Articles India

ਦਿੱਲੀ ਵਿਧਾਨ-ਸਭਾ ਚੋਣਾਂ: ਚੋਣ ਸਰਵੇਖਣਾਂ ਵਲੋਂ ਵੱਖੋ-ਵੱਖਰੇ ਦਾਅਵੇ !

ਇਸ ਵਾਰ ਜ਼ਿਆਦਾਤਰ ਚੋਣ ਸਰਵੇਖਣਾਂ (ਐਗਜ਼ਿਟ ਪੋਲ) ਵਿੱਚ ‘ਆਪ’ ਦੀ ਸੱਤਾ ਖੁੱਸਣ ਅਤੇ ਭਾਜਪਾ ਦੀ ਜਿੱਤ ਦੀ ਭਵਿੱਖਬਾਣੀ ਕੀਤੀ ਗਈ ਹੈ।

ਦਿੱਲੀ ਵਿੱਚ 13,766 ਪੋਲੰਿਗ ਬੂਥਾਂ ‘ਤੇ ਵੋਟਿੰਗ ਹੋਈ ਹੈ ਅਤੇ 1.56 ਕਰੋੜ ਤੋਂ ਵੱਧ ਵੋਟਰਾਂ ਵਲੋਂ ਸ਼ਾਮ 6 ਵਜੇ ਤੱਕ ਈਵੀਐਮ ਵਿੱਚ ਆਪਣੀਆਂ ਵੋਟਾਂ ਦਾ ਇਸਤੇਮਾਲ ਕੀਤਾ ਗਿਆ। 70 ਵਿਧਾਨ ਸਭਾ ਸੀਟਾਂ ‘ਤੇ ਚੋਣ ਲੜ ਰਹੇ 699 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ 8 ਫਰਵਰੀ ਨੂੰ ਹੋਵੇਗਾ ਜਿਸ ਦਿਨ ਚੋਣਾਂ ਦੇ ਨਤੀਜੇ ਸ੍ਹਾਮਣੇ ਆਉਣਗੇ। ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਆਪਣੀ ਸਰਕਾਰ ਦੀਆਂ ਯੋਜਨਾਵਾਂ ਦੇ ਆਧਾਰ ‘ਤੇ ਇੱਕ ਵਾਰ ਫਿਰ ਸੱਤਾ ਵਿੱਚ ਆਉਣ ਦਾ ਦਾਅਵਾ ਕਰ ਰਹੇ ਹਨ। ਇਸ ਦੇ ਨਾਲ ਹੀ 25 ਸਾਲਾਂ ਤੋਂ ਵੱਧ ਸਮੇਂ ਬਾਅਦ ਭਾਜਪਾ ਫਿਰ ਤੋਂ ਦਿੱਲੀ ਵਿੱਚ ਸਰਕਾਰ ਬਣਾਉਣ ਦਾ ਦਾਅਵਾ ਕਰ ਰਹੀ ਹੈ। 2013 ਤੱਕ 15 ਸਾਲ ਰਾਜਧਾਨੀ ‘ਤੇ ਰਾਜ ਕਰਨ ਵਾਲੀ ਕਾਂਗਰਸ ਨੇ ਵੀ ਇਸ ਵਾਰ ਆਪਣੀ ਪੂਰੀ ਤਾਕਤ ਲਗਾ ਦਿੱਤੀ ਹੈ। ਪਿਛਲੀਆਂ ਦੋ ਚੋਣਾਂ ਵਿੱਚ ਇਸਨੂੰ ਇੱਕ ਵੀ ਸੀਟ ਨਹੀਂ ਮਿਲੀ ਸੀ।

ਇਸ ਵਾਰ ਕੌਮੀ ਰਾਜਧਾਨੀ ਵਿੱਚ 60.42 ਫੀਸਦੀ ਵੋਟਿੰਗ ਹੋਈ ਹੈ। ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ‘ਆਪ’ ਤੇ ਭਾਜਪਾ ਵਿਚਾਲੇ ਫਸਵੀਂ ਟੱਕਰ ਹੈ। ਦਿੱਲੀ ਦੇ ਮੁੱਖ ਚੋਣ ਅਧਿਕਾਰੀ ਮੁਤਾਬਕ ਸ਼ਾਮ 5 ਵਜੇ ਤੱਕ ਕੌਮੀ ਰਾਜਧਾਨ ਦੇ 1.56 ਕਰੋੜ ਯੋਗ ਵੋਟਰਾਂ ਵਿੱਚੋਂ 60.42 ਫੀਸਦੀ ਵੋਟਰਾਂ ਨੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ। ਵੋਟਿੰਗ ਦੀ ਇਹ ਫੀਸਦੀ 2020 ਦੀਆਂ ਵਿਧਾਨ ਸਭਾ ਚੋਣਾਂ ਦੇ ਮੁਕਾਬਲੇ ਪੰਜ ਫੀਸਦੀ ਘੱਟ ਹੈ ਕਿਉਂਕਿ 2020 ਵਿੱਚ 62.59 ਫੀਸਦੀ ਵੋਟਿੰਗ ਹੋਈ ਸੀ। ਉਸ ਵੇਲੇ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਪਾਰਟੀ ਨੇ 70 ’ਚੋਂ 62 ਸੀਟਾਂ ਜਿੱਤੀਆਂ ਸਨ। ਹਾਲਾਂਕਿ, ਭਾਜਪਾ ਨੂੰ ਸਿਰਫ਼ ਅੱਠ ਤੇ ਕਾਂਗਰਸ ਨੂੰ ਕੋਈ ਸੀਟ ਨਹੀਂ ਮਿਲੀ ਸੀ।

ਦਿੱਲੀ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਤੋਂ ਬਾਅਦ ਵੱਖ-ਵੱਖ ਚੋਣ ਸਰਵੇਖਣਾਂ ਤੋਂ ਬਾਅਦ ਵੱਖ-ਵੱਖ ਦਾਅਵੇ ਕੀਤੇ ਜਾ ਰਹੇ ਹਨ। 2020 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਬਹੁਤੇ ਚੋਣ ਸਰਵੇਖਣ ਗਲਤ ਨਿਕਲੇ ਸਨ। ਇਸ ਵਾਰ ਜ਼ਿਆਦਾਤਰ ਚੋਣ ਸਰਵੇਖਣਾਂ (ਐਗਜ਼ਿਟ ਪੋਲ) ਵਿੱਚ ‘ਆਪ’ ਦੀ ਸੱਤਾ ਖੁੱਸਣ ਅਤੇ ਭਾਜਪਾ ਦੀ ਜਿੱਤ ਦੀ ਭਵਿੱਖਬਾਣੀ ਕੀਤੀ ਗਈ ਹੈ। ਕੁੱਝ ਸਰਵੇਖਣਾਂ ਅਨੁਸਾਰ ਐਤਕੀਂ ਫਿਰ ਕਾਂਗਰਸ ਦਾ ਖਾਤਾ ਖੁੱਲ੍ਹਣਾ ਮੁਸ਼ਕਲ ਹੈ। ਹਾਲਾਂਕਿ ਦੋ ਸਰਵੇਖਣਾਂ ਅਨੁਸਾਰ ‘ਆਪ’ ਜਿੱਤ ਸਕਦੀ ਹੈ ਅਤੇ ਦੋ ਅਨੁਸਾਰ ਭਾਜਪਾ ਤੇ ‘ਆਪ’ ਵਿਚਾਲੇ ਟੱਕਰ ਦੇਖਣ ਨੂੰ ਮਿਲ ਸਕਦੀ ਹੈ।

‘ਪੀਪਲਜ਼ ਪਲਸ’ ਅਨੁਸਾਰ ਭਾਜਪਾ ਦੀ ਅਗਵਾਈ ਵਾਲੇ ਐੱਨਡੀਏ ਗੱਠਜੋੜ ਨੂੰ 51-60 ਅਤੇ ‘ਆਪ’ ਨੂੰ 10-19 ਸੀਟਾਂ ਮਿਲ ਸਕਦੀਆਂ ਹਨ। ਇਸ ਅਨੁਸਾਰ ਕਾਂਗਰਸ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੇਗੀ। ‘ਪੀਪਲਜ਼ ਇਨਸਾਈਟ’ ਅਨੁਸਾਰ ਐੱਨਡੀਏ 40 ਤੋਂ 44, ‘ਆਪ’ 25 ਤੋਂ 29 ਜਦਕਿ ਕਾਂਗਰਸ 0-1 ਸੀਟ ਜਿੱਤ ਸਕਦੀ ਹੈ। ‘ਪੀ ਮਾਰਕ’ ਮੁਤਾਬਕ 39-49 ’ਤੇ ਭਾਜਪਾ, 21-31 ’ਤੇ ‘ਆਪ’ ਅਤੇ 0-1 ਸੀਟ ’ਤੇ ਕਾਂਗਰਸ ਜੇਤੂ ਰਹਿ ਸਕਦੀ ਹੈ। ‘ਜੇਵੀਸੀ’ ਅਨੁਸਾਰ 39 ਤੋਂ 45 ’ਤੇ ਭਾਜਪਾ, 22 ਤੋਂ 31 ’ਤੇ ‘ਆਪ’ ਅਤੇ 0-2 ’ਤੇ ਕਾਂਗਰਸ ਜੇਤੂ ਰਹਿ ਸਕਦੀ ਹੈ। ‘ਪੋਲ ਡਾਇਰੀ’ ਨੇ 42 ਤੋਂ 50 ਸੀਟਾਂ ਭਾਜਪਾ, 18 ਤੋਂ 25 ‘ਆਪ’ ਅਤੇ 0 ਤੋਂ 2 ਸੀਟਾਂ ਕਾਂਗਰਸ ਦੇ ਜਿੱਤਣ ਦਾ ਅਨੁਮਾਨ ਲਾਇਆ ਹੈ। ‘ਚਾਣਕਿਆ’ ਅਨੁਸਾਰ ਭਾਜਪਾ ਅਤੇ ਉਸ ਦੇ ਭਾਈਵਾਲ 39 ਤੋਂ 44, ‘ਆਪ’ 25 ਤੋਂ 28 ਅਤੇ ਕਾਂਗਰਸ 2 ਤੋਂ 3 ਸੀਟਾਂ ਲੈ ਸਕਦੀ ਹੈ। ਉਧਰ ‘ਵੀ ਪ੍ਰੀਜ਼ਾਈਡ’ ਅਤੇ ‘ਮਾਈਂਡ ਬ੍ਰਿੰਕ ਮੀਡੀਆ’ ਨੇ ‘ਆਪ’ ਦੇ ਜਿੱਤਣ ਦੀ ਸੰਭਾਵਨਾ ਜਤਾਈ ਹੈ। ‘ਵੀ ਪ੍ਰੀਜ਼ਾਈਡ’ ਮੁਤਾਬਕ 46 ਤੋਂ 52 ’ਤੇ ‘ਆਪ’, 18 ਤੋਂ 23 ’ਤੇ ਭਾਜਪਾ ਅਤੇ 0 ਤੋਂ 1 ’ਤੇ ਕਾਂਗਰਸ ਜੇਤੂ ਰਹਿ ਸਕਦੀ ਹੈ। ਇਸੇ ਤਰ੍ਹਾਂ ‘ਮਾਈਂਡ ਬ੍ਰਿੰਕ ਮੀਡੀਆ’ ਨੇ ‘ਆਪ’ ਨੂੰ 44 ਤੋਂ 49, ਭਾਜਪਾ ਨੂੰ 21 ਤੋਂ 25 ਅਤੇ ਕਾਂਗਰਸ ਨੂੰ 0 ਤੋਂ 1 ਸੀਟ ਦਿੱਤੀ ਹੈ। ‘ਮੈਟਰਿਜ਼’ ਅਤੇ ‘ਡੀਵੀ ਰਿਸਰਚ’ ਨੇ ‘ਆਪ’ ਅਤੇ ਭਾਜਪਾ ਵਿਚਾਲੇ ਸਖ਼ਤ ਮੁਕਾਬਲਾ ਦਿਖਾਇਆ ਹੈ। ‘ਮੈਟਰਿਜ਼’ ਦੇ ਚੋਣ ਸਰਵੇਖਣ ਮੁਤਾਬਕ ਭਾਜਪਾ ਦੀ ਅਗਵਾਈ ਵਾਲੇ ਐੱਨਡੀਏ ਗੱਠਜੋੜ ਨੂੰ 35-40 ਸੀਟਾਂ ਮਿਲ ਸਕਦੀਆਂ ਹਨ। ‘ਆਪ’ ਨੂੰ 32 ਤੋਂ 37 ਸੀਟਾਂ ਜਦਕਿ ਕਾਂਗਰਸ ਨੂੰ 0-1 ਸੀਟ ਮਿਲਣ ਦਾ ਅਨੁਮਾਨ ਲਾਇਆ ਗਿਆ ਹੈ। ‘ਡੀਵੀ ਰਿਸਰਚ’ ਮੁਤਾਬਕ 26-34 ਸੀਟਾਂ ’ਤੇ ‘ਆਪ’ ਅਤੇ 36-44 ’ਤੇ ਭਾਜਪਾ ਜੇਤੂ ਰਹਿ ਸਕਦੀ ਹੈ। ਇਸ ਨੇ ਕਾਂਗਰਸ ਨੂੰ ਇੱਕ ਵੀ ਸੀਟ ਨਹੀਂ ਦਿੱਤੀ। 70 ਮੈਂਬਰੀ ਦਿੱਲੀ ਵਿਧਾਨ ਸਭਾ ’ਚ ਬਹੁਮਤ ਦਾ ਅੰਕੜਾ 36 ਹੈ। ਇਸ ਵੇਲੇ ‘ਆਪ’ ਕੋਲ 62, ਭਾਜਪਾ ਕੋਲ 8 ਅਤੇ ਕਾਂਗਰਸ ਕੋਲ ਇਕ ਵੀ ਵਿਧਾਇਕ ਨਹੀਂ ਹੈ।

Related posts

ਅਮਰੀਕਾ ਤੋਂ ਡਿਪੋਰਟ ਕੀਤੇ ਭਾਰਤੀਆਂ ਦਾ ਪਹਿਲਾ ਬੈਚ ਭਾਰਤ ਪੁੱਜਾ !

admin

ਪ੍ਰਧਾਨ ਮੰਤਰੀ ਮੋਦੀ ਵਲੋਂ ਤ੍ਰਿਵੇਣੀ ਸੰਗਮ ਵਿਖੇ ਪੂਜਾ ਅਤੇ ਡੁੱਬਕੀਆਂ !

admin

ਮਦਰਾਸ ਤੇ ਤਿਲੰਗਾਨਾ ਹਾਈ ਕੋਰਟਾਂ ਦੇ ਪੰਜ ਸਥਾਈ ਜੱਜਾਂ ਵਜੋਂ ਨਿਯੁਕਤੀ ਨੂੰ ਮਨਜ਼ੂਰੀ !

admin