ਧਰਮ ਨਾਲ ਸੰਬੰਧਤ ਪਵਿੱਤਰ ਪਸ਼ੂਆਂ ਦੇ ਬੇਰਹਿਮੀ ਨਾਲ ਕੀਤੇ ਕਤਲ ਤੇ ਉਸ ਤੋਂ ਬਾਅਦ ਧਾਰਮਿਕ ਗ੍ਰੰਥਾਂ ਦੀ ਸਾਜਿਸ਼ ਅਧੀਨ ਹੋਈਆਂ ਬੇਅਦਬੀਆਂ ਤੋਂ ਬਾਅਦ, ਦੋ ਧਾਰਮਿਕ ਧਿਰਾਂ ਵਿਚਕਾਰ ਚਾਰ ਦਿਨਾਂ ਤੋਂ ਚੱਲ ਰਹੇ ਦੰਗਿਆਂ ਵਿੱਚ ਸੈਂਕੜੇ ਮੌਤਾਂ ਹੋਣ ਤੋਂ ਬਾਅਦ ਚਾਰੇ ਪਾਸੇ ਤਨਾਅਪੂਰਨ ਸ਼ਾਂਤੀ ਪਸਰੀ ਹੋਈ ਏ। ਸੱਤ ਕੁ ਸਾਲ ਦਾ ਉਹ ਮਾਸੂਮ, ਬੁਰੀ ਤਰਾਂ ਥਕਿਆ, ਡਰਿਆ, ਕਮਜ਼ੋਰ ਤੇ ਸਹਿਮਿਆ ਹੋਇਆ ਏ, ਆਪਣੇ ਪੂਰੇ ਪਰਿਵਾਰ ਦੇ ਖਾਤਮੇ ਤੋਂ ਬਾਅਦ, ਪਿੱਛਲੇ ਤਿੰਨ ਦਿਨਾਂ ਤੋਂ ਕਿਸੇ ਤਰਾਂ ਭੱਜਦਾ-ਭਜਾਉਂਦਾ ਮਾਸੂਮ ਬੱਚਦਾ ਆ ਰਿਹਾ ਸੀ। ਹੁਣ ਲਗਾਤਾਰ ਰੋਣ ਕਾਰਨ ਉਸਦੀਆਂ ਅੱਖਾਂ ਵਿੱਚ ਸ਼ਾਇਦ ਪਾਣੀ ਵੀ ਮੁੱਕ ਚੁੱਕਾ ਸੀ, ਹੁਣ ਲਗਾਤਾਰ ਭੱਜਣ ਤੋਂ ਬਾਅਦ ਥੱਕ-ਹਾਰ ਕੇ, ਮੁਹੱਲੇ ਦੇ ਇਕ ਧਰਮ ਦੇ ਧਾਰਮਿਕ ਸਥਾਨ ਦੇ ਸਾਹਮਣੇ, ਇੱਕ ਪਾਸੇ ਕੰਧ ਨਾਲ ਲੱਗ ਕੇ ਖੜ੍ਹਾ ਹੈ। ਹੋਲੀ-ਹੋਲੀ ਮੁਹੱਲੇ ਦੇ ਲੋਕ ਕਰਫਿਊ ‘ਚ ਮਿਲੀ ਖੁਲ੍ਹ ਕਾਰਨ ਬਾਹਰ ਨਿਕਲ ਕੇ ਆ ਰਹੇ ਹਨ, ਕਿਉਂਕਿ ਅੱਜ ਉਨਾਂ ਦੇ ਧਰਮ ਨਾਲ ਸੰਬੰਧਤ ਮੰਤਰੀ ਸਾਬ੍ਹ ਵੀ ਤਾਂ ਮੁਹੱਲੇ ਉਨਾਂ ਦੇ ‘ਦੁੱਖ ਦਰਦ ਸੁਣਨ’ ਪਹੁੰਚ ਰਹੇ ਹਨ।
ਹੁਣ ਕੰਧ ਨਾਲ ਲੱਗੇ ਖੜੇ ਮਾਸੂਮ ਦੇ ਲਾਗੇ ਭੀੜ ਇਕੱਠੀ ਹੋ ਗਈ ਏ, ਹਰ ਕੋਈ ਉਸ ਨੂੰ ਦੇਖ ਰਿਹਾ ਏ, ਕਿਸੇ ਨੂੰ ਮਾਸੂਮ ਤਾਂ ਕਿਸੇ ਨੂੰ ਦੁਸ਼ਮਣ ਨਜ਼ਰ ਆ ਰਿਹਾ ਏ, ਕੋਈ ਦਇਆ ਨਾਲ ਤਾਂ ਕੋਈ ਨਫਰਤ ਨਾਲ ਉਸਨੂੰ ਤੱਕ ਰਿਹਾ ਏ। ਹਰ ਕੋਈ ਉਸਨੂੰ ਇਕੋ ਸਵਾਲ ਪੁੱਛ ਰਿਹਾ ਏ, ਤੂੰ ਕੌਣ ਏ ? ਤੂੰ ਕੌਣ ਏ ? ਦਰਅਸਲ ਹਰੇਕ ਦੀ ਇੱਛਾ ਉਸਦਾ ਧਰਮ ਜਾਨਣ ਦੀ ਸੀ ਤਾਂ ਜੋ ਉਸੇ ਅਨੁਸਾਰ ਉਸਤੇ ਰਹਿਮ ਜਾਂ ਕਹਿਰ ਦਾ ਫੈਸਲਾ ਕੀਤਾ ਜਾ ਸਕੇ ਪਰ ਉਹ ਚੁੱਪ ਸੀ, ਬਿਲਕੁਲ ਚੁੱਪ, ਸਹਿਮਿਆ ਹੋਇਆ ਪਰ ਹੁਣ ਲੋਕਾਂ ਨੇ ਉਸ ਨੂੰ ਝਿੰਝੋੜਨਾ ਸ਼ੁਰੂ ਕਰ ਦਿੱਤਾ, ਉਹ ਹੁਣ ਚਿੱਲਾਉਣ ਲੱਗ ਪਏ, ਤੂੰ ਕੌਣ ਏ, ਬੋਲ, ਤੂੰ ਕੌਣ ਏ ? ਬੋਲ, ਬੋਲ, ਬੋਲ ? ਤੇ ਫੇਰ ਦਬਾਅ ‘ਚ ਉਸ ਮਾਸੂਮ ਦਾ ਸਬਰ ਜਵਾਬ ਦੇ ਜਾਂਦਾ ਏ, ਉਹ ਆਪਣੇ ਸ਼ਰੀਰ ਦਾ ਬਚਿਆ ਹੋਇਆ ਸਾਰਾ ਜੋਰ ਇਕੱਠਾ ਕਰਕੇ ਚੀਕ ਦੇ ਨਾਲ ਰੋਂਦਾ ਹੋਇਆ, ਆਖਰ ਆਪਣੀ ਅਸਲ ਪਛਾਣ ਦੱਸਦਾ ਇੰਨਾਂ ਕਹਿ ਕੇ ਹੀ ਡਿੱਗ ਪੈਂਦਾ ਏ, “ਮੈਂ ਭੁੱਖਾ ਹਾਂ, ਮੈਂ ਭੁੱਖਾ ਹਾਂ”। ਲੋਕਾਂ ਦੀ ਭੀੜ ਵਿੱਚ ਇਕਦਮ ਪਸਰੀ ਮੁਰਦਾ ਸ਼ਾਂਤੀ ਨੂੰ , ਇੱਧਰ ਆਉਂਦੀ ਮੰਤਰੀ ਸਾਬ੍ਹ ਦੀ ਗੱਡੀ ਦਾ ਤੇਜ ਹੂਟਰ ਵੀ ਤੋੜਨ ਵਿੱਚ ਅਸਮਰੱਥ ਜਾਪ ਰਿਹਾ ਸੀ ।