Articles

ਦੁਨੀਆਂ ਦਾ ਨਿਵੇਕਲਾ ਅੰਦੋਲਨ ਸਾਬਤ ਹੋਇਆ- ਕਿਸਾਨ ਮੋਰਚਾ

ਲੇਖਕ: ਕੁਲਵੰਤ ਸਿੰਘ ਢੇਸੀ, ਯੂ ਕੇ

ਤੁਮਨੇ ਜਿਸ ਖੂਨ ਕੋ ਮਕਤਲ ਮੇ ਦਬਾਨਾ ਚਾਹਾ, ਆਜ ਵੋ ਕੂਚਾ– ਓ- ਬਾਜ਼ਾਰ ਮੇਂ ਆ ਨਿਕਲਾ ਹੈ

ਐ ਘੱਟੇ ਰੁਲਿਦਓ ਉੱਠ ਬੈਠੋ ਉਹ ਵਕਤ ਕਰੀਬ ਆ ਪੁੱਜਾ ਹੈ, ਜਦ ਤਖਤ ਗਿਰਾਏ ਜਾਵਣਗੇ ਜਦ ਤਾਜ ਉਛਾਲੇ ਜਾਵਣਗੇ

ਕਾਲੇ ਆਖੇ ਜਾਂਦੇ ਕਿਸਾਨੀ ਅੰਦੋਲਨਾ ਨੂੰ ਰੱਦ ਕਰਕੇ ਜਿਸ ਵੇਲੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁਆਫੀ ਮੰਗੀ ਉਸ ਦਿਨ ਤੋਂ ਕਿਸਾਨ ਪੱਖੀ ਲੋਕਾਂ ਵਿਚ ਲਗਾਤਾਰ ਜਸ਼ਨਾ ਦਾ ਮਹੌਲ ਹੈ। ਪੰਜਾਬ ਵਿਚ ਦਿੱਲੀ ਮੋਰਚੇ ਤੋਂ ਪਰਤ ਰਹੇ ਕਿਸਾਨਾਂ ‘ਤੇ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਜਾ ਰਿਹਾ ਹੈ। ਆਗੂਆਂ ਨੂੰ ਸਿਰੋਪੇ ਦਿੱਤੇ ਜਾ ਰਹੇ ਹਨ, ਵੰਨ ਸੁਵੰਨੇ ਲੰਗਰ ਲਾਏ ਜਾ ਰਹੇ ਹਨ ਤੇ ਅਨੇਕਾਂ ਐਸੀਆਂ ਝਾਕੀਆਂ ਵੀ ਹਨ ਜੋ ਕਿ ਭਾਵੁਕ ਕਰਨ ਵਾਲੀਆਂ ਹਨ। ਦਿੱਲੀ ਦੇ ਅਨੇਕਾਂ ਲੋਕਾਂ ਨੇ ਇਸ ਮੋਰਚੇ ਨੂੰ ਨਮ ਅੱਖਾਂ ਨਾਲ ਵਿਦਾਇਗੀ ਦਿੱਤੀ। ਇਸ ਮੋਰਚੇ ਕਾਰਨ ਨਾ ਕੇਵਲ ਪੰਜਾਬ ਅਤੇ ਹਰਿਆਣੇ ਦੇ ਹੀ ਸਗੋਂ ਸਮੁੱਚੇ ਭਾਰਤ ਦੇ ਕਿਸਾਨਾ ਵਿਚ ਭਾਈਚਾਰਾ ਬਣਿਆ ਹੈ ਅਤੇ ਇਹ ਵੀ ਕਿਆਸ ਅਰਾਈਆਂ ਹਨ ਕਿ ਭਵਿੱਖ ਵਿਚ ਕਿਸਾਨ ਭਾਈਚਾਰਾ ਸਰਕਾਰ ਨੂੰ ਕੋਈ ਵੀ ਚਣੌਤੀ ਦੇਣ ਦੇ ਸਮਰਥ ਹੋ ਗਿਆ ਹੈ।

ਭੁੱਬਾਂ ਮਾਰ ਕੇ ਰੋਏ ਰਾਮ ਸਿੰਘ ਰਾਣਾ ਗੋਲਡਨ ਹੱਟ ਵਾਲੇ

ਜਿਸ ਵੇਲੇ ਕਿਸਾਨ ਅੱਤ ਦੀ ਗਰਮੀ, ਸਰਦੀ ਅਤੇ ਬਾਰਸ਼ ਵਿਚ ਸੰਘਰਸ਼ ਕਰ ਰਹੇ ਸਨ ਉਸ ਵੇਲੇ ਆਪਣੇ ਰੈਸਟੋਰੈਂਟ ਦੇ ਦਰਵਾਜੇ ਭਾਈ ਰਾਣਾ ਨੇ ਖੋਹਲ ਦਿੱਤੇ। ਕਿਸਾਨਾਂ ਨੂੰ ਲੋੜ ਮੁਤਾਬਕ ਰਿਹਾਇਸ਼ ਅਤੇ ਖਾਣ ਪੀਣ ਦੀਆਂ ਸਹੂਲਤਾਂ ਦਿੰਦੇ ਭਾਈ ਰਾਣਾ ਨੇ ਦਿਨ ਰਾਤ ਇੱਕ ਕਰ ਦਿੱਤਾ। ਇਸ ਸੇਵਾ ਨਾਲ ਭਾਵੇਂ ਉਸ ਨੂੰ ਆਰਥਕ ਤੌਰ ‘ਤੇ ਕਾਫੀ ਸੱਟ ਵੱਜੀ ਅਤੇ ਆਪਣਾ ਘਰ ਗਹਿਣੇ ਧਰਨ ਦੀ ਨੌਬਤ ਆ ਗਈ ਪਰ ਉਸ ਨੇ ਹੌਸਲਾ ਨਾ ਹਾਰਿਆ। ਇਸ ਸੰਘਰਸ਼ ਵਿਚ ਰਾਮ ਸਿੰਘ ਰਾਣਾ ‘ਤੇ ਅਨੇਕਾਂ ਦੂਸ਼ਣ ਵੀ ਲੱਗੇ ਅਤੇ ਸਰਕਾਰੀ ਸਾਜਸ਼ਾਂ ਵੀ ਹੋਈਆਂ ਪਰ ਉਸ ਨੇ ਪ੍ਰਵਾਹ ਨਹੀਂ ਮੰਨੀ। ਫਤਹਿ ਦਿਵਸ ‘ਤੇ ਦਿੱਤੀ ਇੰਟਰਵਿਊ ਵਿਚ ਭਾਈ ਰਾਣਾ ਫੁੱਟ ਫੁੱਟ ਕੇ ਰੋ ਪਿਆ। ਉਸ ਦਾ ਕਹਿਣਾ ਹੈ ਕਿ ਇੱਕ ਸਾਲ ਵਿਚ ਕਿਸਾਨਾ ਨਾਲ ਏਨੀ ਨੇੜਤਾ ਹੋ ਗਈ ਕਿ ਇਹ ਸਾਂਝ ਜੀਵਨ ਦੀ ਕੀਮਤੀ ਸੰਪਤੀ ਬਣ ਗਈ ਭਾਵੇਂ ਕਿ ਅੰਦੋਲਨ ਦੇ ਆਖਰੀ ਦੋ ਤਿੰਨ ਮਹੀਨੇ ਕਰੜੇ ਇਮਤਿਹਾਨ ਵਾਲੇ ਸਨ ਕਿ ਪਰਿਵਾਰ ਨੂੰ ਬਹਿ ਬਹਿ ਕੇ ਰਾਤਾਂ ਕੱਟਣੀਆਂ ਪਈਆਂ। ਭਾਈ ਰਾਣਾ ਦਾ ਕਹਿਣਾ ਹੈ ਕਿ ਕਾਰੋਬਾਰ ਮੁੜ ਸਥਾਪਤ ਹੋਵੇ ਜਾਂ ਨਾ ਹੋਵੇ ਪਰ ਉਹ ਖੁਸ਼ ਹੈ ਕਿ ਗੁਰੁ ਰਾਮਦਾਸ ਜੀ ਨੇ ਉਸ ਨੂੰ ਹੌਸਲਾ ਦਿੱਤਾ ਅਤੇ ਉਸ ਦੀ ਬਾਂਹ ਫੜੀ ਰੱਖੀ।

ਰਿਕੇਸ਼ ਟਕੈਤ ਨੇ ਹਿੰਦੂਆਂ ਨੂੰ ਵੀ ਗੁਰਦੁਆਰੇ ਅਤੇ ਗੁਰੂ ਖਾਲਸਿਆਂ ਦੀ ਰੀਸ ਕਰਨ ਲਈ ਕਿਹਾ

ਯੂ ਪੀ ਦਾ ਬਹੁ-ਚਰਚਿਤ ਆਗੂ ਰਿਕੇਸ਼ ਟਕੈਤ ਉਹ ਆਗੂ ਹੈ ਜਿਸ ਦੇ ਹੰਝੂਆਂ ਨੇ ਉਸ ਵੇਲੇ ਅੰਦੋਲਨ ਵਿਚ ਨਵੀਂ ਜਾਨ ਭਰ ਦਿੱਤੀ ਜਦੋਂ ਉਸ ਨੇ ਬਾਂਹ ਉਲਾਰ ਕੇ ਕਿਹਾ ਸੀ ਕਿ ਉਸ ਨੇ ਨਾ ਤਾਂ ਸਰਦਾਰਾਂ ਦਾ ਮੋਢਾ ਲੱਗਣ ਦੇਣਾ ਹੈ ਅਤੇ ਨਾ ਹੀ ਉਹਨਾ ਖਿਲਾਫ ਸਰਕਾਰੀ ਸਾਜਸ਼ਾਂ ਨੂੰ ਕਾਮਯਾਬ ਹੋਣ ਦੇਣਾ ਹੈ। ਫਤਹਿ ਦਿਵਸ ਦੌਰਾਨ ਉਸ ਨੇ ਆਪਣੇ ਭਾਸ਼ਣ ਵਿਚ ਇੱਕ ਹੋਰ ਗੱਲ ਇਹ ਕਹੀ ਕਿ ਅੰਦੋਲਨ ਦੌਰਾਨ ਸਿੱਖਾਂ ਅਤੇ ਸਿੱਖ ਗੁਰਦੁਆਰਿਆਂ ਨੇ ਤਾਂ ਸੇਵਾ ਵਿਚ ਦਿਨ ਰਾਤ ਇੱਕ ਕਰ ਦਿੱਤਾ ਪਰ ਮੰਦਰਾਂ ਵਾਲੇ ਕਿੱਥੇ ਸਨ? ਉਸ ਨੇ ਕਿਹਾ ਕਿ ਮੰਦਰਾਂ ਵਾਲਿਆਂ ਦਾ ਹਿਸਾਬ ਕਿਤਾਬ ਲੈਣਾ ਜਰੂਰੀ ਹੈ ਜਿਹਨਾ ਨੇ ਇੱਕ ਕੱਪ ਚਾਹ ਤਕ ਵੀ ਨਹੀਂ ਪਿਲਾਇਆ ਕਿਸੇ ਨੂੰ। ਉਸ ਨੇ ਹਾਸ ਰਸ ਦੇ ਅੰਦਾਜ਼ ਨਾਲ ਕਿਹਾ ਕਿ ਜਦੋਂ ਗਾਂ ਮੱਝ ਸੂੰਦੀ ਹੈ ਤਾਂ ਸਭ ਤੋਂ ਪਹਿਲਾਂ ਪੰਡਤ ਨੂੰ ਦੁੱਧ ਭਿਜਵਾਇਆ ਜਾਂਦਾ ਹੈ ਪਰ ਹੁਣ ਜਦੋਂ ਮੋਰਚਾ ਲੱਗਾ ਤਾਂ ਪੰਡਤ ਜੀ ਨਜ਼ਰ ਹੀ ਨਹੀਂ ਆਏ ਕਿ ਮੰਦਰ ਵਲੋਂ ਕੋਈ ਤਿਲ ਫੁੱਲ ਸੇਵਾ ਕਰ ਦੇਣ। ਉਸ ਨੇ ਕਿਹਾ ਕਿ ਮੰਦਰਾਂ ਵਿਚ ਝੜਾਵੇ ਦੀ ਕਮੀ ਨਹੀਂ ਹੈ ਪਰ ਚੰਗਾ ਹੋਵੇ ਜੇ ਮੰਦਰਾਂ ਦੇ ਪ੍ਰਬੰਧਕ ਅਤੇ ਪੰਡਿਤ ਸੁਧਰ ਜਾਣ ਅਤੇ ਮਨੁੱਖੀ ਅੰਦੋਲਨਾ ਵਿਚ ਇਹ ਵੀ ਆਪਣੇ ਵਲੋਂ ਭੰਡਾਰੇ ਲਾ ਕੇ ਸੇਵਾ ਕਰਨ ਪਰ ਅਫਸੋਸ ਕਿ ਇਥੇ ਤਾਂ ਇੱਕ ਵੀ ਪੰਡਤ ਜਾਂ ਮੰਦਰ ਦਾ ਪ੍ਰਬੰਧਕ ਨਜ਼ਰ ਨਹੀਂ ਆਇਆ।

ਦੁਨੀਆਂ ਦਾ ਨਿਵੇਕਲਾ ਅੰਦੋਲਨ ਜਿਸ ਵਿਚ ਕਲਾਕਾਰਾਂ ਨੇ ਭਰਪੂਰ ਹਿੱਸਾ ਪਾਇਆ

ਕਿਸਾਨ ਅੰਦੋਲਨ ਦੇ ਸਬੰਧ ਵਿਚ ਕਰੀਬ ੨੦੦ ਗੀਤ ਗਾਏ ਗਏ ਦੱਸੇ ਜਾਂਦੇ ਹਨ- ਸ਼ਾਇਦ ਇਸ ਤੋਂ ਵੀ ਵੱਧ ਹੋਣ। ਅਨੇਕਾਂ ਕਲਾਕਾਰ ਨੇ ਸਿਰੜ ਨਾਲ ਅੰਦੋਲਨ ਵਿਚ ਹਿੱਸਾ ਪਾਇਆ। ਕਈਆਂ ਨੇ ਆਪਣੇ ਪ੍ਰੋਗ੍ਰਾਮ ਅਤੇ ਸਟੇਜਾਂ ਛੱਡੀਆਂ ਅਤੇ ਲੱਖਾਂ ਦਾ ਘਾਟਾ ਪੈਣ ਦੀ ਪ੍ਰਵਾਹ ਨਹੀਂ ਕੀਤੀ ਜਦ ਕਿ ਅੰਦੋਲਨ ਵਿਚ ਲੱਖਾਂ ਦਾ ਦਾਨ ਵੀ ਦਿੱਤਾ। ਹੁਣ ਜਦੋਂ ਕਿ ਮੋਰਚਾ ਫਤਹਿ ਹੋ ਗਿਆ ਹੈ ਤਾਂ ਹੁਣ ਫਤਹਿ ਦੇ ਗੀਤ ਦੁਨੀਆਂ ਭਰ ਵਿਚ ਗੂੰਜ ਰਹੇ ਹਨ। ਵੰਨਗੀ ਲਈ ਮਿਸਾਲਾਂ ਦੇਖੋ–

++

ਤੇਰੀ  ਹਿੱਕ  ਉੱਤੇ ਲਿਖ ਜਿੰਦਾਬਾਦ ਚੱਲਿਆ, ਤੈਨੂੰ ਦਿੱਲੀਏ ਨੀ ਜਿੱਤ ਕੇ ਪੰਜਾਬ ਚੱਲਿਆ

ਹੱਥਾਂ ‘ਚ ਕਿਸਾਨੀ ਝੰਡੇ ਗੁੱਟਾਂ ਵਿਚ ਕੜੇ ਆ, ਗੁਰੂਆਂ ਦੀ ਓਟ ਸਾਨੂੰ ਹੌਸਲੇ ਈ ਬੜੇ ਆ

ਤੈਨੂੰ  ਲੰਗਰ  ਛਕਾ ਕੇ ਸੱਚਵਾਦ ਚੱਲਿਆ, ਤੈਨੂੰ ਦਿੱਲੀਏ ਨੀ ਜਿੱਤ ਕੇ ਪੰਜਾਬ ਚੱਲਿਆ….

ਅਉਣ  ਵਾਲੀ  ਪੀੜ੍ਹੀ  ਦਿੰਦੀ  ਰਹੂਗੀ ਗਵਾਹੀ, ਯੂ  ਪੀ ਹਰਿਆਣਾ ਤੇ ਪੰਜਾਬ ਤਿੰਨੇ ਭਾਈ

ਬੈਰੀਕੇਡਾਂ ਉੱਤੇ ਰੱਖ ਕੇ ਗੁਲਾਬ ਚੱਲਿਆ, ਤੈਨੂੰ ਦਿੱਲੀਏ ਨੀ ਜਿੱਤ ਕੇ ਪੰਜਾਬ ਚੱਲਿਆ…..

ਸੈਂਕੜੇ  ਕਿਸਾਨਾ  ਦਿੱਤੀਆਂ  ਸ਼ਹਾਦਤਾਂ , ਤਾਂ   ਵੀ   ਤੇਰੀਆਂ   ਨਾ  ਬਦਲੀਆਂ  ਆਦਤਾਂ

ਕਹਿੰਦਾ ‘ਬਿੰਦਰ’ ਹਿਲਾ ਕੇ ਤੇਰਾ ਤਾਜ ਚੱਲੇ ਆਂ,ਤੈਨੂੰ ਦਿੱਲੀਏ ਨੀ ਜਿੱਤ ਕੇ ਪੰਜਾਬ ਚੱਲਿਆ

++

ਜੇ ਸਾਡੀ ਤਕਦੀਰ ‘ਚ ਫਤਹਿ ਇਬਾਰਤ ਲਿਖੀ ਹੋਈ,ਤਾਂ ਫਿਰ ਰੱਬ ਨੇ ਕਦਮਾਂ ਨੂੰ ਵੀ ਡੋਲਣ ਨਹੀਂ ਦੇਣਾ

ਜੇ  ਵੈਰੀ  ਗੁਲਦਸਤਾ  ਲੈ  ਕੇ  ਨਾ  ਆਇਆ  ਤਾਂ ਫੇਰ, ਆਪਾਂ ਨੇ ਵੀ ਕਿਲੇ ਦਾ ਬੂਹਾ ਖੋਲ੍ਹਣ ਨਹੀਂ ਦੇਣਾ

ਅਸੀਂ  ਬੇਸ਼ਕ  ਖੰਜਰਾਂ  ਨਾਲ ਹੱਥ ਤੇ ਲੀਕਾਂ ਵਾਹ ਲਈਏ, ਜੰਗ ਦੇ ਘੋੜੇ ਮੇਲੇ ਦੇ ਵਿਚ ਨੱਚਣ ਲਾ ਦੇਈਏ

ਅਸੀਂ  ਜਿੱਤ  ਕੇ  ਬੇਸ਼ਕ  ਆਪਣਾ ਰਾਹ ਰੁਸ਼ਨਾ ਲਈਏ, ਪਰ ਗੈਰਾਂ ਹੱਥ ਤਕਦੀਰਾਂ ਨੂੰ ਤੋਲਣ ਨਹੀਂ ਦੇਣਾ

ਜੇ  ਵੈਰੀ  ਗੁਲਦਸਤਾ  ਲੈ  ਕੇ  ਨਾ  ਆਇਆ  ਤਾਂ ਫੇਰ, ਆਪਾਂ ਨੇ ਵੀ ਕਿਲੇ ਦਾ ਬੂਹਾ ਖੋਲ੍ਹਣ ਨਹੀਂ ਦੇਣਾ

++

ਭੁੱਲਣੇ  ਨਹੀਂ ਜੇਠ ਹਾੜ ਭੁੱਲਣੇ ਸਿਆਲ ਨਹੀਂ, ਵੋਟਾਂ  ਜਿਹਨੂੰ  ਪਾਈਆਂ  ਉਹੋ ਖੜ੍ਹੇ ਤੁਹਾਡੇ ਨਾਲ ਨਹੀਂ

ਲਾਲਚਾਂ ਤੋਂ ਸੋਚਾਂ ਨੂੰ ਅਜ਼ਾਦ ਰੱਖਿਓ, ਜਦੋਂ ਮੁੜੋਂਗੇ ਪੰਜਾਬ  ਨੂੰ  ਕੱਲੀ  ਕੱਲੀ ਗੱਲ ਤੁਸੀਂ ਯਾਦ ਰੱਖਿਓ..

ਕਿੰਨੇ  ਗੇੜੇ  ਵੱਜਦੇ  ਸੀ  ਨਾਲ  ਵਾਲੇ  ਟੈਂਟ  ਵਿਚ, ਕਿੰਨੇ  ਦਿਨ  ਕੱਢਦੇ  ਸੀ ਇੱਕੋ  ਮੈਲੀ  ਪੈਂਟ  ਵਿਚ

ਟਰਾਲੀ  ਦੀ  ਰਸੋਈ  ਬਣੀ  ਬੇਬੇ  ਬਾਪੂ  ਨਾਲ  ਸੀ, ਕਿੰਨੀ  ਵੇਰੀ  ਮੀਂਹ ਦੇ ਵਿਚ ਚੋਈ ਤਰਪਾਲ ਸੀ

ਰੂਹ ਦੇ ਵਿਚ ਯਾਦਾਂ ਦਾ ਸਵਾਲ ਰੱਖਿਓ,ਜਦੋਂ ਮੁੜੋਂਗੇ ਪੰਜਾਬ ਨੂੰ ਕੱਲੀ ਕੱਲੀ ਗੱਲ ਤੁਸੀਂ ਯਾਦ ਰੱਖਿਓ..

 

ਮੰਨਿਆਂ  ਕਿ  ਬੜੀਆਂ ਨੇ ਘਾਟਾਂ ਸਰਕਾਰਾਂ ‘ਚ, ਸਾਡੇ  ਵੀ  ਤਾਂ  ਗਿਰਾਵਟ  ਆਈ  ਆ ਕਿਰਦਾਰਾਂ ‘ਚ

ਝੁਕਣੇ  ਨਹੀਂ  ਦੇਂਦੀ  ਸਾਨੂੰ  ਤਾਕਤ  ਉਹ  ਕਿਹੜੀ ਆ, ਸੱਚੇ  ਸਤਗੁਰਾਂ  ਅੱਜ  ਪਾਰ ਲਾਤੀ ਬੇੜੀ ਆ

ਚੇਤੇ ਅਸੀਂ ਕਿਹਦੀ ਹਾਂ ਔਲਾਦ ਰੱਖਿਓ, ਜਦੋਂ ਮੁੜੋਂਗੇ ਪੰਜਾਬ ਨੂੰ ਕੱਲੀ ਕੱਲੀ ਗੱਲ ਤੁਸੀਂ ਯਾਦ ਰੱਖਿਓ..

 

ਸੱਤ   ਸੌ   ਸ਼ਹੀਦ   ਹੋਏ   ਦੱਸੋ   ਕੀਹਦੇ   ਕਰਕੇ , ਜਾਗਦਿਆਂ   ਲੰਘੀਆਂ   ਨੇ   ਅੱਖਾਂ  ਭਰ  ਭਰਕੇ

ਮੋਹਰ  ਖਾਣੇ  ਵਾਲੇ  ਦੀ  ਆ  ਕੱਲੇ  ਕੱਲੇ  ਦਾਣੇ  ਤੇ , ਲੱਗਦੇ  ਪੰਜਾਬ  ਦੇ  ਹੀ  ਪਿੰਡ  ਹਰਿਆਣੇ  ਦੇ

ਉਮਰਾਂ ਲਈ ਸਾਂਝਾਂ ਨੂੰ ਅਬਾਦ ਰੱਖਿਓ, ਜਦੋਂ ਮੁੜੋਂਗੇ ਪੰਜਾਬ ਨੂੰ ਕੱਲੀ ਕੱਲੀ ਗੱਲ ਤੁਸੀਂ ਯਾਦ ਰੱਖਿਓ..

ਜੰਗ ਜਿੱਤਣ ਦੀ ਖੁਸ਼ੀ ਤਾਂ ਬਹੁਤ ਆ ਪਰ ਵਿਛੜਨ ਦਾ ਦੁੱਖ ਵੀ ਸਹਿ ਨਹੀਂ ਹੁੰਦਾ

ਜਦੋਂ ਕਿਸਾਨ ਮੋਰਚੇ ਨੇ ਦਿੱਲੀ ਦੇ ਬਾਰਡਰਾਂ ਤੋਂ ਮੋੜੇ ਪਾਏ ਤਾਂ ਅਨੇਕਾਂ ਦ੍ਰਿਸ਼ ਐਸੇ ਦੇਖਣ ਨੂੰ ਮਿਲੇ ਜਿਹਨਾ ਨੂੰ ਦੇਖ ਕੇ ਦਿਲ ਭਰ ਆਉਂਦਾ ਰਿਹਾ। ਇਹਨਾ ਦ੍ਰਿਸ਼ਾਂ ਨੂੰ ਦੇਖ ਕੇ ਇੱਕ ਗੱਲ ਤੀਬਰਤਾ ਨਾਲ ਮਹਿਸੂਸ ਹੋਈ ਕਿ ਬੇਸ਼ੱਕ ਮੌਕਾਪ੍ਰਸਤ ਅਤੇ ਫਿਰਕਾਪ੍ਰਸਤ ਰਾਜਨੀਤੀ ਨੇ ਆਪਣੇ ਵਲੋਂ ਹਰ ਸੰਭਵ ਕੋਸ਼ਿਸ਼ ਕੀਤੀ ਕਿ ਧਰਮ, ਜਾਤ ਜਾਂ ਜਮਾਤ ਦੇ ਅਧਾਰ ਤੇ ਸਮਾਜ ਨੂੰ ਪਾੜ ਕੇ ਆਪਣੀਆਂ ਰਾਜਨੀਤਕ ਰੋਟੀਆਂ ਸੇਕੀਆਂ ਜਾਣ ਪਰ ਜਿਹਨਾ ਲੋਕਾਂ ਦੇ ਦਿਲਾਂ ਵਿਚ ਇਨਸਾਨੀਅਤ ਜਿੰਦਾ ਹੈ ਉਹਨਾ ਨੇ ਆਪਣੇ ਵਲੋਂ ਹਰ ਕਿਸਮ ਦਾ ਸਹਿਯੋਗ ਮੋਰਚੇ ਨੂੰ ਦਿੱਤਾ। ਦਿੱਲੀ ਦੇ ਬਹੁਤ ਸਾਰੇ ਲੋਕ ਐਸੇ ਵੀ ਸਨ ਜਿਹਨਾ ਦੇ ਜੀਵਨ ਦਾ ਇਹ ਕਿਸਾਨ ਮੋਰਚਾ ਅੰਗ ਬਣ ਗਿਆ ਸੀ ਅਤੇ ਉਹ ਭੁੱਲ ਚੁੱਕੇ ਸਨ ਕਿ ਕਦੀ ਵਿਛੋੜਾ ਵੀ ਹੋਣਾ ਹੈ ਅਤੇ ਹੁਣ ਉਹ ਵਾਰ ਵਾਰ ਰਿਹ ਹੀ ਕਹਿ ਰਹੇ ਸਨ ਕਿ ਮੋਰਚਾ ਜਿੱਤਣ ਦੀ ਖੁਸ਼ੀ ਤਾਂ ਹੈ ਪਰ ਸਾਡਾ ਹੁਣ ਏਥੇ ਦਿਲ ਨਹੀਂ ਲਗਣਾ। ਐਸੇ ਹੀ ਇੱਕ ਹਿੰਦੂ ਵੀਰ ਨੇ ਰੋ ਰੋ ਕੇ ਇਹ ਕਿਹਾ ਕਿ ਅਸੀਂ ਜਦੋਂ ਜਦੋਂ ਵੀ ਏਥੋਂ ਲੰਘਿਆ ਕਰਾਂਗੇ ਤਾਂ ਸਾਨੂੰ ਕਿਸਾਨਾਂ ਦੀ ਬਹੁਤ ਯਾਦ ਆਏਗੀ। ਇਹ ਲੋਕ ਇੱਕ ਗੱਲੋਂ ਤਾਂ ਮੋਦੀ ਦਾ ਧੰਨਵਾਦ ਵੀ ਕਰ ਰਹੇ ਸਨ ਜੋ ਕਿ ਉਸ ਨੇ ਭਾਈਚਾਰਾ ਬਣਾ ਦਿੱਤਾ ਸੀ ਜਿਥੇ ਸਿੱਖ, ਹਿੰਦੂ ਜਾਂ ਮੁਸਲਮਾਨ ਦਾ ਕੋਈ ਸਵਾਲ ਨਾ ਰਹਿ ਗਿਆ ਸੀ । ਇੱਕ ਹਿੰਦੁ ਵੀਰ ਕਹਿ ਰਿਹਾ ਸੀ ਕਿ ਉਸ ਦੇ ਜੀਵਨ ਦੇ ੪੫ ਸਾਲਾਂ ਨੇ ਜੀਵਨ ਦਾ ਉਹ ਸਬਕ ਨਹੀਂ ਦਿੱਤਾ ਜੋ ਕਿਸਾਨ ਮੋਰਚੇ ਦੇ ਇੱਕ ਦਿਨ ਦੀ ਸੇਵਾ ਨੇ ਸਿਖਾ ਦਿੱਤਾ। ਅਸੀਂ ਸਿੱਖ ਭਾਈਚਾਰੇ ਵਿਚ ਭਾਈਵਾਲੀ ਅਤੇ ਨਿਡਰਤਾ ਸਿੱਖੀ ਹੈ। ਇਹਨਾ ਸਰਦਾਰਾਂ ਦੇ ਨਾਂ ਨਾਲ ਸਿੰਘ ਐਵੇਂ ਨਹੀਂ ਲੱਗਿਆ ਸਗੋ ਗੁਰੂ ਗੋਬਿੰਦ ਸਿੰਘ ਸਾਹਬ ਨੇ ਖਾਲਸੇ ਨੂੰ ਕੋਈ ਅਰਥ ਦਿੱਤੇ ਹਨ। ਅੱਜ ਉਹ ਸਭ ਸਾਬਤ ਹੋ ਗਿਆ। ਕਹਿਣ ਲੱਗਾ ਭਾਂਵੇਂ ਮੇਰੇ ਪਿਤਾ ਨੂੰ ਕੈਂਸਰ ਹੈ ਅਤੇ ਮੇਰੇ ਦੋ ਬੇਟੀਆਂ ਹਨ ਪਰ ਮੈਂ ੫੦ ਹਜ਼ਾਰ ਰੁਪਏ ਦੇ ਫੁੱਲ ਬੁੱਕ ਕਰਵਾ ਦਿੱਤੇ ਹਨ ਜੋ ਕਿ ਮੈਂ ਤੇ ਮੇਰਾ ਪਰਿਵਾਰ ਪੁਲ ਤੇ ਖੜ੍ਹ ਕੇ ਵਿਦਾ ਹੋ ਰਹੇ ਮੋਰਚੇ ‘ਤੇ ਫੁੱਲਾਂ ਦੀ ਵਰਖਾ ਕਰ ਸਕੀਏ। ਇਸ ਵੀਰ ਨੇ ਧਰਤੀ ‘ਤੇ ਮੱਥਾ ਟੇਕ ਕੇ ਕਿਹਾ ਕਿ ਇਹ ਮੱਥਾ ਮੈਂ ਸਮੁੱਚੀ ਸਿੱਖ ਬਰਾਦਰੀ ਨੂੰ ਟੇਕ ਰਿਹਾ ਹਾਂ। ਕਹਿਣ ਲੱਗਾ ਮੇਰੀਆਂ ਸੱਤ ਪੁਰਸ਼ਾਂ ਵੀ ਸਿੱਖਾਂ ਦੀਆਂ ਰਿਣੀ ਰਹਿਣਗੀਆਂ। ਇਹ ਵੀ ਕਿਹਾ ਕਿ ਗੋਦੀ ਮੀਡੀਏ ਨੇ ਜਨਤਾ ਦੀਆਂ ਭਾਵਨਾਵਾਂ ਨੂੰ ਬਦਲਣ ਲਈ ਬੜੀ ਕੋਸ਼ਿਸ਼ ਕੀਤੀ ਪਰ ਅਖੀਰ ਵਿਚ ਜਿੱਤ ਤਾਂ ਸੱਚ ਦੀ ਹੋਈ ਹੈ। ਗੋਦੀ ਮੀਡੀਏ ਨੇ ਇਸ ਅੰਦੋਲਨ ‘ਤੇ ਕਦੀ ਚਾਇਨੀ, ਕਦੀ ਖਾਲਿਸਤਾਨੀ, ਕਦੀ ਨਕਸਲੀ, ਕਦੀ ਪਾਕਸਿਤਾਨੀ, ਕਦੀ ਕਾਂਗਰਸੀ, ਕਦੀ ਅਕਾਲੀ,ਕਦੀ ਦੰਗਈ ਤੇ ਕਦੀ ਅੰਦੋਲਨ ਜੀਵੀ ਲੇਬਲ ਲਾਏ ਪਰ ਉਹਨਾ ਦਾ ਝੂਠਾ ਪ੍ਰਚਾਰ ਸੱਚ ਸਾਹਮਣੇ ਟਿਕ ਨਹੀਂ ਸਕਿਆ। ਹੁਣ ਅਸੀਂ ਵੱਖ ਵੱਖ ਨਹੀਂ ਹੋਣਾ ਅਤੇ ਰਲ ਕੇ ਰਹਿਣਾ ਹੈ ਅਤੇ ਖਾਸ ਤੌਰ ਤੇ ਇਸ ਗੋਦੀ ਮੀਡੀਏ ਦਾ ਵਿਰੋਧ ਕਰਨਾ ਹੈ।

ਇਸੇ ਤਰਾਂ ਉਹਨਾ ਨੌਜਵਾਨ ਬੱਚੀਆਂ ਨੇ ਜਾਰੋ ਜਾਰ ਰੋ ਕੇ ਮੋਰਚੇ ਨੂੰ ਵਿਦਾ ਕੀਤਾ ਜੋ ਕਿ ਲਗਾਤਾਰ ਆ ਕੇ ਮੋਰਚੇ ਵਿਚ ਲੰਗਰ ਆਦਿ ਦੀਆਂ ਸੇਵਾ ਕਰਦੀਆਂ ਰਹੀਆਂ। ਮੋਰਚੇ ਦੀ ਵਿਦਾਇਗੀ ‘ਤੇ ਉਹ ਹਜ਼ਾਰਾਂ ਗਰੀਬ ਬੱਚੇ ਵੀ ਰੋ ਰਹੇ ਸਨ ਜਿਹਨਾ ਨੂੰ ਮੋਰਚੇ ਕਾਰਨ ਪੇਟ ਭਰ ਕੇ ਰੋਟੀ ਅਤੇ ਵੰਨ ਸੁਵੰਨੇ ਖਾਣੇ ਨਸੀਬ ਹੋਏ ਸਨ।

ਖਾਲਿਸਤਾਨੀ ਸ਼ਬਦ ਨੂੰ ਡੀਮਨਾਈਜ਼ ਕੀਤਾ ਗਿਆ

ਗੋਦੀ ਮੀਡੀਏ, ਆਰ ਐਸ ਐਸ ਅਤੇ ਭਾਜਪਾਈ ਸੰਸਥਾਵਾਂ ਨੇ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਲਈ ਕੋਈ ਵੀ ਕਸਰ ਨਹੀਂ ਛੱਡੀ। ਇਹਨਾ ਨੇ ਸਾਜਸ਼ਾਂ ਕਰਕੇ ਮੋਰਚੇ ਨੂੰ ਖਦੇੜਨ ਦੀ ਵੀ ਕੋਸ਼ਿਸ਼ ਕੀਤੀ। ਇਹਨਾ ਦੇ ਗੁੰਡਿਆਂ ਨੇ ਪੁਲਿਸ ਦੀ ਮੱਦਤ ਨਾਲ ਕਿਸਾਨਾ ਤੇ ਪੱਥਰਬਾਜ਼ੀ ਵੀ ਕੀਤੀ ਅਤੇ ਹਰ ਤਰਾਂ ਨਾਲ ਘੁਸਪੈਠ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਵੱਡੇ ਅਫਸੋਸ ਦੀ ਗੱਲ ਇਹ ਹੈ ਕਿ ਇਹਨਾ ਨੇ ਜਦੋਂ ਕਿਸਾਨਾਂ ਨੂੰ ਖਾਲਿਸਤਾਨੀ ਕਿਹਾ ਤਾਂ ਕਿਸਾਨ ਆਗੂਆਂ ਨੇ ਇਹ ਕਿਓਂ ਨਾ ਕਿਹਾ ਕਿ ਜੇ ਦੇਸ਼ ਦੀ ਅਜ਼ਾਦੀ ਲਈ ਲਹੂ ਡੋਲ੍ਹਣਾ ਅਤੇ ਦੇਸ਼ ਦਾ ਢਿੱਡ ਭਰਨਾ ਖਾਲਿਸਤਾਨੀਆਂ ਦਾ ਕੰਮ ਹੈ ਤਾਂ ਅਸੀਂ ਖਾਲਿਸਤਾਨੀ ਹਾਂ। ਸੱਚੀ ਗੱਲ ਤਾਂ ਇਹ ਹੈ ਕਿ ਉਹ ਖਾਲਿਸਤਾਨੀ ਜਜ਼ਬਾ ਹੀ ਸੀ ਜਿਹਨੇ ਕਰੋਨੇ ਦੇ ਕਹਿਰ ਦੌਰਾਨ ਰਾਜਧਾਨੀ ਵਿਚ ਆਕਸੀਜਨ ਦੇ ਲੰਗਰ ਲਾਏ। ਉਹ ਖਾਲਿਸਤਾਨੀ ਜਜ਼ਬਾ ਹੀ ਸੀ ਜਿਸ ਨੇ ਉਸ ਵੇਲੇ ਕਰੋਨੇ ਨਾਲ ਮੋਇਆਂ ਦੇ ਸੰਸਕਾਰ ਕੀਤੇ ਜਦ ਕਿ ਉਹਨਾ ਦੇ ਆਪਣੇ ਸਕੇ ਸੋਦਰੇ ਵੀ ਉਹਨਾ ਨੂੰ ਛੱਡ ਗਏ ਸਨ।

ਵੱਡੇ ਅਫਸੋਸ ਵਾਲੀ ਗੱਲ ਇਹ ਵੀ ਹੈ ਕਿ ਜਿਸ ਵੇਲੇ ਸਿੱਖ ਸੂਰਮੇ ਭਾਰਤ ਦੇਸ਼ ਲਈ ਸਿਰ ਧੜ ਦੀ ਲਉਂਦੇ ਹਨ ਤਾਂ ਉਹ ਵਫਾਦਾਰ ਅਖਵਾਉਂਦੇ ਹਨ ਪਰ ਜਦੋਂ ਉਹ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਹਨ ਤਾਂ ਗੱਦਾਰ ਬਣ ਜਾਂਦੇ ਹਨ। ਜੇਕਰ ਭਾਜਪਾ ਵਾਲੇ ਖਾਲਿਸਤਾਨੀ ਹੋਣ ਦੇ ਅਰਥ ਜਾਣਦੇ ਹੁੰਦੇ ਤਾਂ ਉਹ ਇਸ ਪਵਿੱਤਰ ਸ਼ਬਦ ਨੂੰ ਕਦੀ ਵੀ ਡੀਮਨਾਈਜ਼ ਕਰਨ ਦਾ ਗੁਨਾਹ ਕਦੀ ਨਾ ਕਰਦੇ।

ਯੂ ਕੇ ਵਿਚ ਖਾਲਸਿਤਾਨ ਦੇ ਨਾਮ ‘ਤੇ ਹੋਏ ਰੈਫਰੈਂਡਮ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਜੇਕਰ ਦਿੱਲੀ ਨੇ ਸਿੱਖਾਂ ਨਾਲ ਦੋ ਨੰਬਰ ਦੇ ਸ਼ਹਿਰੀਆਂ ਵਾਲਾ ਸਲੂਕ ਬੰਦ ਨਹੀਂ ਕਰਨਾ ਤਾਂ ਹੁਣ ਸਿੱਖਾਂ ਨੇ ਵੀ ਗੁਲਾਮ ਨਾ ਰਹਿਣ ਦਾ ਫੈਸ਼ਲਾ ਕਰ ਲਿਆ ਹੈ। ਇਹ ਸੱਚ ਸਾਰੀ ਦੁਨੀਆਂ ਜਾਣਦੀ ਹੈ ਕਿ ਕਿਸਾਨੀ ਮੋਰਚੇ ਦੀ ਅਗਵਾਈ ਪੰਜਾਬ ਦੇ ਸਿੱਖ ਕਿਸਾਨਾ ਨੇ ਕੀਤੀ, ਅੰਦੋਲਨ ਵਿਚ ਲੰਗਰ ਲਉਣ ਦੀ ਵੀ ਉਹਨਾ ਨੇ ਪਹਿਲ ਕੀਤੀ ਇਹੀ ਗੱਲਾਂ ਮੋਰਚੇ ਦੀ ਕਾਮਯਾਬੀ ਦਾ ਕਾਰਨ ਬਣੀਆਂ। ਇਸ ਸੱਚ ਤੋਂ ਕੋਈ ਮੁਨਕਰ ਨਹੀਂ ਹੁੰਦਾ ਕਿ ਭਾਵੇਂ ਸਿੱਖਾਂ ਵਿਚ ਅਜੇ ਵੱਡੀ ਗਿਣਤੀ ਭਾਰਤ ਨਾਲੋਂ ਸਬੰਧ ਤੋੜਨ ਦੇ ਹੱਕ ਵਿਚ ਨਹੀਂ ਪਰ ਜੇਕਰ ਕੇਂਦਰ ਨੇ ਸਿੱਖਾਂ ਨਾਲ ਜਾਂ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਬੰਦ ਨਾ ਕੀਤਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਸਿੱਖਾਂ ਦਾ ਬੱਚਾ ਬੱਚਾ ਆਪਣੀ ਕੌਮ ਦੀ ਅਜ਼ਾਦੀ ਲਈ ਸਿਰ ਧੜ ਦੀ ਲਉਣ ਲਈ ਤਤਪਰ ਹੋ ਜਾਵੇਗਾ। ਅੱਜ ਹਰ ਸਿੱਖ ਨੂੰ ਹਿੱਕ ਠੋਕ ਕੇ ਇਹ ਕਹਿਣਾ ਚਾਹੀਦਾ ਹੈ ਕਿ ਉਹਨਾ ਦੀ ਜ਼ਾਤ, ਧਰਮ ਅਤੇ ਕੌਮ ਸਭ ਖਾਲਿਸਤਾਨੀ ਹੈ। ਸਿੱਖ ਕਦੀ ਵੀ ਪੱਖਪਾਤ ਨਹੀਂ ਕਰਦਾ ਅਤੇ ਪੱਖਪਾਤੀ ਨਾ ਹੋਣਾ ਅਤੇ ਹਮੇਸ਼ਾਂ ਅਜ਼ਾਦ ਹੋ ਕੇ ਵਿਚਰਨਾ ਹੀ ਖਾਲਿਸਤਾਨੀ ਹੋਣਾ ਹੈ।

ਮੋਰਚਾ ਮੁਕੰਮਲ ਨਹੀਂ ਹੋਇਆ ਸਗੋਂ ਮੁਅੱਤਲ ਹੋਇਆ ਹੈ- ਕਿਸਾਨ ਆਗੂ

ਅਖੌਤੀ ਤੌਰ ‘ਤੇ ਮੋਰਚਾ ਫਤਹਿ ਹੋਣ ਤੋਂ ਬਾਅਦ ਕਿਸਾਨ ਆਗੂਆਂ ਨੇ ਦਰਬਾਰ ਸਾਹਿਬ ਜਾ ਕੇ ਮੱਥਾ ਟੇਕਿਆ ਅਤੇ ਗੁਰੂ ਦਾ ਧੰਨਵਾਦ ਕੀਤਾ। ਇਸ ਸਮੇਂ ਬੋਲਦਿਆਂ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਇਹ ਜਿੱਤ ਗੁਰੂ ਜੀ ਦੀ ਕਿਰਪਾ ਨਾਲ ਹੋਈ ਹੈ। ਸ: ਰਾਜੇਵਾਲ ਨੇ ਇਹ ਵੀ ਕਿਹਾ ਕਿ ਮੋਰਚਾ ਅਜੇ ਮੁਕੰਮਲ ਨਹੀਂ ਹੋਇਆ ਪਰ ਮੁਅੱਤਲ ਕੀਤਾ ਗਿਆ ਹੈ। ਇਸ ਤੋਂ ਇਹ ਹੀ ਪ੍ਰਭਾਵ ਮਿਲਦਾ ਹੈ ਕਿ ਇਹਨਾ ਕਿਸਾਨ ਆਗੂਆਂ ਨੂੰ ਭਾਰਤ ਸਰਕਾਰ ‘ਤੇ ਉੱਕਾ ਯਕੀਨ ਨਹੀਂ ਕਿ ਉਹ ਐਮ ਐਸ ਪੀ ਅਤੇ ਹੋਰ ਮੰਗਾਂ ਦੇ ਵਾਅਦਿਆਂ ਤੇ ਪੂਰਿਆਂ ਉਤਰੇਗੀ। ਆਉਣ ਵਾਲਾ ਸਮਾਂ ਦੱਸੇਗਾ ਕਿ ਸਾਲ ਭਰ ਚੱਲੇ ਇਸ ਮੋਰਚੇ ਵਿਚੋਂ ਕਿਸਾਨਾਂ ਨੇ ਕੀ ਖੱਟਿਆ ਅਤੇ ਕੀ ਗੰਵਾਇਆ ਪਰ ਇੱਕ ਗੱਲ ਸਪੱਸ਼ਟ ਹੈ ਕਿ ਇਸ ਕਿਸਾਨ ਮੋਰਚੇ ਨੇ ਭਾਜਪਾ ਦੇ ਸਰਪੱਟ ਦੌੜ ਰਹੇ ਫਿਰਕਾਪ੍ਰਸਤ ਰੱਥ ਅੱਗੇ ਰੋਕਾਂ ਜਰੂਰ ਖੜ੍ਹੀਆਂ ਕਰ ਦਿੱਤੀਆਂ ਹਨ।

Related posts

ਚੰਡੀਗੜ੍ਹ ਵਿਵਾਦ ਵੇਲੇ ਦੀ ਵੰਗਾਰ ਹੈ !

admin

ਵਿਦਵਤਾ ਦੇ ਸਜੀਵ ਤੇ ਸਾਕਾਰ ਸਰੂਪ ਕਾਨ੍ਹ  ਸਿੰਘ ਨਾਭਾ !

admin

ਵਿਗਿਆਨ ਦੀ ਤਰੱਕੀ ਵਿੱਚ ਚੂਹਿਆਂ ਦਾ ਅਹਿਮ ਯੋਗਦਾਨ !

admin