‘ਦ ਲੈਂਸੇਟ ਜਰਨਲ’ ਦੀ ਇੱਕ ਰਿਪੋਰਟ ਦੇ ਅਨੁਸਾਰ ਦੁਨੀਆਂ ਭਰ ਵਿੱਚ ਹੱਡੀਆਂ ਦੇ ਫ੍ਰੈਕਚਰ ਦੇ ਮਾਮਲੇ ਬਹੁਤ ਤੇਜ਼ੀ ਨਾਲ ਵਧ ਰਹੇ ਹਨ। ਸਾਲ 2019 ਵਿੱਚ 178 ਮਿਲੀਅਨ ਲੋਕਾਂ ਨੂੰ ਵੱਖ-ਵੱਖ ਕਾਰਣਾਂ ਕਰਕੇ ਹੱਡੀਆਂ ਦੇ ਫ੍ਰੈਕਚਰ ਦਾ ਸਾਹਮਣਾ ਕਰਨਾ ਪਿਆ। ਇਹ ਅੰਕੜਾ ਸਾਲ 1990 ਦੇ ਅੰਕੜਿਆਂ ਨਾਲੋਂ 30 ਪ੍ਰਤੀਸ਼ਤ ਵੱਧ ਹੈ।
ਭਾਰਤ ਵਿੱਚ ਹਰ ਰੋਜ਼ ਸੜਕ ਹਾਦਸਿਆਂ, ਡਿੱਗਣ ਅਤੇ ਸੱਟਾਂ ਦੇ ਕਾਰਣ ਵੱਡੀ ਗਿਣਤੀ ਵਿੱਚ ਲੋਕ ਹੱਡੀਆਂ ਟੁੱਟਣ ਦਾ ਸ਼ਿਕਾਰ ਹੋ ਰਹੇ ਹਨ। ਹੱਡੀਆਂ ਦੇ ਟੁੱਟਣ ਦਾ ਖ਼ਤਰਾ ਹਰ ਉਮਰ ਦੇ ਲੋਕਾਂ ਲਈ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਜੇਕਰ ਸਹੀ ਇਲਾਜ ਨਾ ਕੀਤਾ ਜਾਵੇ ਤਾਂ ਇਹ ਲੰਬੇ ਸਮੇਂ ਤੱਕ ਦਰਦ, ਤੁਰਨ ਵਿੱਚ ਮੁਸ਼ਕਲ ਅਤੇ ਜੀਵਨ ਦੀ ਗੁਣਵੱਤਾ ‘ਤੇ ਗੰਭੀਰ ਪ੍ਰਭਾਵ ਪਾ ਸਕਦਾ ਹੈ। ਪਰ ਚੰਗੀ ਖ਼ਬਰ ਇਹ ਹੈ ਕਿ ਆਧੁਨਿਕ ਦਵਾਈ, ਪਲਾਸਟਰ, ਫਿਜ਼ੀਓਥੈਰੇਪੀ ਇਸਨੂੰ ਠੀਕ ਕਰਨ ਅਤੇ ਲੋਕਾਂ ਨੂੰ ਦੁਬਾਰਾ ਗਤੀ ਦੇਣ ਵਿੱਚ ਮਦਦ ਕਰਦੀ ਹੈ।
ਕੀ ਤੁਸੀਂ ਵਿਸ਼ਵਾਸ ਕਰੋਗੇ ਕਿ ਹੱਡੀਆਂ ਦੇ ਟੁੱਟਣ ਨੂੰ ਹੁਣ ਮਿੰਟਾਂ ਵਿੱਚ ਠੀਕ ਕੀਤਾ ਜਾ ਸਕਦਾ ਹੈ? ਦਰਅਸਲ ਚੀਨੀ ਵਿਗਿਆਨੀਆਂ ਦੀ ਇੱਕ ਟੀਮ ਨੇ ‘ਬੋਨ ਗਲੂ’ ਵਿਕਸਤ ਕੀਤਾ ਹੈ। ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸਦੀ ਮਦਦ ਨਾਲ ਟੁੱਟੀਆਂ ਹੱਡੀਆਂ ਨੂੰ ਮਿੰਟਾਂ ਵਿੱਚ ਹੀ ਜੋੜਿਆ ਜਾ ਸਕਦਾ ਹੈ। ਸਮੁੰਦਰੀ ਚੱਟਾਨਾਂ ਅਤੇ ਪੁਲ ਦੇ ਥੰਮ੍ਹਾਂ ਦੀ ਮੁਰੰਮਤ ਤੋਂ ਪ੍ਰੇਰਿਤ ਹੋ ਕੇ ਪੂਰਬੀ ਚੀਨ ਦੇ ਝੇਜਿਆਂਗ ਸੂਬੇ ਦੇ ਸਰ ਰਨ ਰਨ ਸ਼ਾਅ ਹਸਪਤਾਲ ਦੇ ਵਿਗਿਆਨੀਆਂ ਨੇ ਦੁਨੀਆਂ ਦਾ ਪਹਿਲਾ ‘ਹੱਡੀਆਂ ਜੋੜਨ ਵਾਲਾ ਗੂੰਦ ਜਾਂ ਪਦਾਰਥ’ ਵਿਕਸਤ ਕੀਤਾ ਹੈ। ਚੀਨੀ ਵਿਗਿਆਨੀਆਂ ਦੀ ਟੀਮ ਨੇ ਇਸ ਦੀ ਜਾਣਕਾਰੀ ਮੀਡੀਆ ਨੂੰ ਦਿੰਦਿਆਂ ਦੱਸਿਆ ਹੈ ਕਿ, “ਇਹ ‘ਬਾਇਓਐਡਹਿਸਿਵ’ ਆਮ ਤੌਰ ‘ਤੇ ਵਰਤੀ ਜਾਂਦੀ ਧਾਤ ਅਤੇ ਫ੍ਰੈਕਚਰ ਦੇ ਇਲਾਜ ਲਈ ਹੋਰ ਤਰੀਕਿਆਂ ਨਾਲੋਂ ਵਧੇਰੇ ਪ੍ਰਭਾਵਸ਼ਾਲੀ ਹੋ ਸਕਦਾ ਹੈ। ‘ਬਾਇਓਐਡਹਿਸਿਵ’ ਇੱਕ ਕਿਸਮ ਦਾ ਜੋੜਨ ਵਾਲਾ ਪਦਾਰਥ ਹੈ ਜੋ ਕੁਦਰਤੀ ਤੌਰ ‘ਤੇ ਦੋ ਸਤਹਾਂ ਨੂੰ ਜੋੜਨ ਲਈ ਵਰਤਿਆ ਜਾਂਦਾ ਹੈ, ਖਾਸ ਕਰਕੇ ਜਿੱਥੇ ਇੱਕ ਸਤ੍ਹਾ ਜੀਵਤ ਟਿਸ਼ੂ ਹੁੰਦੀ ਹੈ।
ਚੀਨੀ ਖੋਜਕਰਤਾਵਾਂ ਨੇ ਕਿਹਾ ਕਿ ਇਹ ਦੁਨੀਆ ਦਾ ਪਹਿਲਾ ‘ਹੱਡੀਆਂ ਜੋੜਨ ਵਾਲਾ ਗੂੰਦ ਜਾਂ ਪਦਾਰਥ’ ਹੈ ਜੋ 2-3 ਮਿੰਟਾਂ ਦੇ ਅੰਦਰ ਟੁੱਟੀਆਂ ਹੱਡੀਆਂ ਦੇ ਟੁਕੜਿਆਂ ਨੂੰ ਸੁਰੱਖਿਅਤ ਢੰਗ ਨਾਲ ਜੋੜਨ ਦੇ ਸਮਰੱਥ ਹੈ। ਹੁਣ ਤੱਕ ਹੱਡੀਆਂ ਦੇ ਗੂੰਦ ‘ਤੇ 50 ਤੋਂ ਵੱਧ ਟੈਸਟ ਕੀਤੇ ਜਾ ਚੁੱਕੇ ਹਨ। ਹੁਣ ਤੱਕ ਦੇ ਟੈਸਟਾਂ ਨੇ ਦਿਖਾਇਆ ਹੈ ਕਿ ਇਹ ਮਨੁੱਖੀ ਵਰਤੋਂ ਲਈ ਸੁਰੱਖਿਅਤ ਹੈ ਅਤੇ ਹੱਡੀਆਂ ਨੂੰ ਦੁਬਾਰਾ ਜੋੜਨ ਵਿੱਚ ਮਦਦਗਾਰ ਹੋ ਸਕਦਾ ਹੈ। ਹੁਣ ਤੱਕ ਇਸਦਾ 150 ਤੋਂ ਵੱਧ ਲੋਕਾਂ ‘ਤੇ ਟੈਸਟ ਕੀਤਾ ਜਾ ਚੁੱਕਾ ਹੈ ਜਿਸ ਦੇ ਚੰਗੇ ਨਤੀਜੇ ਸਾਹਮਣੇ ਆਏ ਹਨ।
ਓਇਸਟਰ ਸਕ੍ਰੈਸ਼ਨ ਨੇ ਦੁਨੀਆ ਭਰ ਦੇ ਵਿਗਿਆਨੀਆਂ ਨੂੰ ਲੰਬੇ ਸਮੇਂ ਤੋਂ ਆਕਰਸ਼ਿਤ ਕੀਤਾ ਹੈ। 2010 ਵਿੱਚ ਪਰਡਿਊ ਯੂਨੀਵਰਸਿਟੀ ਦੀ ਇੱਕ ਅਮਰੀਕੀ ਖੋਜ ਟੀਮ ਨੇ ਪਹਿਲਾਂ ਪ੍ਰੋਟੀਨ ਅਤੇ ਕੈਲਸ਼ੀਅਮ ਕਾਰਬੋਨੇਟ ਵਾਲਾ ਇੱਕ ਵਿਲੱਖਣ ‘ਗੂੰਦ’ ਤਿਆਰ ਕੀਤਾ ਸੀ। ਡਾ. ਲਿਨ ਦੀ ਟੀਮ ਨੇ 2016 ਵਿੱਚ ਪ੍ਰਯੋਗ ਸ਼ੁਰੂ ਕੀਤਾ ਅਤੇ ਇੱਕ ਚਿਪਕਣ ਵਾਲਾ ਪਦਾਰਥ ਤਿਆਰ ਕੀਤਾ। ਡਾ. ਲਿਨ ਦੀ ਟੀਮ ਨੇ ਕਿਹਾ ਕਿ ਇਹ ਹੱਡੀਆਂ ਦੇ ਟੁੱਟਣ, ਫ੍ਰੈਕਚਰ ਅਤੇ ਆਰਥੋਪੀਡਿਕ ਸਰਜਰੀ ਵਿੱਚ ਕ੍ਰਾਂਤੀ ਲਿਆ ਸਕਦਾ ਹੈ। ਇਹ ਰਵਾਇਤੀ ਇੰਪਲਾਂਟ ਤੋਂ ਬਚੇਗਾ, ਸਰਜਰੀ ਦੇ ਸਮੇਂ ਨੂੰ ਘਟਾਏਗਾ ਅਤੇ ਹੱਡੀਆਂ ਨੂੰ ਆਸਾਨੀ ਨਾਲ ਜੋੜਨ ਵਿੱਚ ਮਦਦ ਕਰੇਗਾ।