
ਅਸੀਂ ਅਕਸਰ ਹੀ ਸੁਣਿਆ ਕਰਦੇ ਸੀ ਕਿ ‘ਪਿਆਰ ਦੇ ਬਦਲੇ ਪਿਆਰ’ ਹੁੰਦਾ ਤੇ ਦੁੱਖ ਕਿਸੇ ਨੂੰ ਦੱਸਣ ‘ਤੇ ਅੱਧਾ ਘੱਟ ਜਾਂਦਾ ਜਾਂ ਕਹਿ ਲੳ ਵੰਡਿਆਂ ਜਾਂਦਾ। ਪਰ ਗੱਲ ਜੇ ਅੱਜਕਲ੍ਹ ਦੀ ਕਰੀਏ ਤਾਂ ਜੇਕਰ ਤੁਸੀਂ ਕਿਸੇ ਨੂੰ ਆਪਣਾ ਇੱਕ ਦੁੱਖ ਦੱਸਦੇ ਹੋ ਤਾਂ ਅਗਲਾ ਤੁਹਾਨੂੰ ਆਪਣੇ ਦੱਸ ਰੋਣੇ ਦੱਸਣ ਨੂੰ ਤਿਆਰ ਹੋ ਰਿਹਾ ਹੁੰਦਾ। ਫਿਰ ਤਹਾਨੂੰ ਆਪਣਾ ਦੁੱਖ ਭੁੱਲ ਹੀ ਜਾਂਦਾ ਹੈ ਕਿ ਮੈਂ ਕੀ ਕਿਹਾ ਸੀ ਜਾਂ ਮੇਰੇ ਕੋਲੋਂ ਕੀ ਗਲਤੀ ਹੋ ਗਈ ਕਿ ਮੈਂ ਆਪਣਾ ਦੁੱਖ ਸਾਂਝਾ ਕਰ ਬੈਠਾ। ਗੱਲ ਇਹ ਨਹੀਂ ਹੈ ਕਿ ਸਾਨੂੰ ਕਿਸੇ ਦਾ ਦੁੱਖ-ਸੁੱਖ ਸੁਣਨਾ ਨਹੀਂ ਚਾਹੀਦਾ ਜਾਂ ਆਪਣਾ ਦੱਸ ਕੇ ਚੁੱਪ ਕਰ ਜਾਣਾ ਚਾਹੀਦਾ। ਸਵਾਲ ਇਹ ਹੁੰਦਾ ਹੈ ਕਿ ਜਦੋਂ ਕੋਈ ਕਿਸੇ ਸੱਜਣ ਸਾਥੀ ਨੂੰ ਆਪਣਾ ਦੁੱਖ ਦੱਸਦਾ ਤਾਂ ਉਸਦੇ ਮਨ ਦੀ ਗੱਲ ਹੁੰਦੀ ਹੈ ਕਿ ਪਹਿਲਾਂ ਸਾਹਮਣੇ ਵਾਲਾ ਇਨਸਾਨ ਉਸਦਾ ਦੁੱਖ ਧਿਆਨ ਨਾਲ ਸੁਣੇ। ਜੇਕਰ ਹੋ ਸਕੇ ਤਾਂ ਉਸਦੇ ਲਈ ਕੋਈ ਸਲਾਹ-ਮਸ਼ਵਰਾ ਦੇਵੇ ਤਾਂ ਕਿ ਉਸਦੇ ਮਨ ਦਾ ਟੋਕਰਾ ਜੋ ਦੁੱਖ ਨਾਲ ਭਰਿਆ ਹੋਇਆ ਹੈ, ਉਹ ਉਸਦੀ ਮਦਦ ਕਰੇ ਹੱਥ ਪਵਾ ਕੇ ਉਸਨੂੰ ਉਸਦੇ ਸਿਰ ਤੋਂ ਲਾਹੇ। ਤਾਂ ਜੋ ਕੁਝ ਪਲ ਜੋ ਉਸਨੇ ਤੁਹਾਡੇ ਕੋਲ ਬੈਠਣ ਨੂੰ ਜਾਂ ਗੱਲ ਕਰਨ ਨੂੰ ਚੁਣੇ ਨੇ, ਉਹ ਸੁੱਖ ਦਾ ਸਾਹ ਲੈ ਸਕੇ ਪਰ ਅਜਿਹਾ ਕਦੀ ਨਹੀਂ ਹੁੰਦਾ। ਜਦੋਂ ਵੀ ਅਸੀ ਆਪਣੇ ਕਿਸੇ ਸਾਕ-ਸੰਬੰਧੀ ਨੂੰ ਦੱਸਦੇ ਹਾਂ ਕਿ ਮੇਰਾ ਤਾਂ ਅੱਜ ਸਿਰ ਦੁੱਖਦਾ ਏ। ਚਲੋ ਜੀ ਫੇਰ ਅਗਲਾ ਤਹਾਨੂੰ ਇਹ ਦੱਸ ਕੇ ਬੇਹੋਸ਼ ਕਰ ਦੇਵੇਗਾ ਕਿ ਉਸਦਾ ਤਾਂ ਸਾਰਾ ਸਰੀਰ ਹੀ ਦੁੱਖ ਰਿਹਾ। ਤੂੰ ਮੇਰੇ ਤੋ ਚੰਗਾ ਏ ਕਿਉਂਕਿ ਤੇਰਾ ਤਾਂ ਬੱਸ ਸਿਰ ਹੀ ਪੀੜ ਹੋ ਰਿਹਾ। ਅੱਜ ਕੱਲ੍ਹ ਕਿਸੇ ਕੋਲ ਵਕਤ ਨਹੀਂ ਹੈ ਤੁਹਾਡਾ ਦੁੱਖ ਸੁਣਨ ਲਈ। ਸਾਰਿਆਂ ਨੂੰ ਕਾਹਲੀ ਹੁੰਦੀ ਏ ਕਿ ਕੰਮ ਦੀ ਗੱਲ ਕੀਤੀ ਜਾਵੇ ਤੇ ਹਾਲ-ਚਾਲ ਪੁੱਛਣ ਤੇ ਰਸਮੀ ਠੀਕ-ਠਾਕ ਦਾ ਜਵਾਬ ਸੁਣ, ਆਪਣੇ-ਆਪਣੇ ਰਸਤੇ ਤੁਰਦੇ ਬਣੀਏ। ਕਿਸੇ ਕੋਲ ਏਨਾ ਵਕਤ ਹੈ ਨਹੀਂ ਕਿ ਕਿਸੇ ਦੀ ਪਰੇਸ਼ਾਨੀ ਸੁਣ ਕੇ ਉਸਨੂੰ ਢੁੱਕਵੀ ਰਾਏ ਦਿੱਤੀ ਜਾਵੇ।
ਵਿਦੇਸ਼ਾਂ ਵਿੱਚ ਰਹਿਣ ਵਾਲਿਆਂ ਦੇ ਹਿੱਸੇ ਵਿੱਚ ਤਾਂ ਫਰਮਾਇਸ਼ਾਂ, ਜਿੰਮੇਵਾਰੀ ਤੇ ਫਰਜ ਹੁੰਦੇ ਨੇ ਉਹਨਾਂ ਦੇ ਦੁੱਖ ਸੁੱਖ ਸੁਣਨ ਲਈ ਕੋਈ ਰਿਸ਼ਤਾ ਨਹੀਂ ਹੁੰਦਾ। ਉਹ ਤਾਂ ਜਦੋਂ ਆਪਣੇ ਵਤਨ ਫੋਨ ਕਰਦੇ ਹਨ ਤਾਂ ਉਹਨਾਂ ਦੀ ਖੈਰ ਸੁੱਖ ਘੱਟ ਤੇ ਕਮਾਈ ਬਾਰੇ ਸਹੂਲਤਾਂ ਬਾਰੇ ਗੱਲ ਜਿਆਦਾ ਹੁੰਦੀ ਹੈ। ਸਾਰਿਆਂ ਨੂੰ ਲੱਗਦਾ ਕਿ ਬਾਹਰ ਤਾਂ ਐਸ਼ ਏ। ਉਹਨਾਂ ਦਾ ਹਾਲ ਤਾਂ ਹਮੇਸ਼ਾ ਠੀਕ ਹੀ ਹੁੰਦਾ ਹੈ। ਉਹਨਾਂ ਦੀ ਮਿਹਨਤ ਤੇ ਕਠਿਨਾਈਆਂ ਬਾਰੇ ਕੋਈ ਗੱਲ ਨਹੀਂ ਕਰਨਾ ਚਾਹੁੰਦਾ।
ਬੱਸ ਹਰ ਕਿਸੇ ਨੂੰ ਲੱਗਦਾ ਕਿ ਸਾਰੇ ਮੈਨੂੰ ਸੁਣਨ, ਮੇਰੇ ਦੁੱਖ ਦੂਰ ਕਰਨ ਦੇ ਤਰੀਕੇ ਦੱਸਣ, ਮੈਂ ਭਾਵੇਂ ਕਿਸੇ ਨਾਲ ਸਿੱਧੇ ਮੂੰਹ ਗੱਲ ਨਾ ਕਰਾਂ, ਜਦਕਿ ਅਜਿਹਾ ਨਹੀਂ ਹੁੰਦਾ। ਜੇਕਰ ਤੁਸੀਂ ਸੱਚੇ ਮਨ ਤੋਂ ਕਿਸੇ ਦੀ ਕਦਰ ਕਰਦੇ ਹੋ ਤਾਂ ਅਗਲਾ ਤੁਹਾਨੂੰ ਤੁਹਾਡਾ ਬਣਦਾ ਮਾਣ-ਸਤਿਕਾਰ ਜਰੂਰ ਦੇਵੇਗਾ। ਪਰ ਜੇਕਰ ਅਸੀਂ ਹਰ ਵਾਰ ਆਪਣੇ ਦੁੱਖਾਂ ਦੀ ਪੋਟਲੀ ਨੂੰ ਹਰ ਮਹਿਫ਼ਲ ਵਿੱਚ ਖੋਲ ਕੇ ਬੈਠ ਜਾਵਾਂਗੇ ਤਾਂ ਸਾਡੇ ਨੇੜੇ ਕੋਈ ਨਹੀਂ ਹੋਵੇਗਾ। ਸਾਡੇ ਸਾਥ ਤੋਂ ਸਭ ਕੰਨੀ ਕਤਰਾਉਣ ਲੱਗ ਜਾਣਗੇ। ਕਿਉਂਕਿ ਜਿੰਦਗੀ ਦੁੱਖ-ਸੁੱਖ ਦਾ ਸੁਮੇਲ ਹੈ ਅਤੇ ਇਸਨੂੰ ਕੱਟਣਾ ਨਹੀਂ, ਮਾਨਣਾ ਸਿੱਖੋ ।
ਜੇਕਰ ਤੁਹਾਡੇ ਕੋਲ ਦਿਲ ਤੋ ਸਾਥ ਦੇਣ ਵਾਲੇ ਰਿਸ਼ਤੇ ਹਨ ਤਾਂ ਉਹਨਾਂ ਨਾਲ ਦਿਮਾਗ਼ ਨਾਲ ਨਾ ਵਰਤੋ, ਸਗੋ ਸੱਚੇ ਮਨ ਤੋ ਇੱਕ ਦੂਜੇ ਦਾ ਸਾਥ ਦਿਓ।ਜਦੋ ਤਹਾਨੂੰ ਕੋਈ ਆਪਣਾ ਦੁੱਖ ਦੱਸਦਾ ਏ ਤਾਂ ਕੋਸ਼ਿਸ਼ ਕਰੋ ਕਿ ਉਸੇ ਵੇਲੇ ਆਪਣਾ ਦੁੱਖ ਨਾ ਸੁਣਾ ਕੇ ਅਗਲੇ ਦੇ ਮਨ ਉੱਤੇ ਹੋਰ ਬੋਝ ਨਾ ਪਵੇ। ਪਰ ਏਦਾਂ ਹੁੰਦਾ ਘੱਟ ਏ ਕਿਉਂਕਿ ਅਸੀਂ ਤਾਂ ਉਡੀਕ ਰਹੇ ਹੁੰਦੇ ਹਾਂ ਕਿ ਕਦੋ ਅਗਲਾ ਆਪਣੀ ਗੱਲ ਮੁਕਾਵੇ ਤੇ ਮੈ ਆਪਣੀ ਸੁਰੂ ਕਰ ਸਕਾਂ।
ਕਿਸੇ ਦੀ ਖੁਸ਼ੀ ਵਿੱਚ ਖੁਸ਼ ਹੋਣਾ ਤੇ ਦੁੱਖ ਹੋਣ ਉੱਤੇ ਨਾਲ ਖਲੋਣਾ ਸਿੱਖੀਏ, ਜ਼ਿੰਦਗੀ ਬਹੁਤ ਖੂਬਸੂਰਤ ਹੋ ਜਾਵੇਗੀ ਕੋਸ਼ਿਸ਼ ਕਰਕੇ ਵੇਖਣਾ ।