Articles

ਦੁਨੀਆਂ ਦੇ 6 ਦੇਸ਼ਾਂ ਦਾ ਰਾਸ਼ਟਰਪਤੀ ਬਣਨ ਵਾਲਾ ਇੱਕੋ ਇੱਕ ਵਿਅਕਤੀ: ਸਾਈਮਨ ਬੋਲੀਵਰ

ਲੇਖਕ: ਬਲਰਾਜ ਸਿੰਘ ਸਿੱਧੂ ਐਸ.ਪੀ., ਪੰਡੋਰੀ ਸਿੱਧਵਾਂ

ਇਹ ਅਦੱੱਤੀ ਕਾਰਨਾਮਾ ਕਰਨ ਵਾਲੇ ਮਹਾਨ ਪੁਰਸ਼ ਸਾਈਮਨ ਬੋਲੀਵਰ ਦਾ ਪੂਰਾ ਨਾਮ ਸਾਈਮਨ ਜੋਸ ਐਂਟੋਨੀਉ ਡੀ ਲਾ ਸੈਨਟਿਜ਼ਮਾ ਤਿ੍ਰਨੀਦਾਦ ਬੋਲੀਵਰ ਪਲੈਸੀਉ ਪੌਂਟੇ ਐਂਡਰੇਡ ਬਲੈਂਕੋ ਸੀ ਤੇ ਉਸ ਦਾ ਜਨਮ 24 ਜੁਲਾਈ 1783 ਈਸਵੀ ਨੂੰ ਕਰਾਕਾਸ ਸ਼ਹਿਰ (ਵੈਨਜੁਐਲਾ) ਦੇ ਇੱਕ ਧਨੀ ਪਰਿਵਾਰ ਵਿੱਚ ਹੋਇਆ। ਉਸ ਦੇ ਪਿਤਾ ਦਾ ਨਾਮ ਕਰਨਲ ਵਿੰਸੈਂਟ ਬੋਲੀਵਰ ਤੇ ਮਾਤਾ ਦਾ ਨਾਮ ਮਾਰੀਆ ਬਲਾਂਕੋ ਸੀ। ਉਸ ਸਮੇਂ ਬਰਾਜ਼ੀਲ ਨੂੰ ਛੱਡ ਕੇ ਸਾਰੇ ਦੱਖਣੀ ਅਮਰੀਕਾ ‘ਤੇ ਸਪੇਨ ਦਾ ਕਬਜ਼ਾ ਸੀ। 16 ਸਾਲ ਦੀ ਉਮਰ ਵਿੱਚ ਉਸ ਨੂੰ ਉੱਚ ਸਿੱਖਿਆ ਹਾਸਲ ਕਰਨ ਲਈ ਸਪੇਨ ਭੇਜ ਦਿੱਤਾ ਗਿਆ। ਉਸ ਨੇ ਇਸ ਸਮੇਂ ਦੌਰਾਨ ਯੂਰਪ ਦੇ ਕਈ ਦੇਸ਼ਾਂ ਦਾ ਭਰਮਣ ਕੀਤਾ।

ਯੂਰਪੀਨ ਦੇਸ਼ਾਂ ਦੀ ਅਜ਼ਾਦੀ ਵੱਲ ਵੇਖ ਕੇ ਉਸ ਦੇ ਦਿਲ ਵਿੱਚ ਵੀ ਦੱਖਣੀ ਅਮਰੀਕਾ ਨੂੰ ਸਪੇਨ ਦੇ ਪੰਜਿਆਂ ਤੋਂ ਅਜ਼ਾਦ ਕਰਾਉਣ ਦਾ ਖਿਆਲ ਅੰਗੜਾਈਆਂ ਲੈਣ ਲੱਗਾ ਤੇ ਸੰਨ 1808 ਈਸਵੀ ਵਿੱਚ ਉਹ ਵਾਪਸ ਵੈਨਜ਼ੁਐਲਾ ਵਾਪਸ ਆ ਗਿਆ। ਉਸ ਸਮੇਂ ਸਪੇਨ ਫਰਾਂਸ ਨਾਲ ਜੰਗ ਵਿੱਚ ਉਲਝਿਆ ਹੋਇਆ ਸੀ। ਇਸ ਮੌਕੇ ਦਾ ਫਾਇਦਾ ਉਠਾ ਕੇ ਬੋਲੀਵਰ ਨੇ ਆਪਣਾ ਸੁਤੰਤਰਤਾ ਸੰਗਰਾਮ ਸ਼ੁਰੂ ਕਰ ਦਿੱਤਾ। ਉਸ ਨੇ ਜਗ੍ਹਾ ਜਗ੍ਹਾ ਜੋਸ਼ੀਲੇ ਭਾਸਨ ਦੇ ਕੇ ਲੋਕਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਜਗਾ ਦਿੱਤੀ। ਉਸ ਤੋਂ ਪ੍ਰਭਾਵਿਤ ਹੋ ਕੇ ਹਜ਼ਾਰਾਂ ਦੀ ਗਿਣਤੀ ਵਿੱਚ ਆਮ ਲੋਕ ਅਤੇ ਸੈਨਿਕ ਉਸ ਦੇ ਝੰਡੇ ਹੇਠ ਸੰਗਠਿਤ ਹੋ ਗਏ। ਕੁਝ ਹੀ ਸਮੇਂ ਬਾਅਦ ਉਸ ਨੇ ਸਪੇਨੀ ਹਾਕਮਾਂ ਦੇ ਖਿਲਾਫ ਛਾਪਾਮਾਰ ਜੰਗ ਸ਼ੁਰੂ ਕਰ ਦਿੱਤੀ। ਕਈ ਸਾਲ ਛੋਟੀਆਂ ਛੋਟੀਆਂ ਝੜਪਾਂ ਚੱਲਦੀਆਂ ਰਹੀਆਂ। ਸ਼ੁਰੂਆਤੀ ਹਾਰਾਂ ਦੇ ਬਾਵਜੂਦ ਉਸ ਨੇ ਹੌਸਲਾ ਨਾ ਹਾਰਿਆ। ਆਪਣੀ ਜਬਰਦਸਤ ਇੱਛਾ ਸਖਤੀ ਦੇ ਬਲ ‘ਤੇ ਆਖਰ ਉਸ ਨੇ 1821 ਈਸਵੀ ਵਿੱਚ ਵੈਨਜੂਐਲਾ ਦੇ ਗਵਰਨਰ ਨੂੰ ਕਾਰਾਬੋਬੋ ਦੀ ਜੰਗ ਵਿੱਚ ਲੱਕ ਤੋੜਵੀਂ ਸ਼ਿਕਸ਼ਤ ਦੇ ਕੇ ਵੈਨਜੁਐਲਾ ਨੂੰ ਅਜ਼ਾਦ ਕਰਵਾ ਲਿਆ। ਆਪਣੀ ਲੋਕਪਿ੍ਰਯਤਾ ਕਾਰਨ ਉਸ ਨੂੰ ਕੁਝ ਹੀ ਦਿਨਾਂ ਬਾਅਦ ਜ਼ਿੰਦਗੀ ਭਰ ਲਈ ਬਿਨਾਂ ਮੁਕਾਬਲਾ ਵੈਨਜ਼ੁਐਲਾ ਦਾ ਰਾਸ਼ਟਰਪਤੀ ਚੁਣ ਲਿਆ ਗਿਆ। ਇੱਕ ਪੱਕਾ ਟਿਕਾਣਾ ਮਿਲਣ ਤੋਂ ਬਾਅਦ ਉਸ ਨੇ ਬਾਕੀ ਦੱਖਣੀ ਅਮਰੀਕਾ ਨੂੰ ਅਜ਼ਾਦ ਕਰਵਾਉਣ ਦੀ ਮੁਹਿੰਮ ਵਿੱਢ ਲਈ। ਵੈਨਜ਼ੁਐਲਾ ਤੋਂ ਬਾਅਦ ਹੌਲੀ ਹੌਲੀ ਉਸ ਨੇ ਕੋਲੰਬੀਆ (1822), ਪਨਾਮਾ (1822), ਇਕਵਾਡੋਰ (1822), ਪੀਰੂ (1825) ਅਤੇ ਬੋਲੀਵੀਆ (1825) ਨੂੰ ਵੀ ਅਜ਼ਾਦ ਕਰਵਾ ਲਿਆ। ਬੋਲੀਵੀਆ ਦਾ ਨਾਮ ਉਸ ਦੇ ਨਾਮ ‘ਤੇ ਹੀ ਰੱਖਿਆ ਗਿਆ ਹੈ। ਉਹ ਇਨ੍ਹਾਂ ਸਾਰੇ ਹੀ ਦੇਸ਼ਾਂ ਦਾ ਪਹਿਲਾ ਰਾਸ਼ਟਰਪਤੀ ਚੁਣਿਆ ਗਿਆ। ਪਰ ਅੱਜ ਦੇ ਨੇਤਾਵਾਂ ਵਾਂਗ ਸੱਤਾ ਨੂੰ ਜੱਫਾ ਮਾਰਨ ਦੀ ਬਜਾਏ ਹਰ ਵਾਰ ਕੁਝ ਸਮੇਂ ਦੇ ਅੰਤਰਾਲ ਤੋਂ ਬਾਅਦ ਰਾਸ਼ਟਰਪਤੀ ਦੀ ਪਦਵੀ ਯੋਗ ਵਿਅਕਤੀਆਂ ਦੇ ਹੱਥ ਸੌਂਪ ਕੇ ਉਹ ਵੈਨਜ਼ੂਐਲਾ ਵਾਪਸ ਆ ਜਾਂਦਾ ਰਿਹਾ।

ਇੱਕ ਸਮੇਂ ਬੋਲੀਵਰ ਦਾ ਸ਼ਾਸਨ ਅਰਜਨਟੀਨਾ ਦੀ ਹੱਦ ਤੋਂ ਲੈ ਕੇ ਪਨਾਮਾ ਤੱਕ, ਤਕਰੀਬਨ ਅੱਧੇ ਦੱਖਣੀ ਅਮਰੀਕਾ ‘ਤੇ ਸੀ। ਉਸ ਨੇ ਆਪਣੇ ਅਜ਼ਾਦੀ ਸ਼ੰਘਰਸ਼ ਸਮੇਂ 472 ਜੰਗਾਂ ਵਿੱਚ ਭਾਗ ਲਿਆ ਤੇ 450 ਵਿੱਚ ਜਿੱਤ ਹਾਸਲ ਕੀਤੀ। ਇਸ ਦੌਰਾਨ ਉਸ ਨੇ ਘੋੜੇ ਦੀ ਪਿੱਠ ‘ਤੇ 123000 ਕਿ.ਮੀ. ਸਫਰ ਕੀਤਾ ਜੋ ਨੈਪੋਲੀਅਨ ਤੋਂ ਤਿੰਨ ਗੁਣਾ ਅਤੇ ਸਿਕੰਦਰ ਮਹਾਨ ਤੋਂ ਦੋ ਗੁਣਾ ਵੱਧ ਬਣਦਾ ਹੈ। ਉਸ ਨੂੰ ਜਿਆਦਾਤਰ ਦੱਖਣੀ ਅਮਰੀਕੀ ਦੇਸ਼ਾਂ ਵਿੱਚ ਰਾਸ਼ਟਰ ਪਿਤਾ ਦਾ ਦਰਜ਼ਾ ਹਾਸਲ ਹੈ। ਸੰਸਾਰ ਦੇ ਅਨੇਕਾਂ ਦੇਸ਼ਾਂ ਵਿੱਚ ਉਸ ਦੇ ਬੁੱਤ ਸਥਾਪਿਤ ਕੀਤੇ ਗਏ ਹਨ। ਸੰਨ 1802 ਵਿੱਚ ਉਸ ਦੀ ਸ਼ਾਦੀ ਮਾਰੀਆ ਥੇਰੇਸਾ ਨਾਲ ਹੋਈ ਪਰ ਬਦਕਿਸਮਤੀ ਕਾਰਨ ਉਸ ਦੀ ਅਗਲੇ ਹੀ ਸਾਲ ਯੈਲੋ ਫੀਵਰ ਨਾਲ ਮੌਤ ਹੋ ਗਈ। ਉਹ ਆਪਣੀ ਪਤਨੀ ਨਾਲ ਐਨਾ ਪਿਆਰ ਕਰਦਾ ਸੀ ਕਿ ਉਸ ਨੇ ਸਾਰੀ ਉਮਰ ਦੁਬਾਰਾ ਸ਼ਾਦੀ ਨਾ ਕਰਨ ਦੀ ਕਸਮ ਖਾ ਲਈ। ਇਸ ਤੋਂ ਬਾਅਦ ਉਸ ਦਾ ਪ੍ਰੇਮ ਮੈਨੁਅਲ ਸਾਇਨਜ਼ ਨਾਮਕ ਇੱਕ ਖਾਨਦਾਨੀ ਔਰਤ ਨਾਲ ਹੋ ਗਿਆ। ਉਹ ਦੋਵੇਂ ਸਾਰੀ ਉਮਰ ਇਕੱਠੇ ਰਹੇ ਪਰ ਬੋਲੀਵਰ ਨੇ ਦੁਬਾਰਾ ਸ਼ਾਦੀ ਨਾ ਕਰਨ ਦੀ ਆਪਣੀ ਕਸਮ ਤੋੜ ਨਿਭਾਈ। ਰਾਸ਼ਟਰਪਤੀ ਦੇ ਤੌਰ ‘ਤੇ ਉਸ ਨੇ ਦੇਸ਼ ਦੀ ਤਰੱਕੀ ਲਈ ਬਹੁਤ ਹੀ ਸ਼ਲਾਘਾਯੋਗ ਕੰਮ ਕੀਤੇ। ਉਸ ਦਾ ਸਭ ਤੋਂ ਵੱਡਾ ਸੁਪਨਾ ਦੱਖਣੀ ਅਮਰੀਕਾ ਨੂੰ ਇਕੱਠਾ ਕਰ ਕੇ ਸੰਯੁਕਤ ਰਾਜ ਅਮਰੀਕਾ (ਯੂ.ਐਸ.ਏ.) ਦੀ ਟੱਕਰ ਦਾ ਦੇਸ਼ ਬਣਾਉਣਾ ਸੀ। ਪਰ ਟੀ.ਬੀ. ਦੀ ਭਿਆਨਕ ਬਿਮਾਰੀ ਕਾਰਨ ਉਹ ਇਸ ਵਿੱਚ ਸਫਲ ਨਾ ਹੋ ਸਕਿਆ। ਇਸ ਬਿਮਾਰੀ ਦੇ ਚੱਲਦੇ ਖਰਾਬ ਸਿਹਤ ਕਾਰਨ ਉਸ ਨੇ 20 ਜਨਵਰੀ 1830 ਨੂੰ ਵੈਨਜ਼ੁਐਲਾ ਦੇ ਰਾਸ਼ਟਰਪਤੀ ਦੀ ਪਦਵੀ ਤੋਂ ਅਸਤੀਫਾ ਦੇ ਦਿੱਤਾ ਤੇ 11 ਮਹੀਨੇ ਬਾਅਦ 17 ਦਸੰਬਰ 1830 ਨੂੰ ਸਿਰਫ 47 ਸਾਲ ਦੀ ਉਮਰ ਵਿੱਚ ਉਸ ਦੀ ਮੌਤ ਹੋ ਗਈ। ਉਸ ਦਾ ਕੋਈ ਵੀ ਬੱਚਾ ਨਹੀਂ ਸੀ।

Related posts

ਪ੍ਰਧਾਨ ਮੰਤਰੀ ਮੋਦੀ ਵਲੋਂ ਤ੍ਰਿਵੇਣੀ ਸੰਗਮ ਵਿਖੇ ਪੂਜਾ ਅਤੇ ਡੁੱਬਕੀਆਂ !

admin

ਕਿਤਾਬਾਂ ਤੇ ਅਖ਼ਬਾਰਾਂ ਨੂੰ ਆਪਣਾ ਸਾਥੀ ਬਣਾਓ, ਜ਼ਿੰਦਗੀ ਜਿਉਣ ਤੇ ਦੇਖਣ ਦਾ ਤੁਹਾਡਾ ਨਜ਼ਰੀਆ ਬਦਲ ਜਾਵੇਗਾ !

admin

ਅੱਜ 70 ਸੀਟਾਂ ‘ਤੇ ਵੋਟਿੰਗ: ਦਿੱਲੀ ‘ਚ ਕਿਸਦੀ ਬਣੇਗੀ ਸਰਕਾਰ ?

admin