Articles Sport

ਦੋ ਮਹਾਨ ਆਸਟ੍ਰੇਲੀਅਨ ਕ੍ਰਿਕਟਰ ਸ਼ੇਨ ਵਾਰਨ ਤੇ ਰੌਡ ਮਾਰਸ਼ ਦੁਨੀਆਂ ਤੋਂ ਰੁਖਸਤ ਹੋ ਗਏ !

ਲੇਖਕ: ਡਾ. ਬਲਜਿੰਦਰ ਸਿੰਘ, ਸਹਾਇਕ ਪ੍ਰੋਫੈਸਰ, ਜੀ. ਐਚ. ਜੀ ਖਾਲਸਾ ਕਾਲਜ, ਗੁਰੂਸਰ ਸੁਧਾਰ

ਆਸਟ੍ਰੇਲੀਆਈ ਕ੍ਰਿਕੇਟ ਜਗਤ ਦੇ ਦੋ ਮਹਾਨ ਕ੍ਰਿਕੇਟਰ ਸ਼ੇਨ ਵਾਰਨ ਤੇ ਰੋਡ ਮਾਰਸ਼ ਸਾਨੂੰ ਸਦਾ ਲਈ ਅਲਵਿਦਾ ਆਖ ਦੁਨੀਆਂ ਤੋਂ ਰੁਖ਼ਸਤ ਹੋ ਗਏ ਹਨ। ਸਪਿਨਰਾਂ ਵਿੱਚੋਂ ਸਭ ਤੋਂ ਖ਼ਤਰਨਾਕ ਸਪਿਨਰ ਮੰਨੇ ਜਾਣ ਵਾਲੇ ਸ਼ੇਨ ਵਾਰਨ ਨੇ ਥਾਈਲੈਂਡ ਦੇ ਕੋਹ ਸਾਮੂਈ ‘ਚ ਅਖ਼ੀਰਲਾ ਸਾਹ ਲਿਆ। ਵਾਰਨ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ। ਵਾਰਨ ਦੇ ਨਜ਼ਦੀਕੀਆਂ ਮੁਤਾਬਕ ਸ਼ੇਨ ਵਾਰਨ ਥਾਈਲੈਂਡ ਦੇ ਕੋਹ ਸਾਮੂਈ ਦੇ ਇਕ ਵਿਲਾ ‘ਚ ਬੇਹੋਸ਼ ਮਿਲੇ। ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਵਿਕਟੋਰੀਆ ਵਿੱਚ 13 ਸਤੰਬਰ 1969 ਨੂੰ ਜਨਮੇ ਸ਼ੇਨ ਵਾਰਨ ਨੇ ਭਾਰਤ ਦੇ ਖਿਲਾਫ 1992 ਵਿੱਚ ਸਿਡਨੀ ਟੈਸਟ ਵਿੱਚ ਅੰਤਰਰਾਸ਼ਟਰੀ ਡੈਬਿਊ ਕੀਤਾ ਸੀ। ਉਸਨੇ ਆਪਣਾ ਆਖਰੀ ਟੈਸਟ ਮੈਚ ਜਨਵਰੀ 2007 ਵਿੱਚ ਸਿਡਨੀ ਵਿੱਚ ਹੀ ਇੰਗਲੈਂਡ ਦੇ ਖਿਲਾਫ ਖੇਡਿਆ ਸੀ।

ਇਕ ਵਾਰ ਇੰਗਲੈਂਡ ਖਿਲਾਫ ਵਾਰਨ ਨੇ ਅਜਿਹੀ ਗੇਂਦ ਸੁੱਟੀ ਸੀ ਕਿ ਮਹਾਨ ਬੱਲੇਬਾਜ਼ ਮਾਈਕ ਗੈਟਿੰਗ ਨੇ ਇਸ ਨੂੰ ਵਾਈਡ ਸਮਝਦੇ ਹੋਏ ਛੱਡ ਦਿੱਤਾ ਸੀ, ਜਦਕਿ ਇਹ ਗੇਂਦ ਇੰਨੀ ਟਰਨ ਹੋ ਗਈ ਸੀ ਕਿ ਇਹ ਘੁੰਮਕੇ ਵਿਕਟ ‘ਤੇ ਆ ਵੱਜੀ। ਮਹਾਨ ਸਪਿਨਰ ਸ਼ੇਨ ਵਾਰਨ ਨੇ 1993 ਦੀ ਐਸ਼ੇਜ਼ ਦੌਰਾਨ ਮੈਨਚੈਸਟਰ ਵਿੱਚ ਓਲਡ ਟ੍ਰੈਫੋਰਡ ਟੈਸਟ ਵਿੱਚ ਇੰਗਲੈਂਡ ਦੇ ਮਾਈਕ ਗੈਟਿੰਗ ਨੂੰ ਜਿਸ ਗੇਂਦ ‘ਤੇ ਬੋਲਡ ਕੀਤਾ ਸੀ, ਉਸ ਨੂੰ ਕ੍ਰਿਕਟ ਇਤਿਹਾਸ ਦੀ ‘ਬਾਲ ਆਫ਼ ਦੀ ਸੈਂਚੂਰੀ’ ਕਿਹਾ ਜਾਂਦਾ ਹੈ।

ਆਪਣੀ ਫਿਰਕੀ ਦੇ ਜਾਦੂ ਨਾਲ ਵਾਰਨ ਨੇ ਆਪਣੇ ਸਮੇਂ ਦੇ ਲਗਭਗ ਸਾਰੇ ਦਿੱਗਜਾਂ ਨੂੰ ਆਪਣੀ ਸਪਿਨ ਦੇ ਜਾਲ ਵਿੱਚ ਫਸਾਇਆ। ਵਾਰਨ ਨੇ ਆਪਣੇ 145 ਮੈਚਾਂ ਦੇ ਟੈਸਟ ਕਰੀਅਰ ਵਿੱਚ 708 ਵਿਕਟਾਂ ਲਈਆਂ, ਜੋ ਮੁਥੱਈਆ ਮੁਰਲੀਧਰਨ (800 ਵਿਕਟਾਂ) ਤੋਂ ਬਾਅਦ ਟੈਸਟ ਕ੍ਰਿਕਟ ਵਿੱਚ ਸਭ ਤੋਂ ਵੱਧ ਵਿਕਟਾਂ ਹਨ। ਵਨਡੇ ‘ਚ ਉਨ੍ਹਾਂ ਨੇ 194 ਮੈਚਾਂ ‘ਚ 293 ਵਿਕਟਾਂ ਲੈਣ ਦਾ ਰਿਕਾਰਡ ਬਣਾਇਆ ਹੈ। ਪਹਿਲੀ ਸ਼੍ਰੇਣੀ ਕ੍ਰਿਕਟ ਵਿੱਚ ਵੀ ਉਨ੍ਹਾਂ ਦੇ ਖਾਤੇ ਵਿੱਚ 1319 ਵਿਕਟਾਂ ਸਨ।

1999 ‘ਚ ਉਹ ਆਸਟ੍ਰੇਲੀਆ ਦੇ ਉਪ ਕਪਤਾਨ ਵੀ ਬਣੇ ਪਰ ਉਨ੍ਹਾਂ ਨੂੰ ਕਦੇ ਵੀ ਕਪਤਾਨ ਬਣਨ ਦਾ ਮੌਕਾ ਨਹੀਂ ਮਿਲਿਆ। ਵੈਸੇ, ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿਣ ਤੋਂ ਬਾਅਦ ਵਾਰਨ ਨੇ ਪਹਿਲੀ ਵਾਰ ਆਈਪੀਐਲ ਦੀ ਕਪਤਾਨੀ ਕੀਤੀ ਅਤੇ ਪਹਿਲੇ ਹੀ ਸੀਜ਼ਨ ਵਿੱਚ ਰਾਜਸਥਾਨ ਰਾਇਲਜ਼ ਨੂੰ ਚੈਂਪੀਅਨ ਬਣਾਇਆ।

ਵਾਰਨ ਨੇ ਆਪਣੇ ਫੌਤ ਹੋਣ ਤੋਂ ਕੁੱਝ ਘੰਟੇ ਪਹਿਲਾਂ ਹੀ ਆਸਟ੍ਰੇਲੀਆ ਦੇ ਦਿਗੱਜ ਵਿਕਿਟਕੀਪਰ ਰੋਡ ਮਾਰਸ਼ ਨੂੰ ਆਪਣੇ ਟਵਿੱਟਰ ਹੈਂਡਲ ਤੇ ਸ਼ਰਧਾਂਜਲੀ ਦਿੱਤੀ ਸੀ। ਜਿਸਨੇ ਕੁੱਝ ਸਮਾਂ ਪਹਿਲਾਂ ਹੀ ਦੁਨੀਆ ਨੂੰ ਅਲਵਿਦਾ ਆਖਿਆ ਸੀ।

ਰੋਡ ਮਾਰਸ਼ ਆਸਟ੍ਰੇਲੀਆ ਵੱਲੋਂ 1970-71 ਤੋਂ 1983-84 ਤੱਕ ਬਤੌਰ ਵਿਕਿਟਕੀਪਰ ਖੇਡੇ। 96 ਟੈਸਟਾਂ ਵਿੱਚ, ਉਸਨੇ 355 ਵਿਕਟਕੀਪਿੰਗ ਆਊਟ ਕਰਨ ਦਾ ਵਿਸ਼ਵ ਰਿਕਾਰਡ ਕਾਇਮ ਕੀਤਾ, ਏਹੀ ਅੰਕੜਾ ਆਸਟ੍ਰੇਲੀਆਈ ਟੀਮ ਦੇ ਗੇਂਦਬਾਜ਼ ਡੇਨਿਸ ਲਿਲੀ ਨੇ ਗੇਂਦ ਨਾਲ ਹਾਸਿਲ ਕੀਤਾ। ਇਹ ਜੋੜੀ ਆਪਣੀ ਗੇਂਦਬਾਜ਼-ਵਿਕਟਕੀਪਰ ਸਾਂਝੇਦਾਰੀ ਲਈ ਜਾਣੀ ਜਾਂਦੀ ਸੀ, ਜਿਨ੍ਹਾਂ ਨੇ ਇਕੱਠੀਆਂ 95 ਟੈਸਟ ਵਿਕਟਾਂ ਹਾਸਲ ਕੀਤੀਆਂ, ਜੋ ਕਿ ਆਪਣੇ ਆਪ ਵਿੱਚ ਰਿਕਾਰਡ ਹੈ। ਇਸ ਜੋੜੀ ਨੇ ਇੱਕੋ ਸਮੇਂ ਵਿੱਚ ਆਪਣਾ ਟੈਸਟ ਡੈਬਿਊ ਕੀਤਾ ਅਤੇ ਇੱਕੋ ਮੈਚ ਵਿੱਚ ਟੈਸਟ ਕ੍ਰਿਕਟ ਤੋਂ ਸੰਨਿਆਸ ਲੈ ਲਿਆ।

ਇੱਕ ਦਿਨ ਵਿੱਚ ਆਸਟ੍ਰੇਲੀਆਈ ਕ੍ਰਿਕਟ ਦੇ ਮਹਾਨ ਦਿੱਗਜਾਂ ਦਾ ਤੁਰ ਜਾਣਾ ਬਹੁਤ ਅਫ਼ਸੋਸਦਾਇਕ ਹੈ ।

Related posts

HAPPY DIWALI 2025 !

admin

ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਗ੍ਰਿਫ਼ਤਾਰੀ ਨਾਲ ਪੰਜਾਬ ਪੁਲਿਸ ‘ਚ ਮਚੀ ਹਥੜਾ-ਦਫ਼ੜੀ !

admin

Shepparton Paramedic Shares Sikh Spirit of Service This Diwali

admin