Articles Travel

ਦੋ ਮਹਾਂਦੀਪਾਂ ਵਿੱਚ ਫੈਲਿਆ ਹੋਇਆ ਸੰਸਾਰ ਦਾ ਇੱਕੋ ਇੱਕ ਸ਼ਹਿਰ, ਇਸਤੰਬੋਲ

ਲੇਖਕ: ਬਲਰਾਜ ਸਿੰਘ ਸਿੱਧੂ ਐਸ.ਪੀ., ਪੰਡੋਰੀ ਸਿੱਧਵਾਂ

ਤੁਰਕੀ ਦੇ ਸਭ ਤੋਂ ਵੱਡੇ ਸ਼ਹਿਰ ਇਸਤੰਬੋਲ (ਮੁਢਲਾ ਨਾਮ ਕੌਂਸਟੈਂਟੀਨੋਪੋਲ) ਨੂੰ ਇਹ ਮਾਣ ਹਾਸਲ ਹੈ ਕਿ ਇਹ ਸੰਸਾਰ ਦਾ ਵਾਹਿਦ ਸ਼ਹਿਰ ਹੈ ਜੋ ਦੋ ਮਹਾਂਦੀਪਾਂ, ਏਸ਼ੀਆ ਅਤੇ ਯੂਰਪ ਵਿੱਚ ਫੈਲਿਆ ਹੋਇਆ ਹੈ। ਇਸ ਦਾ ਨੀਂਹ ਪੱਥਰ 11 ਮਈ ਸੰਨ 330 ਈਸਵੀ ਵਿੱਚ ਬਾਈਜ਼ਨਟਾਈਨ ਸਾਮਰਾਜ ਦੇ ਪ੍ਰਸਿੱਧ ਸਮਰਾਟ ਕੌਨਸਟੈਂਟੀਨ ਮਹਾਨ ਨੇ ਰੱਖਿਆ ਸੀ। ਸਿਲਕ ਰੋਡ ‘ਤੇ ਪੈਂਦਾ ਹੋਣ ਕਾਰਨ ਬਾਈਜ਼ਨਟਾਈਨ ਸਾਮਰਾਜ ਦੀ ਰਾਜਧਾਨੀ ਇਹ ਸ਼ਹਿਰ ੧੪ ਸਦੀਆਂ ਤੱਕ ਯੂਰਪ ਦਾ ਸਭ ਤੋਂ ਵੱਧ ਅਬਾਦੀ ਵਾਲਾ ਖੁਸ਼ਹਾਲ ਸ਼ਹਿਰ ਰਿਹਾ। ਸੰਨ ੧੪੫੩ ਵਿੱਚ ਤੁਰਕੀ ਦੇ ਸੁਲਤਾਨ ਮਹਿਮੂਦ ਦੂਸਰੇ ਨੇ ਇਸ ‘ਤੇ ਕਬਜ਼ਾ ਜਮਾ ਲਿਆ ਤੇ ਇਸ ਦਾ ਨਾਮ ਬਦਲ ਕੇ ਇਸਤੰਬੋਲ ਕਰ ਦਿੱਤਾ।

ਇਸ ਵੇਲੇ ਇਸ ਦੀ ਅਬਾਦੀ ਇੱਕ ਕਰੋੜ ਸੱਠ ਲੱਖ ਹੈ ਤੇ ਇਹ 2576 ਸੁਕੇਅਰ ਕਿ.ਮੀ. ਵਿੱਚ  ਲਿਆ ਹੋਇਆ ਹੈ। ਇਸ ਦੇ ਇੱਕ ਪਾਸੇ ਕਾਲਾ ਸਾਗਰ ਹੈ ਤੇ ਦੂਸਰੇ ਪਾਸੇ ਮੈਡੀਟਰੇਰੀਅਨ ਸਾਗਰ।ਬਾਸਫੋਰਸ ਦੀ 300 ਮੀਟਰ ਚੌੜੀ ਖਾੜੀ ਇਸ ਦੇ ਯੂਰਪੀਨ ਅਤੇ ਏਸ਼ੀਅਨ ਹਿੱਸੇ ਨੂੰ ਦੋ ਭਾਗਾਂ ਵਿੱਚ ਵੰਡਦੀ ਹੈ। ਇਸ ਦੀ ਖੂਬਸੂਰਤੀ ਨੂੰ ਵੇਖਣ ਵਾਸਤੇ ਹਰ ਸਾਲ ਦੋ ਕਰੋੜ ਤੋਂ ਵੱਧ ਸੈਲਾਨੀ ਆਉਂਦੇ ਹਨ। ਇਸਤੰਬੋਲ ਵਿੱਚ ਸੈਂਕੜੇ ਹੀ ਵਿਸ਼ਵ ਪ੍ਰਸਿੱਧ ਵੇਖਣਯੋਗ ਸਮਾਰਕ ਹਨ ਪਰ ਹੇਠ ਲਿਖੇ ਸਮਾਰਕ ਸਭ ਤੋਂ ਵੱਧ ਪ੍ਰਸਿੱਧ ਹਨ।

ਹੇਗੀਆ ਸੋਫੀਆ ਅਜਾਇਬਘਰ – ਇਸਾਈ ਧਰਮ ਫਲਸਤੀਨ ਤੋਂ ਬਾਅਦ ਸਭ ਤੋਂ ਪਹਿਲਾਂ ਬਾਈਜ਼ਨਟਾਈਨ ਵਿੱਚ ਫੈਲਿਆ ਤੇ ਫਿਰ ਯੂਰਪ ਅਤੇ ਸਾਰੇ ਸਾਰੇ ਸੰਸਾਰ ਵਿੱਚ ਪਹੁੰਚ ਗਿਆ। ਬਾਈਜ਼ਨਟਾਈਨ ਸਮਰਾਟ  ਕੌਨਸਟੈਂਟੀਨ ਇਸਾਈ ਬਣਨ ਵਾਲਾ ਸੰਸਾਰ ਦਾ ਪਹਿਲਾ ਰਾਜਾ ਸੀ।  ਉਸ ਨੇ ਹੇਗੀਆ ਸੋਫੀਆ ਚਰਚ ਦੀ ਉਸਾਰੀ 15 ਫਰਵਰੀ ਸੰਨ 360 ਈਸਵੀ ਵਿੱਚ ਸ਼ੁਰੂ ਕਰਵਾਈ ਜੋ ਸੰਨ 537 ਵਿੱਚ 230 ਸਾਲ ਬਾਅਦ ਸਮਰਾਟ ਜਸਟੀਨੀਅਨ ਦੇ ਰਾਜ ਦੌਰਾਨ ਮੁਕੰਮਲ ਹੋਈ। ਸ਼ੁਰੂ ਵਿੱਚ ਇਹ ਛੋਟੀ ਜਿਹੀ ਚਰਚ ਸੀ ਪਰ ਆਉਣ ਵਾਲੇ ਸਾਲਾਂ ਵਿੱਚ ਇਸ ਦਾ ਐਨਾ ਵਿਸਤਾਰ ਕੀਤਾ ਗਿਆ ਕਿ ਇਹ ਇਸਾਈ ਧਰਮ ਦਾ ਕੇਂਦਰ ਬਿੰਦੂ ਬਣ ਗਈ। ਮੁੱਖ ਚਰਚ ਦੀ ਲੰਬਾਈ 82 ਮੀਟਰ, ਚੌੜਾਈ 73 ਮੀਟਰ ਅਤੇ ਉੱਚਾਈ ੫੫ ਮੀਟਰ ਹੈ। ਇਸ ਦੀ ਸਾਰੀ ਉਸਾਰੀ ਸਫੈਦ ਐਸ਼ਲਰ ਪੱਥਰ ਨਾਲ ਕੀਤੀ ਗਈ ਹੈ। ਇਸਤੰਬੋਲ ਦੀ ਜਿੱਤ ਤੋਂ ਬਾਅਦ ਸੰਨ 1453 ਵਿੱਚ ਸੁਲਤਾਨ ਮਹਿਮੂਦ ਨੇ ਇਸ ਨੂੰ ਮਸਜਿਦ ਵਿੱਚ ਤਬਦੀਲ ਕਰ ਦਿੱਤਾ। 1923 ਦੌਰਾਨ ਤੁਰਕੀ ਵਿੱਚ ਰਾਜਪਲਟਾ ਹੋ ਗਿਆ ਤੇ ਰਾਜਸ਼ਾਹੀ ਨੂੰ ਹਟਾ ਕੇ ਲੋਕਤਾਂਤਰਿਕ ਸਰਕਾਰ ਹੋਂਦ ਵਿੱਚ ਆ ਗਈ। ਪਹਿਲੇ ਪ੍ਰਧਾਨ ਮੰਤਰੀ ਕਮਾਲ ਅਤਾਤੁਰਕ ਨੇ 1 ਫਰਵਰੀ 1935 ਵਿੱਚ ਇਸ ਨੂੰ ਅਜਾਇਬਘਰ ਵਿੱਚ ਤਬਦੀਲ ਕਰ ਦਿੱਤਾ। ਹੁਣ ਇਸ ਨੂੰ ਹਰ ਸਾਲ ੪੦ ਲੱਖ ਤੋਂ ਵੱਧ ਸੈਲਾਨੀ ਵੇਖਣ ਲਈ ਆਉਂਦੇ ਹਨ। ਇਸ ਦੇ ਵਿਸ਼ਾਲ ਗੁੰਬਦ ਅਤੇ ਸ਼ਾਨਦਾਰ ਮੀਨਾਰ ਹਨ। ਇਸ ਦੇ ਅੰਦਰ ਅਤੇ ਬਾਹਰ ਈਸਾਈ ਅਤੇ ਮੁਸਲਿਮ ਧਰਮ ਨਾਲ ਸੰਬੰਧਿਤ ਲਾਮਿਸਾਲ ਚਿੱਤਰਕਾਰੀ, ਬੁੱਤਤਰਾਸ਼ੀ ਅਤੇ ਮੀਨਾਕਰੀ ਕੀਤੀ ਗਈ ਹੈ। 1985 ਵਿੱਚ ਇਸ ਨੂੰ ਯੂਨੈਸਕੋ ਵੱਲੋਂ ਵਰਲਡ ਹੈਰੀਟੇਜ਼ ਸਾਈਟ ਘੋਸ਼ਿਤ ਕੀਤਾ ਗਿਆ ਸੀ।

ਤੋਪਕਾਈ ਪੈਲੇਸ – ਤੋਪਕਾਈ ਪੈਲੇਸ ਦੀ ਉਸਾਰੀ ਸੁਲਤਾਨ ਮਹਿਮੂਦ ਦੂਸਰੇ ਨੇ ਤੁਰਕੀ ਦੇ ਸੁਲਤਾਨਾਂ ਦੀ ਸਰਕਾਰੀ ਰਿਹਾਇਸ਼ ਅਤੇ ਦਫਤਰ ਵਜੋਂ ਸੰਨ 1478 ਵਿੱਚ ਕਰਵਾਈ ਸੀ ਤੇ ਇਹ ਇਸਤੰਬੋਲ ਦੇ ਫਤਿਹ ਜਿਲ੍ਹੇ ਵਿੱਚ ਸਥਿੱਤ ਹੈ। ਇਸ ਦਾ ਕੁੱਲ ਖੇਤਰਫਲ ਕਰੀਬ ਸੱਤ ਲੱਖ ਸੁਕੇਅਰ ਮੀਟਰ ਹੈ। ਵੱਖ ਵੱਖ ਸੁਲਤਾਨਾਂ ਦੁਆਰਾ ਇਸ ਦਾ ਵਿਸਥਾਰ ਸੰਨ 1665 ਤੱਕ ਜਾਰੀ ਰਿਹਾ। ਇਸ ਦੇ ਚਾਰ ਮੁੱਖ ਹਿੱਸੇ ਅਤੇ ਕੁਝ ਛੋਟੀਆਂ ਇਮਾਰਤਾਂ ਹਨ। ਸੁਲਤਾਨ ਦੇ ਹਰਮ ਦੀ ਇਮਾਰਤ ਸਭ ਤੋਂ ਸ਼ਾਨਦਾਰ ਹੈ। ਸੰਨ 1856ਤੱਕ ਇਹ ਸੁਲਤਾਨਾਂ ਦੀ ਸਰਕਾਰੀ ਰਿਹਾਇਸ਼ ਬਣਿਆ ਰਿਹਾ ਜਦ ਤੱਕ ਸੁਲਤਾਨ ਅਬਦੁਲ ਮਾਜਿਦ ਨੇ ਆਪਣੀ ਰਿਹਾਇਸ਼ ਨਵੇਂ ਬਣੇ ਡੋਮਬੈਸ਼ ਮਹਿਲ ਵਿੱਚ ਨਾ ਤਬਦੀਲ ਕਰ ਲਈ। 1924 ਵਿੱਚ ਤੋਪਕਾਈ ਪੈਲੇਸ ਨੂੰ ਵੀ ਅਜਾਇਬਘਰ ਵਿੱਚ ਤਬਦੀਲ ਕਰ ਦਿੱਤਾ ਗਿਆ। ਇਸ ਪੈਲੇਸ ਵਿੱਚ ਸੈਂਕੜੇ ਬੈੱਡਰੂਮ, ਦਫਤਰ ਅਤੇ ਇੱਕ ਮੁੱਖ ਦਰਬਾਰ ਹਾਲ ਹੈ।  ਆਟੋਮਾਨ ਕਾਲ ਦੇ ਸ਼ਾਹੀ ਕੱਪੜੇ, ਹਥਿਆਰ, ਜਿਰ੍ਹਾ ਬਖਤਰ, ਇਤਿਹਾਸਕ ਦਸਤਾਵੇਜ਼, ਧਾਰਮਿਕ ਪੋਥੀਆਂ ਸਮੇਤ ਸੰਸਾਰ ਪ੍ਰਸਿੱਧ ਸਪੂਨਮੇਕਰ ਹੀਰਾ ਅਤੇ ਤੋਪਕਾਈ ਖੰਜ਼ਰ ਇਥੇ ਪ੍ਰਦਰਸ਼ਿਤ ਹਨ। ਇਹ ਵੀ ਯੂਨੈਸਕੋ ਦੀ ਵਰਲਡ ਹੈਰੀਟੇਡ ਸਾਈਟ ਹੈ।

ਨੀਲੀ ਮਸਜਿਦ (ਸੁਲਤਾਨ ਅਹਿਮਦ ਮਸਜਿਦ) – ਇਸ ਮਸਜਿਦ ਦੀ ਉਸਾਰੀ 1616 ਈਸਵੀ ਵਿੱਚ ਸੁਲਤਾਨ ਅਹਿਮਦ ਵੱਲੋਂ ਕਰਵਾਈ ਗਈ ਸੀ।  ਹਰ ਰੋਜ਼ ਨਮਾਜ਼ ਅਦਾ ਕਰਨ ਵਾਲੇ  ਮੋਮਨਾਂ ਤੋਂ ਇਲਾਵਾ ਹਜ਼ਾਰਾਂ ਟੂਰਿਸਟ ਇਸ ਨੂੰ ਵੇਖਣ ਲਈ ਆਉਂਦੇ ਹਨ। ਇਸ ਦੇ ਅੰਦਰ ਸੁਲਤਾਨ ਅਹਿਮਦ ਦੀ ਕਬਰ, ਇੱਕ ਮਦਰੱਸਾ ਅਤੇ ਦੇਸੀ ਦਵਾਖਾਨਾ ਚੱਲ ਰਿਹਾ ਹੈ। ਮਸਜਿਦ ਦੇ ਗੁੰਬਦਾਂ ‘ਤੇ ਨੀਲੀਆਂ ਟਾਈਲਾਂ ਲੱਗੀਆਂ ਹੋਣ ਕਾਰਨ ਇਸ ਨੂੰ ਨੀਲੀ ਮਸਜਿਦ ਕਿਹਾ ਜਾਂਦਾ ਹੈ। ਇਸ ਦੇ 13 ਗੁੰਬਦ, ੬ ਮੀਨਾਰ, ਸੈਂਕੜੇ ਪਿੱਲਰ ਅਤੇ 300 ਵੱਡੀਆਂ ਖਿੜਕੀਆਂ ਹਨ ਤੇ ਇਹ ਹੇਗੀਆ ਸੋਫੀਆ ਦੇ ਨਜ਼ਦੀਕ ਸਥਿੱਤ ਹੈ। ਇਸ ਦੀ ਭਵਨ ਨਿਰਮਾਣ ਕਲਾ ‘ਤੇ ਹੇਗੀਆ ਸੋਫੀਆ ਦਾ ਪ੍ਰਭਾਵ ਸਪਸ਼ਟ ਵੇਖਣ ਨੂੰ ਮਿਲਦਾ ਹੈ। ਇਸ ਮਸਜਿਦ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਵਿੱਚ ਸਿਰਫ ਸੁਲਤਾਨ ਨੂੰ ਘੋੜੇ ‘ਤੇ ਚੜ੍ਹ ਕੇ ਦਾਖਲ ਹੋਣ ਦੀ ਇਜ਼ਾਜ਼ਤ ਸੀ।  ਇਸ ਮਸਜਿਦ ਦਾ ਨਿਰਮਾਣ ਇਸ ਢੰਗ ਨਾਲ ਕੀਤਾ ਗਿਆ ਹੈ ਕਿ ਸਾਰੇ ਨਮਾਜ਼ੀ ਇਮਾਮ ਨੂੰ ਹਰ ਕੋਨੇ ਤੋਂ ਵੇਖ ਅਤੇ ਸੁਣ ਸਕਦੇ ਹਨ। 2020 ਵਿੱਚ ਇਸ ਦੀ ਵੱਡੇ ਪੱਧਰ ‘ਤੇ ਮੁਰੰਮਤ ਕੀਤੀ ਗਈ ਹੈ।

ਗਰੈਂਡ ਬਜ਼ਾਰ – ਗਰੈਂਡ ਬਜ਼ਾਰ ਸੰਸਾਰ ਦਾ ਸਭ ਤੋਂ ਵੱਡਾ ਢੱਕਿਆ ਹੋਇਆ ਬਜ਼ਾਰ ਹੈ। 30700 ਸੁਕੇਅਰ ਮੀਟਰ ਵਿੱਚ ਫੈਲੇ ਇਸ ਬਜ਼ਾਰ ਦੀਆਂ ੬੧ ਗਲੀਆਂ ਅਤੇ ੪੦੦੦ ਦੁਕਾਨਾਂ ਪੱਥਰ ਦੀ ਮੇਹਰਾਬਦਾਰ ਛੱਤ ਨਾਲ ਢੱਕੀਆਂ ਹੋਈਆਂ ਹਨ। ਇਹ ਸੰਸਾਰ ਪੱਧਰ ‘ਤੇ ਐਨਾ ਪ੍ਰਸਿੱਧ ਹੈ ਕਿ ਰੋਜ਼ਾਨਾ ਪੰਜ ਲੱਖ ਤੋਂ ਵੱਧ ਸੈਲਾਨੀ ਇਸ ਨੂੰ ਵੇਖਣ ਅਤੇ ਖਰੀਦਦਾਰੀ ਕਰਨ ਲਈ ਆਉਂਦੇ ਹਨ। ਇਸ ਨੂੰ ਸੰਸਾਰ ਦਾ ਪਹਿਲਾ ਸ਼ਾਪਿੰਗ ਮਾਲ ਮੰਨਿਆਂ ਜਾਂਦਾ ਹੈ। ਇਹ ਕਿਲ੍ਹੇ ਅੰਦਰਲੇ ਪੁਰਾਣੇ ਸ਼ਹਿਰ ਵਿੱਚ ਸਥਿੱਤ ਹੈ। ਜਿਆਦਾਤਰ ਕੱਪੜਿਆਂ ਦੀਆਂ ਦੁਕਾਨਾਂ ਹੋਣ ਕਾਰਨ ਇਸ ਦਾ ਤੁਰਕੀ ਨਾਮ ਕੈਵਾਹਰ ਬਦਸਤਾਨ (ਕੱਪੜੇ ਦੀ ਮੰਡੀ) ਹੈ। ਮੁਢਲੇ ਰੂਪ ਵਿੱਚ  ਦੀ ਉਸਾਰੀ ੧੪੫੫ ਵਿੱਚ ਸੁਲਤਾਨ ਮਹਿਮੂਦ ਨੇ ਸ਼ਰੂ ਕਰਵਾਈ ਜੋ 1461ਵਿੱਚ ਖਤਮ ਹੋਈ। ਸਦੀਆਂ ਤੱਕ ਇਸ ਦਾ ਵਿਸਤਾਰ ਹੁੰਦਾ ਰਿਹਾ ਹੈ। ਇਸ ਬਜ਼ਾਰ ਦੇ 18 ਗੇਟ ਹਨ ਜੋ ਰਾਤ 10 ਵਜੇ ਤੋਂ ਲੈ ਕੇ ਅਗਲੀ ਸਵੇਰ 8 ਵਜੇ ਤੱਕ ਬੰਦ ਰਹਿੰਦੇ ਸਨ। ਇਸ ਵੇਲੇ ਇਥੇ ਮੁੱਖ ਤੌਰ ਤੇ ਗਹਿਣੇ, ਕੱਪੜੇ, ਇਤਰ ਅਤੇ ਮਸਾਲਿਆਂ ਸਮੇਤ ਰੋਜ਼ਮੱਰਾ ਦੀ ਤਕਰੀਬਨ ਹਰ ਜਰੂਰਤ ਦੀ ਵਸਤੂ ਵਿਕਦੀ ਹੈ।

ਬਾਸੀਲੀਕਾ ਜਲ ਭੰਡਾਰ – ਪੁਰਾਤਨ ਇੰਜੀਨੀਅਰਿੰਗ ਕਲਾ ਦੀ ਮਿਸਾਲ ਬਾਸੀਲੀਕਾ ਜਲ ਭੰਡਾਰ ਪੁਰਾਣੇ ਇਸਤੰਬੋਲ ਦੇ ਪੀਣ ਵਾਲੇ ਪਾਣੀ ਦੀ ਜਰੂਰਤ ਪੂਰੀ ਕਰਨ ਵਾਲਾ ਵਿਸ਼ਾਲ ਜ਼ਮੀਨ ਦੋਜ਼ ਭੰਡਾਰ ਹੈ ਜਿਸ ਦੀ ਉਸਾਰੀ 6ਵੀਂ ਸਦੀ ਵਿੱਚ ਸਮਰਾਟ ਜਸਟੀਨੀਅਨ ਦੁਆਰਾ ਹੈਗੀਆ ਸੋਫੀਆ ਤੋਂ ਕਰੀਬ 150 ਮੀਟਰ ਦੂਰ ਕਰਵਾਈ ਗਈ ਸੀ। ਇਹ ਜਲ ਭੰਡਾਰ 138 ਮੀਟਰ ਲੰਬਾ, 65 ਮੀਟਰ ਚੌੜਾ ਅਤੇ 9 ਮੀਟਰ ਡੂੰਘਾ ਹੈ ਤੇ ਇਸ ਵਿੱਚ ਉਤਰਨ ਲਈ 52 ਪੌੜੀਆਂ ਬਣੀਆਂ ਹੋਈਆਂ ਹਨ। ਇਸ ਦੀ 28 ਲੱਖ ਕਿਊਬਕ ਫੁੱਟ ਪਾਣੀ ਸਟੋਰ ਕਰਨ ਦੀ ਸਮਰੱਥਾ ਹੈ। ਇਸ ਦੀ ਛੱਤ ਨੂੰ ਸਹਾਰਾ ਦੇਣ ਲਈ ਸ਼ਾਨਦਾਰ ਮੀਨਾਕਰੀ ਵਾਲੇ 336 ਸੰਗਮਰਮਰ ਦੇ ਖੰਭੇ ਬਣੇ ਹੋਏ ਹਨ। ਇਸ ਜਲ ਭੰਡਾਰ ਨੂੰ 15000 ਗੁਲਾਮਾਂ ਨੇ 10 ਸਾਲ ਦੀ ਕਰੜੀ ਮਿਹਨਤ ਤੋਂ ਬਾਅਦ ਤਿਆਰ ਕੀਤਾ ਸੀ। ਆਸ ਪਾਸ ਦੇ ਇਲਾਕੇ ਨੂੰ ਸੇਮ ਅਤੇ ਸਲ੍ਹਾਭੇ ਤੋਂ ਬਚਾਉਣ ਲਈ ਸਾਰੇ ਪਾਸੇ ਤੋਂ ਚਾਰ ਮੀਟਰ ਮੋਟੀ ਇੱਟਾਂ ਦੀ ਫਰਸ਼ ਨਾਲ ਸੀਲ ਕੀਤਾ ਗਿਆ ਹੈ। ਇਸ ਵਿੱਚ ਪਾਣੀ 19 ਕਿ.ਮੀ. ਦੂਰ ਤੋਂ ਧਰਤੀ ਹੇਠਲੀ ਨਹਿਰ ਰਾਹੀਂ ਬੈਲਗਰੇਡ ਜੰਗਲ ਦੇ ਚਸ਼ਮਿਆਂ ਤੋਂ ਆਉਂਦਾ ਹੈ। ਇਹ ਐਨਾ ਪ੍ਰਸਿੱਧ ਹੈ ਜੇਮਜ਼ ਬਾਂਡ ਦੀ ਫਿਲਮ ‘ਵਿੱਦ ਲਵ ਫਰਾਮ ਰਸ਼ੀਆ’ ਸਮੇਤ ਅਨੇਕਾਂ ਸੁਪਰ ਹਿੱਟ ਹਾਲੀਵੁੱਡ ਫਿਲਮਾਂ ਦੀ ਸ਼ੂਟਿੰਗ ਇਥੇ ਹੋ ਚੁੱਕੀ ਹੈ। ਇਸ ਦੇ ਉੱਪਰ ਇੱਕ ਸ਼ਾਨਦਾਰ ਬਗੀਚਾ ਲਗਾਇਆ ਗਿਆ ਹੈ।

ਡੋਮਬੈਸ਼ ਮਹਿਲ – ਡੋਮਬੈਸ਼ ਮਹਿਲ ਦੀ ਉਸਾਰੀ ਸੁਲਤਾਨ ਅਬਦੁਲਮੈਸਿਦ ਪਹਿਲੇ ਨੇ 1843 ਵਿੱਚ ਸ਼ੁਰੂ ਕਰਵਾਈ ਜੋ 1856 ਵਿੱਚ ਮੁਕੰਮਲ ਹੋਈ।  ਸੁਲਤਾਨ ਅਬਦੁਲਮੈਸਿਦ ਦੁਨੀਆਂ ਘੁੰਮਣ ਦਾ ਬਹੁਤ ਸ਼ੌਕੀਨ ਸੀ। ਉਸ ਨੂੰ ਲੱਗਾ ਕਿ ਤੋਪਕਾਈ ਪੈਲੇਸ ਯੂਰਪੀਨ ਰਾਜਿਆਂ ਦੇ ਮਹਿਲਾਂ ਜਿੰਨਾਂ ਅਧੁਨਿਕ ਅਤੇ ਖੂਬਸੂਰਤ ਨਹੀਂ ਹੈ। ਡੋਮਬੈਸ਼ ਮਹਿਲ ਇਸਤੰਬੋਲ ਦੇ ਯੂਰਪੀਨ ਪਾਸੇ ਵੱਲ ਬਾਸਫੋਰਸ ਖਾੜੀ ਦੇ ਕਿਨਾਰੇ ‘ਤੇ ਸਥਿੱਤ ਹੈ। ਇਸ ਮਹਿਲ ਦੀ ਉਸਾਰੀ ‘ਤੇ ਅੱਜ ਦੇ ਹਿਸਾਬ ਨਾਲ 15 ਅਰਬ ਰੁਪਏ ਦੀ ਲਾਗਤ ਆਈ ਸੀ। ਇਹ ਉਸ ਵੇਲੇ ਤੁਰਕੀ ਦਾ ਇੱਕ ਸਾਲ ਦੇ ਬਜ਼ਟ ਦੇ ਬਰਾਬਰ ਸੀ। ਇਸ ਖਰਚੇ ਨੇ ਤੁਰਕੀ ਦੀ ਆਰਥਿਕ ਹਾਲਤ ਖਸਤਾ ਕਰ ਦਿੱਤੀ ਜੋ ਹੌਲੀ ਹੌਲੀ ਇਸ ਨੂੰ ਬਰਬਾਦੀ ਵੱਲ ਲੈ ਗਈ ਤੇ ਪਹਿਲੇ ਸੰਸਾਰ ਯੂੱਧ ਵਿੱਚ ਤੁਰਕੀ ਦੀ ਲੱਕ ਤੋੜਵੀਂ ਹਾਰ ਹੋਈ। ਇਸ ਕਾਰਨ ਡੋਮਬੈਸ਼ ਮਹਿਲ ਨੂੰ ਅੱਜ ਵੀ ਤੁਰਕੀ ਵਿੱਚ ਮਨਹੂਸ ਸਮਝਿਆ ਜਾਂਦਾ ਹੈ। 1938 ਵਿੱਚ ਇਸ ਨੂੰ ਆਮ ਜਨਤਾ ਲਈ ਖੋਲ੍ਹ ਦਿੱਤਾ ਗਿਆ। ਇਸ ਦਾ ਰਕਬਾ 12 ਏਕੜ ਹੈ ਤੇ ਇਸ ਵਿੱਚ 285 ਕਮਰੇ, 46 ਹਾਲ, 6 ਹਮਾਮ ਅਤੇ 68 ਟਾਇਲਟ ਹਨ। ਇਸ ਦੀ ਭਵਨ ਨਿਰਮਾਣ ਕਲਾ ਯੂਰਪੀਨ ਹੈ। ਕਲਾ ਦੇ ਹੋਰ ਨਯਾਬ ਨਮੂਨਿਆਂ ਸਮੇਤ ਮਹਿਲ ਵਿੱਚ ਸਾਰੇ ਸੰਸਾਰ ਪ੍ਰਸਿੱਧ ਚਿਤਰਕਾਰਾਂ ਦੇ ਬਣਾਏ ਹੋਏ ਦੁਰਲੱਭ ਚਿੱਤਰ ਲੱਗੇ ਹੋਏ ਹਨ।
ਉਰੋਕਤ ਤੋਂ ਇਲਾਵਾ ਇਸਤੰਬੋਲ ਵਿੱਚ ਖਾਸ ਤੌਰ ‘ਤੇ ਵੇਖਣਯੋਗ ਬਾਸਫੋਰਸ ਦੀ ਖਾੜੀ, ਗਲਾਤਾ ਟਾਵਰ, ਰੇਸਕੋਰਸ ਅਤੇ ਤਕਸਿਮ ਚੌਂਕ ਆਦਿ ਵਿਸ਼ਵ ਪ੍ਰਸਿੱਧ ਥਾਵਾਂ ਹਨ।

Related posts

If Division Is What You’re About, Division Is What You’ll Get

admin

Emirates Illuminates Skies with Diwali Celebrations Onboard and in Lounges

admin

Sydney Opera House Glows Gold for Diwali

admin