Travel

ਦਿਲਕਸ਼ ਤੇ ਸ਼ਾਂਤ ਮਾਹੌਲ ਵਾਲੀ ਬਰੋਟ ਵੈਲੀ

ਖ਼ੂਬਸੂਰਤ ਥਾਵਾਂ ’ਤੇ ਘੁੰਮਣ ਦੇ ਸ਼ੌਕੀਨ ਲੋਕ ਜਾਂ ਕਹਿਣ ਲਈ ਘਮੁੱਕੜ ਭਾਰਤ ਦੇ ਵੱਖ-ਵੱਖ ਸੂਬਿਆਂ ਵਿਚ ਸੈਰਗਾਹਾਂ ’ਤੇ ਜਾਂਦੇ ਹਨ। ਹਿਮਾਚਲ ਨੂੰ ਦੇਵ ਭੂਮੀ ਕਿਹਾ ਜਾਂਦਾ ਹੈ। ਹਿਮਾਚਲ ਦਾ ਖ਼ੂਬਸੂਰਤ ਵਾਤਾਵਰਨ ਤੇ ਰੰਗ ਬਰੰਗੇ ਪਹਾੜ ਭਾਰਤ ਹੀ ਨਹੀਂ, ਸਗੋਂ ਵਿਦੇਸ਼ੀ ਸੈਲਾਨੀਆਂ ਦਾ ਵੀ ਧਿਆਨ ਆਪਣੇ ਵੱਲ ਖਿੱਚਦੇ ਹਨ। ਲੋਕ ਹਿਮਾਚਲ ਵਿਚ ਮਨਾਲੀ, ਸ਼ਿਮਲਾ, ਕੁਫਰੀ, ਚੈਲ, ਨਾਰਕੰਡਾ, ਰੋਹਤਾਂਗ ਪਾਸ ਆਦਿ ਥਾਵਾਂ ’ਤੇ ਜ਼ਿਆਦਾ ਜਾਂਦੇ ਹਨ ਪਰ ਹਿਮਾਚਲ ਪ੍ਰਦੇਸ਼ ਦੀ ਗੋਦ ਵਿਚ ਕੁਦਰਤ ਦਾ ਇਕ ਹੋਰ ਦਿਲਕਸ਼ ਤੇ ਸ਼ਾਂਤ ਮਾਹੌਲ ਨਾਲ ਭਰਪੂਰ ਸੈਰਗਾਹ ਹੈ ਜਿਸ ਦਾ ਨਾਂ ਹੈ ਬਾਰੋਟ। ਸੈਲਾਨੀਆਂ ਵਿਚ ਬਰੋਟ ਕਸਬੇ ਨੂੰ ਬਾਰੋਟ ਵੈਲੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।

ਇਸ ਥਾਂ ’ਤੇ ਸੰਨ 1920 ਵਿਚ ਸ਼ਾਨਨ ਹਾਈਡਲ ਪ੍ਰੋਜੈਕਟ ਲਗਾਇਆ ਗਿਆ। ਬਰੋਟ ਹਿਮਾਚਲ ਦੇ ਮੰਡੀ ਜ਼ਿਲ੍ਹੇ ਵਿਚ ਪੈਂਦਾ ਹੈ। ਸਾਲ 1975 ਤਕ ਬਰੋਟ ਤਕ ਪਹੁੰਚਣਾ ਬਹੁਤ ਮੁਸ਼ਕਲ ਕੰਮ ਸੀ, ਕਿਉਂਕਿ ਉਸ ਵੇਲੇ ਪਹਾੜਾਂ ਨੂੰ ਕੱਟ ਕੇ ਬਣਾਇਆ ਇਕ ਛੋਟਾ ਜਿਹਾ ਤੰਗ ਰਸਤਾ ਹੀ ਜਾਂਦਾ ਸੀ। ਜੋ ਸਿਰਫ ਸ਼ਾਨਨ ਪ੍ਰੋਜੈਕਟ ’ਤੇ ਡਿਊਟੀ ਦਿੰਦੇ ਕਰਮਚਾਰੀਆਂ ਦੇ ਆਉਣ ਜਾਣ ਜਾਂ ਉਨ੍ਹਾਂ ਦਾ ਸਮਾਨ ਲਿਜਾਣ ਤੇ ਲਿਆਉਣ ਦੇ ਕੰਮ ਆਉਂਦਾ ਸੀ। ਸਾਲ 1975 ਤੋਂ ਬਾਅਦ ਸਰਕਾਰ ਵੱਲੋਂ ਇੱਥੇ ਵਿਕਾਸ ਸ਼ੁਰੂ ਕੀਤਾ ਗਿਆ ਤਾਂ ਬਾਰੋਟ ਤਕ ਇਕ ਖੁੱਲ੍ਹੀ ਸੜਕ ਦਾ ਨਿਰਮਾਣ ਕੀਤਾ ਗਿਆ। ਬਾਰੋਟ ਦੀ ਪਠਾਨਕੋਟ ਤੋਂ ਦੂਰੀ ਕਰੀਬ 180 ਕਿਲੋਮੀਟਰ ਹੈ ਅਤੇ ਹਿਮਾਚਲ ਦੇ ਸ਼ਹਿਰ ਜੋਗਿੰਦਰ ਨਗਰ ਤੋਂ 40 ਕਿਲੋਮੀਟਰ ਹੈ। ਇਸ ਤਰ੍ਹਾਂ ਹੀ ਜ਼ਿਲ੍ਹਾ ਮੰਡੀ ਸ਼ਹਿਰ ਤੋਂ ਇਸ ਦੀ ਦੂਰੀ 65 ਕਿਲੋਮੀਟਰ ਹੈ। ਬਾਰੋਟ ਨੂੰ ਜਾਂਦੀ ਸੜਕ ਸੰਘਣੇ ਜੰਗਲਾਂ, ਪਹਾੜਾਂ ਅਤੇ ਦਰਿਆ ਨੂੰ ਪਾਰ ਕਰ ਕੇ ਜਾਂਦੀ ਹੈ। ਇਸੇ ਥਾਂ ’ਤੇ ਹੀ ਮੰਡੀ ਦੇ ਸਾਬਕਾ ਸ਼ਾਸਕਾਂ ਦੇ ਗਰਮੀਆਂ ਦੀਆਂ ਛੁੱਟੀਆਂ ਬਿਤਾਉਣ ਲਈ ਗੈਸਟ ਹਾਊਸ ਬਣਾਏ ਹੋਏ ਸਨ। ਇਸ ਵਾਰ ਜਦੋਂ ਮੈਂ ਜੂਨ ਦੀਆਂ ਛੁੱਟੀਆਂ ਵਿਚ ਘੁੰਮਣ ਲਈ ਹਿਮਾਚਲ ਸੂਬੇ ਵਿਚ ਗਿਆ ਤਾਂ ਸਭ ਤੋਂ ਪਹਿਲਾਂ ਬਰੋਟ ਵੈਲੀ ਗਿਆ। ਇਥੋਂ ਪਹਿਲਾਂ ਘੁੰਮ ਕੇ ਗਏ ਦੋਸਤਾਂ ਨੇ ਇਸ ਖ਼ੂਬਸੂਰਤ ਸੈਰਗਾਹ ਬਾਰੇ ਜਾਣਕਾਰੀ ਦਿੱਤੀ ਸੀ। 6 ਜੁਲਾਈ ਨੂੰ ਦੇਰ ਰਾਤ ਮੈਂ ਬਰੋਟ ਪੁੱਜਾ। ਜਦੋਂ ਇਸ ਦੇ ਅਤੀਤ ਦੇ ਇਤਿਹਾਸ ਨੂੰ ਪੜ੍ਹਦੇ ਹਾਂ ਤਾਂ ਇੱਥੇ ਕੋਈ ਸੈਲਾਨੀਆਂ ਦੇ ਰਹਿਣ ਲਈ ਹੋਟਲ ਦਾ ਪ੍ਰਬੰਧ ਨਹੀਂ ਸੀ। ਜ਼ਿਆਦਾਤਰ ਇਸ ਥਾਂ ’ਤੇ ਟਰੈਕਿੰਗ ਕਰਨ ਵਾਲੇ ਹੀ ਲੋਕ ਆਉਂਦੇ ਸਨ। ਬਾਰੋਟ ਇਕ ਅਕਸਰ ਬੈਕਪੈਕਰ ਅਤੇ ਸੈਲਾਨੀਆਂ ਦਾ ਦਿਨ ਸਮੇਂ ਦੇਖਣ ਵਾਲਾ ਸਥਾਨ ਹੈ। ਇੱਥੇ ਆਉਣ ਲਈ ਜ਼ਿਆਦਾਤਰ ਸੈਲਾਨੀ ਸ਼ਾਂਤ ਮਾਹੌਲ ਅਤੇ ਸਸਤੀ ਰਿਹਾਇਸ਼ ਦੀ ਉਪਲੱਬਧਤਾ ਦੁਆਰਾ ਆਕਰਸ਼ਿਤ ਹੁੰਦੇ ਹਨ। ਸੈਲਾਨੀ ਲਈ ਇੱਥੇ ਹੋਟਲ ’ਚ ਰੁਕਣ ਲਈ ਇਕ ਰਾਤ ਦਾ ਬਿਨਾਂ ਖਾਣੇ ਤੋਂ ਕਮਰੇ ਦਾ ਕਿਰਾਇਆ ਸੀਜਨ ਵਿਚ 1200 ਤੋਂ 1500 ਰੁਪਏ ਹੁੰਦਾ ਹੈ ਅਤੇ ਆਫ ਸੀਜਨ 500 ਤੋਂ 800 ਰੁਪਏ ਪ੍ਰਤੀ ਰਾਤ ਹੁੰਦਾ ਹੈ। ਇਸ ਤੋਂ ਇਲਾਵਾ ਨਦੀ ਦੇ ਨਾਲ ਨਾਲ ਕੰਢੇ ’ਤੇ ਸੈਲਾਨੀ ਕਿਰਾਏ ’ਤੇ ਟੈਂਟ ਵੀ ਲੈ ਸਕਦੇ ਹਨ, ਜਿਸ ਦਾ ਕਿਰਾਇਆ ਕਰੀਬ 3000 ਹਜ਼ਾਰ ਰੁਪਏ ਪ੍ਰਤੀ ਰਾਤ ਹੁੰਦਾ ਹੈ। ਜੇਕਰ ਆਪਣਾ ਟੈਂਟ ਲਗਾ ਕੇ ਰਹਿਣਾ ਤਾਂ ਉਹ ਬਿਲਕੁਲ ਮੁਫ਼ਤ ਹੁੰਦਾ ਹੈ।

ਭੂਗੋਲਿਕ ਤੌਰ ’ਤੇ ਬਾਰੋਟ ਊਹਲ ਨਦੀ ਦੁਆਰਾ ਬਣਾਈ ਗਈ ਇਕ ਛੋਟੀ ਘਾਟੀ ਦੀ ਬੁੱਕਲ ਵਿਚ ਸਥਿਤ ਹੈ। ਹਿਮਾਲਿਆ ਦੀ ਧੌਲਾਧਾਰ ਰੇਂਜ ਦੇ ਕੁਝ ਹਿੱਸਿਆਂ ਦੁਆਰਾ ਦੋਵਾਂ ਪਾਸਿਆਂ ਤੋਂ ਘਿਰਿਆ ਹੋਇਆ, ਬਰੋਟ ਸਮੁੰਦਰੀ ਤਲ ਤੋਂ 1819 ਮੀਟਰ (6001 ਫੁੱਟ) ਦੀ ਉਚਾਈ ’ਤੇ ਸਥਿਤ ਹੈ। ਅੱਜ ਕੱਲ੍ਹ ਇਕ ਛੋਟਾ ਜਿਹਾ ਪਿੰਡ ਬੱਝ ਗਿਆ ਹੈ। ਪਿੰਡ ਦਾ ਬਹੁਤਾ ਹਿੱਸਾ ਊਹਲ ਨਦੀ ਦੇ ਕੰਢੇ ਵਸਿਆ ਹੋਇਆ ਹੈ। ਸ਼ਾਨਨ ਪਾਵਰ ਹਾਊਸ ਲਈ ਊਹਲ ਬੈਰਾਜ ਅਤੇ ਜਲ ਭੰਡਾਰ ਬਰੋਟ ਦੀ ਇਕ ਪ੍ਰਮੁੱਖ ਭੂਗੋਲਿਕ ਵਿਸ਼ੇਸ਼ਤਾ ਰੱਖਦੇ ਹਨ। ਬਰੋਟ ਦੇ ਆਲੇ-ਦੁਆਲੇ ਜ਼ਿਆਦਾਤਰ ਜੰਗਲ ਦੇਵਦਾਰ ਅਤੇ ਹਿਮਾਲੀਅਨ ਓਕ ਦਰੱਖ਼ਤ ਹਨ। ਇਹ ਅਸਥਾਨ ਤਿੱਤਰਾਂ, ਕਾਲੇ ਰਿੱਛ ਅਤੇ ਘੋਰਲ ਦਾ ਘਰ ਹੈ। ਇਸ ਦੇ ਅੰਦਰ ਥਲਤੁਖੌਦ ਅਤੇ ਸਿਲਬੰਧਵਾੜੀ ਵਿਖੇ ਜੰਗਲੀ ਆਰਾਮ ਘਰ ਹਨ। ਦੇਵਦਾਰ ਅਤੇ ਪਾਈਨ ਦੇ ਜੰਗਲਾਂ ਵਿੱਚੋਂ ਲੰਘ ਕੇ ਕੁੱਲੂ ਤਕ ਸੈਰ-ਸਪਾਟਾ ਦਾ ਰਸਤਾ ਆਉਂਦਾ ਹੈ। ਬਰੋਟ ਸੁਰੰਗ ਦਾ ਇਨਲੇਟ ਪੁਆਇੰਟ ਹੈ ਜੋ ਊਹਲ ਨਦੀ ਦੇ ਪਾਣੀ ਨੂੰ ਜੋਗਿੰਦਰ ਨਗਰ ਦੇ ਸ਼ਾਨਨ ਪਾਵਰ ਹਾਊਸ ਵੱਲ ਮੋੜਦਾ ਹੈ। ਕਸਬੇ ਵਿਚ ਇਕ ਡਾਇਵਰਸ਼ਨ ਡੈਮ ਹੈ ਜੋ 1932 ਵਿਚ ਚਾਲੂ ਕੀਤਾ ਗਿਆ ਸੀ। ਬਰੋਟ ਨੂੰ ਜੋਗਿੰਦਰ ਨਗਰ ਨਾਲ ਜੋੜਨ ਲਈ ਫਨੀਕੂਲਰ ਟਰਾਲੀ ਸਿਸਟਮ ਉਸਾਰੀ ਦੌਰਾਨ ਬਣਾਇਆ ਗਿਆ ਸੀ। ਪ੍ਰਾਜੈਕਟ ਵਰਕਰ ਬਰੋਟ ਵਿਚ ਪੰਜਾਬ ਰਾਜ ਬਿਜਲੀ ਬੋਰਡ (ਪੀਐਸਈਬੀ) ਕਲੋਨੀ ਵਿਚ ਰਹਿੰਦੇ ਹਨ। ਬਰੋਟ ਸਰਕਾਰੀ ਬੱਸਾਂ ਰਾਹੀਂ ਮੰਡੀ, ਜੋਗਿੰਦਰ ਨਗਰ ਅਤੇ ਪਾਲਮਪੁਰ ਨਾਲ ਜੁੜਿਆ ਹੋਇਆ ਹੈ। ਕੋਠੀਕੋਧ, ਵੱਡਾ ਗਰਾਂ ਅਤੇ ਲੁਹਾਰਡੀ ਨੂੰ ਜਾਣ ਵਾਲੀਆਂ ਬੱਸਾਂ ਵੀ ਬਰੋਟ ਤੋਂ ਲੰਘਦੀਆਂ ਹਨ। ਬਰੋਟ ਨੂੰ ਸਭ ਤੋਂ ਨਜ਼ਦੀਕੀ ਰੇਲਵੇ ਸਟੇਸ਼ਨ ਜੋਗਿੰਦਰ ਨਗਰ ਪੈਂਦਾ ਹੈ। ਸ਼ਹਿਰ ਜੋਗਿੰਦਰ ਨਗਰ ਨੂੰ ਪਠਾਨਕੋਟ ਨਾਲ ਜੋੜਨ ਵਾਲੀ ਤੰਗ ਗੇਜ ਰੇਲਵੇ ਲਾਈਨ ਹੈ, ਇਹ ਲਾਈਨ ਭਾਰਤੀ ਰੇਲਵੇ ਦੀ ਇਕ ਡਿਵੀਜ਼ਨ, ਉੱਤਰੀ ਰੇਲਵੇ ਦੁਆਰਾ ਚਲਾਈ ਜਾਂਦੀ ਹੈ। ਬਰੋਟ ਪਹੁੰਚਣ ਲਈ ਅਗਰ ਕਿਸੇ ਸੈਲਾਨੀ ਨੇ ਆਉਣਾ ਹੈ ਤਾਂ ਉਹ ਦਿੱਲੀ ਏਅਰਪੋਰਟ ਤੋਂ ਭੁੰਟਰ (ਕੁੱਲੂ) ਏਅਰਪੋਰਟ ਜਾਂ ਗੱਗਲ ਏਅਰਪੋਰਟ (ਕਾਂਗੜਾ) ਹਵਾਈ ਅੱਡੇ ’ਤੇ ਉਤਰ ਸਕਦਾ ਹੈ। ਹਵਾਈ ਅੱਡੇ ਤੋਂ ਉਤਰਨ ਬਾਅਦ ਕੁਝ ਸਫ਼ਰ ਬਾਰੋਟ ਤਕ ਸੜਕ ਰਾਹੀਂ ਕਰਨਾ ਪਵੇਗਾ। ਟਰਾਲੀ ਦੀ ਵਰਤਮਾਨ ਵਿਚ ਪੰਜਾਬ ਰਾਜ ਬਿਜਲੀ ਬੋਰਡ ਦੀ ਮਲਕੀਅਤ ਅਤੇ ਸਾਂਭ-ਸੰਭਾਲ ਹੈ। ਵਰਤਮਾਨ ਵਿਚ ਟਰਾਲੀ ਵਰਤੋਂ ਵਿਚ ਨਹੀਂ ਹੈ ਅਤੇ ਸਿਰਫ਼ ਪੈਨਸਟੌਕਾਂ ਦੇ ਕਦੇ-ਕਦਾਈਂ ਨਿਰੀਖਣ ਲਈ ਚਲਾਈ ਜਾਂਦੀ ਹੈ।

ਇਤਿਹਾਸਕ ਤੌਰ ’ਤੇ ਬਰੋਟ ਨੂੰ ਬਿ੍ਰਟਿਸ਼ ਸਮੇਂ ਤੋਂ ਪਹਿਲਾਂ ਮੰਡੀ ਰਿਆਸਤ ਦਾ ਹਿੱਸਾ ਬਣਾਇਆ ਗਿਆ ਸੀ ਅਤੇ ਮੰਡੀ ਦੇ ਰਾਜੇ ਦੁਆਰਾ ਸ਼ਾਸਨ ਕੀਤਾ ਗਿਆ ਸੀ। ਆਜ਼ਾਦੀ ਤੋਂ ਪਹਿਲਾਂ, ਬਰੋਟ ਵੀ ਕੁੱਲੂ ਘਾਟੀ ਨੂੰ ਕਾਂਗੜਾ ਘਾਟੀ ਨਾਲ ਜੋੜਨ ਵਾਲੇ ਖੱਚਰਾਂ ਦੇ ਰਸਤੇ ’ਤੇ ਸੀ। ਜਦੋਂ ਕੁੱਲੂ ਨੂੰ ਮੰਡੀ ਤੋਂ ਸੜਕ ਨਾਲ ਜੋੜਿਆ ਗਿਆ ਤਾਂ ਇਸ ਮਾਰਗ ਦੀ ਮਹੱਤਤਾ ਘੱਟ ਗਈ।

ਅਜੋਕੇ ਸਮੇਂ ਬਰੋਟ ਵੀ ਸੈਰ-ਸਪਾਟਾ ਦੇ ਤੌਰ ’ਤੇ ਤੇਜ਼ੀ ਨਾਲ ਵਿਕਸਤ ਹੋ ਰਿਹਾ ਹੈ। ਬਰੋਟ ਦੇ ਕੁਝ ਵਾਸੀ ਮੱਛੀ ਫਾਰਮਿੰਗ ਦਾ ਧੰਦਾ ਵੀ ਕਰਦੇ ਹਨ। ਊਹਲ ਨਦੀ ’ਤੇ ਇਕ ਖਾਣ ਭੰਡਾਰ ਸਮੇਤ ਤਿੰਨ ਨਕਲੀ ਝੀਲਾਂ ਇਸ ਦੀ ਸੁੰਦਰਤਾ ਨੂੰ ਵਧਾਉਂਦੀਆਂ ਹਨ। ਜਦੋਂ ਇਕ ਧਰਾਂਗਨ ਨੇੜੇ ਬਾਰੋਟ ਪਿੰਡ ਵਿਚ ਦਾਖ਼ਲਾ ਹੁੰਦਾ ਹੈ। ਊਹਲ ਦੇ ਪਾਣੀ ਨੂੰ ਨਿਯਮਤ ਅੰਤਰਾਲਾਂ ’ਤੇ ਫਟਣ ਵਾਲਾ ਪੁਰਾਣਾ ਝਰਨਾ ਖਿੱਚ ਦਾ ਇਕ ਹੋਰ ਸਰੋਤ ਹੈ। ਝਰਨੇ ਦੇ ਬਿਲਕੁਲ ਸਾਹਮਣੇ ਧਾਰਮਿਕ ਆਸਥਾ ਦੇ ਦੋ ਕੇਂਦਰ ਸਥਿਤ ਹਨ। ਇਕ ਬਾਰਿਸ਼ ਦੇ ਸਥਾਨਕ ਦੇਵਤਾ ਦੇਵ ਪਾਸ਼ਾਕੋਟ ਦਾ ਮੰਦਰ ਹੈ ਜਦੋਂ ਕਿ ਦੂਜਾ ਪੁਰਾਣਾ ਮੰਦਰ ਹੈ ਜੋ ਘਾਟੀ ਦੇ ਜ਼ਿਆਦਾਤਰ ਜੋੜਿਆਂ ਦੇ ਵਿਆਹ ਦੇ ਬੰਧਨ ਵਿਚ ਬੱਝਣ ਦਾ ਗਵਾਹ ਰਿਹਾ ਹੈ। ਧਿਆਨ ਇਕਾਗਰਤਾ ਵਾਲੇ, ਟਰੈਕਿੰਗ ਦੇ ਸ਼ੌਕੀਨ, ਸੈਲਾਨੀ ਅਤੇ ਘਮੁੱਕੜ ਵਿਅਕਤੀਆਂ ਨੂੰ ਇਕ ਵਾਰ ਇਸ ਮਨਮੋਹਕ ਦਿ੍ਰਸ਼ ਵਾਲੀ ਖ਼ੂਬਸੂਰਤ ਸ਼ਾਂਤ ਸੈਰ-ਸਪਾਟਾ ਥਾਂ ਬਰੋਟ ਵੈਲੀ ਜ਼ਰੂਰ ਜਾਣਾ ਚਾਹੀਦਾ ਹੈ।

– ਬੇਅੰਤ ਸਿੰਘ ਬਾਜਵਾ

Related posts

‘ਗਊ ਸੈਰ-ਸਪਾਟਾ’ ਰਾਹੀਂ ਯੂਪੀ ਵਿੱਚ ਪੇਂਡੂ ਅਰਥਵਿਵਸਥਾ ਨੂੰ ਹੁਲਾਰਾ ਮਿਲੇਗਾ

admin

Northern Councils Call On Residents To Share Transport Struggles !

admin

Motorbike Crash Survivor Highlights Importance Of Protective Gear !

admin