ਸੰਸਾਰ ਦਾ ਹਰ ਵਿਅਕਤੀ ਜੀਵਨ ਵਿੱਚ ਆਪਣੇ ਢੰਗਾਂ ਨਾਲ ਵਿਚਰਦਾ ਹੈ। ਆਪਣੇ ਨਿੱਜੀ ਗੁਣਾਂ ਨੂੰ ਵਰਤੋਂ ਵਿੱਚ ਲਿਆਉਣ ਦਾ ਉਸਦਾ ਆਪਣਾ ਹੀ ਨਿਵੇਕਲਾ ਢੰਗ ਹੁੰਦਾ ਹੈ। ਦੂਸਰੇ ਲੋਕ ਉਸਦੇ ਇਸ ਸੋਚਣ, ਕਾਰਜ ਕਰਨ ਅਤੇ ਨਿਸ਼ਾਨੇ ਪ੍ਰਾਪਤ ਕਰਨ ਦੇ ਢੰਗ ਤਰੀਕੇ ਤੋਂ ਹੀ ਉਸਦੀ ਸ਼ਖਸ਼ੀਅਤ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਨ ਅਤੇ ਆਪਣੇ ਵਿਚਾਰ ਬਣਾਉਂਦੇ ਹਨ। ਸ਼ਖਸੀਅਤ ਇੱਕ ਵਿਅਕਤੀ ਦੇ ਤੌਰ ਤੇ ਤੁਹਾਡੀਆਂ ਆਦਤਾਂ ਅਤੇ ਵਰਤਾਰੇ ਦਾ ਇੱਕ ਅਜਿਹਾ ਪ੍ਰਗਟਾਵਾ ਹੁੰਦਾ ਹੈ ਜਿਸ ਦੁਆਰਾ ਤੁਹਾਡੀਆਂ ਸਰੀਰਕ ਅਤੇ ਮਾਨਸਿਕ ਗਤੀਵਿਧੀਆਂ ਦੇ ਨਾਲ ਤੁਹਾਡੀ ਮਾਨਸਿਕ ਪਹੁੰਚ ਦਾ ਵੀ ਪਤਾ ਚੱਲਦਾ ਹੈ। ਪ੍ਰਭਾਵਸ਼ਾਲੀ ਲੋਕਾਂ ਦੀਆਂ ਸ਼ਖਸ਼ੀਅਤਾਂ ਵੀ ਯਕੀਨਨ ਹੀ ਪ੍ਰਭਾਵਸ਼ਾਲੀ ਹੁੰਦੀਆਂ ਹਨ।
ਤੁਹਾਡੀ ਸ਼ਖਸ਼ੀਅਤ ਸੰਖੇਪ ਤੋਰ ਤੇ ਅੰਦਰੂਨੀ ਵਰਤਾਰੇ ਅਤੇ ਵਿਸ਼ਵਾਸ਼ਾਂ ਦਾ ਹੀ ਬਾਹਰੀ ਪ੍ਗਟਾਵਾ ਹੁੰਦੀ ਹੈ। ਤੁਹਾਡਾ ਵਰਤਾਓ ਸਿੱਧੇ ਰੂਪ ਵਿੱਚ ਤੁਹਾਡੇ ਦਿ੍ਸ਼ਟੀਕੋਣ ਦਾ ਹੀ ਕਿਰਿਆਸ਼ੀਲ ਰੂਪ ਹੁੰਦੀ ਹੈ। ਅਸਲ ਵਿੱਚ ਤੁਹਾਡਾ ਦਿ੍ਸ਼ਟੀਕੋਣ ਹੀ ਤੁਹਾਡਾ ਅਸਲ ਕਾਰਣ ਹੁੰਦਾ ਹੈ ਜਿਸ ਉੱਪਰ ਤੁਹਾਡੀਆਂ ਬਹੁਤਾਤ ਕਿਰਆਵਾਂ ਨਿਰਭਰ ਕਰਦੀਆਂ ਹਨ। ਸਾਰੇ ਦਿ੍ਸ਼ਟੀਕੋਣ ਤੁਹਾਡੇ ਅਚੇਤ ਮਨ ਦੀਆਂ ਗਹਿਰਾਈਆਂ ਵਿੱਚ ਖੁੱਭੇ ਹੋਏ ਤੁਹਾਡੇ ਬੁਨਿਆਦੀ ਵਿਸ਼ਵਾਸ਼ਾਂ ਅਤੇ ਕਦਰਾਂ ਕੀਮਤਾਂ ਦੀ ਉਪਜ ਹੁੰਦੇ ਹਨ। ਤੁਹਾਡਾ ਮਾਨਸਿਕ ਦਿ੍ਸ਼ਟੀਕੋਣ ਤੁਹਾਡੇ ਸੋਚਣ, ਮਹਿਸੂਸ ਕਰਨ ਅਤੇ ਕਾਰਜ ਕਰਨ ਦੇ ਢੰਗ ਦਾ ਪ੍ਰਗਟਾਵਾ ਹੁੰਦਾ ਹੈ ਜਿਸ ਦੁਆਰਾ ਤੁਹਾਡੇ ਸੁਭਾਅ ਅਤੇ ਜੀਵਨ ਬਾਰੇ, ਤੁਹਾਡੇ ਵਿਚਾਰਾਂ ਅਤੇ ਵਿਸ਼ਵਾਸ਼ਾਂ ਬਾਰੇ ਜਾਣਕਾਰੀ ਮਿਲਦੀ ਹੈ। ਤੁਹਾਡਾ ਦਿ੍ਸ਼ਟੀਕੋਣ ਤੁਹਾਡੀ ਆਪਣੀ ਵਿਲੱਖਣਤਾ ਬਣ ਜਾਂਦਾ ਹੈ ਅਤੇ ਪੂਰੀ ਦੁਨੀਆਂ ਤੁਹਾਨੂੰ ਉਸੇ ਵਿਲੱਖਣਤਾ ਕਰਕੇ ਵੇਖਣ ਲੱਗਦੀ ਹੈ। ਤਬਦੀਲੀ ਦੀ ਜੀਵਨ ਵਿੱਚ ਬਹੁਤ ਮਹੱਤਤਾ ਹੈ। ਕੋਈ ਵੀ ਅਰਥ ਭਰਭੂਰ ਤਬਦੀਲੀ ਤਾਂ ਹੀ ਸ਼ੁਰੂ ਹੁੰਦੀ ਹੈ ਜਦ ਤੁਸੀਂ ਆਪਣੇ ਬਾਰੇ ਆਪਣੇ ਵਿਸ਼ਵਾਸ਼ਾਂ ਨੂੰ ਬਦਲਣ ਦਾ ਯਤਨ ਕਰਦੇ ਹੋ। ਕੋਈ ਸਕਾਰਾਤਮਕ ਤਬਦੀਲੀ ਆਉਣ ਨਾਲ ਤੁਹਾਡੀ ਸ਼ਖਸੀਅਤ ਹੋਰ ਨਿਖਰੇਗੀ। ਜਦ ਸਾਡੀ ਸ਼ਖਸੀਅਤ ਵਿੱਚ ਕੁਝ ਵਿਸ਼ੇਸ਼ ਗੁਣ ਸ਼ਾਮਿਲ ਹੁੰਦੇ ਹਨ ਤਾਂ ਉਹ ਸਧਾਰਨ ਸ਼ਖਸੀਅਤ ਨਾ ਰਹਿਕੇ ਇੱਕ ਵਿਸ਼ੇਸ਼ ਸ਼ਖਸੀਅਤ ਬਣ ਜਾਂਦੀ ਹੈ ਅਤੇ ਉਸ ਵਿੱਚ ਜਾਦੂਈ ਅਸਰ ਆ ਜਾਂਦਾ ਹੈ।
ਜੇਕਰ ਤੁਸੀਂ ਸੱਚਮੁੱਚ ਪ੍ਰਭਾਵਸ਼ਾਲੀ ਬਣਨਾ ਚਾਹੁੰਦੇ ਹੋ ਤਾਂ ਤੁਹਾਨੂੰ ਦੂਸਰਿਆਂ ਅੱਗੇ ਹਾਂ ਪੱਖੀ ਅਤੇ ਦ੍ਰਿੜ ਹੋਣ ਤੋਂ ਪਹਿਲਾਂ ਆਪਣੇ ਆਪ ਨਾਲ ਅਜਿਹਾ ਹੋਣਾ ਪਵੇਗਾ। ‘ਹਾਂ ‘ ਦੇ ਸੰਕਲਪ ਦਾ ਅਭਿਆਸ ਕਰਨਾ ਪਵੇਗਾ। ਜਦੋਂ ਆਪਣੇ ਆਪ ਪ੍ਰਤੀ ਹਾਂ ਪ੍ਰਤੀ ਦ੍ਰਿੜ ਵਿਵਹਾਰ ਰੱਖੋ, ਤੁਹਾਡੀ ਸ਼ਖਸੀਅਤ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਤੁਹਾਨੂੰ ਆਪ ਦ੍ਰਿੜ ਹੋਣਾ ਪਵੇਗਾ, ਇਹ ਕੋਈ ਦੂਸਰਾ ਵਿਅਕਤੀ ਨਹੀਂ ਕਰ ਸਕਦਾ, ਤੁਹਾਡੀ ਸ਼ਖਸੀਅਤ ਸਿਰਫ਼ ਤੁਸੀਂ ਨਿਖਾਰ ਸਕਦੇ ਹੋ, ਅਜਿਹੀ ਸ਼ਖਸੀਅਤ ਜਿਸ ਤੋਂ ਹਰ ਕੋਈ ਪ੍ਰਭਾਵਿਤ ਹੋਵੇ।