Literature Articles

ਤ੍ਰਿਲੋਕ ਸਿੰਘ ਢਿਲੋਂ ਦੀ ‘ਵਾਟ ਹਯਾਤੀ ਦੀ’ ਗ਼ਜ਼ਲ ਸੰਗ੍ਰਹਿ ਸਮਾਜਿਕ ਸਰੋਕਾਰਾਂ ਦਾ ਪ੍ਰਤੀਨਿਧ !

‘ਵਾਟ ਹਯਾਤੀ ਦੀ’ ਗ਼ਜ਼ਲ ਸੰਗ੍ਰਹਿ ਤ੍ਰਿਲੋਕ ਸਿੰਘ ਢਿਲੋਂ ਦੀ ਦਸਵੀਂ ਪੁਸਤਕ ਹੈ।
ਲੇਖਕ: ਉਜਾਗਰ ਸਿੰਘ, ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

ਤ੍ਰਿਲੋਕ ਸਿੰਘ ਢਿਲੋਂ ਬਹੁ-ਪੱਖੀ ਸਾਹਿਤਕਾਰ ਹੈ। ਉਸ ਨੇ ਲਗਪਗ ਸਾਹਿਤ ਦੇ ਸਾਰੇ ਰੂਪਾਂ ‘ਤੇ ਹੱਥ ਅਜ਼ਮਾਇਆ ਹੈ, ਪ੍ਰੰਤੂ ਉਸਦੀ ਸਭ ਤੋਂ ਵੱਧ ਪਕੜ ਕਾਵਿ ਰੂਪ ਗ਼ਜ਼ਲ ‘ਤੇ ਹੈ। ਉਸ ਦੀਆਂ ਅੱਠ ਮੌਲਿਕ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਛੇ ਪੁਸਤਕਾਂ ਵਿੱਚ ਉਸ ਦੀਆਂ ਰਚਨਾਵਾਂ ਸ਼ਾਮਲ ਕੀਤੀਆਂ ਗਈਆਂ ਹਨ। ਇਹ ਗ਼ਜ਼ਲ ਸੰਗ੍ਰਹਿ ਉਸਦੀ ਦਸਵੀਂ ਪੁਸਤਕ ਹੈ। ਇਸ ਗ਼ਜ਼ਲ ਸੰਗ੍ਰਹਿ ਦੇ ਵਿਸ਼ੇ ਵੀ ਬਹੁ-ਰੰਗੀ ਹਨ। ਤ੍ਰਿਲੋਕ ਸਿੰਘ ਢਿਲੋਂ ਦੀਆਂ ਗ਼ਜ਼ਲਾਂ ‘ਗ਼ਜ਼ਲ-ਮੁਸੱਲਸਲ’ ਅਤੇ ‘ਗ਼ਜ਼ਲ-ਗ਼ੈਰ ਮੁਸੱਲਸਲ’ ਦੋਵੇਂ ਰੂਪਾਂ ਵਿੱਚ ਹਨ। ਭਾਵ ਕੁਝ ਗ਼ਜ਼ਲਾਂ ਵਿੱਚ ਸਾਰੇ ਸ਼ਿਅਰ ਇੱਕੋ ਹੀ ਭਾਵ ਦੀ ਪੇਸ਼ਕਾਰੀ ਕਰਦੇ ਹਨ ਅਤੇ ਕੁਝ ਵੱਖੋ-ਵੱਖਰੇ ਭਾਵਾਂ ਦੀ ਅਭੀਵਿਅਕਤੀ ਕਰਦੇ ਹਨ। ਗ਼ਜ਼ਲ ਸੰਗ੍ਰਹਿ ਦੀਆਂ ਸਾਰੀਆਂ ਗ਼ਜ਼ਲਾਂ ਸੱਤ-ਸੱਤ ਸ਼ਿਅਰਾਂ ਵਾਲੀਆਂ ਹਨ। ਮੁੱਖ ਤੌਰ ‘ਤੇ ਤ੍ਰਿਲੋਕ ਸਿੰਘ ਢਿਲੋਂ ਨੇ ਲੋਕਾਈ ਦੀ ਆਵਾਜ਼ ਨੂੰ ਸ਼ਬਦਾਂ ਦਾ ਰੂਪ ਦਿੱਤਾ ਹੈ। ਭਾਵ ਉਸ ਦੀਆਂ ਗ਼ਜ਼ਲਾਂ ਸਮਾਜਿਕ ਸਰੋਕਾਰਾਂ ਦੀ ਪ੍ਰਤੀਨਿਧਤਾ ਕਰਦੀਆਂ ਹਨ। ਤ੍ਰਿਲੋਕ ਸਿੰਘ ਢਿਲੋਂ ਨੇ ਗ਼ਜ਼ਲ ਦੀ ਦਿਸ਼ਾ ਤੇ ਦਸ਼ਾ ਹੀ ਬਦਲਕੇ ਰੱਖ ਦਿੱਤੀ ਹੈ। ਇਸ ਤੋਂ ਇਲਾਵਾ ਸਮਾਜਿਕ ਬੁਰਾਈਆਂ ਨੂੰ ਵੀ ਪ੍ਰਮੁੱਖਤਾ ਦਿੱਤੀ ਹੈ, ਜਿਨ੍ਹਾਂ ਵਿੱਚ ਨਸ਼ੇ, ਭਰੂਣ ਹੱਤਿਆ, ਇਸਤਰੀਆਂ ਦੀ ਦੁਰਦਸ਼ਾ, ਦਾਜ-ਦਹੇਜ, ਪ੍ਰਦੂਸ਼ਣ, ਆਰਥਿਕ ਅਸਾਵਾਂਪਣ, ਅਨੈਤਿਕਤਾ, ਡੇਰਾਵਾਦ, ਧਾਰਮਿਕ ਕੱਟੜਤਾ, ਰਾਜਨੀਤਕ ਗਿਰਾਵਟ ਆਦਿ ਸ਼ਾਮਲ ਹਨ। ਗ਼ਜ਼ਲ ਸੰਗ੍ਰਹਿ ਵਿੱਚ 72 ਗ਼ਜ਼ਲਾਂ ਹਨ, ਜਿਹੜੀਆਂ ਆਪੋ ਆਪਣੇ ਵਿਸ਼ਿਆਂ ਦੇ ਰੰਗ ਵਿਖੇਰਦੀਆਂ ਹੋਈਆਂ ਲੋਕਾਈ ਨੂੰ ਸੋਚਣ ਲਈ ਮਜ਼ਬੂਰ ਕਰਦੀਆਂ ਹਨ। ਆਮ ਤੌਰ ‘ਤੇ ਗ਼ਜ਼ਲ ਦਾ ਸੰਬੰਧ ਇਸ਼ਕ ਮਜ਼ਾਜ਼ੀ ਨਾਲ ਜੋੜਿਆ ਜਾਂਦਾ ਹੈ। ਭਾਵ ਗ਼ਜ਼ਲ ਔਰਤ ਦੇ ਆਲੇ ਦੁਆਲੇ ਹੀ ਘੁੰਮਦੀ ਰਹਿੰਦੀ ਹੈ, ਪ੍ਰੰਤੂ ਸ਼ਾਇਰ ਨੇ ਗ਼ਜ਼ਲ ਨੂੰ ਸਮਾਜਿਕ/ਧਾਰਮਿਕ/ਅਧਿਆਤਮਿਕ ਰੰਗ ਵਿੱਚ ਰੰਗਿਆ ਹੈ। ਦੋ ਸ਼ਿਅਰ ਧਾਰਮਿਕ/ਅਧਿਆਤਮਿਕ ਰੰਗ ਦੇ ਇਸ ਪ੍ਰਕਾਰ ਹਨ:

ਤਨ ਦਾ ਪਿਆਸਾ ਹੈ ਕੁਈ ਤੇ ਮੈਂ ਹਕੀਕੀ ਇਸ਼ਕ ਦਾ,
ਫ਼ਾਸਲਾ ‘ਢਿਲੋਂ’ ਲਈ ਹੈ ਕਾਮ ਈਮਾਨ ਵਿੱਚ।
ਗੁਰੂਆਂ ਭਗਤਾਂ ਦੀ ਬਾਣੀ ਹੀ ਰਾਹਨੁਮਾ ਮੇਰੀ ‘ਢਿਲੋਂ’
ਕਾਸ਼! ਮੈਂ ਬਾਣੀ ਦੇ ਅਰਥਾਂ ਦਾ ਸ਼ਾਹ ਬਣਾ ਸੁਲਤਾਨ।

ਸਾਹਿਤਕਾਰ ਦਾ ਮੁੱਖ ਮੰਤਵ ਆਪਣੀਆਂ ਰਚਨਾਵਾਂ ਰਾਹੀਂ ਲੋਕਾਈ ਦੀ ਬਿਹਤਰੀ ਲਈ ਪ੍ਰੇਰਨਾ ਦੇ ਕੇ ਸਮਾਜ ਨੂੰ ਸੇਧ ਦੇਣੀ ਹੁੰਦਾ ਹੈ।
ਕਿਸੇ ਸਮੇਂ ਸਾਹਿਤ ਮਨੋਰੰਜਨ ਦਾ ਹੀ ਸਾਧਨ ਸਮਝਿਆ ਜਾਂਦਾ ਸੀ ਜਾਂ ਕਲਾ, ਕਲਾ ਲਈ ਕਿਹਾ ਜਾਂਦਾ ਸੀ। ਪ੍ਰੰਤੂ ਸਮੇਂ ਦੀ ਤਬਦੀਲੀ ਅਤੇ
ਆਧੁਨਿਕਤਾ ਦੇ ਜ਼ਮਾਨੇ ਵਿੱਚ ਮਨੋਰੰਜਨ ਲਈ ਸਾਹਿਤ ਦੀ ਰਚਨਾ ਬਹੁਤੀ ਨਹੀਂ ਕੀਤੀ ਜਾਂਦੀ। ਪ੍ਰਗਤਸ਼ੀਲ ਸਾਹਿਤ ਬਹੁਤੀ ਮਾਤਰਾ
ਵਿੱਚ ਰਚਿਆ ਜਾਂਦਾ ਹੈ, ਜਿਸ ਦਾ ਸਮਾਜ ਨੂੰ ਲਾਭ ਹੋ ਸਕੇ। ਇਸ ਸੰਧਰਵ ਵਿੱਚ ਗ਼ਜ਼ਲਕਾਰ ਬਹੁਤੀਆਂ ਗ਼ਜ਼ਲਾਂ ਵਿੱਚ ਸਮਾਜਿਕ
ਸਰੋਕਾਰਾਂ ਦੀ ਗੱਲ ਕਰਦਾ ਹੈ। ਧਾਰਮਿਕ ਕੱਟੜਵਾਦ ਤੇ ਪਖੰਡਵਾਦ ਦਾ ਗ਼ਜ਼ਲਕਾਰ ਪਰਦਾ ਫਾਸ਼ ਕਰਦਾ ਹੋਇਆ ਕੁਝ ਗ਼ਜ਼ਲਾਂ ਦੇ
ਸ਼ਿਅਰਾਂ ਵਿੱਚ ਲਿਖਦਾ ਹੈ:

ਆਪੇ ਮੰਦਰ, ਆਪ ਪੁਜਾਰੀ, ‘ਢਿਲੋਂ’ ਆਪ ਭਗਤ ਜਨ ਵੀ,
ਸਾਧੂ ਸੰਤ ਕਹਾਈਏ ਪਹਿਲਾਂ ਫਿਰ ਬਣਦੇ ਭਗਵਾਨ ਅਸੀਂ।
ਚਾੜ੍ਹ ਮਖੌਟੇ ਚਿਹਰੇ ਉੱਤੇ ਸਾਧਾਂ ਸੰਤਾਂ ਭਗਤਾਂ ਦੇ,
ਕਰਦੇ ਨੇ ਮੱਕਾਰੀ ਐਪਰ ਬਣਦੇ ਹਾਂ ਨਾਦਾਨ ਅਸੀਂ।

ਸਮਾਜਿਕ ਤਾਣੇ ਬਾਣੇ ਵਿੱਚ ਲੋਕ ਕਹਿਣੀ ਤੇ ਕਰਨੀ ਦੇ ਪੱਕੇ ਨਹੀਂ, ਉਹ ਇਸਤਰੀਆਂ ਦੀ ਭਲਾਈ ਅਤੇ ਬਿਹਤਰੀ ਬਾਰੇ ਦਮਗਜ਼ੇ
ਮਾਰਦੇ ਰਹਿੰਦੇ ਹਨ ਪ੍ਰੰਤੂ ਅਸਲੀਅਤ ਕੁਝ ਹੋਰ ਹੁੰਦੀ ਹੈ। ਸਾਹਿਤਕਾਰ ਅਜਿਹੀਆਂ ਹਰਕਤਾਂ ਬਾਰੇ ਚੇਤੰਨ ਹੁੰਦਾ ਹੈ। ਤ੍ਰਿਲੋਕ ਸਿੰਘ ਢਿਲੋਂ
ਵੀ ਇਸਤਰੀਆਂ ਨਾਲ ਹੋ ਰਹੇ ਦੁਰਵਿਵਹਾਰ ਬਾਰੇ ਆਪਣੀਆਂ ਗ਼ਜ਼ਲਾਂ ਦੇ ਸ਼ਿਅਰਾਂ ਵਿੱਚ ਲਿਖਕੇ ਸਮਾਜ ਨੂੰ ਲਾਹਣਤਾਂ ਪਾਉਂਦਾ ਹੈ। ਉਸ
ਦੀਆਂ ਗ਼ਜ਼ਲਾਂ ਦੇ ਇਸਤਰੀਆਂ ਦੀ ਤ੍ਰਾਸਦੀ ਬਾਰੇ ਕੁਝ ਸ਼ਿਅਰ ਇਸ ਪ੍ਰਕਾਰ ਹਨ:

ਮਿਲੀ ਸੀ ਕੱਲ੍ਹ ਕਿਸੇ ਔਰਤ ਦੀ ਨੋਚੀ ਲਾਸ਼ ਜੋ ਰੁਲ਼ਦੀ,
ਖ਼ਬਰ ਇਹ ਹੈ ਕਿ ਇਨਸਾਨ ‘ਚ ਉਹ ਹੈਵਾਨ ਨਿਕਲੇ।
ਨ ਮੈਨੂੰ ਦਾਜ ਲੋੜੀਂਦਾ ਤੇ ਨਾ ਹੀ ਰਾਜ ਲੋੜੀਂਂਦਾ,
ਨ ਮੈਨੂੰ ਮਾਰ ਤੂੰ ਕੁੱਖ ਵਿੱਚ ਤੇ ਜਿਉਂਦਾ ਰਹਿਣ ਦੇ ਮੈਨੂੰ।
ਖ਼ਬਰ ਸੁਣ ਕੇ, ਕਿ ਇਸਮਤ ਧੀ ਦੀ ਲੀਰੋ-ਲੀਰ ਹੋਈ ਹੈ,
ਅਭਾਗਾ ਬਾਪ ਅੱਖੀਆਂ ਵਿੱਚ ਕਿਵੇਂ ਸੰਭਾਲਦਾ ਪਾਣੀ?
ਜਿਸਮ ਦੀ ਪ੍ਰਦਰਸ਼ਨੀ ਤਹਿਜ਼ੀਬ ਹੀ ਹੁਣ ਬਣ ਗਈ,
ਭੋਗ ਦੀ ਵਸਤੂ ਹੀ ਕੇਵਲ ਇਸਤਰੀ ਹੋਈ ਹੈ ਕਿਉਂ?

ਸਾਡੇ ਸਮਾਜ ਵਿੱਚ ਸਭ ਕੁਝ ਠੀਕ ਨਹੀਂ ਹੋ ਰਿਹਾ। ਅਮੀਰ ਲੋਕ ਆਪਣੀ ਅਮੀਰੀ ਕਰਕੇ ਫੋਕੀ ਹਓਮੈ ਦੇ ਸ਼ਿਕਾਰ ਹੋਏ ਪਏ ਹਨ। ਉਹ
ਸਮਾਜ ਦੇ ਮੱਧ ਵਰਗੀ ਅਤੇ ਦੱਬੇ ਕੁਚਲੇ ਗ਼ਰੀਬ ਲੋਕਾਂ ਨੂੰ ਟਿਚ ਸਮਝਦੇ ਹਨ। ਉਹ ਆਪਣੇ ਆਪ ਨੂੰ ਪਰਮਾਤਮਾ ਦੇ ਵਰੋਸਾਏ ਹੋਏ ਉਚ
ਵਰਗ ਦੇ ਨੁਮਾਇੰਦੇ ਸਮਝਦੇ ਹਨ। ਹਾਲਾਂ ਕਿ ਪਰਮਾਤਮਾ ਨੇ ਸਾਰੀ ਮਨੁੱਖਤਾ ਨੂੰ ਬਰਾਬਰ ਬਣਾਇਆ ਅਤੇ ਬਰਾਬਰ ਜੀਵਨ ਜਿਓਣ ਦੇ
ਅਧਿਕਾਰ ਦਿੱਤੇ ਹਨ। ਹਓਮੈ ਵਾਲੇ ਘੁਮੰਡੀ ਲੋਕ ਸਾਜ਼ਿਸ਼ਾਂ ਰਚਕੇ ਆਪਣੀ ਮਨਮਾਨੀ ਕਰਦੇ ਹਨ। ਬਹੁਤੇ ਲੋਕ ਉਨ੍ਹਾਂ ਦੀਆਂ

ਜ਼ਿਆਦਤੀਆਂ ਦੇ ਵਿਰੁੱਧ ਆਵਾਜ਼ ਬੁਲੰਦ ਨਹੀਂ ਕਰਦੇ ਸਗੋਂ ਚੁੱਪ ਚਾਪ ਬਰਦਾਸ਼ਤ ਕਰਦੇ ਰਹਿੰਦੇ ਹਨ। ਚੁੱਪ ਰਹਿਣ ਵਿੱਚ ਆਪਣੀ
ਬਿਹਤਰੀ ਸਮਝਦੇ ਹਨ। ਅਜਿਹੇ ਲੋਕਾਂ ਬਾਰੇ ਗ਼ਜ਼ਲਕਾਰ ਆਪਣੇ ਸ਼ਿਅਰਾਂ ਵਿੱਚ ਲਿਖਦਾ ਹੈ:
ਜਦ ਤਾਕਤ ਤੇ ਹਓਮੈ ਮਿਲ ਕੇ ਸਾਜ਼ਿਸ਼ ਰਚਦੇ ਨੇ,
ਬੰਦਾ ਫਿਰ ਬੰਦਾ ਨ੍ਹੀ ਦਿਸਦਾ, ਜਾਬਰ ਦਿਸਦਾ ਹੈ।
ਪਰਜਾਤੰਤਰ ਦਾ ਪਹਿਰਾ ਹੈ ਸਖ਼ਤ ਬੜਾ,
ਕੰਨ ਵਿੱਚ ਸਿੱਕਾ, ਮੂੰਹ ‘ਤੇ ਤਾਲੇ ਦਿਸਦੇ ਨੇ।

ਡਾਲਰਾਂ ਦੀ ਚਕਾਚੌਂਦ ਵਿੱਚ ਪੰਜਾਬੀ ਨੌਜਵਾਨੀ ਦਾ ਪ੍ਰਵਾਸ ਵਿੱਚ ਜਾਣਾ, ਮਾਪਿਆਂ ਲਈ ਖ਼ਤਰੇ ਦੀ ਘੰਟੀ ਬਣ ਚੁੱਕਿਆ ਹੈ। ਬੱਚੇ
ਵਿਦੇਸ਼ਾਂ ਵਿੱਚ ਜਾ ਕੇ ਆਪਣੇ ਮਾਪਿਆਂ ਨੂੰ ਵਿਸਾਰ ਜਾਂਦੇ ਹਨ। ਡਾਲਰ ਕਮਾਉਣ ਦੇ ਚਕਰ ਵਿੱਚ ਜਦੋਜਹਿਦ ਕਰਦੇ ਰਹਿੰਦੇ ਹਨ, ਪਿੱਛੇ
ਮਾਪੇ ਉਨ੍ਹਾਂ ਦੇ ਵਿਛੋੜੇ ਨੂੰ ਤਰਸਦੇ ਰਹਿੰਦੇ ਹਨ। ਇਸ ਤ੍ਰਾਸਦੀ ਨੇ ਖ਼ੂਨ ਦੇ ਰਿਸ਼ਤਿਆਂ ਵਿੱਚ ਖਟਾਸ ਪੈਦਾ ਕਰ ਦਿੱਤੀ ਹੈ। ਤ੍ਰਿਲੋਕ ਸਿੰਘ
ਢਿਲੋਂ ਵੀ ਬੱਚਿਆਂ ਦੀਆਂ ਇਨ੍ਹਾਂ ਹਰਕਤਾਂ ਨੂੰ ਬਰਦਾਸ਼ਤ ਕਰਨ ਦੇ ਯੋਗ ਨਹੀਂ ਸਮਝਦਾ। ਇਸ ਕਰਕੇ ਉਹ ਆਪਣੇ ਸ਼ਿਅਰਾਂ ਵਿੱਚ
ਲਿਖਦਾ ਹੈ:
ਚਮਕ ਵਿੱਚ ਡਾਲਰਾਂ ਦੀ ਮਾਪਿਆਂ ਨੂੰ ਭੁੱਲ ਜਿਨ੍ਹਾਂ ਜਾਣੈ,
ਉਨ੍ਹਾਂ ਪੁਤਰਾਂ ਨੂੰ ਦਾਤਾ! ਤੂੰ ਕੁਈ ਪਰਵਾਸ ਨਾ ਦੇਵੀਂ।
ਅਸਾਡੇ ਸਮਿਆਂ ਦਾ ਇਹ ਕੈਸਾ ਘੋਰ ਕਲਯੁਗ ਹੈ,
ਕਿ ਰਿਸ਼ਤਾ ਕੋਈ ਵੀ ਬੇਟੇ ਤੇ ਬਾਪ ਵਿੱਚ ਨ ਰਿਹਾ।
ਨਹੀਂ ਹੁਣ ਗਰਮਜੋਸ਼ੀ ਰਿਸ਼ਤਿਆਂ ਦੇ ਦਰਸ਼ਨਾ ਅੰਦਰ,
ਅਗਨ ਹਓਮੈ ਦੀ ਧੁਖਦੀ ਹੈ ਤਨਾਂ ਅੰਦਰ ਮਨਾਂ ਅੰਦਰ।
ਹੋ ਗਏ ਮਜ਼ਬੂਰ ਮਾਪੇ ਜਾਣ ਨੂੰ ਬਿਰਧ ਆਸ਼ਰਮ,
ਹੋਰ ਕੀ ਔਲਾਦ ਦਾ ਖ਼ੂਨ ਹੋਏਗਾ ਚਿੱਟਾ ਭਲਾਂ।
ਸਿਸਟਮ ਤੇ ਗ਼ਰੀਬੀ ਦੇ ਭੰਨ, ਪੁੱਤ ਰੁਲ਼ਦੇ ਨੇ ਜਾ ਕੇ ਪ੍ਰਦੇਸੀਂ,
ਫ਼ਿਕਰਾਂ ਵਿੱਚ ਡੁੱਬੀਆਂ ਮਾਵਾਂ ਦਾ, ਕਦ ਤੀਕਰ ਜੇਰਾ ਵੇਖਾਂਗੇ।

ਦੁਨੀਆਂ ਰੰਗ ਬਿਰੰਗੀ ਹੈ। ਗ਼ਰੀਬ ਤੇ ਅਮੀਰ ਵਿੱਚ ਬਹੁਤ ਵੱਡਾ ਪਾੜਾ ਹੈ। ਵਿਖਾਵਾ ਹੀ ਪ੍ਰਧਾਨ ਹੈ, ਅਮਲੀ ਤੌਰ ‘ਤੇ ਕੰਮ ਨਹੀਂ ਕੀਤੇ
ਜਾ ਰਹੇ। ਇਨ੍ਹਾਂ ਸਾਰੀਆਂ ਗੱਲਾਂ ਦਾ ਸਾਹਿਤਕਾਰਾਂ ‘ਤੇ ਪ੍ਰਭਾਵ ਪੈਣਾ ਕੁਦਰਤੀ ਹੈ। ਫਿਰ ਉਹ ਲੋਕਾਂ ਦੇ ਕਾਰਨਾਮਿਆਂ ਨੂੰ ਆਪਣੀਆਂ
ਰਚਨਾਵਾਂ ਵਿੱਚ ਦਰਸਾਉਂਦੇ ਹਨ। ਤ੍ਰਿਲੋਕ ਸਿੰਘ ਢਿਲੋਂ ਨੇ ਅਜਿਹੇ ਲੋਕਾਂ ਦੇ ਮੁਖੌਟਿਆਂ ਨੂੰ ਆਪਣੀਆਂ ਗ਼ਜ਼ਲਾਂ ਵਿੱਚ ਵਰਣਨ ਕੀਤਾ ਹੈ।
ਉਨ੍ਹਾਂ ਲੋਕਾਂ ਬਾਰੇ ਸ਼ਾਇਰ ਦੇ ਕੁਝ ਸ਼ਿਅਰ ਇਸ ਪ੍ਰਕਾਰ ਹਨ:
ਆਪਣੇ ਚਿਹਰੇ ਤੋਂ ਰਤਾ ਪਹਿਲਾਂ ਮਖੌਟਾ ਤਾਂ ਉਤਾਰ,
ਕਿਉਂ ਭਲਾ ਦਰਪਣ ਨੂੰ ਹੀ ਧਮਕਾਉਣ ਬਾਰੇ ਸੋਚਦੈਂ।
ਚਿਹਰੇ ‘ਤੇ ਖ਼ੁਸ਼ੀਆਂ ਖੇੜੇ, ਸੋਹਣੇ ਮੁਖੌਟੇ ਪਹਿਨੇ,
ਐਪਰ ਹੈ ਆਤਮਾ ਤਾਂ, ਦਿਲਗੀਰ ਆਦਮੀ ਦੀ।
ਪਾ ਕੇ ਚਿੜੀਆਂ ਦੇ ਮੁਖੌਟੇ ਆ ਗਏ ‘ਢਿਲੋਂ’
ਸ਼ਿਕਰਿਆਂ ਤੋਂ ਬੋਟ ਕਿੰਝ ਬਚਾਉਣਗੇ ਆਖ਼ਿਰ।
ਚਾੜ੍ਹ ਮੁਖੌਟੇ ਚਿਹਰੇ ਉਤੇ ਸਾਧਾਂ ਸੰਤਾਂ ਭਗਤਾਂ ਦੇ,
ਕਰਦੇ ਹਾਂ ਮੱਕਾਰੀ ਐਪਰ ਬਣਦੇ ਹਾਂ ਨਾਦਾਨ ਅਸੀਂ।

ਭਵਿਖ ਵਿੱਚ ਤ੍ਰਿਲੋਕ ਸਿੰਘ ਢਿਲੋਂ ਤੋਂ ਹੋਰ ਵਧੀਆ ਗ਼ਜ਼ਲ ਸੰਗ੍ਰਹਿ ਦੀ ਉਮੀਦ ਕੀਤੀ ਜਾ ਸਕਦੀ ਹੈ।
95 ਪੰਨਿਆਂ, 200 ਰੁਪਏ ਕੀਮਤ ਵਾਲਾ ਇਹ ਗ਼ਜ਼ਲ ਸੰਗ੍ਰਹਿ ਸ਼ਬਦਾਂਜਲੀ ਪਬਲੀਕੇਸ਼ਨਜ਼ ਪਟਿਆਲਾ ਨੇ ਪ੍ਰਕਾਸ਼ਤ ਕੀਤਾ ਹੈ।

Related posts

Emirates Illuminates Skies with Diwali Celebrations Onboard and in Lounges

admin

If Division Is What You’re About, Division Is What You’ll Get

admin

Study Finds Dementia Patients Less Likely to Be Referred to Allied Health by GPs

admin