ਦਿੱਲੀ ਵਿੱਚ ਪਿਛਲੇ ਇੱਕ ਹਫਤੇ ਤੋਂ ਤਣਾਅ ਬਣਿਆ ਹੋਇਆ ਹੈ। 23 ਫਰਵਰੀ ਦੀ ਰਾਤ ਨੂੰ ਜ਼ਾਫ਼ਰਾਬਾਦ ਮੈਟਰੋ ਸਟੇਸ਼ਨ ‘ਤੇ ਇਕੱਠੀ ਹੋਈ ਭੀੜ ਤੋਂ ਬਾਅਦ ਦੰਗੇ ਫੈਲ ਗਏ। ਇਨ੍ਹਾਂ ਦੰਗਿਆਂ ਵਿਚ ਹੁਣ ਤੱਕ 42 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦ ਕਿ 354 ਤੋਂ ਵੱਧ ਲੋਕ ਜ਼ਖਮੀ ਹਾਲਤ ਦੇ ਵਿੱਚ ਹਸਪਤਾਲਾਂ ਦੇ ਵਿੱਚ ਜਿੰਦਗੀ ਮੌਤ ਦੀ ਲੜਾਈ ਲੜ ਰਹੇ ਹਨ। ਮਰਨ ਵਾਲਿਆਂ ਦੀ ਗਿਣਤੀ ਦੇ ਵਿੱਚ ਹਰ ਰੋਜ਼ ਵਾਧਾ ਹੋ ਰਿਹਾ ਹੈ। ਪੁਲਿਸ ਅਨੁਸਾਰ ਜ਼ਿਆਦਾਤਰ ਲੋਕਾਂ ਦੀ ਮੌਤ ਗੋਲੀਆਂ ਲੱਗਣ ਨਾਲ ਹੋਈ ਹੈ। ਜਦਕਿ ਕੁਝ ਲੋਕਾਂ ਦੀ ਦੰਗਾਕਾਰੀਆਂ ਦੇ ਹਮਲੇ ਵਿੱਚ ਮੌਤ ਹੋ ਗਈ। ਮ੍ਰਿਤਕਾਂ ਵਿਚ ਸਭ ਤੋਂ ਵੱਧ ਉਮਰ ਦੀ ਅਕਬਰੀ 85 ਸਾਲਾਂ ਦੀ ਹੈ। ਅਕਬਾਰੀ ਦੇ ਘਰ ਨੂੰ ਦੰਗਾਕਾਰੀਆਂ ਨੇ ਸਾੜ ਦਿੱਤਾ ਸੀ। ਉਸ ਵਕਤ ਉਹ ਘਰ ਵਿੱਚ ਹੀ ਸੀ। ਜਦਕਿ ਸਭ ਤੋਂ ਛੋਟੀ ਉਪਰ ਦੇ ਹਾਸ਼ਮ ਅਤੇ ਅਮਨ ਸਨ। ਦੋਵੇਂ ਸਿਰਫ 17 ਸਾਲਾਂ ਦੇ ਸਨ। ਹਾਸ਼ਮ ਆਪਣੇ ਭਰਾ ਸਮੇਤ ਆਪਣੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਜਾ ਰਿਹਾ ਸੀ ਜਦੋਂ ਉਸ ਨੂੰ ਦੰਗਾਕਾਰੀਆਂ ਨੇ ਗੋਲੀ ਮਾਰਕੇ ਮਾਰ ਦਿੱਤਾ। ਅਮਨ ਘਰੋਂ ਦੁੱਧ ਲੈਣ ਆਇਆ ਸੀ ਜਦੋਂ ਉਸਨੂੰ ਮਾਰ ਦਿੱਤਾ ਗਿਆ। ਦਿੱਲੀ ਦੇ ਲਗਭਗ 15 ਇਲਾਕਿਆਂ ਵਿੱਚ ਦੰਗੇ ਸ਼ੁਰੂ ਹੋਏ। ਕਈਆਂ ਨੂੰ ਜ਼ਿੰਦਾ ਸਾੜ ਦਿੱਤਾ ਗਿਆ, ਕਈਆਂ ਉੱਤੇ ਚਾਕੂ ਅਤੇ ਤਲਵਾਰਾਂ ਵਰਗੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਮਾਰ ਦਿੱਤਾ ਗਿਆ। ਦੰਗਿਆਂ ਵਿਚ ਆਪਣੀ ਜਾਨ ਗੁਆਉਣ ਵਾਲੇ ਜ਼ਿਆਦਾਤਰ ਲੋਕ ਗਰੀਬ ਸਨ। ਮਰਨ ਵਾਲਿਆਂ ਦੇ ਵਿੱਚ ਕੋਈ ਪਰਿਵਾਰ ਵਿਚ ਇਕੱਲਾ ਕਮਾਉਣ ਵਾਲਾ ਸੀ, ਕਿਸੇ ਦਾ ਵਿਆਹ ਇੱਕ ਹਫ਼ਤਾ ਪਹਿਲਾਂ ਹੋਇਆ ਸੀ ਅਤੇ ਕਿਸੇ ਦੀ ਪਤਨੀ ਗਰਭਵਤੀ ਸੀ। ਹੁਣ ਤੱਕ ਮਰਨ ਵਾਲੇ 42 ਲੋਕਾਂ ਦੇ ਵਿੱਚੋਂ ਵਿਚੋਂ 30 ਮ੍ਰਿਤਕਾਂ ਦੀ ਪਛਾਣ ਹੋ ਗਈ ਹੈ ਜਦਕਿ ਕਈ ਹਾਲੇ ਵੀ ਲਾਸ਼ਾਂ ਲੈਣ ਲਈ ਹਸਪਤਾਲਾਂ ਦੇ ਬਾਹਰ ਧੱਕੇ ਖਾ ਰਹੇ ਹਨ। 30 ਮ੍ਰਿਤਕ ਜਿਹਮਾਂ ਦੀ ਪਛਾਣ ਹੋ ਗਈ ਹੈ ਉਹਨਾਂ ਦਾ ਵੇਰਵਾ ਹੇਠਾਂ ਦੇ ਰਹੇ ਹਾਂ:-
1) ਸ਼ਾਹਿਦ ਅਲਵੀ, ਉਮਰ: 24 ਸਾਲ
ਯੂਪੀ ਦੇ ਬੁਲੰਦਸ਼ਹਿਰ ਦਾ ਰਹਿਣ ਵਾਲਾ ਸ਼ਾਹਿਦ ਆਟੋ ਚਾਲਕ ਸੀ। ਦੰਗਾਕਾਰੀਆਂ ਨੇ ਉਸ ਦੇ ਪੇਟ ਵਿੱਚ ਗੋਲੀ ਮਾਰੀ। ਉਸਦਾ ਦਾ ਵਿਆਹ 4 ਮਹੀਨੇ ਪਹਿਲਾਂ ਹੀ ਹੋਇਆ ਸੀ ਜਦਕਿ ਉਸਦੀ ਪਤਨੀ ਸ਼ਾਜੀਆ ਗਰਭਵਤੀ ਹੈ।
2) ਮੁਹੰਮਦ ਫੁਰਕਾਨ, ਉਮਰ: 32 ਸਾਲ
ਮੂਲ ਰੂਪ ਤੋਂ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ, ਫੁਰਕਾਨ ਵਿਆਹ ਦੇ ਮੰਡਪ ਤਿਆਰ ਕਰਦਾ ਸੀ। ਉਹ ਆਪਣੇ ਪਿੱਛੇ ਪਤਨੀ, 4 ਸਾਲ ਦੀ ਬੇਟੀ ਅਤੇ ਤਿੰਨ ਸਾਲ ਦਾ ਬੇਟਾ ਛੱਡ ਗਿਆ ਹੈ। ਭੀੜ ਨੇ ਫੁਰਕਾਨ ‘ਤੇ ਹਮਲਾ ਕੀਤਾ ਸੀ।
3) ਰਾਹੁਲ ਸੋਲੰਕੀ, ਉਮਰ: 26 ਸਾਲ
ਸਿਵਲ ਇੰਜੀਨੀਅਰਿੰਗ ਦੀ ਪੜ੍ਹਾਈ ਕਰਨ ਤੋਂ ਬਾਅਦ ਰਾਹੁਲ ਇਕ ਨਿੱਜੀ ਕੰਪਨੀ ਵਿਚ ਕੰਮ ਕਰਦਾ ਸੀ। ਉਸਨੂੰ ਦੰਗਾਕਾਰੀਆਂ ਨੇ ਗੋਲੀ ਮਾਰਕੇ ਮਾਰ ਦਿੱਤੀ ਸੀ। ਉਸਦੇ ਪਿਤਾ ਹਰੀ ਸਿੰਘ ਸੋਲੰਕੀ ਦੇ ਅਨੁਸਾਰ ਰਾਹੁਲ ਦੀ ਵੱਡੀ ਭੈਣ ਦਾ ਅਪ੍ਰੈਲ ਵਿੱਚ ਵਿਆਹ ਹੋਣਾ ਸੀ।
4) ਅਸ਼ਫਾਕ ਹੁਸੈਨ, ਉਮਰ: 22 ਸਾਲ
ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਸੀ, ਉਸਨੂੰ ਦੰਗਾਕਾਰੀਆਂ ਨੇ 5 ਗੋਲੀਆਂ ਮਾਰੀਆਂ। ਅਸ਼ਫਾਕ ਦਾ ਵਿਆਹ ਹਾਲੇ ਸਿਰਫ 10 ਦਿਨ ਪਹਿਲਾਂ 11 ਫਰਵਰੀ ਨੂੰ ਹੀ ਹੋਇਆ ਸੀ।
5) ਵਿਨੋਦ ਕੁਮਾਰ, ਉਮਰ: 50 ਸਾਲ
ਘੌਂਦਾ ਚੌਕ ਦੇ ਅਰਵਿੰਦ ਨਗਰ ਦਾ ਰਹਿਣ ਵਾਲੇ ਵਿਨੋਦ ਦੀ ਪਤਨੀ ਅਤੇ ਦੋ ਪੁੱਤਰ ਹਨ। ਵਿਨੋਦ ਆਪਣੇ ਵੱਡੇ ਬੇਟੇ ਨਿਤਿਨ ਦੇ ਨਾਲ ਬਾਹਰ ਨਿਕਲਿਆ ਜਦੋਂ ਦੰਗਾਕਾਰੀਆਂ ਨੇ ਉਸ ਉੱਤੇ ਹਮਲਾ ਕੀਤਾ। ਇਸ ਹਮਲੇ ਵਿਚ ਵਿਨੋਦ ਮਾਰਿਆ ਗਿਆ ਜਦਕਿ ਨਿਤਿਨ ਜ਼ਖਮੀ ਹੋ ਗਿਆ। ਉਸਦੀ ਸਾਈਕਲ ਨੂੰ ਵੀ ਦੰਗਾਕਾਰੀਆਂ ਨੇ ਸਾੜ ਦਿੱਤਾ।
6) ਦਿਨੇਸ਼ ਕੁਮਾਰ, ਉਮਰ: 35 ਸਾਲ
ਉਹ ਡਰਾਈਵਰ ਸੀ ਅਤੇ ਆਪਣੀ ਪਤਨੀ ਅਤੇ ਦੋ ਬੱਚਿਆਂ ਨਾਲ ਰਹਿ ਰਿਹਾ ਸੀ। ਦਿਨੇਸ਼ ਨੂੰ 7 ਤੋਂ 8 ਘੰਟਿਆਂ ਲਈ ਵੈਂਟੀਲੇਟਰ ‘ਤੇ ਰੱਖਿਆ ਗਿਆ ਸੀ ਪਰ ਬਚ ਨਹੀਂ ਸਕਿਆ।
7) ਅਕਬਾਰੀ, ਉਮਰ: 85 ਸਾਲ
ਅਕਬਾਰੀ ਦਿੱਲੀ ਦੇ ਗਾਮਰੀ ਪਿੰਡ ਵਿਚ ਰਹਿੰਦੀ ਸੀ। ਉਸਦਾ ਲੜਕਾ ਮੁਹੰਮਦ ਸਈਦ ਘਰ ਵਿਚ ਕੱਪੜਿਆਂ ਦੀ ਦੁਕਾਨ ਚਲਾਉਂਦਾ ਸੀ। ਜਿਸ ਸਮੇਂ ਦੰਗਾਕਾਰੀਆਂ ਨੇ ਉਸਦਾ ਘਰ ਸਾੜਿਆ ਸੀ ਉਸ ਸਮੇਂ ਅਕਬਰੀ ਘਰ ਸੀ। ਇਸ ਵਿੱਚ ਉਸਦੀ ਮੌਤ ਹੋ ਗਈ।
8) ਰਤਨ ਲਾਲ, ਉਮਰ: 42 ਸਾਲ
ਅਸਲ ਵਿੱਚ ਰਾਜਸਥਾਨ ਦੇ ਸੀਕਰ ਦਾ ਵਸਨੀਕ ਰਤਨ ਲਾਲ ਦਿੱਲੀ ਪੁਲਿਸ ਵਿੱਚ ਇੱਕ ਕਾਂਸਟੇਬਲ ਸੀ। ਹਾਲ ਹੀ ਵਿੱਚ ਉਹ ਗੋਕਲਪੁਰੀ ਵਿੱਚ ਏਸੀਪੀ ਦਫ਼ਤਰ ਵਿੱਚ ਹੈਡ ਕਾਂਸਟੇਬਲ ਵਜੋਂ ਤਾਇਨਾਤ ਸੀ। ਉਹ ਆਪਣੇ ਪਿੱਛੇ ਪਤਨੀ ਅਤੇ ਤਿੰਨ ਬੱਚੇ ਛੱਡ ਗਿਆ ਹੈ।
9) ਅੰਕਿਤ ਸ਼ਰਮਾ, ਉਮਰ: 25 ਸਾਲ
ਅੰਕਿਤ ਇੰਟੈਲੀਜੈਂਸ ਬਿਊਰੋ (ਆਈਬੀ) ਵਿਚ ਸੁਰੱਖਿਆ ਸਹਾਇਕ ਵਜੋਂ ਕੰਮ ਕਰਦਾ ਸੀ। ਉਹ ਕਈ ਦਿਨਾਂ ਤੋਂ ਲਾਪਤਾ ਸੀ। ਉਸ ਦੀ ਲਾਸ਼ ਚਾਂਦ ਬਾਗ ਖੇਤਰ ਦੇ ਇਕ ਨਾਲੇ ਵਿਚੋਂ ਮਿਲੀ।
10) ਰਾਹੁਲ ਠਾਕੁਰ, ਉਮਰ: 23 ਸਾਲ
ਭਜਨਪੁਰਾ ਖੇਤਰ ਵਿਚ ਰਹਿਣ ਵਾਲਾ ਰਾਹੁਲ ਅਪਰੈਲ ਵਿਚ ਹੋਣ ਵਾਲੀ ਸਿਵਲ ਸੇਵਾ ਦੀ ਪ੍ਰੀਖਿਆ ਦੀ ਤਿਆਰੀ ਕਰ ਰਿਹਾ ਸੀ। ਉਹ ਆਪਣੇ ਪਰਿਵਾਰ ਵਿਚ ਸਭ ਤੋਂ ਛੋਟਾ ਸੀ। ਉਸ ਦੇ ਪਿਤਾ ਆਰਪੀਐਫ ਅਧਿਕਾਰੀ ਹਨ। ਰਾਹੁਲ ਦੇ ਸੀਨੇ ਵਿਚ ਗੋਲੀ ਲੱਗੀ ਸੀ। ਉਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਹ ਬਚ ਨਹੀਂ ਸਕਿਆ।
11) ਸੁਲੇਮਾਨ, ਉਮਰ: 22 ਸਾਲ
ਉੱਤਰ ਪ੍ਰਦੇਸ਼ ਦੇ ਹਾਪੁਰ ਜ਼ਿਲੇ ਦਾ ਰਹਿਣ ਵਾਲਾ ਸੁਲੇਮਾਨ ਦਿੱਲੀ ਵਿਚ ਲੋਹੇ ਦਾ ਕੰਮ ਕਰਦਾ ਸੀ। ਉਹ ਸੋਮਵਾਰ ਤੋਂ ਲਾਪਤਾ ਸੀ। ਵੀਰਵਾਰ ਨੂੰ ਉਸ ਦੀ ਲਾਸ਼ ਨੂੰ ਜੀਟੀਬੀ ਹਸਪਤਾਲ ਲਿਆਂਦਾ ਗਿਆ।
12) ਮੁਹੰਮਦ ਇਰਫਾਨ, ਉਮਰ: 32 ਸਾਲ
ਉਹ ਹਰ ਮਹੀਨੇ 8 ਹਜ਼ਾਰ ਰੁਪਏ ਮਜ਼ਦੂਰੀ ਕਰਕੇ ਕਮਾਈ ਕਰਕੇ ਪਰਿਵਾਰ ਦਾ ਖਰਚਾ ਸੀ ਚਲਾਉਂਦਾ ਸੀ। ਉਹ ਆਪਣੇ ਪਿੱਛੇ ਆਪਣੀ ਮਾਂ, ਪਤਨੀ ਅਤੇ ਦੋ ਬੱਚਿਆਂ ਨੂੰ ਛੱਡ ਗਿਆ ਹੈ।
13) ਮੁਸ਼ੱਰਫ, ਉਮਰ: 35 ਸਾਲ
ਉੱਤਰ ਪ੍ਰਦੇਸ਼ ਦੇ ਬਦਾਉਂ ਜ਼ਿਲੇ ਦਾ ਮੁਸ਼ੱਰਫ ਦਿੱਲੀ ਵਿੱਚ ਡਰਾਈਵਰ ਦਾ ਕੰਮ ਕਰਦਾ ਸੀ। ਉਸਦੇ ਪਿੱਛੇ ਉਸਦੀ ਪਤਨੀ ਅਤੇ ਤਿੰਨ ਬੱਚੇ ਰਹਿ ਗਏ ਹਨ। ਦੰਗਾਕਾਰੀਆਂ ਨੇ ਉਸ ਦੀ ਹੱਤਿਆ ਕਰ ਦਿੱਤੀ ਅਤੇ ਉਸ ਦੀ ਲਾਸ਼ ਨੂੰ ਗੋਕੁਲਪੁਰੀ ਦੇ ਇੱਕ ਨਾਲੇ ਵਿੱਚ ਸੁੱਟ ਦਿੱਤਾ।
14) ਸੰਜੀਤ ਠਾਕੁਰ, ਉਮਰ: 32 ਸਾਲ
ਸੰਜੀਤ ਵੈਲਡਿੰਗ ਦਾ ਕੰਮ ਕਰਦਾ ਸੀ। ਜਦੋਂ ਉਹ ਘਰ ਪਰਤ ਰਿਹਾ ਸੀ ਤਾਂ ਦੰਗਾਕਾਰੀਆਂ ਨੇ ਉਸ ‘ਤੇ ਪੱਥਰਾਂ ਨਾਲ ਹਮਲਾ ਕਰ ਦਿੱਤਾ। ਉਹ ਆਪਣੇ ਪਿੱਛੇ ਪਤਨੀ ਅਤੇ ਦੋ ਬੱਚਿਆਂ ਨੂੰ ਛੱਡ ਗਿਆ ਹੈ।
15) ਅਲੋਕ ਤਿਵਾੜੀ, ਉਮਰ: 24 ਸਾਲ
ਗੱਤੇ ਦੀ ਫੈਕਟਰੀ ਵਿੱਚ ਕੰਮ ਕਰਦਾ ਸੀ ਅਤੇ ਉਹ ਦਿੱਲੀ ਦੇ ਕਰਾਵਲ ਨਗਰ ਖੇਤਰ ਵਿੱਚ ਰਹਿੰਦਾ ਸੀ। ਉਹ ਆਪਣੇ ਪਿੱਛੇ ਪਤਨੀ ਅਤੇ ਦੋ ਬੱਚਿਆਂ ਨੂੰ ਛੱਡ ਗਿਆ ਹੈ।
16) ਮੁਬਾਰਕ ਅਲੀ, ਉਮਰ: 35 ਸਾਲ
ਮੁਬਾਰਕ ਭਜਨਪੁਰਾ ਖੇਤਰ ਵਿੱਚ ਪੇਂਟਰ ਦਾ ਕੰਮ ਕਰਦਾ ਸੀ। ਤਿੰਨ ਦਿਨ ਲਾਪਤਾ ਰਿਹਾ। ਉਸਦੇ ਪਿੱਛੇ ਉਸਦੀ ਪਤਨੀ ਅਤੇ ਤਿੰਨ ਬੱਚੇ – ਦੋ ਧੀਆਂ ਅਤੇ ਇੱਕ ਲੜਕਾ ਹੈ।
17) ਮੁਹੰਮਦ ਸ਼ਾਹਬਾਨ, ਉਮਰ: 22 ਸਾਲ
ਮੁਸਤਫਾਬਾਦ ਦਾ ਰਹਿਣ ਵਾਲਾ ਮੁਹੰਮਦ ਸ਼ਾਹਬਾਨ ਵੈਲਡਿੰਗ ਦੀ ਦੁਕਾਨ ਚਲਾਉਂਦਾ ਸੀ। ਦੰਗਾਕਾਰੀਆਂ ਨੇ ਉਸ ਸਮੇਂ ਗੋਲੀ ਮਾਰ ਦਿੱਤੀ ਜਦੋਂ ਉਹ ਦੁਕਾਨ ਬੰਦ ਕਰ ਰਿਹਾ ਸੀ। ਇੰਨਾ ਹੀ ਨਹੀਂ, ਉਸ ਦੀ ਦੁਕਾਨ ਨੂੰ ਵੀ ਦੰਗਾਕਾਰੀਆਂ ਨੇ ਸਾੜ ਦਿੱਤਾ।
18) ਅਨਵਰ, ਉਮਰ: 58 ਸਾਲ
ਸ਼ਿਵ ਵਿਹਾਰ ਇਲਾਕੇ ਵਿਚ ਪੋਲਟਰੀ ਫਾਰਮ ਚਲਾਉਂਦਾ ਸੀ। ਇਸਦੇ ਨਾਲ ਹੀ ਉਹ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਸੀ। ਉਹ ਆਪਣੇ ਪਿੱਛੇ ਪਤਨੀ ਅਤੇ ਦੋ ਧੀਆਂ ਛੱਡ ਗਿਆ ਹੈ। ਉਸਨੂੰ ਦੰਗਾਕਾਰੀਆਂ ਨੇ ਸਾੜ ਦਿੱਤਾ।
19) ਆਮਿਰ, ਉਮਰ: 30 ਸਾਲ
ਮੁਸਤਫਾਬਾਦ ਵਿਚ ਰਹਿੰਦਾ ਸੀ। ਉਹ ਬੁੱਧਵਾਰ ਤੋਂ ਲਾਪਤਾ ਸੀ। ਵੀਰਵਾਰ ਨੂੰ ਉਸ ਦੀ ਲਾਸ਼ ਮਿਲੀ ਸੀ।
20) ਹਾਸ਼ਮ, ਉਮਰ: 17 ਸਾਲ
ਆਮਿਰ ਦਾ ਭਰਾ ਸੀ ਤੇ ਬੁੱਧਵਾਰ ਤੋਂ ਹਾਸ਼ਮ ਵੀ ਲਾਪਤਾ ਸੀ। ਵੀਰਵਾਰ ਨੂੰ ਉਸ ਦੀ ਵੀ ਲਾਸ਼ ਮਿਲੀ।
21) ਵੀਰ ਭਾਨ, ਉਮਰ: 50 ਸਾਲ
ਆਪਣਾ ਕੰਮ ਕਰਦਾ ਸੀ। ਉਸ ਨੂੰ ਕਰਵਾਲ ਨਗਰ ਖੇਤਰ ਵਿੱਚ ਦੰਗਾਕਾਰੀਆਂ ਨੇ ਗੋਲੀ ਮਾਰ ਦਿੱਤੀ ਸੀ। ਉਸਦੇ ਪਿੱਛੇ ਉਸਦੀ ਪਤਨੀ, ਇੱਕ 22 ਸਾਲ ਦਾ ਬੇਟਾ ਅਤੇ ਇੱਕ 15 ਸਾਲ ਦੀ ਬੇਟੀ ਹੈ।
22) ਮੁਦਾਸਿਰ ਖਾਨ, ਉਮਰ: 35 ਸਾਲ
ਉਹ ਆਟੋ ਚਾਲਕ ਦਾ ਕੰਮ ਕਰਦਾ ਸੀ ਅਤੇ ਪਰਿਵਾਰ ਦਾ ਖਰਚਾ ਚਲਾਉਂਦਾ ਸੀ। ਉਸਦੇ ਪਰਿਵਾਰ ਵਿੱਚ ਉਸਦੇ ਦੋ ਬੱਚੇ ਸਨ। ਉਸਨੂੰ ਦੰਗਾਕਾਰੀਆਂ ਨੇ ਗੋਲੀ ਮਾਰ ਦਿੱਤੀ ਸੀ।
23) ਇਸ਼ਤਿਆਕ ਖਾਨ, ਉਮਰ: 24 ਸਾਲ
ਕਰਦਮਪੁਰੀ ਖੇਤਰ ਵਿਚ ਰਹਿੰਦਾ ਸੀ। ਉਹ ਵੈਲਡਿੰਗ ਮਸ਼ੀਨਾਂ ਬਣਾਉਣ ਦਾ ਕੰਮ ਕਰਦਾ ਸੀ। ਉਸਦੇ ਪਿੱਛੇ ਉਸਦੀ ਪਤਨੀ, ਇੱਕ ਤਿੰਨ ਸਾਲ ਦੀ ਬੇਟੀ ਅਤੇ ਇੱਕ 6 ਮਹੀਨੇ ਦਾ ਬੇਟਾ ਸੀ। ਦੰਗਾਕਾਰੀਆਂ ਨੇ ਉਸ ਦੇ ਪੇਟ ਵਿਚ ਗੋਲੀ ਮਾਰ ਦਿੱਤੀ ਸੀ।
24) ਮੁਹੰਮਦ ਯੂਸਫ਼, ਉਮਰ: 52 ਸਾਲ
ਯੂਸਫ ਇੱਕ ਲੱਕੜੀ ਦਾ ਕੰਕਾਰ ਕਰਦਾ ਸੀ ਜੋ ਪੁਰਾਣਾ ਮੁਸਤਫਾਬਾਦ ਦਾ ਰਹਿਣ ਵਾਲਾ ਸੀ। ਉਸਦੇ 7 ਬੱਚੇ ਹਨ। ਜਦੋਂ ਉਹ ਨੋਇਡਾ ਤੋਂ ਘਰ ਆ ਰਿਹਾ ਸੀ ਤਾਂ ਭੀੜ ਨੇ ਉਸ ‘ਤੇ ਹਮਲਾ ਕਰ ਦਿੱਤਾ।
25) ਦੀਪਕ ਕੁਮਾਰ, ਉਮਰ: 34 ਸਾਲ
ਝਿਲਮਿਲ ਖੇਤਰ ਵਿਚ ਇਕ ਨਿੱਜੀ ਫੈਕਟਰੀ ਵਿਚ ਕੰਮ ਕਰਦਾ ਸੀ। ਉਸਦੇ ਪਿੱਛੇ ਉਸਦੀ ਪਤਨੀ ਅਤੇ ਦੋ ਬੱਚੇ (ਇੱਕ ਬੇਟਾ, ਇੱਕ ਧੀ) ਰਹਿ ਗਏ ਹਨ। ਉਸਨੂੰ ਦੰਗਾਕਾਰੀਆਂ ਨੇ ਗੋਲੀ ਮਾਰ ਦਿੱਤੀ ਸੀ।
26) ਜ਼ਾਕਿਰ, ਉਮਰ: 24 ਸਾਲ
ਬ੍ਰਿਜਪੁਰੀ ਦਾ ਵਸਨੀਕ ਜ਼ਾਕਿਰ ਇਕ ਵੈਲਡਰ ਸੀ। ਮੰਗਲਵਾਰ ਨੂੰ ਦੰਗਾਕਾਰੀਆਂ ਨੇ ਉਸ ਨੂੰ ਗੋਲੀ ਮਾਰ ਦਿੱਤੀ ਸੀ। ਉਸ ਦੇ ਪੇਟ ਉੱਤੇ ਕਈ ਜ਼ਖ਼ਮ ਸਨ।
27) ਪਰਵੇਜ਼ ਆਲਮ, ਉਮਰ: 50 ਸਾਲ
ਘੋਂਡਾ ਦਾ ਰਹਿਣ ਵਾਲਾ ਪਰਵੇਜ਼ ਗੈਰੇਜ ਚਲਾਉਂਦਾ ਸੀ। ਉਸਨੂੰ ਦੰਗਾਕਾਰੀਆਂ ਨੇ ਗੋਲੀ ਮਾਰ ਦਿੱਤੀ ਸੀ।
28) ਮਹਿਤਾਬ, ਉਮਰ: 21 ਸਾਲ
ਮਹਿਤਾਬ ਉਸਾਰੀ ਦਾ ਕੰਮ ਕਰਦਾ ਸੀ। ਭੀੜ ਨੇ ਉਸਨੂੰ ਮਾਰ ਦਿੱਤਾ ਸੀ।
29) ਮਹਾਰੂਫ ਅਲੀæ ਉਮਰ: 30 ਸਾਲ
ਭਜਨਪੁਰਾ ਵਿੱਚ ਬਿਜਲੀ ਦੀ ਦੁਕਾਨ ਚਲਾਉਂਦੀ ਸੀ। ਉਸਨੂੰ ਦੰਗਾਕਾਰੀਆਂ ਨੇ ਗੋਲੀ ਮਾਰ ਦਿੱਤੀ ਸੀ।
30) ਅਮਨ, ਉਮਰ: 17 ਸਾਲ
ਅਮਨ ਨੂੰ ਲੋਕਨਾਇਕ ਹਸਪਤਾਲ ਲਿਆਂਦਾ ਗਿਆ ਪਰ ਉਸਦੀ ਮੌਤ ਹੋ ਗਈ। ਅਮਨ ਘਰੋਂ ਦੁੱਧ ਲੈਣ ਆਇਆ ਹੋਇਆ ਸੀ, ਜਦੋਂ ਉਸ ਨੂੰ ਜ਼ਫ਼ਰਾਬਾਦ ਮੈਟਰੋ ਸਟੇਸ਼ਨ ਨੇੜੇ ਗੋਲੀ ਮਾਰ ਦਿੱਤੀ ਗਈ।