Articles International

ਥਾਈਲੈਂਡ-ਕੰਬੋਡੀਆ ਵਿਚਕਾਰ ਲੜਾਈ ਦਾ ਕੇਂਦਰ ਬਿੰਦੂ ਹੈ ਸਿ਼ਵ ਟੈਂਪਲ !

ਥਾਈਲੈਂਡ ਅਤੇ ਕੰਬੋਡੀਆ ਦੇ ਵਿਚਕਾਰ ਲੜਾਈ ਦਾ ਕੇਂਦਰ ਬਿੰਦੂ ਸਿ਼ਵ ਟੈਂਪਲ ‘ਪ੍ਰੇਹ ਵਿਹਾਰ ਮੰਦਰ’ ਹੈ।

ਥਾਈਲੈਂਡ ਅਤੇ ਕੰਬੋਡੀਆ ਦੇ ਸੈਨਿਕਾਂ ਨੇ ਵੀਰਵਾਰ ਨੂੰ ਸਰਹੱਦ ‘ਤੇ ਇੱਕ ਦੂਜੇ ‘ਤੇ ਗੋਲੀਬਾਰੀ ਕੀਤੀ, ਜਿਸ ਵਿੱਚ ਘੱਟੋ-ਘੱਟ 11 ਲੋਕ ਮਾਰੇ ਗਏ। ਮ੍ਰਿਤਕਾਂ ਵਿੱਚੋਂ ਜ਼ਿਆਦਾਤਰ ਆਮ ਨਾਗਰਿਕ ਹਨ। ਦੋਵਾਂ ਧਿਰਾਂ ਵਲੋਂ ਛੋਟੇ ਹਥਿਆਰਾਂ ਨਾਲ ਗੋਲੀਬਾਰੀ, ਤੋਪਖਾਨੇ ਤੇ ਰਾਕੇਟਾਂ ਨਾਲ ਹਮਲੇ ਕੀਤੇ ਜਾ ਰਹੇ ਹਨ। ਬੈਂਕਾਕ ਨੇ ਕੰਬੋਡੀਆ ਤੋਂ ਆਪਣੇ ਰਾਜਦੂਤ ਨੂੰ ਵਾਪਸ ਬੁਲਾ ਲਿਆ ਅਤੇ ਕੰਬੋਡੀਆ ਦੇ ਰਾਜਦੂਤ ਨੂੰ ਕੱਢ ਦਿੱਤਾ। ਥਾਈਲੈਂਡ ਨੇ ਸਾਰੀਆਂ ਜ਼ਮੀਨੀ ਸਰਹੱਦੀ ਚੌਕੀਆਂ ਨੂੰ ਵੀ ਸੀਲ ਕਰ ਦਿੱਤਾ ਹੈ ਅਤੇ ਆਪਣੇ ਨਾਗਰਿਕਾਂ ਨੂੰ ਕੰਬੋਡੀਆ ਛੱਡਣ ਦੀ ਅਪੀਲ ਕੀਤੀ ਹੈ। ਦੱਖਣ-ਪੂਰਬੀ ਏਸ਼ੀਆਈ ਗੁਆਂਢੀਆਂ ਦਾ ਲੰਬੇ ਸਮੇਂ ਤੋਂ ਚੱਲ ਰਿਹਾ ਸਰਹੱਦੀ ਵਿਵਾਦ ਹੈ, ਜੋ ਸਮੇਂ-ਸਮੇਂ ‘ਤੇ ਉਨ੍ਹਾਂ ਦੀ 800 ਕਿਲੋਮੀਟਰ ਸਰਹੱਦ ‘ਤੇ ਹੁੰਦਾ ਰਹਿੰਦਾ ਹੈ।

ਥਾਈਲੈਂਡ ਅਤੇ ਕੰਬੋਡੀਆ ਵਿਚਕਾਰ ਵਿਵਾਦ ਕੋਈ ਨਵਾਂ ਨਹੀਂ ਹੈ ਬਲਕਿ ਇਹ ਇੱਕ ਸਦੀ ਤੋਂ ਵੀ ਵੱਧ ਪੁਰਾਣਾ ਹੈ ਜਦੋਂ ਕੰਬੋਡੀਆ ‘ਤੇ ਫਰਾਂਸੀਸੀ ਬਸਤੀਵਾਦੀ ਕਬਜ਼ੇ ਦੌਰਾਨ ਦੋਵਾਂ ਦੇਸ਼ਾਂ ਦੀਆਂ ਸਰਹੱਦਾਂ ਪਹਿਲੀ ਵਾਰ ਖਿੱਚੀਆਂ ਗਈਆਂ ਸਨ। ਦੋਵਾਂ ਦੇਸ਼ਾਂ ਵਿਚਕਾਰ ਦੁਸ਼ਮਣੀ 2008 ਵਿੱਚ ਵਧ ਗਈ ਜਦੋਂ ਕੰਬੋਡੀਆ ਨੇ ਵਿਵਾਦਤ ਸਰਹੱਦੀ ਖੇਤਰ ਵਿੱਚ ਸਥਿਤ 11ਵੀਂ ਸਦੀ ਦੇ ਇੱਕ ਮੰਦਰ ਨੂੰ ਯੂਨੈਸਕੋ ਵਿਸ਼ਵ ਵਿਰਾਸਤ ਸਥਾਨ ਵਜੋਂ ਰਜਿਸਟਰ ਕਰਨ ਦੀ ਕੋਸ਼ਿਸ਼ ਕੀਤੀ ਸੀ। 11ਵੀਂ ਸਦੀ ਦਾ ‘ਪ੍ਰੇਹ ਵਿਹਾਰ ਮੰਦਰ’ ਥਾਈਲੈਂਡ ਅਤੇ ਕੰਬੋਡੀਆ ਵਿਚਕਾਰ ਯੁੱਧ ਦਾ ਕਾਰਣ ਰਿਹਾ ਹੈ। ਇਹ ਮੰਦਰ ਕੰਬੋਡੀਆ ਦੇ ਪ੍ਰੇਹ ਵਿਹਾਰ ਸੂਬੇ ਅਤੇ ਥਾਈਲੈਂਡ ਦੇ ਸਿਸਾਕੇਟ ਸੂਬੇ ਦੀ ਸਰਹੱਦ ‘ਤੇ ਸਥਿਤ ਹੈ। ਸੰਨ 1962 ਵਿੱਚ ਅੰਤਰਰਾਸ਼ਟਰੀ ਅਦਾਲਤ ਨੇ ਫੈਸਲਾ ਸੁਣਾਇਆ ਕਿ ਇਹ ਮੰਦਰ ਕੰਬੋਡੀਆ ਦਾ ਹੈ, ਪਰ ਦੋਵੇਂ ਦੇਸ਼ ਮੰਦਰ ਦੇ ਆਲੇ ਦੁਆਲੇ 4.6 ਵਰਗ ਕਿਲੋਮੀਟਰ ਜ਼ਮੀਨ ‘ਤੇ ਆਪਣਾ ਹੱਕ ਦਾਅਵਾ ਕਰਦੇ ਹਨ। ਥਾਈਲੈਂਡ ਕਹਿੰਦਾ ਹੈ ਕਿ ਇਹ ਜ਼ਮੀਨ ਇਸਦੀ ਹੈ ਜਦੋਂ ਕਿ ਕੰਬੋਡੀਆ ਇਸਨੂੰ ਆਪਣਾ ਹਿੱਸਾ ਮੰਨਦਾ ਹੈ। ਇਸ ਸਬੰਧੀ ਮੰਨਣਾ ਹੈ ਕਿ ਇਹ ਮੰਦਰ 11ਵੀਂ ਸਦੀ ਵਿੱਚ ਖਮੇਰ ਸਲਤਨਤ ਦੇ ਸਮਰਾਟ ਸੂਰਿਆਵਰਮਨ ਦੁਆਰਾ ਭਗਵਾਨ ਸ਼ਿਵ ਲਈ ਬਣਾਇਆ ਗਿਆ ਸੀ। ਪਰ ਸਮੇਂ ਦੇ ਨਾਲ ਇਹ ਮੰਦਰ ਨਾ ਸਿਰਫ ਵਿਸ਼ਵਾਸ ਦਾ ਕੇਂਦਰ ਹੈ ਬਲਕਿ ਰਾਸ਼ਟਰਵਾਦ, ਰਾਜਨੀਤੀ ਅਤੇ ਫੌਜੀ ਸ਼ਕਤੀ ਦਾ ਅਖਾੜਾ ਬਣਿਆ ਹੋਇਆ ਹੈ। ਇਹ ਵਿਵਾਦ 1907 ਵਿੱਚ ਸ਼ੁਰੂ ਹੋਇਆ ਸੀ ਜਦੋਂ ਉਸ ਸਮੇਂ ਕੰਬੋਡੀਆ ‘ਤੇ ਰਾਜ ਕਰਨ ਵਾਲੇ ਫਰਾਂਸ ਨੇ ਕੰਬੋਡੀਆ ਵਿੱਚ ਮੰਦਰ ਨੂੰ ਦਰਸਾਉਂਦਾ ਇੱਕ ਨਕਸ਼ਾ ਬਣਾਇਆ ਸੀ। ਥਾਈਲੈਂਡ ਨੇ ਕਦੇ ਵੀ ਇਸ ਨਕਸ਼ੇ ਨੂੰ ਪੂਰੀ ਤਰ੍ਹਾਂ ਸਵੀਕਾਰ ਨਹੀਂ ਕੀਤਾ। ਜਦੋਂ ਕੰਬੋਡੀਆ ਨੇ 2008 ਵਿੱਚ ਇਸ ਮੰਦਰ ਨੂੰ ਯੂਨੈਸਕੋ ਵਿਸ਼ਵ ਵਿਰਾਸਤ ਸਥਾਨ ਬਣਾਇਆ ਤਾਂ ਥਾਈਲੈਂਡ ਨੇ ਇਸਦਾ ਵਿਰੋਧ ਕਰਦੇ ਹੋਏ ਵਿਵਾਦ ਹੋਰ ਵਧ ਗਿਆ। ਇਸ ਤੋਂ ਬਾਅਦ 2008-2011 ਤੱਕ ਦੋਵਾਂ ਦੇਸ਼ਾਂ ਦੀਆਂ ਫੌਜਾਂ ਵਿਚਕਾਰ ਕਈ ਝੜਪਾਂ ਹੋਈਆਂ ਜਿਸ ਵਿੱਚ ਬਹੁਤ ਸਾਰੇ ਲੋਕ ਮਾਰੇ ਗਏ ਸਨ।

ਇਸੇ ਸਾਲ ਮਈ ਵਿੱਚ ਇੱਕ ਸਰਹੱਦੀ ਝੜਪ ਵਿੱਚ ਇੱਕ ਕੰਬੋਡੀਅਨ ਸਿਪਾਹੀ ਦੇ ਮਾਰੇ ਜਾਣ ਤੋਂ ਬਾਅਦ ਤਣਾਅ ਦੀ ਮੌਜੂਦਾ ਲਹਿਰ ਸ਼ੁਰੂ ਹੋਈ। ਉਸ ਘਟਨਾ ਨੇ ਸਬੰਧਾਂ ਨੂੰ ਇੱਕ ਦਹਾਕੇ ਤੋਂ ਵੱਧ ਸਮੇਂ ਵਿੱਚ ਆਪਣੇ ਸਭ ਤੋਂ ਹੇਠਲੇ ਪੱਧਰ ‘ਤੇ ਸੁੱਟ ਦਿੱਤਾ। ਬੁੱਧਵਾਰ ਨੂੰ ਇੱਕ ਥਾਈਲੈਂਡ ਸਿਪਾਹੀ ਦੇ ਬਾਰੂਦੀ ਸੁਰੰਗ ਨਾਲ ਜ਼ਖਮੀ ਹੋਣ ‘ਤੇ ਤਣਾਅ ਹੋਰ ਵਧ ਗਿਆ। ਥਾਈਲੈਂਡ ਨੇ ਉਦੋਂ ਤੋਂ ਕੂਟਨੀਤਕ ਸਬੰਧਾਂ ਨੂੰ ਘਟਾ ਦਿੱਤਾ ਹੈ, ਕੰਬੋਡੀਆ ਦੇ ਰਾਜਦੂਤ ਨੂੰ ਕੱਢ ਦਿੱਤਾ ਹੈ ਅਤੇ ਆਪਣੇ ਰਾਜਦੂਤ ਨੂੰ ਵਾਪਸ ਬੁਲਾ ਲਿਆ ਹੈ। ਉਸ ਤੋਂ ਬਾਅਦ ਦੇ ਹਫ਼ਤਿਆਂ ਵਿੱਚ ਦੋਵਾਂ ਦੇਸ਼ਾਂ ਨੇ ਇੱਕ ਦੂਜੇ ‘ਤੇ ਸਖ਼ਤ ਪਾਬੰਦੀਆਂ ਲਗਾਈਆਂ ਹਨ – ਕੰਬੋਡੀਆ ਨੇ ਫਲ, ਸਬਜ਼ੀਆਂ, ਬਿਜਲੀ ਅਤੇ ਇੰਟਰਨੈੱਟ ਸੇਵਾਵਾਂ ਸਮੇਤ ਥਾਈਲੈਂਡ ਆਯਾਤ ‘ਤੇ ਪਾਬੰਦੀ ਲਗਾ ਦਿੱਤੀ ਹੈ, ਜਦੋਂ ਕਿ ਦੋਵਾਂ ਧਿਰਾਂ ਨੇ ਵਿਵਾਦਤ ਸਰਹੱਦੀ ਖੇਤਰਾਂ ਵਿੱਚ ਵਾਧੂ ਫੌਜ ਤਾਇਨਾਤ ਕੀਤੀ ਹੈ। ਥਾਈਲੈਂਡ ਅਤੇ ਕੰਬੋਡੀਆ ਨੇ ਵੀਰਵਾਰ ਨੂੰ ਆਪਣੀ ਵਿਵਾਦਤ ਸਰਹੱਦ ‘ਤੇ ਹੋਈ ਘਾਤਕ ਗੋਲੀਬਾਰੀ ਬਾਰੇ ਵਿਰੋਧੀ ਬਿਆਨ ਜਾਰੀ ਕੀਤੇ ਹਨ।

Related posts

ਹਾਈਵੇਅ ‘ਤੇ ਅਚਾਨਕ ਰੁਕਣਾ ਲਾਪਰਵਾਹੀ ਦਾ ਦੋਸ਼ੀ ਮੰਨਿਆ ਜਾਵੇਗਾ: ਸੁਪਰੀਮ ਕੋਰਟ

admin

ਆਸਟ੍ਰੇਲੀਆ ਬੱਚਿਆਂ ਲਈ ਸੋਸ਼ਲ ਮੀਡੀਆ ‘ਤੇ ਪਾਬੰਦੀ ਲਾਉਣ ਵਾਲਾ ਦੁਨੀਆਂ ਦਾ ਪਹਿਲਾ ਦੇਸ਼ !

admin

ਬ੍ਰੇਨ ਚਿੱਪ ਲਾਉਣ ਤੋਂ ਬਾਅਦ ਕੋਮਾ ‘ਚ ਪਈ ਔਰਤ ਗੇਮ ਖੇਡਣ ਲੱਗ ਪਈ !

admin