ਭਾਈਚਾਰੇ ਨਾਲ ਕਿਸੇ ਕਿਸਮ ਦੇ ਅੜਿੱਕੇ ਦੀ ਹਾਲਤ ਵਿਚ ਨਹੀਂ ਹਾਂ ਅਤੇ ਕੌਮਾਂਤਰੀ ਭਾਈਚਾਰੇ ਨੂੰ ਭਰੋਸਾ ਦਿਵਾਉਂਦੇ ਹਾਂ ਕਿ ਕਿਸੇ ਨੂੰ ਕੋਈ ਵੀ ਨੁਕਸਾਨ ਨਹੀਂ ਪਹੁੰਚਾਇਆ ਜਾਵੇਗਾ। ਔਰਤਾਂ ਨੂੰ ਸ਼ਰੀਆ ਕਾਨੂੰਨਾਂ ਮੁਤਾਬਕ ਕੰਮ ਕਰਨ ਅਤੇ ਪੜ੍ਹਨ ਦੇ ਹੱਕ ਹੋਣਗੇ । ਉਸ ਨੇ ਕਿਹਾ ਕਿ ਅਸੀਂ ਸਭ ਨੂੰ ਮੁਆਫ ਕਰ ਦਿੱਤਾ ਹੈ।

ਪਰ ਲੋਕਾਂ ਨੂੰ ਇਹਨਾ ਬਿਆਨਾ ‘ਤੇ ਯਕੀਨ ਨਹੀਂ ਆ ਰਿਹਾ ਕਿਓਂਕਿ ਆਪਣੇ 1996 ਤੋਂ 2001ਤਕ ਦੇ ਪੰਜ ਸਾਲਾਂ ਦੇ ਰਾਜਕਾਲ ਵਿਚ ਤਾਲਿਬਾਨਾਂ ਨੇ ਜਿਸ ਕੱਟੜਤਾ ਦਾ ਮੁਜ਼ਾਹਰਾ ਕੀਤਾ ਉਸ ਬਾਰੇ ਤਾਂ ਸੋਚ ਕੇ ਵੀ ਲੂੰ ਕੰਡੇ ਖੜ੍ਹੇ ਹੋ ਜਾਂਦੇ ਹਨ। ਸ਼ਰੀਅਤ ਕਾਨੂੰਨਾਂ ਤਹਿਤ ਤਾਲਿਬਾਨਾਂ ਨੇ ਜੋ ਨਿਆਂ ਪ੍ਰਬੰਧ ਲਾਗੂ ਕੀਤਾ ਸੀ ਉਸ ਵਿਚ ਸ਼ਹਿਰੀ ਅਜ਼ਾਦੀ ਨਾਮ ਦੀ ਕੋਈ ਚੀਜ਼ ਨਹੀਂ ਸੀ। ਚੋਰੀ ਯਾਰੀ,ਵਿਭਚਾਰ ਜਾਂ ਮਹਿਜ ਝੂਠ ਬੋਲਣ ਦੇ ਦੋਸ਼ਾਂ ਤਹਿਤ ਔਰਤਾਂ ਨੂੰ ਚੁਰੱਸਤਿਆਂ ਵਿਚ ਖੜ੍ਹਿਆਂ ਕਰਕੇ ਸੰਗਸਾਰ ਕੀਤੇ ਜਾਣਾ ਭਾਵ ਕਿ ਉਹਨਾ ਨੂੰ ਪੱਥਰ ਮਾਰ ਮਾਰ ਕੇ ਮਾਰ ਦੇਣ ਦੀ ਸਜ਼ਾ ਦੇਣੀ, ਕੋੜੇ ਮਾਰਨੇ ਅਤੇ ਜ਼ੁਬਾਨ ਨੂੰ ਸੀਖ ਦੇਣ ਤਕ ਦੀਆਂ ਸਜ਼ਾਵਾਂ ਦਾ ਆਮ ਮੁਜ਼ਾਹਰਾ ਕੀਤਾ ਜਾਂਦਾ ਸੀ। ਵਿਰੋਧੀਆਂ ‘ਤੇ ਸ਼ਰ੍ਹਈ ਇਲਜ਼ਾਮ ਲਾ ਕੇ ਉਹਨ ਦੇ ਹੱਥ ਪੈਰ ਵੱਢਣ ਤੋਂ ਸੂਲੀ ‘ਤੇ ਲਟਕਾ ਦੇਣ ਦੀ ਕਰੂਰਤਾ ਆਮ ਸੀ।

ਪਾਕਿਸਤਾਨ ਵਲੋਂ ਖੁਸ਼ੀ ਦਾ ਇਜ਼ਹਾਰ

ਜਿਵੇਂ ਕਿਹਾ ਜਾਂਦਾ ਹੈ ਕਿ ਦੁਸ਼ਮਣ ਦਾ ਦੋਸਤ ਦੁਸ਼ਮਣ ਅਤੇ ਦੁਸ਼ਮਣ ਦਾ ਦੁਸ਼ਮਣ ਆਪਣਾ ਦੋਸਤ ਲੱਗਣ ਲੱਗ ਪੈਂਦਾ ਹੈ ਸ਼ਾਇਦ ਇਸੇ ਤਰਾਂ ਦੀ ਗੱਲ ਪਾਕਿਸਤਾਨ ਦੇ ਰਵੱਈਏ ਤੋਂ ਪ੍ਰਤੀਤ ਹੁੰਦੀ ਹੈ। ਚੱਪੀ ਸਦੀ ਪਹਿਲਾਂ ਜਦੋਂ ਅਫਗਾਨਿਸਤਾਨ ਵਿਚ ਰਾਜ ਪਲਟੇ ਨਾਲ ਤਾਲਿਬਾਨੀ ਪ੍ਰਬੰਧ ਕਾਇਮ ਹੋਇਆ ਸੀ ਤਾਂ ਇਸ ਨੂੰ ਮਾਨਤਾ ਦੇਣ ਵਾਲੇ ਦੇਸ਼ਾਂ ਵਿਚ ਪਾਕਿਸਤਾਨ, ਸਾਊਦੀ ਅਰਬ, ਯੂ ਏ ਈ ਅਤੇ ਤੁਰਮਨਿਸਤਨ ਆਦਿ ਸਨ। ਹੁਣ ਫਿਰ ਜਦੋਂ ਤਾਲਿਬਾਨਾ ਦਾ ਅਫਗਾਨਿਸਤਾਨ ਤੇ ਮੁੜ ਕਬਜਾ ਹੁੰਦਾ ਪ੍ਰਤੀਤ ਹੋ ਰਿਹਾ ਹੈ ਤਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇਸ ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਇਸ ਨੂੰ ਗੁਲਾਮੀ ਦੀਆ ਜੰਜੀਰਾਂ ਤੋੜਨਾ ਅਤੇ ਲੋਕਾਂ ਦੀ ਜਿੱਤ ਕਿਹਾ ਹੈ। ਪਾਕਿਸਤਾਨ ਵਿਚ ਇਸੇ ਖੁਸ਼ੀ ਵਿਚ ਮਠਿਆਈਆਂ ਵੰਡੀਆਂ ਜਾ ਰਹੀਆਂ ਹਨ। ਅਸਲ ਵਿਚ ਅਫਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਅਸ਼ਰਫ ਗਨੀ ਨੂੰ ਭਾਰਤ ਪੱਖੀ ਸਮਝਿਆ ਜਾਂਦਾ ਰਿਹਾ ਹੈ ਅਤੇ ਇਹ ਵੀ ਖਬਰਾਂ ਸਨ ਕਿ ਗਨੀ ਪ੍ਰਸ਼ਾਸਨ ਵਿਚ ਯਕੀਨ ਰੱਖਦਿਆਂ ਭਾਰਤ ਨੇ ਅਫਗਾਨਿਸਤਾਨ ਦੇ ਅਨੇਕਾਂ ਵਿਕਾਸ ਪ੍ਰਾਜੈਕਟਾਂ ਵਿਚ ੩ ਅਰਬ ਡਾਲਰਾਂ ਦਾ ਨਿਵੇਸ਼ ਕੀਤਾ ਇਸ ਕਰਕੇ ਪਾਕਿਸਤਾਨ ਦੇ ਬਦਲੇ ਹੋਏ ਰੌਂਅ ਦੀ ਸਮਝ ਪੈਂਦੀ ਹੈ। ਪਰ ਭਾਰਤੀ ਮਹਾਂ ਉਪਦੀਪ ਦੇ ਦੇਸ਼ਾਂ ਦੀ ਬਿਹਤਰੀ ਇਸੇ ਵਿਚ ਹੈ ਕਿ ਉਹ ਆਪਸੀ ਟਕਾਰਾਓ ਦਾ ਰਾਹ ਛੱਡ ਕੇ ਯੂਰਪੀ ਦੇਸ਼ਾਂ ਵਾਂਗ ਸ਼ਾਂਤੀ ਅਤੇ ਸਦਭਾਵਨਾ ਨਾਲ ਰਹਿਣ ਦਾ ਉਪਰਾਲਾ ਕਰਨ। ਜੇਕਰ ਅਫਗਾਨਿਸਤਾਨ ਵਿਚ ਕੱਟੜਵਾਦੀ ਰੁਝਾਨਾ ਦਾ ਬੋਲਬਾਲਾ ਹੁੰਦਾ ਹੈ ਤਾਂ ਉਸ ਦਾ ਅਸਰ ਗਵਾਂਢੀ ਦੇਸ਼ ਪਾਕਿਸਤਾਨ ‘ਤੇ ਪੈਣਾ ਸਹਿਜ ਸੁਭਾਵਕ ਹੈ। ਜੇਕਰ ਪਾਕਿਸਤਾਨ ਵਿਚ ਕੱਟੜਵਾਦੀ ਰੁਝਾਨਾ ਦਾ ਬੋਲਬਾਲਾ ਹੁੰਦਾ ਹੈ ਤਾਂ ਉਸ ਤੋਂ ਸਭ ਤੋਂ ਵੱਡਾ ਖਤਰਾ ਇਮਰਾਨ ਖਾਨ ਦੀ ਜਮਹੂਰੀ ਸਰਕਾਰ ਨੂੰ ਹੀ ਹੋਣਾ ਹੈ। ਪਰ ਪਾਕਿਸਤਾਨ ਅਤੇ ਚੀਨ ਇਸ ਖਿੱਤੇ ਵਿਚ ਸ਼ਾਇਦ ਆਪਣੇ ਇੱਕ ਹੋਰ ਸਾਥੀ ਦੀ ਭਾਲ ਵਿਚ ਹਨ ਤਾਂ ਕਿ ਭਾਰਤ ਦੇ ਦਬਾਅ ਤੋਂ ਮੁਕਤ ਹੋਇਆ ਜਾਵੇ ਅਤੇ ਹੁਣ ਦੁਨੀਆਂ ਦੇਖ ਰਹੀ ਹੈ ਕਿ ਇਹ ਤਿਕੜੀ ਦਾ ਊਠ ਕਿਸ ਕਰਵਟ ਬੈਠਦਾ ਹੈ। ਚੀਨ ਨੇ ਸਬੰਧਤ ਰਾਜ ਪਲਟੇ ਬਾਰੇ ਏਨਾ ਹੀ ਕਿਹਾ ਹੈ ਕਿ ਉਹ ਤਾਲਿਬਾਨਾ ਨਾਲ ਦੋਸਤਾਨਾ ਰਿਸ਼ਤੇ ਬਨਾਉਣ ਦਾ ਚਾਹਵਾਨ ਹੈ। ਚੀਨ ਨੇ ਆਪਣੇ ਨਾਗਰਿਕਾਂ ਨੂੰ ਜਿਥੇ ਘਰਾਂ ਵਿਚ ਰਹਿਣ ਅਤੇ ਹਾਲਾਤਾਂ ‘ਤੇ ਨਿਗ੍ਹਾ ਰੱਖਣ ਨੂੰ ਕਿਹਾ ਹੈ ਉਥੇ ਆਪਣੇ ਦੂਤਾਵਾਸ ਖੁਲ੍ਹੇ ਰੱਖਣ ਦੇ ਵੀ ਸੰਕੇਤ ਦਿੱਤੇ ਹਨ।

ਅਫਗਾਨਿਸਤਾਨ ਵਿਚ ਸਿੱਖਾਂ ਹਿੰਦੂਆਂ ਅਤੇ ਹੋਰ ਘੱਟਗਿਣਤੀਆਂ ਨੂੰ ਖਤਰੇ

ਬੇਸ਼ਕ ਤਾਲਿਬਾਨੀ ਆਗੂਆਂ ਵਲੋਂ ਦਿਲਾਸੇ ਦਿੱਤੇ ਜਾ ਰਹੇ ਹਨ ਕਿ ਉਹਨਾ ਦੇ ਰਾਜ ਪ੍ਰਬੰਧ ਵਿਚ ਹਰ ਘੱਟ ਗਿਣਤੀ ਦੀ ਰੱਖਿਆ ਕੀਤੀ ਜਾਵੇਗੀ ਪਰ ਬਦਲੇ ਹੋਏ ਹਾਲਾਤਾਂ ਵਿਚ ਇਹ ਘੱਟਗਿਣਤੀਆਂ ਦਹਿਸ਼ਤ ਵਿਚ ਹਨ। ਜਲਾਲਾਬਾਦ ਅਤੇ ਹੋਰ ਇਲਾਕਿਆਂ ਵਿਚ ਵਸੇ ਹੋਏ ਸਿੱਖ ਆਪਣੀਆਂ ਦੁਕਨਾ ਅਤੇ ਪੁਸ਼ਤੈਨੀ ਜਾਇਦਾਦਾਂ ਛੱਡ ਕੇ ਕਾਬਲ ਦੇ ਗੁਰਦੁਆਰਾ ‘ਕਰਤਾ-ਏ-ਪ੍ਰਵਾਨ’ ਵਿਚ ਸ਼ਰਨ ਲੈ ਚੁੱਕੇ ਹਨ। ਇਥੇ ਸ਼ਾਮਲ ਸਿੱਖਾਂ ਦੀ ਗਿਣਤੀ 270 ਅਤੇ ਹਿੰਦੂਆਂ ਦੀ 50 ਦੱਸੀ ਜਾਂਦੀ ਹੈ। ਹੋਰ ਘੱਟ ਗਿਣਤੀਆਂ ਵਾਂਗ ਹੀ ਸਿੱਖ ਅਤੇ ਹਿੰਦੂ ਵੀ ਦਹਿਸ਼ਤ ਅਤੇ ਸਕਤੇ ਵਿਚ ਹਨ ਅਤੇ ਉਹਨਾ ਨੇ ਭਾਰਤ ਸਰਕਾਰ ਅਤੇ ਬਦੇਸ਼ਾਂ ਵਿਚ ਵਸਦੇ ਸਿੱਖਾਂ ਨੂੰ ਮੱਦਤ ਦੀ ਗੁਹਾਰ ਲਾਈ ਹੈ। ਕੁਝ ਦਿਨ ਪਹਿਲਾਂ ਹੀ ਇਹਨਾ ਸਿੱਖਾਂ ਨੇ ਤਾਲਿਬਾਨੀ ਆਗੂਆਂ ਨਾਲ ਗੱਲਬਾਤ ਕਰਦਿਆਂ ਵਕਤੀ ਤੌਰ ਤੇ ਇਹ ਬਿਆਨ ਦਿੱਤੇ ਸਨ ਕਿ ਉਹਨਾ ਨੇ ਸਿੱਖਾਂ ਨੂੰ ਹਰ ਤਰਾਂ ਦੀ ਸੁਰੱਖਿਅਤਾ ਦਾ ਦਿਲਾਸਾ ਦਿੱਤਾ ਹੈ ਅਤੇ ਆਪਣੇ ਸੰਪਰਕ ਨੰਬਰ ਵੀ ਦਿੱਤੇ ਹਨ। ਪਰ ਹੁਣ ਕਾਬਲ ਗੁਰਦਵਾਰੇ ਦੇ ਮੁਖ ਸੇਵਾਦਾਰ ਗੁਰਨਾਮ ਸਿੰਘ ਨੇ ਕਿਹਾ ਹੈ ਕਿ ਸਾਨੂੰ ਕੁਝ ਪਤਾ ਨਹੀਂ ਕੀ ਹੋਣ ਵਾਲਾ ਹੈ, ਏਅਰ ਪੋਰਟ ‘ਤੇ ਹਫੜਾ ਦਫੜੀ ਮਚੀ ਹੋਈ ਹੈ ਅਤੇ ਲੋਕੀ ਜਹਾਜ ਚੜ੍ਹਨ ਲਈ ਲੜ ਰਹੇ ਹਨ। ਜ਼ਾਹਿਰ ਹੈ ਕਿ ਅਫਗਾਨਿਸਤਾਨ ਵਿਚ ਵਾਪਰ ਰਹੇ ਹਾਲਾਤਾਂ ਦਾ ਇਹਨਾ ਲੋਕਾਂ ‘ਤੇ ਅਸਰ ਹੋਣਾ ਸੁਭਾਵਕ ਹੈ। ਜਲਾਲਾਬਾਦ ਗੁਰਦਵਾਰਾ ਦੇ ਮੁਖ ਸੇਵਾਦਾਰ ਦੇ ਵੀ ਬਿਆਨ ਸੁਣਨ ਨੂੰ ਮਿਲੇ ਸਨ ਕਿ ਪਿੱਛੇ ਗੁਰਦੁਆਰੇ ਵਿਚ ਹੁਣ ਕੇਵਲ ਇੱਕ ਸਿੱਖ ਦਾ ਪਰਿਵਾਰ ਹੀ ਰਹਿ ਗਿਆ ਹੈ ਅਤੇ ਬਾਕੀ ਪਰਿਵਾਰ ਕਾਬਲ ਆ ਚੁੱਕੇ ਹਨ। ਜਸਬੀਰ ਸਿੰਘ ਦੇ ਪਿਤਾ ਨੂੰ ੪ ਸਾਲ ਪਹਿਲਾਂ ਤਾਲਿਬਾਨਾਂ ਨੇ ਮਾਰ ਦਿੱਤਾ ਸੀ ਅਤੇ ਹੁਣ ਇਹ ਲੋਕ ਅਫਰਾ ਤਫਰੀ ਦੇ ਹਾਲਾਤਾਂ ਵਿਚ ਕਿਸ ਤਰਾਂ ਮਹਿਸੂਸ ਕਰਦੇ ਹੋਣਗੇ ਇਸ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ।

ਅਫਗਾਨੀ ਸਿੱਖ ਆਗੂਆਂ ਨੇ ਬਦੇਸ਼ੀ ਸਿੱਖਾਂ ਨੂੰ ਅਪੀਲ ਕੀਤੀ ਹੈ ਕਿ ਉਹ ਉਹਨਾ ਦਾ ਅਮਰੀਕਾ ਕਨੇਡਾ ਵਿਚ ਵਸੇਬਾ ਕਰਨ ਲਈ ਉਪਰਾਲੇ ਕਰਨ।20,000 ਅਫਗਾਨੀਆਂ ਨੂੰ ਪਨਾਹ ਦੇਣ ਦੇ ਬਿਆਨ ਦਿੱਤੇ ਹਨ ਪਰ ਕਿਹਾ ਜਾਂਦਾ ਹੈ ਕਿ ਚਾਲੂ ਸਾਲ ਵਿਚ ਕੇਵਲ 5,000 ਲੋਕਾਂ ਨੂੰ ਹੀ ਪਨਾਹ ਦਿੱਤੀ ਜਾਵੇਗੀ ਜਿਹਨਾ ਵਿਚ ਔਰਤਾਂ, ਬੱਚਿਆਂ, ਘੱਟਗਿਣਤੀਆਂ ਆਦਿ ਨੂੰ ਪਹਿਲ ਦਿੱਤੀ ਜਾਵੇਗੀ। ਇਹਨਾ ਪਨਾਹਗੀਰਾਂ ਵਿਚ ਕਿੰਨੇ ਕੁ ਅਫਗਾਨੀ ਸਿੱਖਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਇਸ ਵਕਤ ਅਫਗਾਨੀ ਸਿੱਖਾਂ ਦੇ ਹਾਲਾਤ ਚਿੰਤਾਜਨਕ ਜਰੂਰ ਹਨ।

ਭਾਰਤ ਸਰਕਾਰ ਨੇ ਕਾਬਲ ਤੋਂ ਆਪਣੇ ਰਾਜਦੂਤ ਅਤੇ ਹੋਰ ਅਧਿਕਾਰੀਆਂ ਨੂੰ ਵਾਪਸ ਬੁਲਾ ਲਿਆ ਹੈ ਅਤੇ ਭਾਰਤੀਆਂ ਨੂੰ ਕੱਢਣ ਲਈ ਐਮਰਜੈਂਸੀ ਈ ਵੀਜ਼ੇ ਜਾਰੀ ਕਰਨ ਦਾ ਐਲਾਨ ਕੀਤਾ ਹੈ। ਅਫਗਾਨਿਸਤਾਨ ਵਿਚ ਭਾਰਤੀ ਮਿਸ਼ਨ ਬੰਦ ਹੋਣ ਕਾਰਨ ਇਹਨਾ ਵੀਜ਼ਿਆਂ ਲਈ ਔਨਲਾਈਨ ਸਹੂਲਤ ਦਿੱਤੀ ਗਈ ਹੈ।

ਸਾਡੇ ਦੇਸ਼ ਅਜ਼ਾਦ ਵੀ ਹੋ ਜਾਣ ਪਰ ਰੂਹਾਂ ਤਾਂ ਕੈਦ ਰਹਿੰਦੀਆਂ ਹਨ

ਪਿਛਲੇ ਦਿਨੀ ੧14/15 ਅਗਸਤ ਨੂੰ ਜਦੋਂ ਭਾਰਤ ਅਤੇ ਪਾਕਿਸਤਾਨ ਵਿਚ ਅਜ਼ਾਦੀ ਦੇ ਜਸ਼ਨ ਮਨਾਏ ਜਾ ਰਹੇ ਸਨ ਤਾਂ ਪਾਕਿਸਤਾਨੀ ਪੱਤਰਕਾਰ ਮੁਹੰਮਦ ਹਨੀਫ ਨੇ ਭਾਰਤ ਅਤੇ ਪਾਕਿਸਤਾਨ ਦੀ ਅਖੌਤੀ ਅਜ਼ਾਦੀ ‘ਤੇ ਇੱਕ ਫਿਕਰਾ ਕੱਸਿਆ ਸੀ ਕਿ ਅੰਗ੍ਰੇਜ਼ ਜਦੋਂ ਕਿਸੇ ਬੰਦੇ ਨੂੰ ਕਾਲੇ ਪਾਣੀ ਦੀ ਸਜ਼ਾ ਵੀ ਦਿੰਦਾ ਸੀ ਤਾਂ ਵਾਰਸਾ ਨੂੰ ਦੱਸ ਜਰੂਰ ਦਿੰਦਾ ਸੀ ਕਿ ਤੁਹਾਡਾ ਬੰਦਾ ਕਿੱਥੇ ਹੈ ਜਦ ਕਿ ਸਾਡੀਆਂ ਆਪਣੀਆਂ ਸਰਕਾਰਾਂ ਤਾਂ ਕੁਝ ਨਹੀਂ ਦਸਦੀਆਂ ਕਿ ਹਜ਼ਾਰਾਂ ਬੰਦੇ ਕਿਥੇ ਮਾਰ ਖਪਾ ਦਿੱਤੇ ਜਾਂਦੇ ਹਨ। ਹਨੀਫ ਦਾ ਕਹਿਣਾ ਹੈ ਕਿ 74 ਸਾਲ ਦਾ ਸਮਾਂ ਭਾਵੇਂ ਕਿਸੇ ਰਾਸ਼ਟਰ ਦੇ ਜੀਵਨ ਵਿਚ ਕੋਈ ਬਹੁਤਾ ਲੰਬਾ ਸਮਾਂ ਨਹੀਂ ਹੁੰਦਾ ਪਰ ਸਾਡੇ ਇਹ ਬੇਬੀ ਬੱਚੇ ਕੁਝ ਸੁਰਤ ਵੀ ਤਾਂ ਸੰਭਾਲਣ।
ਜਿਵੇਂ ਭਾਰਤ ਵਿਚ ਹਿੰਦੁਤਵਾ ਤੋਂ ਘੱਟਗਿਣਤੀਆਂ ਨੂੰ ਖਤਰੇ ਹਨ ਤਿਵੇਂ ਹੀ ਇਸਲਾਮੀ ਦੇਸ਼ਾਂ ਵਿਚ ਘੱਟਗਿਣਤੀਆਂ ਨੂੰ ਖਤਰੇ ਹਨ।

ਕਿਸਤਾਨ ਵਿਚ ਮਹਾਂਰਾਜਾ ਰਣਜੀਤ ਸਿੰਘ ਨੂੰ ਤੋੜੇ ਜਾਣ ਅਤੇ ਇੱਕ ਅੱਠ ਸਾਲਾ ਹਿੰਦੂ ਲੜਕੇ ਦੀ ਗ੍ਰਿਫਤਾਰੀ ਦੀਆਂ ਖਬਰਾਂ ਸੁਰਖੀਆਂ ਵਿਚ ਹਨ। ਸੰਨ 2019 ਨੂੰ ਮਹਾਂਰਾਜਾ ਰਣਜੀਤ ਸਿੰਘ ਦੀ ੧੮੦ਵੀਂ ਬਰਸੀ ਤੇ ਲਹੌਰ ਦੇ ਸ਼ਾਹੀ ਕਿਲੇ ਵਿਚ ਲਗਾਏ ਮਹਾਂਰਾਜਾ ਕਿਲੇ ਨੂੰ ਉਦੋਂ ਤੋਂ ਹੁਣ ਤਕ 3 ਵਾਰ ਤੋੜਿਆ ਜਾ ਚੁੱਕਾ ਹੈ। ਦੀਨ ਧਰਮ ਦੇ ਨਾਮ ਹੇਠ ਕੱਟੜਪੰਥੀ ਮੁਸਲਮਾਨ ਘੱਟਗਿਣਤੀਆਂ ਨੂੰ ਬਰਦਾਸ਼ਤ ਨਹੀਂ ਕਰਦੇ। ਅੱਠ ਸਾਲਾ ਹਿੰਦੂ ਲੜਕੇ ਤੇ ਕੇਸ ਇਸ ਕਰਕੇ ਕੀਤਾ ਗਿਆ ਕਿਓਂਕਿ ਉਹ ਜਦੋਂ ਪਾਣੀ ਪੀਣ ਮਸਜਿਦ ਗਿਆ ਤਾਂ ਮੌਲਵੀ ਦੀ ਝਿੜਕ ਨਾਲ ਉਸਦਾ ਪਿਸ਼ਾਬ ਨਿਕਲ ਗਿਆ ਸੀ ਤੇ ਹੁਣ ਇਹ ਲੜਕਾ ਜਿਹਲ ਵਿਚ ਹੈ ਕਿ ਉਸ ਨੇ ਪਸ਼ਾਬ ਕਰਕੇ ਮਸਜਿਦ ਪਲੀਤ ਕਰ ਦਿੱਤੀ ਹੈ। ਪਾਕਿਸਤਾਨ ਵਿਚ ਤਾਂ ਅੱਜਕਲ ਇੱਕ ਹੋਰ ਖਬਰ ਵੀ ਸੁਰਖੀਆਂ ਵਿਚ ਹੈ ਜਿਥੇ 400 ਬੰਦਿਆਂ ਦੀ ਭੀੜ ਵਲੋਂ ਇੱਕ ਆਇਸ਼ਾ ਨਾਮ ਦੀ ਮੁਸਲਮਾਨ ਲੜਕੀ ਦੀ ਖਿੱਚ ਧੂ ਕੀਤੀ ਗਈ, ਉਸਦੇ ਕੱਪੜੇ ਪਾੜੇ ਗਏ, ਉਸ ਨਾਲ ਅਸ਼ਲੀਲ ਹਰਕਤਾਂ ਕੀਤੀਆਂ ਅਤੇ ਉਸ ਦੀ ਲੁੱਟ ਖੋਹ ਵੀ ਕੀਤੀ ਗਈ ਕਿਓਂਕਿ ਇਹ ਲੜਕੀ ਮਿਨਾਰੇ ਪਾਕਿਸਤਾਨ ਵਿਚ ਟਿਕਟਾਕ ਲਈ ਫਿਲਮ ਬਣਾ ਰਹੀ ਸੀ।

ਗੱਲ ਇਸਲਾਮ ਦੇ ਨਾਮ ਹੇਠ ਪਾਕਿਸਤਾਨ ਜਾਂ ਅਫਗਾਨਸਿਤਾਨ ਵਿਚ ਹੋ ਰਹੀਆਂ ਸਰਗਰਮੀਆਂ ਦੀ ਹੋਵੇ ਜਾਂ ਹਿੰਦੁਤਵਾ ਦੇ ਨਾਮ ਹੇਠ ਭਾਰਤ ਵਿਚ ਘੱਟਗਿਣਤੀਆਂ ‘ਤੇ ਹੋ ਰਹੇ ਜ਼ੁਲਮਾ ਦੀ ਹੋਵੇ ਅੱਜ ਸਾਰਾ ਜ਼ਮਾਨਾ ਦੇਖ ਰਿਹਾ ਹੈ ਕਿ ਇਹਨਾ ਦੇਸ਼ਾਂ ਨੂੰ ਅਜ਼ਾਦੀ ਨਾਲ ਰਹਿਣਾ ਵਸਣਾ ਅਜੇ ਨਹੀਂ ਆਇਆ। ਵੀਹ ਸਾਲ ਪਹਿਲਾਂ ਤਾਲਿਬਾਨ ਨੇ ਆਪਣੇ ਰਾਜ ਕਾਲ ਸਮੇਂ ਜਿਥੇ ਔਰਤਾਂ ਤੇ ਜ਼ੁਲਮ ਕੀਤੇ ਉਥੇ ਘੱਟਗਿਣਤੀਆਂ ਨਾਲ ਜੋ ਸਲੂਕ ਕੀਤਾ ਉਹ ਭੁੱਲਿਆ ਨਹੀਂ ਹੈ। ਤਾਲਿਬਾਨਾ ਨੇ ਸਾਰੀ ਦੁਨੀਆਂ ਦੀਆਂ ਫਰਿਆਦਾਂ ਨੂੰ ਅੱਖ ਪਰੋਖੇ ਕਰਕੇ ਉਸ ਵੇਲੇ ਪਹਾੜ ਵਿਚ ਬਲੁਆ ਪੱਥਰ ਦੀ ਬਣੇ ਮਹਾਤਮਾ ਬੁੱਧ ਦੇ 170 ਫੁੱਟ ਉੱਚੇ ਬੁੱਤ ਨੂੰ ਟੈਂਕਾਂ ਦੇ ਗੋਲਿਆਂ ਅਤੇ ਬਰੂਦ ਨਾਲ ਉਡਾ ਦਿੱਤਾ ਸੀ। ਹੁਣ ਦੇਖਣਾ ਇਹ ਹੈ ਕਿ ਇਹਨਾ ਕੱਟੜਪੰਥੀਆਂ ਨੇ ਆਪਣੇ ਅਤੀਤ ਦੇ ਤਜਰਬੇ ਤੋਂ ਕੁਝ ਸਿੱਖਿਆ ਵੀ ਹੈ ਕਿ ਨਹੀਂ!

Related posts

ਚੰਡੀਗੜ੍ਹ ਵਿਵਾਦ ਵੇਲੇ ਦੀ ਵੰਗਾਰ ਹੈ !

admin

ਵਿਦਵਤਾ ਦੇ ਸਜੀਵ ਤੇ ਸਾਕਾਰ ਸਰੂਪ ਕਾਨ੍ਹ  ਸਿੰਘ ਨਾਭਾ !

admin

ਵਿਗਿਆਨ ਦੀ ਤਰੱਕੀ ਵਿੱਚ ਚੂਹਿਆਂ ਦਾ ਅਹਿਮ ਯੋਗਦਾਨ !

admin