ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਰਾਮਗੜ੍ਹੀਆ ਸਿੱਖ ਬੈਂਕ ਨੂੰ ਡੁੱਬਣ ਅਤੇ ਕਿਸੇ ਹੋਰ ਬੈਂਕ ਵਿੱਚ ਮਰਜ਼ ਕਰਨ ਦੀ ਸਾਜ਼ਿਸ਼ ਨੂੰ ਨਾਕਾਮ ਕਰਦਿਆਂ ਇਸ ਬੈਂਕ ਨੂੰ ਬਚਾਉਣ ਅਤੇ ਸ਼ੇਅਰ ਕੈਪੀਟਲ ਵਧਾਉਣ ਦੇ ਉਪਰਾਲਿਆਂ ਨੂੰ ਬੂਰ ਪਿਆ, ਜੋ ਰਾਮਗੜ੍ਹੀਆ ਕੌਮ ਦੀ ਵਿਰਾਸਤ ਵਜੋਂ ਜਾਣਿਆ ਜਾਂਦਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬੀਬੀ ਰਣਜੀਤ ਕੌਰ ਨੇ ਦੱਸਿਆ ਕਿ 1942 ਵਿੱਚ ਸਥਾਪਿਤ ਹੋਇਆ ਦਿੱਲੀ ਦੀ ਰਾਜਧਾਨੀ ਦੇ ਪਹਾੜਗੰਜ ਇਲਾਕੇ ਵਿੱਚ 100 ਕਰੋੜ ਤੋਂ ਵੱਧ ਦੀ ਜਾਇਦਾਦ ਵਾਲੇ ਰਾਮਗੜ੍ਹੀਆ ਬੈਂਕ ਦੇ ਮੁੱਖ ਸੇਵਾਦਾਰ ਵਜੋਂ ਸਾਲ 2021 ਵਿੱਚ ਨਿਯੁਕਤ ਹੋਏ ਪਰ ਦੁੱਖ ਦੀ ਗੱਲ ਇਹ ਹੈ ਕਿ ਉਸ ਸਮੇਂ ਇਹ ਬੈਂਕ ਘਾਟੇ ਵਿੱਚ ਸੀ ਅਤੇ ਡੁੱਬਣ ਕਿਨਾਰੇ ਸੀ।
ਬੀਬੀ ਰਣਜੀਤ ਕੌਰ ਜੋ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਹੇ ਹਨ, ਨੇ ਚੈਲੰਿਜ ਵਜੋਂ ਰਾਮਗੜ੍ਹੀਆ ਬੈਂਕ ਦੀ ਚੇਅਰਪਰਸਨ ਦਾ ਅਹੁਦਾ ਸੰਭਾਲਿਆ। ਉਸ ਸਮੇਂ ਬੈਂਕ ਘਾਟੇ ਵਿੱਚ ਸੀ ਜਿਸ ਦਾ ਕਾਰਨ ਰਿਜ਼ਰਵ ਬੈਂਕ ਆਫ ਇੰਡੀਆ ਨੇ ਕੁਝ ਰੋਕਾਂ ਲਾਈਆਂ ਸਨ। ਬੀਬੀ ਰਣਜੀਤ ਕੌਰ ਚੇਅਰਪਰਸਨ ਰਾਮਗੜ੍ਹੀਆ ਸਿੱਖ ਬੈਂਕ ਨੇ ਦੱਸਿਆ ਕਿ ਅਜਿਹੀਆਂ ਰੋਕਾਂ ਨਾਲ ਬੈਂਕ ਦਾ ਲਾਇਸੈਂਸ ਕੈਂਸਲ ਹੋਣ ਦੀ ਨੌਬਤ ਆ ਗਈ ਸੀ। ਇਸ ਦੇ ਬਾਵਜੂਦ ਆਪਣਾ ਸਾਰਾ ਕੇਸ ਬਣਾ ਕੇ ਰਿਜ਼ਰਵ ਬੈਂਕ ਆਫ ਇੰਡੀਆ ਅਤੇ ਦਿੱਲੀ ਸਰਕਾਰ ਦੇ ਕੇਜਰੀਵਾਲ ਸਰਕਾਰ ਦੇ ਸਮੇਂ ਦੇ ਮੰਤਰੀ ਸੌਰਵ ਭਾਰਤਵਾਜ ਅਤੇ ਦਿੱਲੀ ਦੇ ਤਤਕਾਲੀਨ ਮੁੱਖ-ਮੰਤਰੀ ਅਰਵਿੰਦ ਕੇਜਰੀਵਾਲ ਕੋਲ ਪਹੁੰਚ ਕੀਤੀ ਸੀ ਪਰ ਉਸ ਸਮੇਂ ਦੇ ਮੁੱਖ-ਮੰਤਰੀ ਕੇਜਰੀਵਾਲ ਦੀ ਮਾੜੀ ਸੋਚ ਸੀ ਅਤੇ ਉਹ ਇਸ ਬੈਂਕ ਦਾ ਲਾਇਸੈਂਸ ਕੈਂਸਲ ਕਰਕੇ ਇਸ ਬੈਂਕ ਨੂੰ ਕਿਸੇ ਹੋਰ ਬੈਂਕ ਵਿੱਚ ਮਰਜ਼ ਕਰਨ ਦੀ ਨੀਅਤ ਵਿੱਚ ਸਨ। ਇਸ ਲਈ ਜਦੋਂ ਤੱਕ ਇਹ ਫਾਈਲ ਮੰਤਰੀਆਂ ਕੋਲ ਜਾਂਦੀ ਤਾਂ ਅਫਸਰਾਂ ਨੂੰ ਸਿੱਧੀਆਂ ਹਦਾਇਤਾਂ ਸਨ ਕਿ ਤੁਸੀਂ ਰਾਮਗੜ੍ਹੀਆ ਕੌਮ ਦੇ ਇਸ ਪੁਰਾਤਨ ਬੈਂਕ ਦਾ ਸ਼ੇਅਰ ਕੈਪੀਟਲ ਵਧਾਉਣ ਦੀ ਮੰਗ ਨੂੰ ਸਵੀਕਾਰ ਨਹੀਂ ਕਰਨਾ ਇਸ ਪਿੱਛੇ ਕਾਰਨ ਇਹ ਸੀ ਕਿ ਬਾਕੀ ਬੈਂਕਾਂ ਦੀ ਨਜ਼ਰ ਅਤੇ ਦਿੱਲੀ ਸਰਕਾਰ ਦੀ ਮਾੜੀ ਸੋਚ ਇਹ ਸੀ ਕਿ ਇਸ ਰਾਮਗੜ੍ਹੀਆ ਕੌਮ ਦੇ ਪੁਰਖਿਆਂ ਦੀ ਵਿਰਾਸਤ ਵਾਲੀ ਬੈਂਕ ਨੂੰ ਕਿਸੇ ਹੋਰ ਬੈਂਕ ਵਿੱਚ ਮਰਜ਼ ਕਰਕੇ ਸਿੱਖਾਂ ਦੇ ਇਸ ਬੈਂਕ ਦਾ ਨਾਮੋ-ਨਿਸ਼ਾਨ ਮਿਟਾ ਦਿੱਤਾ ਜਾਵੇ। ਪਰ ਬੀਬੀ ਰਣਜੀਤ ਕੌਰ ਨੇ ਹਾਰ ਨਹੀਂ ਮੰਨੀ ਅਤੇ ਕੈਬਨਿਟ ਮੰਤਰੀ ਮਨਜਿੰਦਰ ਸਿੰਘ ਸਿਰਸਾ ਤੱਕ ਪਹੁੰਚ ਕੀਤੀ ਅਤੇ ਇਸ ਪੂਰੇ ਮਸਲੇ ਦੇ ਹੱਲ ਲਈ ਯਤਨ ਕੀਤੇ।
ਦਿੱਲੀ ਵਿੱਚ ਨਵੀਂ ਸਰਕਾਰ ਬਣਦਿਆਂ ਹੀ ਅਣਥੱਕ ਯਤਨਾ ਸਦਕਾ ਰਾਮਗੜ੍ਹੀਆ ਬੈਂਕ ਪਹਾੜਗੰਜ ਅਤੇ ਇਸ ਦੀਆਂ ਚਾਰ ਬਰਾਂਚਾਂ ਨੂੰ ਰਿਜ਼ਰਵ ਬੈਂਕ ਆਫ ਇੰਡੀਆ ਅਤੇ ਦਿੱਲੀ ਸਰਕਾਰ ਨੇ ਸ਼ੇਅਰ ਕੈਪੀਟਲ ਵਧਾਉਣ ਦੀ ਆਗਿਆ ਦੇ ਦਿੱਤੀ ਹੈ। ਬੀਬੀ ਰਣਜੀਤ ਕੌਰ ਚੇਅਰਪਰਸਨ ਰਾਮਗੜ੍ਹੀਆ ਸਿੱਖ ਬੈਂਕ ਨੇ ਆਖਿਆ ਕਿ ਇਸ ਕਾਰਜ ਦੇ ਸਿਰੇ ਚੜ੍ਹਨ ਅਤੇ ਉਹਨਾਂ ਨੂੰ ਅਥਾਹ ਖੁਸ਼ੀ ਹੈ ਅਤੇ ਦਿੱਲੀ ਦੀ ਸੰਗਤ ਨੇ ਜੋ ਜ਼ਿੰਮੇਵਾਰੀ ਉਹਨਾਂ ਨੂੰ ਦਿੱਤੀ ਸੀ, ਉਸ ਨੂੰ ਬਾਖੂਬੀ ਨਿਭਾਇਆ ਹੈ। ਬੀਬੀ ਰਣਜੀਤ ਕੌਰ ਨੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ, ਕੈਬਨਿਟ ਮੰਤਰੀ ਰਵੀ ਇੰਦਰਾਜ ਸਿੰਘ , ਦਿੱਲੀ ਦੇ ਲੈਫਟੀਨੈਂਟ ਜਨਰਲ ਵੀਕੇ ਸਕਸੈਨਾ ਅਤੇ ਖਾਸ ਕਰਕੇ ਦਿੱਲੀ ਸਰਕਾਰ ਵਿੱਚ ਕੈਬਨਿਟ ਮੰਤਰੀ ਮਨਜਿੰਦਰ ਸਿੰਘ ਸਿਰਸਾ ਦਾ ਵਿਸ਼ੇਸ਼ ਧੰਨਵਾਦ ਕੀਤਾ ਜਿਨ੍ਹਾਂ ਨੇ ਇਸ ਬੈਂਕ ਨੂੰ ਡੁੱਬਣ ਤੋਂ ਬਚਾਉਣ ਲਈ ਅਤੇ ਸ਼ੇਅਰ ਕੈਪੀਟਲ ਵਧਾਉਣ ਲਈ ਆਪਣਾ ਵੱਡਾ ਯੋਗਦਾਨ ਪਾਇਆ।