ਚੰਡੀਗੜ੍ਹ – ਪੰਜਾਬੀ ਫ਼ਿਲਮ ‘ਯਾਰ ਮੇਰਾ ਤਿੱਤਲੀਆਂ ਵਰਗਾ’ ਦਾ ਹਾਸਿਆਂ ਨਾਲ ਭਰਪੂਰ ਟਰੇਲਰ 10 ਅਗਸਤ ਨੂੰ ਰਿਲੀਜ਼ ਹੋਇਆ ਹੈ, ਜਿਸ ਨੂੰ ਲੋਕਾਂ ਵਲੋਂ ਜ਼ਬਰਦਸਤ ਹੁੰਗਾਰਾ ਮਿਲ ਰਿਹਾ ਹੈ। ਸਿਰਫ 3 ਦਿਨਾਂ ਅੰਦਰ ਫ਼ਿਲਮ ਦੇ ਟਰੇਲਰ ਨੂੰ ਯੂਟਿਊਬ ’ਤੇ 11 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਇਸ ਫ਼ਿਲਮ ’ਚ ਗਿੱਪੀ ਗਰੇਵਾਲ, ਤਨੂੰ ਗਰੇਵਾਲ, ਕਰਮਜੀਤ ਅਨਮੋਲ, ਹਰਮਨ ਘੁੰਮਣ ਤੇ ਰਾਜ ਧਾਲੀਵਾਲ ਮੁੱਖ ਭੂਮਿਕਾ ਨਿਭਾਅ ਰਹੇ ਹਨ।
ਟਰੇਲਰ ’ਚ ਗਿੱਪੀ ਗਰੇਵਾਲ ਤੇ ਤਨੂੰ ਗਰੇਵਾਲ ਪਤੀ-ਪਤਨੀ ਦੀ ਭੂਮਿਕਾ ’ਚ ਨਜ਼ਰ ਆ ਰਹੇ ਹਨ। ਗਿੱਪੀ ਗਰੇਵਾਲ ਦੀ ਭੂਮਿਕਾ ਵਿਗੜੇ ਪਤੀ ਦੀ ਦੇਖਣ ਨੂੰ ਮਿਲ ਰਹੀ ਹੈ, ਜੋ ਵਿਆਹ ਤੋਂ ਬਾਅਦ ਵੀ ਪਿਆਰ ਦੀ ਭਾਲ ਕਰ ਰਿਹਾ ਹੈ। ਉਥੇ ਮਜ਼ੇਦਾਰ ਕਾਮੇਡੀ ਨਾਲ ਭਰਪੂਰ ਡਾਇਲਾਗਸ ਨਾਲ ਟਰੇਲਰ ਭਰਿਆ ਪਿਆ ਹੈ। ਭਾਵੇਂ ਉਹ ਗਿੱਪੀ ਗਰੇਵਾਲ ਦੇ ਹੋਣ, ਤਨੂੰ ਗਰੇਵਾਲ ਦੇ, ਹਰਮਨ ਘੁੰਮਣ ਦੇ, ਕਰਮਜੀਤ ਅਨਮੋਲ ਦੇ ਜਾਂ ਫਿਰ ਰਾਜ ਧਾਲੀਵਾਲ ਦੇ, ਹਰ ਕਿਸੇ ਦੇ ਡਾਇਲਾਗਸ ਮਨ ਮੋਹ ਰਹੇ ਹਨ।
ਟਰੇਲਰ ’ਚ ਦੇਖਣ ਨੂੰ ਮਿਲ ਰਿਹਾ ਹੈ ਕਿ ਗਿੱਪੀ ਗਰੇਵਾਲ ਦਾ ਵਿਆਹ ਤਨੂੰ ਗਰੇਵਾਲ ਨਾਲ ਹੋਇਆ ਹੈ, ਜਿਨ੍ਹਾਂ ਦਾ ਇਕ ਪੁੱਤਰ ਹੈ, ਜਿਸ ਦੀ ਭੂਮਿਕਾ ਹਰਮਨ ਘੁੰਮਣ ਨੇ ਨਿਭਾਈ ਹੈ। ਗਿੱਪੀ ਵਿਆਹ ਤੋਂ ਬਾਅਦ ਪਿਆਰ ਦੀ ਭਾਲ ਲਈ ਫੇਸਬੁੱਕ ’ਤੇ ਅਕਾਊਂਟ ਬਣਾਉਂਦਾ ਹੈ ਤੇ ਕੁੜੀਆਂ ਨਾਲ ਗੱਲ ਕਰਦਾ ਹੈ। ਫਿਰ ਉਸ ਦੀ ਪਤਨੀ ਨੂੰ ਸ਼ੱਕ ਹੁੰਦਾ ਹੈ ਤੇ ਉਹ ਵੀ ਆਪਣਾ ਨਕਲੀ ਫੇਸਬੁੱਕ ਅਕਾਊਂਟ ਬਣਾਉਂਦੀ ਹੈ। ਇਸ ਵਿਚਾਲੇ ਦੋਵੇਂ ਇਕ-ਦੂਜੇ ਦੇ ਫੇਸਬੁੱਕ ’ਤੇ ਫਰੈਂਡ ਬਣ ਜਾਂਦੇ ਹਨ ਤੇ ਆਪਸ ’ਚ ਗੱਲਬਾਤ ਕਰਦੇ ਹਨ। ਟਰੇਲਰ ’ਚ ਕਾਮੇਡੀ ਤੋਂ ਇਲਾਵਾ ਥੋੜ੍ਹਾ ਸੈਡ ਪਾਰਟ ਵੀ ਦੇਖਣ ਨੂੰ ਮਿਲ ਰਿਹਾ ਹੈ, ਜਿਸ ’ਚ ਗਿੱਪੀ ਗਰੇਵਾਲ ਤੇ ਤਨੂੰ ਗਰੇਵਾਲ ਇਕ-ਦੂਜੇ ਤੋਂ ਵੱਖ ਹੋਣ ਦੀ ਗੱਲ ਕਰਦੇ ਹਨ। ਹਾਲਾਂਕਿ ਅੱਗੇ ਫ਼ਿਲਮ ’ਚ ਕੀ ਹੋਵੇਗਾ, ਇਹ ਤਾਂ ਫ਼ਿਲਮ ਦੇਖਣ ਤੋਂ ਬਾਅਦ ਹੀ ਪਤਾ ਲੱਗੇਗਾ।