Articles

ਦੀਵਾਲੀ ‘ਤੇ ਵਿਸ਼ੇਸ਼: ਧਾਰਮਿਕ ਤਿਉਹਾਰਾਂ ਦਾ ਅਸਲ ਮਕਸਦ

ਲੇਖਕ: ਪ੍ਰੋ. ਸ਼ਿੰਗਾਰਾ ਸਿੰਘ ਢਿਲੋਂ, ਯੂ ਕੇ

ਕੋਈ ਵੀ ਧਰਮ ਪੂਜਾ ਦਾ ਵਿਸ਼ਾ ਨਹੀਂ । ਹਰ ਧਰਮ ਸਿਰਫ ਤੇ ਸਿਰਫ ਵਿਚਾਰਨ ਦਾ ਵਿਸ਼ਾ ਹੁੰਦਾ ਹੈ, ਮਾਨਵਤਾ ਦੇ ਭਲੇ ਦਾ ਵਿਸ਼ਾ ਹੁੰਦਾ ਹੈ ਤੇ ਸਫਲ ਜ਼ਿੰਦਗੀ ਜੀਊਣ ਦਾ ਮੰਤਵ ਸਿੱਖਣ ਦਾ ਵਿਸ਼ਾ ਹੁੰਦਾ ਹੈ । ਜਦੋਂ ਕੋਈ ਵੀ ਧਰਮ ਪੂਜਾ ਦਾ ਵਿਸ਼ਾ ਬਣ ਜਾਵੇ ਤਾਂ ਉਸ ਦਾ ਅਸਲ ਮੰਤਵ ਖਤਮ ਹੋ ਜਾਂਦਾ ਹੈ, ਫੋਕਟ ਦੇ ਕਰਮ ਕਾਂਡ ਸ਼ੁਰੂ ਹੋ ਜਾਂਦੇ ਹਨ, ਜਿਹਨਾ ਨਾਲ ਧਰਮ ਦੀ ਅਸਲ ਭਾਵਨਾ ਤੇ ਉਦੇਸ਼ ਦਾ ਘਾਤ ਸ਼ੁਰੂ ਹੋ ਜਾਂਦਾ ਹੈ । ਧਾਰਮਿਕ ਸਥਾਨ ਧਰਮ ਦਾ ਅਸਲ ਉਦੇਸ਼ ਪ੍ਰਚਾਰਨ ਤੇ ਪ੍ਰਸਾਰਨ ਦਾ ਸਕੂਲ ਬਣਨ ਦੀ ਬਜਾਏ ਪੂਜਾ ਦੇ ਅਡੰਬਰਾਂ ਦੇ ਅੱਡੇ ਬਣਕੇ ਵਪਾਰਕ ਅਦਾਰਿਆਂ ਵਿਚ ਬਦਲ ਜਾਂਦੇ ਹਨ, ਜਿੱਥੇ ਪੂਜਾ, ਪਾਠਾਂ, ਹਵਨ ਜੱਗਾਂ ਦੇ ਰੇਟ ਫਿਕਸ ਬਿਲਕੁਲ ਪੰਸਾਰੀ ਦੀ ਦੁਕਾਨ ਵਾਂਗ ਹੁੰਦੇ ਹਨ ਤੇ ਉਹ ਵੀ ਸ਼ਰਧਾ ਵਾਵੇ ਚੜ੍ਹਾਵੇ ਤੋਂ ਵੱਖਰੇ ਤੌਰ ‘ਤੇ, ਕਹਿਣ ਦਾ ਭਾਵ ਇਹ ਕਿ ਚੜ੍ਹਾਵਾ ਕਿਹੜੇ ਖਾਕੇ ਵਿੱਚ ਜਾਂਦਾ ਹੈ, ਉਸ ਦਾ ਨਾ ਹੀ ਕੋਈ ਹਿਸਾਬ ਕਿਕਾਬ ਪੁੱਛਦਾ ਹੈ ਤੇ ਨਾ ਹੀ ਕਦੇ ਉਹਦਾ ਹਿਲਾਬ ਕਿਤਾਬ ਕਗੇ ਰਿਸੇ ਨੂੰ ਦਿੱਤਾ ਜਾਂਦਾ ਹੈ, ਬਸ ਪੁਜਾਰੀਆ ਦੀ ਵਧੀ ਹੋਈ ਗੋਹੜ ਦੇਖ ਕੇ ਹੀ ਅੰਦਾਜਾ ਲਗਦਾ ਹੈ ਕਿ ਉਹ ਚੜ੍ਹਾਵਾ ਕਿਥੇ ਜਾ ਰਿਹਾ ਹੈ । ਬਹੁਤੇ ਧਰਮਾਂ ਦੇ ਧਰਮ ਸਥਾਨਾਂ ਦਾ ਅੱਜਕਲ ਏਹੀ ਹਾਲ ਹੈ ।
ਸਿੱਖ ਧਰਮ ਵਿੱਚ ਵਾਤਾਵਰਨ ਦੀ ਸਾਂਭ ਸੰਭਾਲ਼ ਨੂੰ ਬਹੁਤ ਉੱਚਾ ਦਰਜਾ ਦਿੱਤਾ ਗਿਆ ਹੈ । ਹਵਾ ਨੂੰ ਗੁਰੂ, ਪਾਣੀ ਨੂੰ ਪਿਤਾ ਤੇ ਧਰਤੀ ਨੂੰ ਮਾਤਾ ਦਾ ਦਰਜਾ ਦੇ ਕੇ ਸਤਿਕਾਰ ਦੇਣ ਦੀ ਗੱਲ ਕੀਤੀ ਗਈ ਹੈ, ਇਹਨਾਂ ਦੀ ਸਾਂਭ ਸੰਭਾਲ਼ ਕਰਨ ਦਾ ਸੁਨੇਹਾ ਦਿੱਤਾ ਗਿਆ ਹੈ । ਇਹੀ ਸੁਨੇਹਾ ਬਾਬੇ ਨਾਨਕ ਦੀ ਬ੍ਰਹਿਮੰਡੀ ਆਰਤੀ ਵਿਚ ਵੀ ਦਿੱਤਾ ਗਿਆ ਹੈ ।
ਇਸੇ ਤਰਾਂ ਭਗਵਾਨ ਰਾਮ ਚੰਦਰ ਦੁਆਰਾ ਲੰਕਾ ਫ਼ਤਿਹ ਕਰਕੇ ਆਯੁਧਿਆ ਵਾਪਸ ਪਰਤਣ ਦੀ ਖ਼ੁਸ਼ੀ ਚ ਕੀਤੀ ਗਈ ਦੀਪ ਮਾਲਾ ਅਗਿਆਨਤਾ ਤੋਂ ਗਿਆਨ ਵੱਲ ਪਰਤਣ ਅਤੇ ਨੇਕੀ ਦੁਆਰਾ ਬਦੀ ‘ਤੇ ਜਿੱਤ ਦੇ ਸੰਕਲਪ ਨੂੰ ਪੇਸ਼ ਕਰਦੀ ਹੈ, ਪਰ ਇਹਨਾਂ ਨੂੰ ਕਦੋ, ਕਿਵੇਂ ਤੇ ਕਿਓਂ ਪਟਾਕੇਬਾਜੀ ਤੇ ਹੋਰ ਬਹੁਤ ਸਾਰੀਆਂ ਦਕਿਆਨੂਸ ਰੀਤਾਂ ਰਿਵਾਇਤਾ ਨਾਲ ਜੋੜਕੇ ਵਪਾਰੀਕਰਨ ਕਰ ਦਿੱਤਾ ਗਿਆ, ਪਤਾ ਹੀ ਨਹੀਂ ਲੱਗਾ । ਇਸ ਤਿਓਂਹਾਰ ਨੂੰ ਇਸ ਦੇ ਅਸਲ ਮੰਤਵ ਤੋਂ ਪਰੇ ਜਾ ਕੇ ਬਹੁਤ ਹੀ ਡੂੰਘੀ ਸਾਜਿਸ਼ ਤਹਿਤ ਇਸਨੂੰ ਸਿਰਫ ਚਮਕ ਦਮਕ, ਖਾਣੇ ਪੀਣੇ ਤੇ ਮੇਲਿਆਂ ਮੁਸਾਵਿਆਂ ਵਿੱਚ ਬਦਲ ਦਿੱਤਾ ਗਿਆ । ਉਂਜ ਵੀ ਅੱਜਕਲ ਬਹੁਤੇ ਧਾਰਮਿਕ ਦਿਨ ਤਿਓਂਹਾਰ ਅਸਲ ਮਕਸਦ ਤੋਂ ਪਰੇ ਜਾ ਕੇ ਮਨਾਏ ਜਾ ਰਹੇ ਹਨ, ਜੋ ਨਾ ਹੀ ਆਪਣੇ ਮਕਸਦ ਨਾਲ ਮੇਚ ਖਾਂਦੇ ਹਨ ਕੇ ਨਾ ਹੀ ਲੋਕਾਂ ਨੂੰ ਉਹਨਾਂ ਦੀ ਅੰਤਰੀਵ ਭਾਵਨਾ ਨਾਲ ਜੋੜਦੇ ਹਨ । ਬੱਸ ਚਾਰ ਦਿਨ ਦਾ ਸ਼ੋਰ ਸ਼ਰਾਬਾ ਤੇ ਗੱਲ ਖਤਮ । ਇਸ ਤਰਾਂ ਦੇ ਵਰਤਾਰੇ ਚ ਜੇਕਰ ਅਸੀਂ ਆਪਣੀਆ ਅਗਲੀਆਂ ਪੀੜ੍ਹੀਆਂ ਨੂੰ ਜੜ੍ਹਾਂ ਨਾਲ਼ੋਂ ਟੁੱਟਣ ਦਾ ਦੋਸ਼ ਦੇਂਦੇ ਹਾਂ ਤਾਂ ਇਹ ਸਰਾਸਰ ਗਲਤ ਹੈ ਕਿਉਂਕਿ ਦਰਅਸਲ ਤਿਓਂਹਾਰਾਂ ਦੇ ਅਸਲ ਮਕਸਦ ਤੋਂ ਭਟਕੇ ਹੋਏ ਹਾਂ ਤੇ ਬੱਚੇ ਓਹੀ ਕੁੱਜ ਲਿੱਖਦੇ ਹਨ ਜੋ ਉਹਨਾ ਦੇ ਸਾਹਮਣੇ ਪੇਸ਼ ਕੀਤਾ ਜਾਂਦਾ ਹੈ । ਦਰਅਸਲ, ਜਿੰਨਾ ਚਿਰ ਲੋਕ ਕਿਸੇ ਤਿਓਂਹਾਰ ਦੀ ਅਸਲ ਭਾਵਨਾ ਜਾਂ ਉਦੇਸ਼ ਨਾਲ ਨਹੀ ਜੁੜਦੇ ਉਨਾਂ ਚਿਰ ਨਾ ਹੀ ਉਹ ਆਪ ਆਪਣੀ ਜਿੰਦਗੀ ਦੀ ਸਹੀ ਦਿਸ਼ਾ ਚ ਅੱਗੇ ਵਧ ਸਕਦੇ ਹਨ ਤੇ ਨਾ ਹੀ ਉਹਨਾ ਦੀਆ ਅਗਲੇਰੀਆਂ ਨਸਲਾਂ ਮਾਨਸਿਕ ਤੌਰ ‘ਤੇ ਕਿਸੇ ਤਿਓਂਹਾਰ ਦੇ ਅਸਲ ਮੰਤਵ ਨਾਲ ਜੁੜ ਸਕਣਗੀਆਂ, ਦਿਸ ਕਰਕੇ ਅਚੇਤ ਜਾਂ ਲੁਚੇਤ ਸਾਡੇ ਵੋਕ ਇਕੀਵੀਂ ਸਦੀ ਵਿਚ ਵੀ ਆਪਣਾ ਦੁਹਰਾ ਨੁਕਸਾਨ ਕਰ ਰਹੇ ਹਨ ।
ਹੁਣ ਗੱਲ ਕਰਦੇ ਹਾਂ ਸਿੱਖ ਧਰਮ ਦੀ । ਸਿੱਖ ਧਰਮ ਵਿੱਚ ਦਿਵਾਲੀ ਦੇ ਦਿਨ ਨੂੰ ਬੰਦੀ ਛੋੜ ਦਿਵਸ ਵਜੋਂ ਮਨਾਇਆਂ ਜਾਂਦਾ ਹੈ । ਇਸ ਦਿਨ ਛੇਵੇਂ ਗੁਰੂ ਸਾਹਿਬ ਨੇ ਬਵੰਜਾ ਰਾਜਿਆ ਨੂੰ ਰਿਹਾ ਕਰਵਾਇਆ ਸੀ ਜੋ ਕਿ ਸਭ ਤਰਾਂ ਮਜ੍ਹਬੀ ਬੰਧਨ ਤੋੜਕੇ ਸਰਵ ਸਾਂਝੀਵਾਲਤਾ, ਭਾਈਚਾਰਕ ਏਕਤਾ ਵੱਲ ਵੱਡਾ ਕਦਮ ਸੀ ਤੇ ਅਜ ਦੇ ਮਨੁੱਖੀ ਅਧਿਕਾਰਾਂ ਦਾ ਮੁੱਢ ਸੀ, ਪਰ ਇਸ ਨੂੰ ਸਿਰਫ ਮਿਠਿਆਈਆ ਤੇ ਪਟਾਕਿਆਂ ਨਾਲ ਕਿਵੇਂ ਜੋੜਿਆ ਗਿਆ , ਇਹ ਗੱਲ ਸਮਝ ਤੋਂ ਪਰੇ ਹੈ ਜਦ ਕਿ ਚਾਹੀਦਾ ਇਹ ਹੈ ਕਿ ਇਸ ਦਿਨ, ਸਿੱਖ ਧਰਮ ਦੀ ਸਿੱਖਿਆਵਾ ਨਾਲ ਸੰਬੰਧਿਤ ਵਰਕਸ਼ਾਪਾਂ ਲਗਾਈਆਂ ਜਾਣ, ਲੋਕਾਂ ਨੂੰ ਮਾਨਵਤਾ ਦੇ ਭਲੇ ਦੀ ਮਹੱਤਤਾ ਦੱਸੀ ਜਾਵੇ, ਜੀਵਨ ਦੇ ਅਸਲ ਮਕਸਦ ਬਾਰੇ ਚਾਨਣਾ ਪਾਇਆ ਜਾਵੇ, ਪਦਾਰਥਵਾਦੀ ਯੁਗ ਚ ਪਦਾਰਥ ਪ੍ਰਤੀ ਵਧ ਰਹੀ ਖਿੱਚ ਕਾਰਨ ਸਮਾਜ ਵਿੱਚ ਵਰਤ ਰਹੇ ਅਨਰਥ ਨੂੰ ਰੋਕਣ ਲਈ ਪ੍ਰੇਰਿਤ ਕੀਤਾ ਜਾਵੇ, ਕੁਦਰਤ ਦੀ ਸੰਭਾਲ਼ ਬਾਰੇ ਦੱਸਿਆ ਜਾਵੇ, ਸਰੀਰਕ ਤੇ ਮਾਨਸਿਕ ਤੰਦਰੁਸਤੀ ਬਾਰੇ ਜਾਗਰੂਕ ਕੀਤਾ ਜਾਵੇ ਤੇ ਰਿਸ਼ਤਿਆਂ ਦੇ ਮਹੱਤਵ ਆਦਿ ਦਾ ਖੁਲਾਸਾ ਕੀਤਾ ਜਾਵੇ ਤਾਂ ਜੋ ਅਜਿਹਾ ਕਰਨ ਨਾਲ ਲੋਕ ਕਿਤੇ ਹੋਰ ਨਰਕ ਸਵਰਗ ਨਾ ਲੱਭਣ, ਪਰ ਹੋ ਸਭ ਕੁਜ ਉਕਤ ਤੋਂ ਉਲਟ ਰਿਹਾ ਹੈ । ਅੱਜ ਵੀ ਲੋਕ ਮੱਥੇ ਰਗੜਕੇ, ਪੂਜਾ ਕਰਕੇ ਖੁਸ਼ੀਆ ਭਾਲ ਰਹੇ ਹਨ, ਸਵਰਗ ਦੀ ਆਸ ਕਰ ਰਹੇ ਹਨ ।
ਬੇਸ਼ਕ ਸਿੱਖ ਧਰਮ ਵਿੱਚ ਇਹਨਾ ਦੀ ਕੋਈ ਅਹਿਮੀਅਤ ਨਹੀਂ ਪਰ ਪੂਜਾ ਦਾ ਰੂਝਾਨ ਸਿੱਖ ਧਰਮ ਵਿਚ ਵੀ ਦਿਨੋ ਦਿਨ ਅਮਰਵੇਲ ਵਾਂਗ ਵਧ ਫੁੱਲ ਰਿਹਾ ਹੈ । ਗੁਰਬਾਣੀ ਨੂੰ ਸਮਝਣ ਦੀ ਬਜਾਏ ਤੋਤਾ ਰਟਣ, ਮੱਥਾ ਟੇਕਣ ਤੇ ਕਰਮਕਾਂਡ ਕਰਨ ਦੀ ਰੁਚੀ ਪਰਬਲ ਹੋ ਰਹੀ ਹੈ । ਦੀਵਾਲੀ ਦੇ ਸ਼ੁਭ ਮੌਕੇ ‘ਤੇ ਆਪ ਸਭ ਨੂੰ ਵਧਾਈ ਪੇਸ਼ ਕਰਨ ਦੇ ਨਾਲ ਨਾਲ ਹੀ ਆਪ ਦੇ ਸੁਨਹਿਰੇ ਭਵਿੱਖ ਦੀ ਹਾਰਦਿਕ ਕਾਮਨਾ ਕਰਦਾ ਹੋਇਆ ਆਪ ਨੂੰ ਸੁਚੇਤ ਕਰਨ ਦਾ ਫਰਜ ਅਦਾ ਕਰਨ ਵਜੋਂ ਇਹ ਵੀ ਦੁਆ ਕਰਦਾ ਹਾ ਕਿ ਸਾਨੂੰ ਸਭਨਾਂ ਨੂੰ ਧਰਮ ਦੀ ਅਸਲ ਭਾਵਨਾ ਨੂੰ ਸਮਝਣ ਦਾ ਬਲ ਮਿਲੇ ਤਾਂ ਕਿ ਕੁਦਰਤ, ਸਮਾਜ ਤੇ ਜਿੰਦਗੀ ਦੀ ਮਹੱਤਤਾ ਸਮਝ ਪੈਣ ਦੇ ਨਾਲ ਨਾਲ ਫੋਕਟ ਦੇ ਕਰਮ ਕਾਂਡਾਂ ਤੋਂ ਮੁਕਤੀ ਦੇ ਨਾਲ ਨਾਲ ਜਿੰਦਗੀ ਦੇ ਅਸਲ ਮਾਅਨਿਆਂ ਨੂੰ ਸਮਝ ਸਕਣ ਦੀ ਸੋਝੀ ਪਰਾਪਤ ਹੋਵੇ। ਇਕ ਵਾਰ ਫੇਰ ਦੀਵਾਲੀ ਦੀਆ ਮੁਬਾਰਕਾਂ ਤੇ ਮੰਗਲ ਕਾਮਨਾਵਾਂ । ਇਸ ਤਰਾਂ ਦੇ ਸਭ ਤਿਓਂਹਾਰ ਬਾਹਰੀ ਚਾਨਣ ਦੀ ਬਜਾਏ ਮਾਨਸਿਕ ਸੋਚ ਚ ਨਵੇਂ ਚਾਨਣ ਦੇ ਮੀਨਾਰੇ ਬਣਨ, ਸਭ ਦੇ ਅੰਦਰ ਗਿਆਨ ਦਾ ਚਾਨਣ ਪੈਦਾ ਹੋਵੇ ਤੇ ਉਸ ਦੀ ਜੋਤ ਲਟਾ ਲਟ ਬਲੇ, ਮਨੁੱਖੀ ਕਦਰਾਂ ਕੀਮਤਾਂ ਵਧਣ ਫੁਲਣ, ਈਰਖਾ, ਨਫਰਤ, ਹਾਊਮੈ, ਦੁਈ ਦਵੈਤ ਅਤੇ ਮਜ੍ਹਬੀ ਜਨੂੰਨ ਆਦਿ ਸਭ ਬੁਰਾਈਆਂ ਤੋ ਰਹਿਤ ਲੋਕਾਈ ਚ ਮਨੁੱਖੀ ਭਲੇ ਦੀ ਬਾਤ ਪਵੇ ।

Related posts

ਬ੍ਰਿਕਸ ਸਮੇਂ ਦੇ ਅਨੁਸਾਰ ਆਪਣੇ ਆਪ ਨੂੰ ਬਦਲ ਸਕਦਾ ਹੈ: ਪ੍ਰਧਾਨ ਮੰਤਰੀ

admin

ਗਰਮ ਮੌਸਮ ਨਾਲ ਬਰਫ਼ ਪਿਘਲਣ ਕਰਕੇ ਵਿਸ਼ਵ ਜਲਵਾਯੂ ‘ਚ ਨਕਾਰਾਤਮਕ ਬਦਲਾਅ ਦਾ ਖਤਰਾ !

admin

ਕਾਰਤਿਕ ਆਰੀਅਨ ਨੂੰ ਵੀ ਸੁਸ਼ਾਂਤ ਸਿੰਘ ਰਾਜਪੂਤ ਵਾਂਗ ਨਿਸ਼ਾਨਾ ਬਣਾਇਆ ਜਾ ਰਿਹੈ ?

admin