ਸੱਤੇ ਨੂੰ ਗਰੀਬੀ ਕਾਰਨ ਆਪਣੀ ਘਰਵਾਲ਼ੀ ਦੇ ਇਲਾਜ ਖਾਤਿਰ ਆਪਣਾ ਘਰ ਵੇਚਣਾ ਪਿਆ । ਹੁਣ ਉਸਦੀ ਘਰਵਾਲ਼ੀ ਦੀ ਸਿਹਤ ਤਾਂ ਕਾਫ਼ੀ ਠੀਕ ਸੀ ਪਰ ਹੁਣ ਸਿਰ ‘ਤੇ ਛੱਤ ਨਾ ਹੋਣ ਕਾਰਨ ਡਾਹਢਾ ਪਰੇਸ਼ਾਨ ਸੀ ।
ਪਿੰਡ ‘ਚ ਕੁੱਝ ਨੇਕ ਦਿਲ ਲੋਕਾਂ ਨੇ ਸਲਾਹ ਕਰਕੇ ਇੱਕ ਖਾਲ਼ੀ ਪਏ ਘਰ ਤੋਂ ਇੱਕ ਕਮਰਾ ਉਹਨਾਂ ਨੂੰ ਰਹਿਣ ਲਈ ਦਿਵਾ ਦਿੱਤਾ । ਉਹ ਸਾਰਾ ਪਰਿਵਾਰ ਜਿੰਮੀਦਾਰਾਂ ਦੇ ਖੇਤਾਂ ਵਿੱਚ ਦਿਹਾੜੀਆਂ ਕਰ-ਕਰ ਆਪਣਾ ਗੁਜ਼ਾਰਾ ਕਰਨ ਲੱਗੇ । ਇੱਕ ਦਿਨ ਸੱਤੇ ਦੇ ਮੁੰਡੇ ਨੇ ਦੁੱਧ ਪੀਣ ਦੀ ਜਿੱਦ ਕੀਤੀ ਤਾਂ ਉਹ ਰੱਜੇ – ਪੁੱਜੇ ਘਰੋਂ ਦੋ ਗਿਲਾਸ ਦੁੱਧ ਲੈਣ ਚਲਾ ਗਿਆ ਤਾਂ ਰਸੂਖਵਾਨ “ ਬੰਤਾ” ਗੇਟ ‘ਚ ਹੀ ਬੋਲ਼ਿਆਂ “” ਸੱਤਿਆ ਦੁੱਧ ਤਾਂ ਅਸੀਂ ਬਾਹਰ ਹੀ ਵੇਚ ਦਿੰਨੇ ਆਂ , ਸਵੇਰ ਧਾਰ ਕੱਢਣ ਵੇਲੇ ਈ ਲੈ ਜੀਂ 40 ਰੁਪਏ ਲੀਟਰ ਦੇ ਹਿਸਾਬ ਨਾਲ “ । ਸੱਤਾ ਠੀਕ ਆ ਜੀ ਕਹਿ ਵਾਪਸ ਮੁੜ ਆਇਆ ।
ਸੱਤੇ ਨੇ ਐਤਕੀਂ ਚੌਥੇ ਹਿੱਸੇ ‘ਤੇ ਝੋਨਾ ਲਾਇਆ ਤਾਂ ਚੰਗੇ ਪੈਸੇ ਕਮਾ ਲਏ । ਦੁੱਧ ਖਾਤਿਰ ਸੱਜਰ ਸੂਈ ਗਾਂ ਲੈ ਆਇਆ । ਸੱਤਾ , ਉਸਦੀ ਘਰਵਾਲ਼ੀ ਅਤੇ ਬੱਚੇ ਬਹੁਤ ਖੁਸ਼ ਸਨ। ਦੁੱਧ ਵਾਧੂ ਸੀ । ਉਹਨਾਂ ਇੱਕ ਵਕਤ ਦਾ ਦੁੱਧ ਆਪਣੇ ਲਈ ਰੱਖ ਦੂਜੇ ਵਕਤ ਦਾ ਦੁੱਧ ਆਪਣੇ ਨੇੜੇ ਦੇ ਘਰਾਂ ‘ਚ ਦੇ ਦੇਣਾ। ਇੱਕ ਦਿਨ ਬੰਤਾ , ਸੱਤੇ ਨੂੰ ਖੇਤ ਵਿੱਚ ਖਾਦ ਪਾਉਣ ਨੂੰ ਕਹਿਣ ਲਈ ਗਿਆ । ਸੱਤੇ ਹੁਰਾਂ ਬੜੇ ਆਦਰ ਨਾਲ ਬਿਠਾਇਆ ਅਤੇ ਸੱਤਾ ਖੁਸ਼ੀ ‘ਚ ਆਪਣੀ ਘਰਵਾਲ਼ੀ ਨੂੰ ਕਹਿਣ ਲੱਗਾ , “ਦਲਬੀਰੋ ਵੱਡੀ ਕੈਨੀ ਦੁੱਧ ਦੀ ਭਰ ਦੇ , ਮੈਂ ਮਾਲਕਾਂ ਨੂੰ ਦੇਣੀ ਆ” ” ਸੱਤਾ ਖੁਸ਼ੀ ‘ਚ ਬੋਲ ਰਿਹਾ ਸੀ ਅਤੇ ਬੰਤਾ ਉਸਦੇ ਇੱਕ ਕਮਰੇ ਦੇ ਘਰ ,ਜੋ ਕਿ ਉਸਦਾ ਆਪਣਾ ਨਹੀਂ ਸੀ, ਪਰ “” ਦਿਲ ਦੀ ਅਮੀਰੀ “ “ ਤੋਂ ਅੰਦਰੋਂ ਸਦਕੇ ਜਾ ਰਿਹਾ ਸੀ , ਪਰ ਆਪਣੀ ਫੋਕੀ ਹੈਂਕੜ ਲਈ ਪਾਣੀ -ਪਾਣੀ ਹੋਇਆ ਦੁੱਧ ਦੀ ਕੈਨੀ ਫੜ ਬਿਨਾਂ ਕੁੱਝ ਬੋਲੇ ਆਪਣੇ ਘਰ ਵੱਲ ਚੱਲ ਪਿਆ । ਸਾਰੇ ਰਾਹ ਇਹੀ ਸੋਚਦਾ ਰਿਹਾ ਕਿ ਕਾਰਾਂ ਕੋਠੀਆਂ ਵਾਲੇ ਤਾਂ ਕਿਸੇ ਨਾਲ ਕੁੱਝ ਸਾਂਝਾ ਨਹੀਂ ਕਰਦੇ। ਪਰ ਦਿਲ ਦੇ ਅਮੀਰ ਕਦੇ ਇਕੱਲੇ ਨਹੀਂ ਖਾਂਦੇ ।
– ਪਰਮਜੀਤ ਕੌਰ