
ਇਕ ਪਿੰਡ ਵਿਚ ਇਕ ਫਕੀਰ ਆਇਆ । ਉਸ ਦੀ ਮਿੱਠੀ ਆਵਾਜ਼ ਵਿੱਚ ਬੋਲਿਆ ਸਲੋਕ “ਨਾਮ ਜਪ ਲੈ ਨਿਮਾਣੀ ਜਿੰਦੇ ਮੇਰੀਏ! ਔਖੇ ਵੇਲੇ ਕੰਮ ਆਊਗਾ” ਇਕ ਅਵੱਲਾ ਸਰੂਰ ਦੇ ਰਿਹਾ ਸੀ । ਉਸ ਦੇ ਹੱਥੋਂ ਵੱਜ ਰਹੀ ਡਫਲੀ ਦੀ ਧੁਨ ਸੁਣਨ ਵਾਲੇ ਦਾ ਲੂੰ ਲੂੰ ਖੜ੍ਹਾ ਕਰ ਰਹੀ ਸੀ। ਫ਼ਕੀਰ ਦੇ ਗਲ ਘਸਮੈਲੇ ਬਸਤਰ ਅਤੇ ਓਪਰਾ ਜਿਹਾ ਚਿਹਰਾ ਦੇਖ ਕੇ ਪਿੰਡ ਦੇ ਸਾਰੇ ਕੁੱਤੇ ਸਵਾਗਤ ਦੇ ਤੌਰ ਤੇ ਮੂੰਹ ਅੱਡ ਅੱਡ ਭੌਂਕ ਰਹੇ ਸਨ । ਫ਼ਕੀਰ ਦੇ ਡੰਡਾ ਖੜਕਾਉਣ ਤੇ ਸਾਰੀ ਕਤੀੜ ਕਿੱਧਰ ਖਿੰਡ ਗਈ ਕੁਝ ਪਤਾ ਨਹੀਂ ਲੱਗਾ । ਸੱਥ ਤੇ ਬੈਠੇ ਬੰਦਿਆਂ ਨੇ ਹਾਸੇ -ਠੱਠੇ ਵਜੋਂ ਫ਼ਕੀਰ ਨੂੰ ਹਾਕ ਮਾਰ ਲਈ। ਉਸ ਨਾਲ ਨੀਵੇਂ -ਖੀਂਵੇਂ ਲੈਣ ਲੱਗੇ , ਫਕੀਰ ਵੀ ਬੜਾ ਪਹੁੰਚਿਆ ਹੋਇਆ ਫ਼ਕੀਰ ਸੀ । ਤਾਸ਼ ਦਾ ਪੱਤਾ ਹੇਠਾਂ ਸੁੱਟਦੇ ਹੋਏ ਗੁਰਨਾਮੇੇ ਨੇ ਕਿਹਾ ਬਾਬਾ, ਅਸੀਂ ਤੈਨੂੰ ਖ਼ੈਰ ਤਾਂ ਪਾਵਾਂਗੇ ਪਰ ਇਹ ਦੱਸ ਸਾਨੂੰ ਪੁੰਨ ਵਿੱਚ ਕੀ ਮਿਲੇਗਾ ? ਫ਼ਕੀਰ ਮੁਸਕਰਾਇਆ ਤੇ ਬੋਲਿਆ, ਅਸੀਂ ਜਦ ਵੀ ਕੋਈ ਕਰਮ ਕਰਦੇ ਹਾਂ ਉਹਦਾ ਕੀ ਫਲ ਮਿਲਣਾ? ਇਹ ਵੀ ਰੱਬ ਵੱਲੋਂ ਸਾਡੇ ਲਈ ਇੱਕ ਸਰਪ੍ਰਾਈਜ਼ ਹੀ ਹੁੰਦਾ ਏ, ਜਿਸ ਦੇ ਬਾਰੇ ਸਿਰਫ ਰੱਬ ਜਾਣਦਾ ਏ । ਹੱਸਦੇ -ਹੱਸਦੇ ਹੋਏ ਕਰਤਾਰੇ ਨੇ ਕਿਹਾ, ਬਾਬਾ !ਜੇ ਮੈਂ ਅੱਜ ਤੈਨੂੰ ਆਪਣੇ ਘਰ ਭੋਜਨ ਕਰਾਵਾਂ, ਤੇਰੀ ਰੱਜ ਕੇ ਸੇਵਾ ਕਰਾਂ ਮੈਨੂੰ ਬਦਲੇ ਵਿੱਚ ਕੀ ਦੇਵੇਂਗਾ ।