Articles Culture

“ਤੂੰ – ਤੂੰ ਕਰਦਾ ਤੂੰਬਾ”

ਲੇਖਕ: ਮਾਸਟਰ ਸੰਜੀਵ ਧਰਮਾਣੀ,
ਸ੍ਰੀ ਅਨੰਦਪੁਰ ਸਾਹਿਬ

ਪੰਜਾਬੀ ਲੋਕ ਸੰਗੀਤ ਵਿੱਚ ਤੂੰਬੇ ਦੀ ਖ਼ਾਸ ਅਤੇ ਵਿਸ਼ੇਸ਼ ਥਾਂ ਰਹੀ ਹੈ । ਤੂੰਬੇ ਨੂੰ ਘੁੰਮਚੂ ਅਤੇ ਤੁਨਤੁਨਾ  ਦੇ ਨਾਂ ਨਾਲ ਵੀ ਜਾਣਿਆ ਜਾਂਦਾ ਰਿਹਾ ਹੈ । ਪ੍ਰਾਚੀਨ ਭਾਰਤੀ ਸਾਜ਼ਾਂ ਵਿੱਚ ਤੂੰਬੇ ਦੀ ਆਪਣੀ ਵਿਸ਼ੇਸ਼ ਥਾਂ ਹੈ । ਜਦੋਂ ਤੂੰਬੇ ਦਾ ਪ੍ਰਯੋਗ ਬੋਲੀਆਂ ਜਾਂ ਲੋਕ ਗੀਤਾਂ ਨਾਲ ਹੁੰਦਾ ਹੈ ਤਾਂ ਇਹ ਸੁਣਨ ਵਿੱਚ ਬਹੁਤ ਆਨੰਦਦਾਇਕ , ਮਿੱਠਾ ਅਤੇ ਮਨਮੋਹਕ ਲੱਗਦਾ ਹੈ । ਸੰਗੀਤ ਦੀ ਦੁਨੀਆਂ ਵਿੱਚ  ਢੋਲ ਅਤੇ ਤੂੰਬੇ ਜਾਂ ਅਲਗੋਜ਼ੇ ਅਤੇ ਤੂੰਬੇ ਦਾ ਮੇਲ ਇੱਕ ਵੱਖਰੀ ਹੀ ਦਿੱਖ , ਸੁਰ ਤੇ ਆਨੰਦ ਪ੍ਰਦਾਨ ਕਰ ਜਾਂਦੇ ਹਨ । ਮੇਲਿਆਂ , ਸਟੇਜਾਂ , ਸੱਥਾਂ , ਲੋਕ ਗੀਤਾਂ , ਭੰਗੜਿਆਂ , ਗਿੱਧਿਆਂ , ਬੋਲੀਆਂ ਅਤੇ ਖੁਸ਼ੀਆਂ – ਖੇੜਿਆਂ ਦੀ ਰੌਣਕ ਜੋ ਤੂੰਬੇ ਨਾਲ ਹੁੰਦੀ ਹੈ , ਉਸ ਦੀ ਕੋਈ ਰੀਸ ਨਹੀਂ ਹੋ ਸਕਦੀ । ਤੂੰਬੇ ਨੂੰ ” ਸਾਈਆਂ ਦਾ ਗਹਿਣਾ ” ਜਾਂ ” ਮਾਈ ਦਾ ਸਾਜ਼ ” ਨਾਵਾਂ ਨਾਲ ਵੀ ਮਾਣ ਸਤਿਕਾਰ ਦਿੱਤਾ ਗਿਆ ਹੈ ਅਤੇ ਨਿਵਾਜਿਆ ਗਿਆ ਹੈ । ਤੂੰਬਾ ਮਨ ਦੀਆਂ ਤਰੰਗਾਂ ਦੀ ਲਿਵ ਸਾਈਂ ( ਪਰਮਾਤਮਾ ) ਦੇ ਨਾਲ ਜੋੜਨ ਦਾ ਕੰਮ ਕਰਦਾ ਹੈ । ਗੁਰੂਆਂ , ਪੀਰਾਂ – ਪੈਗੰਬਰਾਂ ਦੀ ਮਹਿਮਾ , ਭਗਤਾਂ ਦੇ ਕਿੱਸੇ , ਦਹੂਦ ਬਾਦਸ਼ਾਹ , ਸੱਸੀ , ਪੂਰਨ ਭਗਤ , ਧੰਨਾ ਜੱਟ , ਧਾਰਮਿਕ ਲੜੀਆਂ ,ਸਾਕੇ ਆਦਿ ਤੂੰਬੇ ‘ਤੇ ਗਾਏ ਜਾਂਦੇ ਰਹੇ । ਭਾਵ ਤੂੰਬਾ ਸਭ ਧਰਮਾਂ  ਵਿੱਚ ਆਪਣੀ ਥਾਂ ਕਾਇਮ ਰੱਖਦਾ ਆ ਰਿਹਾ ਹੈ । ਸੰਤਾਂ , ਪੀਰਾਂ , ਫਕੀਰਾਂ , ਫੱਕਰਾਂ , ਸੂਫੀ ਸੰਤਾਂ ਆਦਿ ਨੇ ਪ੍ਰਮਾਤਮਾ ਦੀ ਭਜਨ ਬੰਦਗੀ ਦੇ ਗੀਤ , ਸ਼ਬਦ , ਭਜਨ , ਪ੍ਰਾਰਥਨਾਵਾਂ ਆਦਿ ਤੂੰਬੇ ਦੀਆਂ ਹੇਕਾਂ ‘ਤੇ  ਗਾਏ ਅਤੇ ਪਰਮ – ਪਿਤਾ ਪਰਮਾਤਮਾ ਦੀ ਭਜਨ ਬੰਦਗੀ ਕਰਕੇ ਉਸ ਨਾਲ ਇੱਕ – ਮਿੱਕ ਹੋ ਕੇ ਰਹੇ । ਵੱਖ – ਵੱਖ ਦਰਬਾਰੀ ਰਾਗੀਆਂ ਨੇ ਤੂੰਬੇ ‘ਤੇ ਕਈ ਤਰ੍ਹਾਂ ਦੇ ਲੋਕ ਗੀਤ , ਕਿੱਸੇ ਤੇ ਪਰਮੇਸ਼ਰ ਦੀ ਉਸਤਤ ਦੇ ਗੀਤ ਆਦਿ ਗਾਏ ।ਤੂੰਬਾ ਸਾਡੇ ਪੰਜਾਬੀ ਸੱਭਿਆਚਾਰ , ਮੁਹਾਵਰਿਆਂ , ਅਖਾਣਾਂ ਅਤੇ ਦਿਨ – ਚਰਿਆ ਵਿੱਚ ਵੀ ਦੇਖਣ , ਸੁਣਨ  ਮਾਨਣ ਤੇ ਅਨੁਭਵ ਕਰਨ ਵਿੱਚ ਆਉਂਦਾ ਰਿਹਾ ਹੈ । ਪੰਜਾਬ ਦੇ ਲੋਕ ਮੇਲਿਆਂ ਵਿੱਚ ਤੂੰਬੇ ਆਮ ਹੀ ਵੇਚੇ , ਦੇਖੇ ਅਤੇ ਵਜਾਏ ਜਾਂਦੇ ਦੇਖਣ ਨੂੰ ਮਿਲਦੇ ਹਨ । ਪੰਜਾਬ ਦੇ ਪਿੰਡਾਂ ਵਿੱਚ ਕਿਤੇ – ਕਿਤੇ ਅੱਜ ਵੀ ਪੁਰਾਣੇ ਖਾਸ ਤੌਰ ‘ਤੇ ਬਜ਼ੁਰਗ ਪੇਂਡੂ ਗਾਇਕ ਅੱਜ ਵੀ ਤੂੰਬੇ ‘ਤੇ ਹੇਕਾਂ ਲਾ – ਲਾ ਕਿੱਸੇ , ਕਹਾਣੀਆਂ , ਲੋਕ ਕਥਾਵਾਂ , ਪਰਮਾਤਮਾ ਦੀ ਭਜਨ ਬੰਦਗੀ ਆਦਿ ਗਾਉਂਦੇ ਦੇਖਣ ਨੂੰ ਮਿਲ ਜਾਂਦੇ ਹਨ । ਤੂੰਬੇ ‘ਤੇ ਗਾਈ ਜਾਣ  ਵਾਲੀ ਤੁੱਕ        ” ਕਲਹਿਰੀਆ ਮੋਰਾ ਵੇ ਹੁਣ ਮੈਂ ਨਾ ਤੇਰੇ ਰਹਿੰਦੀ ” ਅੱਜ ਵੀ ਕਾਫੀ ਲੋਕ ਪ੍ਰਸਿੱਧ ਹੈ । ਪਿਛਲੇ ਦਹਾਕਿਆਂ ਵਿੱਚ ਪੰਜਾਬ ਦੇ ਕਈ ਲੋਕ ਗਾਇਕਾਂ ਨੇ ਕਿੱਸੇ , ਕਹਾਣੀਆਂ ਅਤੇ ਪਰਮਾਤਮਾ ਦੇ ਭਜਨ ਤੂੰਬੇ ‘ਤੇ ਗਾਏ ਜਿੰਨ੍ਹਾਂ ਨੂੰ ਕਿ ਲੋਕਾਂ ਵਿੱਚ ਬਹੁਤ ਪ੍ਰਸਿੱਧੀ ਮਿਲੀ ਅਤੇ ਲੋਕਾਂ ਵੱਲੋਂ ਦਿਲੋਂ ਅੱਜ ਵੀ ਸਰਾਹਿਆ ਜਾਂਦਾ ਹੈ । ਲੋਕ ਜੀਵਨ ਵਿੱਚ ਤੂੰਬੇ ਨੂੰ ਸਭ ਸਾਜ਼ਾਂ ਤੋਂ ਉੱਤਮ ਮੰਨਿਆ ਗਿਆ ਹੈ ; ਕਿਉਂਕਿ ਇਹ ਜ਼ਿਆਦਾਤਰ ਪ੍ਰਮਾਤਮਾ ਨਾਲ ਲਿਵ ਲਗਾਉਣ , ਉਸ ਦੀ ਭਜਨ ਬੰਦਗੀ ਵਿੱਚ ਖੋਹ ਜਾਣ ਅਤੇ ਪ੍ਰਮਾਤਮਾ ਨਾਲ ਇੱਕ – ਮਿੱਕ ਹੋ ਜਾਣ ਦੇ ਸਾਧਨ ਵਜੋਂ ਲੋਕ ਮਨਾਂ ਵਿੱਚ ਵਸਿਆ ਹੋਇਆ ਹੈ । ਤਦ ਹੀ ਜਿਵੇਂ ਕਿ ਇਹ ਆਮ ਦੇਖਿਆ , ਸੁਣਿਆ ਅਤੇ ਅਨੁਭਵ ਕੀਤਾ ਜਾਂਦਾ ਰਿਹਾ ਹੈ ਕਿ ਤੂੰਬਾ ਉਸ ਪ੍ਰਮਾਤਮਾ ਦੀ ਉਸਤਤ ਵਿੱਚ ਵਾਰ ਵਾਰ ਤੇ ਹਰ ਵਾਰ  ” ਤੂੰ – ਤੂੰ ,  ਤੂੰ – ਤੂੰ , ਤੂੰ – ਤੂੰ ਹੀ ਕਰਦਾ ਰਹਿੰਦਾ ਹੈ ਅਤੇ ਪਰਮਾਤਮਾ ਦੇ ਗੁਣਾਂ ਦਾ ਗਾਇਨ ਕਰਦਾ ਹੈ  ਤੇ ਉਸ ਨਾਲ ਜੋੜਦਾ ਹੈ । ਬੱਸ ਇਹੀ ਤੂੰਬੇ ਦੀ ਖਾਸੀਅਤ ਹੈ , ਇਹੀ ਇਸ ਦੀ ਵਿਸ਼ੇਸ਼ਤਾ ਹੈ , ਇਹੀ ਇਸ ਦਾ ਗੁਣ ਹੈ ਅਤੇ ਇਹੀ ਇਸ ਦੀ ਵਡਿਆਈ ਤੇ ਮਹਿਮਾ ਹੈ  ਕਿ ਇਹ ਜਦ ਵੀ ਸੁਰ ਆਵਾਜ਼ ਕੱਢਦਾ ਹੈ ਤਾਂ  ” ਤੂੰ – ਤੂੰ ” ਕਰਕੇ ਪਰਮਾਤਮਾ ਨੂੰ ਯਾਦ ਕਰਦਾ ਤੇ ਕਰਵਾਉਂਦਾ ਹੈ ਤੇ ਉਸ ਦੇ ਵਿੱਚ ਹੀ ਵਿਅਕਤੀ ਦਾ ਧਿਆਨ ਕੇਂਦਰਤ ਕਰਦਾ ਰਹਿੰਦਾ ਹੈ । ਤੂੰਬਾ  ” ਮੈਂ ” ਨੂੰ ਖਤਮ ਕਰਕੇ  ” ਤੂੰ ” ( ਪਰਮਾਤਮਾ ) ਨੂੰ ਵਡਿਆਉਂਦਾ ਹੈ ਤੇ ਉਸ ਵਿੱਚ ਹੀ ਸਾਡਾ ਧਿਆਨ ਸਮਾਹਿਤ ਕਰਦਾ ਹੈ । ਇੱਕ ਤੂੰਬੇ ਨੂੰ ਬਣਾਉਣ , ਤਿਆਰ ਕਰਨ , ਕੋਕੇ ਲਗਾਉਣ ਅਤੇ ਪਾਲਿਸ਼ ਕਰਨ ਦੇ ਲਈ ਇੱਕ ਦਿਨ ਦਾ ਸਮਾਂ ਲੱਗ ਜਾਂਦਾ ਹੈ । ਇਸ ਤਰ੍ਹਾਂ ਇਹ ਪੇਂਡੂ ਖੇਤਰ ਵਿੱਚ ਰੁਜ਼ਗਾਰ ਦਾ ਸਾਧਨ ਵੀ ਬਣਿਆ ਰਿਹਾ। ਤੂੰਬਾ ਪੰਜਾਬੀ ਸੱਭਿਆਚਾਰ , ਵਿਰਸੇ , ਵਿਰਾਸਤ ਅਤੇ ਲੋਕ ਸਾਜ਼ਾਂ ਵਿੱਚ ਇੱਕ ਅਜਿਹਾ ਖਜ਼ਾਨਾ ਹੈ ਜਿਸ ਨੂੰ ਕਿ ਸਾਂਭਣ ਦੀ ਬਹੁਤ ਜ਼ਰੂਰ ਹੈ । ਭਾਵੇਂ ਕਿ ਅੱਜ ਕਾਫੀ ਜ਼ਿਆਦਾ ਬਿਜਲਈ ਸਾਜ਼ਾਂ  ਅਤੇ ਤੇਜ਼ ਤਰਾਰ ਸਾਜ਼ਾਂ ਦੀ ਭਰਮਾਰ ਹੈ , ਪਰ ਇਹ ਪੂਰੀ ਉਮੀਦ ਹੈ ਕਿ ਤੂੰਬਾ ਵਜਦਾ ਰਿਹਾ ਤੇ ਵੱਜਦਾ ਰਹੇਗਾ ਅਤੇ ਲੋਕ ਮਨਾਂ ਵਿੱਚ ਵੱਸਦਾ ਰਹੇਗਾ ; ਕਿਉਂਕਿ ਲੋਕ ਗਾਇਕੀ ਅਤੇ ਪਰਮਾਤਮਾ ਦੀ ਭਜਨ ਬੰਦਗੀ ਕਰਨ ਵਿੱਚ ਜੋ ਸਥਾਨ ਤੂੰਬੇ ਦਾ ਹੈ ਉਸ ਦਾ ਕੋਈ ਸਾਨੀ ਨਹੀਂ । ਸੱਚਮੁੱਚ ਵਡਿਆਈ , ਇੱਜ਼ਤ – ਸਤਿਕਾਰ ਅਤੇ ਪ੍ਰਸੰਸਾ ਦੇ ਯੋਗ ਹੈ: ”  ਤੂੰਬਾ ”   , ਜੋ ਹਮੇਸ਼ਾ ਕਹਿੰਦਾ ਹੈ :     ”  ਤੂੰ  –  ਤੂੰ  ,  ਤੂੰ  – ਤੂੰ  ” ।

Related posts

ਚੰਡੀਗੜ੍ਹ ਵਿਵਾਦ ਵੇਲੇ ਦੀ ਵੰਗਾਰ ਹੈ !

admin

ਵਿਦਵਤਾ ਦੇ ਸਜੀਵ ਤੇ ਸਾਕਾਰ ਸਰੂਪ ਕਾਨ੍ਹ  ਸਿੰਘ ਨਾਭਾ !

admin

ਵਿਗਿਆਨ ਦੀ ਤਰੱਕੀ ਵਿੱਚ ਚੂਹਿਆਂ ਦਾ ਅਹਿਮ ਯੋਗਦਾਨ !

admin