ਦੰਗਿਆਂ ਦੇ ਵਿੱਚ ਵਿਚ ਮਾਰੇ ਗਏ ਲੋਕਾਂ ਦੀ ਗਿਣਤੀ 42 ਹੋ ਗਈ ਹੈ, ਜਦੋਂ ਕਿ 364 ਲੋਕ ਜ਼ਖਮੀਂ ਹਨ। ਪਿਛਲੇ 36 ਘੰਟਿਆਂ ਵਿੱਚ ਦੰਗਿਆਂ ਤੋਂ ਪ੍ਰਭਾਵਿਤ ਇਲਾਕਿਆਂ ਦੇ ਕਿਸੇ ਵੀ ਪੁਲਿਸ ਥਾਣੇ ਵਿੱਚ ਕੋਈ ਵੱਡੀ ਘਟਨਾ ਦਾਖਲ ਨਹੀਂ ਹੋਈ।
ਪੁਲਿਸ ਨੇ ਸ਼ੱਕ ਦੇ ਅਧਾਰ ‘ਤੇ 514 ਲੋਕਾਂ ਨੂੰ ਹਿਰਾਸਤ’ ਚ ਲੈਂਦੇ ਹੋਏ ਹੁਣ ਤੱਕ 48 ਐਫਆਈਆਰ ਦਰਜ ਕੀਤੀਆਂ ਹਨ। ਸਾਰਿਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਦਿੱਲੀ ਦੰਗੇ ਕਿਉਂ ਅਤੇ ਕਿਵੇਂ ਹੋਏ? ਕੀ ਇਹ ਕੋਈ ਹਾਦਸਾ ਸੀ ਜਾਂ ਸੋਚੀ ਸਮਝੀ ਨੀਤੀ ਤਹਿਤ ਦੰਗੇ ਫੈਲੇ? ਇਨ੍ਹਾਂ ਪ੍ਰਸ਼ਨਾਂ ਦੀ ਜਵਾਬਦੇਹੀ ਦਾ ਪਤਾ ਲਗਾਉਣ ਅਤੇ ਜਵਾਬਦੇਹੀ ਦਾ ਫੈਸਲਾ ਕਰਨ ਲਈ ਬਣਾਈ ਗਈ ਦਿੱਲੀ ਪੁਲਿਸ ਕ੍ਰਾਈਮ ਬ੍ਰਾਂਚ ਦੀ ਐਸ ਆਈ ਟੀ ਨੇ ਵੀਰਵਾਰ ਰਾਤ ਤੋਂ ਹੀ ਜਾਂਚ ਸ਼ੁਰੂ ਕਰ ਦਿੱਤੀ ਹੈ। ਵੀਰਵਾਰ ਨੂੰ ਦੁਪਹਿਰ ਤੋਂ ਬਾਅਦ ਹੀ ਐਸਆਈਟੀ ਦਾ ਗਠਨ ਕੀਤਾ ਗਿਆ ਸੀ। ਵੀਰਵਾਰ ਨੂੰ ਐਸ਼ ਆਈ ਟੀ ਗਠਿਤ ਹੋਣ ਤੋਂ ਤੁਰੰਤ ਬਾਅਦ, ਦਿੱਲੀ ਪੁਲਿਸ ਕ੍ਰਾਈਮ ਬ੍ਰਾਂਚ ਦੇ ਵਧੀਕ ਪੁਲਿਸ ਕਮਿਸ਼ਨਰ ਨੇ ਪਹਿਲਾਂ ਇੱਕ ਅਪੀਲ ਜਾਰੀ ਕੀਤੀ। ਆਮ ਲੋਕਾਂ ਨੂੰ ਤੇ ਮੀਡੀਆ ਨੂੰ ਜਾਰੀ ਕੀਤੀ ਅਪੀਲ ਵਿਚ ਕਿਹਾ ਗਿਆ ਹੈ ਕਿ ਇਸ ਹਿੰਸਾ ਦੀ ਜਾਂਚ ਵਿਚ ਜਿਸ ਕੋਲ ਫੋਟੋਆਂ, ਵੀਡੀਓ ਫੁਟੇਜ ਜਾਂ ਹੋਰ ਸਬੰਧਤ ਸਬੂਤ ਹਨ, ਉਹ ਸੱਤ ਦਿਨਾਂ ਦੇ ਅੰਦਰ ਪੁਲਿਸ ਨੂੰ ਮੁਹੱਈਆ ਕਰਵਾਏ ਜਾਣ ਅਤੇ ਜਾਂਚ ਵਿਚ ਸਹਾਇਤਾ ਕੀਤੀ ਜਾਵੇ।
ਆਮ ਆਦਮੀ ਪਾਰਟੀ ਦੇ ਕੌਂਸਲਰ ਤਾਹੀਰ ਹੁਸੈਨ ਉਪਰ ਦੰਗੇ ਭੜਕਾਉਣ ਦਾ ਦੋਸ਼ ਲਗਾਇਆ ਹੈ। ਇੰਟੈਲੀਜੈਂਸ ਬਿਊਰੋ (ਆਈ ਬੀ) ਦੇ ਅਧਿਕਾਰੀ ਅੰਕਿਤ ਸ਼ਰਮਾ ਦੇ ਪਿਤਾ, ਭਰਾ ਤੇ ਭਾਜਪਾ ਨੇਤਾ ਕਪਿਲ ਸ਼ਰਮਾ ਨੇ ਤਾਹੀਰ ਉਪਰ ਅੰਕਿਤ ਦੀ ਹੱਤਿਆ ਦਾ ਦੋਸ਼ ਵੀ ਲਗਾਇਆ ਹੈ। ਪੁਲਿਸ ਨੇ ਤਾਹਿਰ ਨੂੰ ਪੁੱਛਗਿੱਛ ਲਈ ਬੁਲਾਇਆ ਸੀ, ਪਰ ਉਹ ਬੁੱਧਵਾਰ ਸਵੇਰ ਤੋਂ ਲਾਪਤਾ ਹੈ। ਉਸਨੇ ਕੁਝ ਟੀਵੀ ਚੈਨਲਾਂ ਨਾਲ ਵੀਡੀਓ ਅਤੇ ਇੰਟਰਵਿਊ ਜਾਰੀ ਕਰਕੇ ਆਪਣੇ ਉੱਪਰ ਲਗਾਏ ਗਏ ਦੋਸ਼ਾਂ ਨੂੰ ਖਾਰਜ ਕੀਤਾ ਹੈ।
ਦੰਗਿਆਂ ਤੋਂ ਪ੍ਰਭਾਵਿਤ ਇਲਾਕਿਆਂ ਦੇ ਵਿੱਚੋਂ ਕਈ ਪ੍ਰੀਵਾਰ ਪਲਾਇਨ ਕਰਕੇ ਹੋਰ ਥਾਵਾਂ ਉਪਰ ਜਾਣ ਦੀਆਂ ਰਿਪੋਰਟਾਂ ਮਿਲ ਰਹੀਆਂ ਹਨ।ਮੁਸਤਫਾਬਾਦ ਵਿੱਚ ਰਹਿਣ ਵਾਲਾ ਅਕਰਮ ਆਪਣੇ ਪੂਰੇ ਪਰਿਵਾਰ ਸਮੇਤ ਵਾਪਸ ਪਿੰਡ ਚਲਾ ਗਿਆ ਹੈ। ਅਕਰਮ ਕਹਿੰਦਾ ਹੈ ਕਿ ਉਹ ਹੁਣ ਵਾਪਸ ਨਹੀਂ ਆਵੇਗਾ, ਆਪਣੇ ਪਿੰਡ ਵਿੱਚ ਰਹੇਗਾ। ਉਹ ਮਜ਼ਦੂਰੀ ਦਾ ਕੰਮ ਕਰਕੇ ਪੈਸਾ ਕਮਾਉਣ ਲਈ ਦਿੱਲੀ ਆਇਆ ਸੀ। ਅਕਰਮ ਤੋਂ ਇਲਾਵਾ, ਬਹੁਤ ਸਾਰੇ ਲੋਕ ਹਨ ਜੋ ਹਿੰਸਾ ਦੇ ਪ੍ਰਭਾਵ ਵਾਲੇ ਖੇਤਰਾਂ ਨੂੰ ਛੱਡ ਰਹੇ ਹਨ। ਦਿੱਲੀ ਵਿੱਚ ਹੋਈ ਹਿੰਸਾ ਤੋਂ ਬਾਅਦ ਹੁਣ ਡਰੇ ਹੋਏ ਲੋਕ ਇਲਾਕਾ ਛੱਡਣ ਲਈ ਮਜਬੂਰ ਹਨ। ਇਨ੍ਹਾਂ ਵਿੱਚੋਂ, ਸਭ ਤੋਂ ਜ਼ਿਆਦਾ ਲੋਕ ਉਹ ਹਨ ਜੋ ਰੋਜ਼ੀ-ਰੋਟੀ ਦੀ ਭਾਲ ਵਿੱਚ ਦਿੱਲੀ ਆਏ ਸਨ।
ਕੁਝ ਲੋਕ ਦਿੱਲੀ ਦੀ ਗੰਗਾ ਵਿਹਾਰ ਦੀ ਇੱਕ ਗਲੀ ਵਿੱਚੋਂ ਚੱਲੇ ਗਏ ਹਨ। ਕਈ ਘਰਾਂ ਨੂੰ ਤਾਲੇ ਲੱਗੇ ਹੋਏ ਹਨ। ਲੋਕਾਂ ਦਾ ਕਹਿਣਾ ਹੈ ਕਿ ਇਨ੍ਹਾਂ ਘਰਾਂ ਵਿੱਚ ਰਹਿੰਦੇ ਲੋਕ ਹਿੰਸਾ ਦੌਰਾਨ ਇੱਥੋਂ ਚਲੇ ਗਏ ਸਨ। ਹਾਲਾਂਕਿ, ਹੁਣ ਮਾਹੌਲ ਸ਼ਾਂਤ ਹੈ, ਇਸ ਲਈ ਉਨ੍ਹਾਂ ਨੇ ਘਰ ਛੱਡਣ ਵਾਲਿਆਂ ਨੂੰ ਵਾਪਸ ਆਉਣ ਦੀ ਗੁਹਾਰ ਲਾਈ ਹੈ।
ਇਸ ਦੌਰਾਨ ਦਿੱਲੀ ਦੀ ਪੀਰਵਾਲੀ ਗਲੀ ਹਿੰਸਾ ਦੇ ਮਾਹੌਲ ਵਿੱਚ ਭਾਈਚਾਰੇ ਤੇ ਵਿਸ਼ਵਾਸ ਦੀ ਇੱਕ ਉਦਾਹਰਣ ਪੇਸ਼ ਕਰ ਰਹੀ ਹੈ। ਗੋਕਲਪੁਰੀ ਖੇਤਰ ਵਿੱਚ ਪੀਰਵਾਲੀ ਗਲੀ ਦੇ ਵਸਨੀਕ ਅਤੇ ਉਸ ਦੇ ਇੱਕ ਦੋਸਤ ਸੁਰੇਸ਼ ਕਦਮ ਨੇ ਇੱਥੇ ਵੱਸਦੇ ਮੁਸਲਮਾਨਾਂ ਦੇ ਘਰਾਂ ਦੀ ਰਾਖੀ ਦੀ ਜ਼ਿੰਮੇਵਾਰੀ ਲਈ ਹੈ। ਇੱਥੇ ਰਹਿਣ ਵਾਲੇ ਬਹੁਤ ਸਾਰੇ ਮੁਸਲਮਾਨ ਆਪਣੇ ਘਰ ਛੱਡ ਕੇ ਘਰ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਆਪਣੇ ਦੋ ਸਾਥੀਆਂ ਦੇ ਮੋਢਿਆਂ ਤੇ ਛੱਡ ਗਏ ਹਨ।