ਬਲੈਕਪੂਲ ਸਮੁੰਦਰ ਦੇ ਕੰਢੇ ਤੇ ਹੋ ਰਹੀ ਚਹਿਲ ਪਹਿਲ ਹੌਲੀ ਹੌਲੀ ਘੱਟ ਕੇ ਚੁੱਪ ਦਾ ਰੂਪ ਧਾਰਨ ਕਰਦੀ ਜਾ ਰਹੀ ਸੀ। ਆਲੇ ਦੁਆਲੇ ਜਿੱਥੋਂ ਤਕ ਨਜ਼ਰ ਜਾਂਦੀ ਸੀ ਸਭ ਬੈਂਚ ਖਾਲੀ ਸਨ। ਕੇਵਲ ਸੁਰਿੰਦਰ ਅਤੇ ਜਗਦੀਸ਼ ਹੀ ਇਕ ਦੂਜੇ ਦੀ ਬਗਲ ਨਾਲ ਲੱਗੇ ਬੈਂਚ ਤੇ ਬੈਠੇ “ਬੀਚ” ਤੇ ਪਸਰਦੇ ਜਾ ਰਹੇ ਸਨਾਟੇ ਨੂੰ ਘੂਰ ਰਹੇ ਸਨ। ਹੋਟਲ ਸਾਹਮਣੇ ਹੀ ਸੀ ਇਸ ਲਈ ਕੋਈ ਕਾਹਲ ਨਹੀਂ ਸੀ। ਜਦੋਂ ਮਰਜ਼ੀ ਉਠੱ ਕੇ ਹੋਟਲ ਵਿਚ ਕਿਰਾਏ ਤੇ ਲਏ ਆਪਣੇ ਕਮਰੇ ‘ਚ ਜਾ ਸਕਦੇ ਸਨ। ਉਹ ਦੋ ਹਫ਼ਤਿਆਂ ਦੀਆਂ ਛੁੱਟੀਆਂ ਦੇ ਆਖਰੀ ਦਿਨ ਦੇ ਆਖਰੀ ਪੱਲ ਤੱਕ ਨੂੰ ਇਕ ਯਾਦਗਾਰ ਵਾਂਗ ਸਾਂਭਣਾ ਲੋਚਦੇ ਸਨ। ਉਹਨਾਂ ਦੇ ਮੂੰਹ ਸਮੁੰਦਰ ਦੀਆਂ ਚੜ੍ਹਦੀਆਂ ਲਹਿੰਦੀਆਂ ਲਹਿਰਾਂ ਵੱਲ ਸਨ। ਇੱਕੀ-ਦੁੱਕੀ ਕਾਰ ਲੰਘ ਜਾਂਦੀ ਪਰ ਸੜਕ ਦੇ ਦੋਵੇਂ ਕੋਣਿਆਂ ਉਤੇ ਦੂਰ ਤਕ ਕੋਈ ਤੁਰਦਾ ਨਜ਼ਰ ਨਹੀਂ ਸੀ ਆ ਰਿਹਾ। ਸਤੰਬਰ ਦੇ ਅੰਤ ਦੀ ਵਲੈਤੀ ਸ਼ਾਮ ਅਤੇ ਉਹ ਵੀ ਸਮੁੰਦਰ ਦੇ ਕੰਢੇ? ਹੌਲੀ ਹੌਲੀ ਰੁਮਕਦੀ ਸੀਤਲ ਪੌਣ ਦੀ ਛੋਹ ਸਰੀਰ ਤੇ ਪਾਏ ਕੋਟਾਂ ਦੇ ਅੰਦਰੋਂ ਦੀ ਇੰਝ ਮਹਿਸੂਸ ਹੋ ਰਹੀ ਸੀ ਜਿਵੇਂ ਕੋਈ ਮਨਚਲਾ ਆਸ਼ਕ ਸੰਗਦਿਆਂ ਹੋਇਆਂ ਆਪਣੀ ਮਾਸ਼ੂਕਾ ਨੂੰ ਗਲਵਕੜੀ ਪਾ ਰਿਹਾ ਹੋਵੇ।
ਗੂਹੜੇ ਕੇਸਰੀ ਰੰਗੇ ਅਸਤ ਹੁੰਦੇ ਸੂਰਜ ਨੂੰ ਸੁਰਿੰਦਰ ਬੜੇ ਹੀ ਧਿਆਨ ਨਾਲ ਵੇਖ ਰਹੀ ਸੀ। ਉਸਨੂੰ ਸੂਰਜ ਵਲ ਇੰਝ ਦੇਖਣਾ ਭਲਾ ਲੱਗਦਾ। ਉਹ ਜਦੋਂ ਦੀ ਇੱਥੇ ਛੁੱਟੀਆਂ ਕੱਟਣ ਆਈ ਸੀ ਰੋਜ਼ ਸ਼ਾਮ ਨੂੰ ਇੰਝ ਹੀ ਇਸ ਬੈਂਚ ਤੇ ਹੀ ਬੈਠ ਕੇ ਡੁੱਬਦੇ ਸੂਰਜ ਨੂੰ ਨਿਹਾਰਦੀ। ਅੱਜ ਵੀ ਉਹ ਉਹ ਇੱਥੇ ਹੀ ਬੈਠੀ ਸੀ। ਉਸਦੇ ਵੇਹੰਦਿਆਂ ਵੇਹੰਦਿਆਂ ਹੀ ਅੱਧਾ ਸੂਰਜ ਸਮੁੰਦਰ ਦੀਆਂ ਲਹਿਰਾਂ ਵਿਚ ਡੁੱਬ ਗਿਆ ਅਤੇ ਬਾਕੀ ਰਹਿੰਦਾ ਅੱਧਾ ਸੂਰਜ ਜਿਵੇਂ ਡੁੱਬਣ ਤੋਂ ਡਰਦਾ ਸਮੁੰਦਰ ਦੀਆਂ ਲਹਿਰਾਂ ਵਿਚ ਹੱਥ ਪੈਰ ਮਾਰ ਰਿਹਾ ਸੀ। ਪਰ ਲਹਿਰਾਂ ਸਨ ਕਿ ਆਪਣੀ ਸ਼ਰਾਰਤ ਨੂੰ ਬਰਕਰਾਰ ਰੱਖਦਿਆਂ ਸੂਰਜ ਦੇ ਚਿਹਰੇ ਦੇ ਉਤਰਾ-ਚੜ੍ਹਾਅ ਉਤੇ ਖਿੱਲੀਆਂ ਪਾ ਰਹੀਆਂ ਸਨ। ਫਿਰ ਸੁਰਿੰਦਰ ਦੀ ਗਵਾਹੀ ਵਿਚ ਹੀ ਸਮੁੰਦਰ ਦੀਆਂ ਲਹਿਰਾਂ ਨੇ ਸੂਰਜ ਨੂੰ ਆਪਣੀ ਬੁੱਕਲ ਵਿਚ ਲੁਕਾਕੇ ਅਲੋਪ ਕਰ ਲਿਆ। ਸੂਰਜ ਦਾ ਹਰਨ ਹੋ ਗਿਆ। ਪਤਾ ਨਹੀਂ ਅੱਜ ਉਸਨੂੰ ਕੀ ਹੋਇਆ? ਘਬਰਾਈ ਹੋਈ ਸੁਰਿੰਦਰ ਦਾ ਤ੍ਰਾਹ ਨਿਕਲ ਗਿਆ। ਉਸਨੂੰ ਲੱਗਾ ਕਿ ਸਮੁੰਦਰ, ਮੌਤ ਦਾ ਫਰਿਸ਼ਤਾ ਬਣਿਆ ਹੋਇਆ ਹੈ ਅਤੇ ਉਹ ਉਸਦੀ ਸੂਰਜ ਵਰਗੀ ਰੌਸ਼ਨ ਆਤਮਾ ਨੂੰ ਆਪਣੇ ਵਿਚ ਸਮੋਣ ਦਾ ਯਤਨ ਕਰ ਰਿਹਾ ਹੈ। ਪੱਲਾਂ ਵਿਚ ਹੀ ਹੁਣ ਉਸਦੀ ਆਪਣੀ ਹੋਂਦ ਵੀ ਬਸ ਖ਼ਤਮ ਹੀ ਸਮਝੋ। ਘਬਰਾ ਕੇ ਸੁਰਿੰਦਰ ਨੇ ਜਗਦੀਸ਼ ਵਲਾਂ ਤੱਕਿਆ। ਸ਼ੁਕਰ ਹੈ ਉਹ ਇਕੱਲੀ ਨਹੀਂ, ਜਗਦੀਸ਼ ਵੀ ਉਸਦੇ ਨਾਲ ਹੀ ਹੈ। ਉਸਨੂੰ ਤਸੱਲੀ ਹੋਈ ਅਤੇ ਉਸਨੇ ਆਪਣੇ ਮਨ ਦੇ ਡਰ ਨੂੰ ਇਕ ਪਾਸੇ ਕਰਦਿਆਂ ਸੋਚਿਆ: ਚੰਗਾ ਹੋਇਆ ਹੁਣ ਤਕ ਛੁੱਟੀਆਂ ਚੰਗੀਆਂ ਸੁੱਖ ਸਬੀਲੀ ਬੀਤ ਗਈਆਂ ਹਨ। ਬਸ ਹੋਰ ਇਕ ਦਿਨ ਦੀ ਹੀ ਤਾਂ ਗੱਲ ਹੈ। ਕਲ੍ਹ ਸ਼ਾਮੀਂ ਉਹਨਾਂ ਵਾਪਸ ਮੁੜ ਹੀ ਜਾਣਾ ਹੈ।
ਪਰ ਜਗਦੀਸ਼ ਸੋਚ ਰਿਹਾ ਸੀ ਕਾਸ਼ ਉਹ ਕੁਝ ਦਿਨ ਹੋਰ ਇੱਥੇ ਕੱਟ ਸਕਦੇ। ਉਸ ਨੇ ਮਹਿਸੂਸ ਕੀਤਾ ਕਿ ਜਿਸ ਦਿਨ ਉਹ ਇੱਥੇ ਪੁੱਜੇ ਸਨ ਉਸ ਦਿਨ ਨਾਲੋਂ ਹੁਣ ਸੁਰਿੰਦਰ ਦੀ ਸਿਹਤ ਅੱਗੇ ਨਾਲੋਂ ਕੁਝ ਚੰਗੀ ਸੀ। ਇੱਥੇ ਆ ਕੇ ਪਹਿਲੇ ਦੋ ਤਿੰਨ ਦਿਨ ਤਾਂ ਸੁਰਿੰਦਰ ਦਾ ਦਿੱਲ ਡੱਕੇ ਡੋਲੇ ਹੀ ਖਾਂਦਾ ਰਿਹਾ ਪਰ ਫਿਰ ਜਦ ਉਸ ਨੇ ਸਮੁੰਦਰ ਦੇ ਕੰਢੇ ਤੇ ਗੋਰੇ ਅਪਾਹਜਾਂ ਨੂੰ ਵੀ ਆਨੰਦ ਮਾਣਦਿਆਂ ਤੱਕਿਆ ਤਾਂ ਉਸ ਨੇ ਆਪਣੇ ਆਪ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ। ਹੁਣ ਉਹ ਵੀ ਆਲੇ ਦੁਆਲੇ ਦੇ ਨਜ਼ਾਰਿਆਂ ਵਿਚ ਦਿਲਚਸਪੀ ਲੈਣ ਲੱਗੀ ਸੀ। ਸਮੁੰਦਰ ਦੇ ਕੰਢੇ ਦੀ ਸੈਰ ਅਤੇ ਤਾਜ਼ੀ ਹਵਾ ਉਸ ਦੇ ਮਨ ਨੂੰ ਹੌਸਲਾ ਦਿੰਦੀ ਪਰਤੀਤ ਹੋ ਰਹੀ ਸੀ। ਹੁਣ ਉਸਦੇ ਚਿਹਰੇ ਉਤੇ ਵੀ ਥੋੜੀ ਜਿਹੀ ਰੌਣਕ ਨਜ਼ਰ ਆ ਰਹੀ ਸੀ। ਕਾਸ਼ ਉਹ ਦੋ ਹਫ਼ਤੇ ਹੋਰ ਇੱਥੇ ਰਹਿ ਸਕਣ? ਦੋਵੇਂ ਰੀਟਾਇਰ ਸਨ। ਘਰ ਜਾ ਕੇ ਵੀ ਕੀ ਕਰਨਾ ਸੀ। ਜਗਦੀਸ਼ ਨੇ ਤਾਂ ਹੋਟਲ ਵਾਲਿਆਂ ਨੂੰ ਵੀ ਪੁੱਛ ਲਿਆ ਸੀ ਕਿ ਜੇਕਰ ਉਸਦੀ ਪਤਨੀ ਮੰਨ ਗਈ ਤਾਂ ਉਹ ਸ਼ਾਇਦ ਹੋਰ ਦੋ ਹਫ਼ਤੇ ਰਹਿਣਾ ਪਸੰਦ ਕਰਨਗੇ। ਪਰ ਸੁਰਿੰਦਰ ਕਿਸੇ ਵੀ ਹਾਲਤ ਵਿਚ ਦੋ ਹਫ਼ਤਿਆਂ ਤੋਂ ਵੱਧ ਇੱਥੇ ਨਹੀਂ ਸੀ ਰਹਿਣਾ ਚਾਹੁੰਦੀ। ਜਗਦੀਸ਼ ਨੂੰ ਇੰਨੇ ਵਰ੍ਹੇ ਉਸ ਨਾਲ ਇਕੱਠੇ ਰਹਿੰਦਿਆਂ ਹੋ ਗਏ ਸਨ। ਉਸ ਨੇ ਜਾਣ ਲਿਆ ਸੀ ਕਿ ਜੇਕਰ ਸੁਰਿੰਦਰ ਆਪਣੀ ਜ਼ਿੱਦ ਫੜ ਲਵੇ ਤਾਂ ਫਿਰ ਉਸ ਨੂੰ ਆਪਣੀ ਆਈ ਤੋਂ ਟੱਲਣ ਲਈ ਕੋਈ ਵੀ ਉਸ ਨੂੰ ਮਜ਼ਬੂਰ ਨਹੀਂ ਸੀ ਕਰ ਸਕਦਾ। ਉਸਨੇ ਇਹਨਾਂ ਦੋ ਹਫ਼ਤੇ ਦੀਆਂ ਛੁੱਟੀਆਂ ਲਈ ਹੀ ਹਾਂ ਕਰ ਦਿੱਤੀ ਇਹੋ ਹੀ ਬਹੁਤ ਵੱਡਾ ਕਾਰਨਾਮਾ ਹੋ ਗਿਆ ਸੀ। ਇਹ ਤਾਂ ਭਲਾ ਹੋਵੇ ਤੀਜੇ ਘਰ ਵਾਲੇ ਗਵਾਂਢੀ ਦਾ ਜਿਸ ਦੇ ਹੌਸਲਾ ਦੇਣ ਤੇ ਉਹ ਦੋ ਹਫ਼ਤੇ ਦੀਆਂ ਛੁੱਟੀਆਂ ਲਈ ਹੀ ਰਾਜ਼ੀ ਹੋ ਗਈ। ਨਹੀਂ ਤਾਂ ਉਸਨੇ ਤਾਂ ਬਸ ਇੱਕ ਨੰਨਾ ਹੀ ਫੜ ਰੱਖਿਆ ਸੀ।
ਜਗਦੀਸ਼ ਨੂੰ ਜੈਕ ਅਤੇ ਕੈਥੀ ਦਾ ਖਿਆਲ ਆਇਆ। ਮਨ ਹੀ ਮਨ ਉਸਨੇ ਉਹਨਾਂ ਦਾ ਧੰਨਵਾਦ ਅਦਾ ਕੀਤਾ। ਇਕ ਦਿਨ ਜੈਕ ਅਤੇ ਕੈਥੀ “ਸ਼ੌਪਿੰਗ” ਕਰਕੇ ਆਏ ਤਾਂ ਘਰ ਦੇ ਅੱਗੇ ਕਾਰ ਪਾਰਕ ਕਰਦਿਆਂ ਉਹਨਾਂ ਨੇ ਜਦੋਂ ਜਗਦੀਸ਼ ਨੂੰ ਬਾਹਰਲੇ ਗਾਰਡਨ ਦੇ ਕੱਟੇ ਘਾਹ ਨੂੰ ਹਰੇ ਬੈਗਾਂ ਵਿਚ ਪਾਉਂਦੇ ਤੱਕਿਆ ਤਾਂ ਹੈਲੋ ਹੈਲੋ ਕਰਦੇ ਘਰ ਦੇ ਮੂਹਰੇ ਹੀ ਆ ਗਏ। ਉਹਨਾਂ ਨੇ ਸਰਸਰੀ ਤੌਰ ਤੇ ਸਾਰਿਆਂ ਦੀ ਰਾਜ਼ੀ ਖੁਸ਼ੀ ਅਤੇ ਵਿਸ਼ੇਸ਼ ਕਰਕੇ ਜਗਦੀਸ਼ ਦੀ ਪਤਨੀ ਸੁਰਿੰਦਰ ਦੀ ਸਿਹਤ ਬਾਰੇ ਪੁੱਛਿਆ। ਜਗਦੀਸ਼ ਨੇ ਆਪਣੇ ਜੱਦੀ ਸੁਭਾਅ ਅੱਗੇ ਗੋਡੇ ਟੇਕਦਿਆਂ, ਘਾਹ ਦਾ ਬੈਗ ਬਾਹਰ ਹੀ ਛੱਡ ਕੇ, ਉਹਨਾਂ ਨੂੰ ਅੰਦਰ ਚਲਣ ਦਾ ਸੱਦਾ ਦਿੱਤਾ।
ਉਂਝ ਗੋਰੇ ਤਾਂ ਕਿਸੇ ਨੂੰ ਆਪਣੇ ਘਰ ਬਿਨਾਂ ਅਗਾਊਂ ਸੱਦਾ ਦਿੱਤਿਆ ਵੜਨ ਹੀ ਨਹੀਂ ਦਿੰਦੇ। ਪਰ ਜਗਦੀਸ਼ ਗੋਰਾ ਨਹੀਂ ਸੀ। ਜੈਕ ਤੇ ਕੈਥੀ ਉਸਦੇ ਗਵਾਂਢੀ ਸਨ। ਜੈਕ ਰੀਟਾਇਰਡ ਅਧਿਆਪਕ ਸੀ। ਉਹਨਾਂ ਦੀ ਜਗਦੀਸ਼ ਦੇ ਸਾਰੇ ਪਰਵਾਰ ਨਾਲ ਚੰਗੀ ਸਾਂਝ ਸੀ। ਪਿਛਲੇ ਚਾਰ ਵਰ੍ਹਿਆਂ ਤੋਂ ਇਹ ਸਾਂਝ ਹੋਰ ਵੀ ਵੱਧਦੀ ਗਈ ਸੀ ਕਿਉਂਕਿ ਜੈਕ ਨੇ ਜਗਦੀਸ਼ ਪਾਸੋਂ ਬੋਲਣ ਯੋਗੀ ਪੰਜਾਬੀ ਸਿੱਖਣੀ ਆਰੰਭ ਕਰ ਦਿੱੱਤੀ ਸੀ। ਉਸਦੀ ਪਤਨੀ ਕੈਥੀ ਨੂੰ ਪੰਜਾਬੀ ਬੋਲੀ ਵਿਚ ਕੋਈ ਦਿਲਚਸਪੀ ਨਹੀਂ ਸੀ ਪਰ ਉਹ ਪੰਜਾਬੀ ਖਾਣਿਆਂ ਦੀ ਸ਼ੌਕੀਨ ਸੀ। ਕਈ ਵਾਰੀ ਉਹ ਜਗਦੀਸ਼ ਪਾਸੋਂ ਹਿੰਦੀ ਜਾਂ ਪੰਜਾਬੀ ਦੀਆਂ ਫਿਲਮਾਂ ਵੀ ਵੇਖਣ ਲਈ ਲੈ ਜਾਂਦੇ। ਟੀਵੀ ਤੇ ਆਏ ਮਹਾਂਭਾਰਤ ਦਾ ਸੀਰੀਅਲ ਉਹਨਾਂ ਨੇ ਬੜੀ ਦਿਲਚਸਪੀ ਨਾਲ ਵੇਖਿਆ ਸੀ। ਦੋਹਾਂ ਪਰਵਾਰਾਂ ਦੀ ਚੰਗੀ ਨਿੱਭ ਰਹੀ ਸੀ। ਫਰੰਟ ਰੂਮ ਵਿਚ ਬੈਠਦਿਆਂ ਹੀ ਜੈਕ ਨੇ ਸਵਾਲ ਕੀਤਾ: “ਸਾਰੇ ਕਿ–ਵੇਂ ਨੇ?”
ਹੁਣ ਸਾਰਿਆਂ ਵਿਚੋਂ ਇੱਥੇ ਹੋਰ ਕੌਣ ਰਹਿ ਗਏ ਸਨ: ਉਹ ਤੇ ਕੇਵਲ ਉਸਦੀ ਪਤਨੀ। ਬੱਚੇ ਤਾਂ ਉਡਾਰੂ ਹੋ ਕੇ ਆਪਣੇ ਆਪਣੇ ਪਰਵਾਰਾਂ ਨਾਲ ਆਪਣੇ ਆਪਣੇ ਘਰਾਂ ਵਿਚ ਰਹਿ ਰਹੇ ਸਨ। ਜਗਦੀਸ਼ ਨੇ ਵੇਖਿਆ ਕਿ ਪਿਛਲੇ ਚਾਰ ਵਰ੍ਹਿਆਂ ਵਿਚ ਜੈਕ ਨੂੰ ਬੋਲਣ ਜੋਗੀ ਸਿਖਾਈ ਪੰਜਾਬੀ ਕੰਮ ਆ ਰਹੀ ਸੀ। ਉਸਨੂੰ ਪਰਸੰਨਤਾ ਹੋਈ।
“ਠੀਕ-ਠਾਕ ਪਰ — ਇੱਕ ਪਰਾਬਲਮ ਹੈ।”
“ਪਰਾਬਲਮ ਕੀ — ਹੈ?” ਜੈਕ ਨੇ ਲਮਕਵੇਂ ਲਹਿਜ਼ੇ ਵਿਚ ਪੁੱੱਛਿਆ।
“ਅਸੀਂ ਹੌਲੀਡੇ ਬੁੱਕ ਕੀਤੀਆਂ ਸਨ ਪਰ ਮਿਸੇਜ਼ ਜਾਣ ਲਈ ਤਿਆਰ ਨਹੀਂ ਹੋ ਰਹੀ।”
“ਵਾ੍ਹਟ ਡੂ ਯੂ ਮੀਨ ਵਾਈ ਦੈਟ?” ਜੈਕ ਨੂੰ ਸ਼ਾਇਦ ਪੂਰੀ ਗੱਲ ਦਾ ਪਤਾ ਨਾ ਲੱਗਿਆ।
“ਯੂਈ ਹੈਵ ਬੁੱਕਡ ਟੂ ਵੀਕਸ ਹੌਲੀਡੇ ਬੱਟ ਮਾਈ ਵਾਈਫ ਡੱਜ਼ ਨੌਟ ਵਾਂਟ ਟੂ ਗੋ।”
“ਅੱਛਾ ਅੱਛਾ, ਕਿਉਂ ਨਹੀਂ ਜਾਣਾ ਚਾਹੁੰਦੀ?”
“ਬਿਮਾਰ ਹੈ। ਡਾਕਟਰ ਨੇ ਦੱਸਿਆ ਹੈ ਕਿ ਉਸਨੂੰ ਹਾਈ ਬਲੱਡ ਪਰੈਸ਼ਰ ਅਤੇ ਐਂਜਾਈਨਾ ਹੈ। ਉਸਨੂੰ ਛੱਡ ਕੇ ਮੈਂ- ਇੱਕਲਾ ਤਾਂ ਨਹੀਂ ਜਾ ਸਕਦਾ। ਸੋਚਦਾ ਹਾਂ ਹੌਲੀਡੇ ਕੈਂਸਲ ਕਰਵਾ ਦਿਆਂ।”
ਜਗਦੀਸ਼ ਅਤੇ ਜੈਕ ਦੋਵੇਂ ਹੀ ਬਰਤਾਨੀਆ ਲਈ ਇਕ ਤਰ੍ਹਾਂ ਨਾਲ ਉਪਰੇ ਹੀ ਸਨ। ਜੈਕ ਤੇ ਉਸਦੀ ਪਤਨੀ ਆਇਰਸ਼ ਅਤੇ ਜਗਦੀਸ਼ ਅਤੇ ਉਸਦਾ ਪਰਵਾਰ ਭਾਰਤੀ। ਰੀਟਾਇਰਡ ਹੋਏ ਦੋਹਾਂ ਹੀ ਪਰਵਾਰਾਂ ਦੀ ਚੰਗੀ ਨਿੱਭਦੀ ਜਾ ਰਹੀ ਸੀ। ਜਦੋਂ ਵੀ ਕੋਈ ਪਰਵਾਰ ਬਾਹਰ ਜਾਂਦਾ ਇਕ ਦੂਜੇ ਨੂੰ ਘਰ ਉਤੇ ਨਜ਼ਰ ਰੱਖਣ ਲਈ ਤਾਕੀਦ ਕਰਕੇ ਜਾਂਦਾ। ਕਪੂਰ ਦੇ ਨਾਲ ਲੱਗਦਾ ਘਰ ਵੈਸਟ ਇੰਡੀਅਨ ਮਿਸਟਰ ਥਾਮਸ ਦਾ ਸੀ। ਉਸਦੀ ਪਤਨੀ ਨੈਨਸੀ ਵੀ ਬੜੀ ਭਲੀ ਇਸਤਰੀ ਸੀ। ਪਤੀ ਹਸਪਤਾਲ ਵਲੋਂ ਦਿੱਤੀ ਗਈ ਗ਼ਲਤ ਦਵਾਈ ਕਾਰਨ ਅੰਨ੍ਹਾ ਹੋ ਗਿਆ ਸੀ। ਦੋ ਪੁੱਤਰ ਸਨ। ਚੰਗਾ ਪੜ੍ਹ-ਲਿੱਖ ਗਏ ਸਨ। ਇਕ ਵਕੀਲ ਅਤੇ ਦੂਜਾ ਐਕਾਊਂਟੈਂਟ। ਨੈਨਸੀ ਭਾਗਾਂ ਵਾਲੀ ਸੀ, ਨਹੀਂ ਤਾਂ ਕਾਲਿਆਂ ਦੇ ਬੱਚੇ ਕਿੱਥੇ ਪੜ੍ਹਦੇ ਨੇ?
ਜੈਕ ਅਤੇ ਕੈਥੀ ਨੂੰ ਆਪਣੇ ਪਤੀ ਨਾਲ ਗੱਲਾਂ ਕਰਦਿਆਂ ਸੁਣ ਕੇ ਸੁਰਿੰਦਰ ਵੀ ਮੂਹਰਲੇ ਕਮਰੇ ਵਿਚ ਆਈ ਅਤੇ ਰਸਮੀ ਤੌਰ ਤੇ ਹੈਲੋ ਹੈਲੋ ਕਰਕੇ ਚਾਹ-ਪਾਣੀ ਸਬੰਧੀ ਪੁੱਛਿਆ। ਸਿਰਫ ਕੋਲਡ ਡਰਿੰਕ ਦਾ ਸੁਣਕੇ ਉਹ ਟਰੇ ਵਿਚ ਜੂਸ ਅਤੇ ਕਰਿਸਪ ਲੈ ਆਈ। ਹਾਲਾਂ ਵੀ ਹੌਲੀਡੇ ਦੀਆਂ ਹੀ ਗੱਲਾਂ ਹੋ ਰਹੀਆਂ ਸਨ।
“ਮੈਂ ਕਿਤੇ ਨਹੀਂ ਜਾਣਾ, ਨਾ ਹੌਲੀਡੇ ਅਤੇ ਨਾ ਹੀ ਕਿਤੇ ਹੋਰ।।”
“ਕਿਉ?” ਜੈਕ ਨੇ ਪੁੱਛਿਆ।
“ਮੈਂ ਬਿਮਾਰ ਹਾਂ।”
“ਬਿਮਾਰ ਏਂ, ਅਪਾਹਜ ਤਾਂ ਨਹੀਂ? ਗੋ ਏ-ਹੈੱਡ, ਇੱਟ ਵਿਲ ਡੂ ਈਯੂ ਗੁੱਡ। ਨਥਿੰਗ ਵਿਲ ਹੈਪਨ ਟੂ ਈਯੂ।” ਜੈਕ ਨੇ ਪੂਰੇ ਭਰੋਸੇ ਨਾਲ ਸੁਰਿੰਦਰ ਨੂੰ ਧਰਵਾਸ ਦਿੱਤਾ।
“ਨੋ, ਆਈ ਡੌਂਟ ਥਿੰਕ ਸੋ।” ਉਸਨੇ ਫਿਰ ਵੀ ਨਾਂਹ ਹੀ ਕੀਤੀ।
ਜੈਕ ਨੇ ਹੱਸਦਿਆਂ ਕਿਹਾ: “ਮੇਰੇ ਵੱਲ æææææਵੇਖ। ਮੈਂਨੂੰ æææਦੋ ਹਾਰਟ ਅਟੈਕ æææਹੋਏ। ਆਈ ਐਮ ਸਟਿਲ ਸਰਵਾਈਵਿੰਗ। ਤੈਂਨੂੰ ਤਾਂ ਸਿਰਫ ææææਬਲੱਡ ਪਰੈਸ਼ਰ ਐਂਡ ਐਂਜਾਈਨਾ ਹੀ ਹੈ।”
ਅਤੇ ਫਿਰ ਉਸਨੇ ਬੜੇ ਹੀ ਵਿਸਥਾਰ ਵਿਚ ਦੱਸਿਆ ਕਿ ਪਿੱਛੇ ਜਿਹੇ ਉਹਨਾਂ ਨੇ ਕਿਵੇਂ ਦੋ ਹਫ਼ਤੇ ਦੀਆਂ ਛੁੱਟੀਆਂ ਦਾ ਆਨੰਦ ਮਾਣਿਆ। ਹਾਂ, ਉਸਨੇ ਇਹ ਗੱਲ ਮੰਨਣ ਤੋਂ ਇਨਕਾਰ ਨਹੀਂ ਕੀਤਾ ਕਿ ਪਹਿਲਾਂ ਤਾਂ ਮਨ ਵਿਚ ਉਹ ਵੀ ਕੁਝ ਕੁਝ ਡਰਿਆ ਡਰਿਆ ਸੀ। ਪਰ ਜਦੋਂ ਉਹ ਸਮੁੰਦਰ ਕੰਢੇ ਪਹੁੰਚੇ ਅਤੇ ਆਲੇ ਦੁਆਲੇ ਨਾਲ ਇੱਕਮਿੱਕ ਹੋਏ ਤਾਂ ਉਸ ਦਾ ਸਾਰਾ ਡਰ ਜਾਂਦਾ ਰਿਹਾ ਅਤੇ ਉਹਨਾਂ ਨੇ ਬਹੁਤ ਹੀ ਯਾਦਗਾਰੀ ਛੁੱਟੀਆਂ ਕੱਟੀਆਂ। ਕੈਥੀ ਤੇ ਉਸਨੇ ਸਾਰਾ ਹੀ ਬਲੈਕਪੂਲ ਗਾਹ ਮਾਰਿਆ। ਉਹਨਾਂ ਨੇ ਕੋਈ ਖੇਡ ਨਾ ਛੱਡੀ। ਇੱਥੋਂ ਤੱਕ ਕੇ ਉਹਨਾਂ ਨੇ ਪੰਜ ਮਿੰਨਟ ਦੀ ਹੈਲੀਕਾਪਟਰ ਉਡਾਣ ਰਾਹੀਂ ਸਾਰੇ ਬਲੈਕਪੂਲ ਅਤੇ ਸਮੁੰਦਰ ਦੇ ਕੰਢੇ ਦੀ ਸੈਰ ਵੀ ਕੀਤੀ। ਛੁੱਟੀਆਂ ਸੁੱਖ-ਸਬੀਲੀ ਗੁਜ਼ਰ ਗਈਆਂ। ਘਰ ਪਹੁੰਚ ਕੇ ਜਦੋਂ ਉਹਨਾਂ ਨੇ ਸਾਰੀਆਂ ਛੁੱਟੀਆਂ ਦਾ ਜਾਇਜ਼ਾ ਲਿਆ ਤਾਂ ਉਹ ਕਹਿ ਸਕਣ ਯੋਗ ਸਨ: ਸਭ ਕੁਝ ਠੀਕ ਸੀ। ਜੈਕ ਹੌਲੀ ਹੌਲੀ ਪਰ ਟਿੱਕਵੀਂ ਪੰਜਾਬੀ ਵਿੱਚ ਸੁਰਿੰਦਰ ਨੂੰ ਹੌਸਲਾ ਦਿੰਦਿਆਂ ਦਸ ਰਿਹਾ ਸੀ: “ਮੇਰੀ ਵਲਾਂ ਵੇਖ, ਮੈਂ ਪਤਨੀ ਨਾਲ ਸ਼ੌਪਿੰਗ ਜਾਂਦਾ ਹਾਂ। ਗਾਰਡਨ ਦਾ ਘਾਹ ਕੱਟਣ ਵਿਚ ਉਸਦੀ ਸਹਾਇਤਾ ਕਰਦਾ ਹਾਂ। ਘਰ ਦੇ ਹੋਰ ਨਿੱਕੇ ਮੋਟੇ ਸਭ ਕੰਮ ਕਰ ਲੈਂਦਾ ਹਾਂ। ਮੈਂ ਬਿਮਾਰ ਹੁੰਦਾ ਹੋਇਆ ਵੀ ਬਿਮਾਰ ਨਹੀਂ ਹਾਂ।” ਕੈਥੀ ਉਸਦੀ ਹਾਂ ਵਿਚ ਸਿਰ ਹਿਲਾ ਰਹੀ ਸੀ।
ਸੁਰਿੰਦਰ ਸੋਚਣ ਲਈ ਮਜ਼ਬੂਰ ਹੋਈ: “ਕੀ ਮੇਰੀ ਸੋਚ ਕਾਰਨ ਹੀ ਮੇਰੀ ਬਿਮਾਰੀ ਮੇਰੇ ਤੇ ਭਾਰੂ ਹੈ?”
ਜੈਕ ਹਾਲਾਂ ਵੀ ਉਸਨੂੰ ਹੌਸਲਾ ਦਿੰਦਿਆਂ ਉਤਸ਼ਾਹਿਤ ਕਰ ਰਿਹਾ ਸੀ: “ਮੈਂ ਹਾਲਾਂ ਘੱਟੋ ਘੱਟ ਦਸ ਵਰ੍ਹੇ ਹੋਰ ਜਿਉਂਦੇ ਰਹਿਣਾ ਹੈ। ਹੌਲੀਡੇ ਕੈਂਸਲ ਨਾ ਕਰੋ। ਇੰਜਾਇ ਕਰੋ ਅਤੇ ਫਰੈਸ਼ ਹੋ ਕੇ ਆਉ। ਆਕੇ ਸਾਨੂੰ ਰਾਈਸ ਐਂਡ ਕਰੀ ਖਿਲਾਉ।” ਅਤੇ ਫਿਰ ਜੂਸ ਦੇ ਗਲਾਸ ਖਾਲੀ ਕਰਕੇ ਹੱੱਸਦੇ ਹੱਸਦੇ ਅਤੇ ਬਾਇ ਬਾਇ ਕਰਦੇ ਔਹ ਗਏ ਅੋਹ ਗਏ।
ਜੈਕ ਅਤੇ ਕੈਥੀ ਆਪਣੇ ਘਰ ਜਾ ਚੁੱਕੇ ਸਨ। ਘਾਹ ਦਾ ਬੈਗ ਪਿੱਛੇ ਛੈਡੱ ਵਿਚ ਰੱਖ ਕੇ ਜਗਦੀਸ਼ ਵੀ ਸ਼ਾਵਰ ਲਈ ਬਾਥਰੂਮ ਵਿਚ ਚਲਿਆ ਗਿਆ। ਸੁਰਿੰਦਰ ਨੂੰ ਜੈਕ ਦੀਆਂ ਗੱਲਾਂ ਸੁਣ ਕੇ ਕੁਝ ਧਰਵਾਸ ਹੋਈ: ਜੈਕ ਦੇ ਮੁਕਾਬਲੇ ਵਿਚ ਉਹ ਤਾਂ ਕੁਝ ਵੀ ਬਿਮਾਰ ਨਹੀਂ। ਦਿੱਲ ਦੇ ਦੋ ਦੌਰੇ ਪੈਣ ਉਪਰੰਤ ਹਾਲਾਂ ਵੀ ਉਹ ਜਿਉਂਦਾ ਹੈ, ਹੱਸਦਾ ਖੇਡਦਾ ਹੈ। ਜੇਕਰ ਜੈਕ ਨੂੰ ਹੌਲੀਡੇ ਨੇ ਕੁਝ ਨੁਕਸਾਨ ਨਹੀਂ ਪਹੁੰਚਾਇਆ ਤਾਂ ਉਸਨੂੰ ਕੀ ਨੁਕਸਾਨ ਪਹੁੰਚੇਗਾ? ਉਸਦੇ ਮਨ ਨੇ ਉਸਨੂੰ ਸੰਭਾਲਿਆ।
ਖਾਣਾ ਮੇਜ਼ ਤੇ ਲੱਗ ਚੁੱਕਿਆ ਸੀ। ਉਸਨੇ ਆਪਣੇ ਪਤੀ ਨੂੰ ਹੌਲੀਡੇ ਜਾਣ ਸਬੰਧੀ ਆਪਣੀ ਰਜ਼ਾਮੰਦੀ ਦੇ ਦਿੱਤੀ। ਪਤੀ ਪਤਨੀ ਹੌਲੀਡੇ ਚਲੇ ਗਏ। ਉਹਨਾਂ ਨੇ ਬੜਾ ਆਨੰਦ ਮਾਣਿਆ। ਜਗਦੀਸ਼ ਤਾਂ ਮਨੋ ਮਨੀ ਜੈਕ ਦਾ ਹੀ ਧੰਨਵਾਦੀ ਸੀ ਜਿਸਨੇ ਉਸਦੀ ਪਤਨੀ ਨੂੰ ਹੌਸਲਾ ਦਿੱਤਾ। ਉਸਦੀ ਪਤਨੀ ਸੋਚਦੀ ਆਪਣੇ ਭਾਈਬੰਦਾਂ ਦੇ ਮੁਕਾਬਲੇ ਇਹ ਗੋਰੇ ਕਿੰਨੇ ਚੰਗੇ ਨੇ ਕਿ ਸਦਾ ਦੂਜੇ ਨੂੰ ਚੜ੍ਹਦੀ ਕਲਾ ਲਈ ਹੀ ਪ੍ਰੇਰਦੇ ਰਹਿੰਦੇ ਹਨ। ਕਦੇ ਵੀ ਢਹਿੰਦੀ ਕਲਾ ਦੀ ਗੱਲ ਨਹੀਂ ਕਰਦੇ। ਸਦਾ ਹੀ ਹਾਂ ਪੱਖੀ ਵਤੀਰਾ ਹੁੰਦਾ ਹੈ ਇਹਨਾਂ ਦਾ।
ਦੋ ਹਫ਼ਤਿਆਂ ਦੀਆਂ ਛੁੱਟੀਆ ਸਨ ਝੱਟ ਖਤਮ ਹੋ ਗਈਆਂ। ਜਗਦੀਸ਼ ਦੇ ਚਾਹੁਣ ਤੇ ਵੀ ਸੁਰਿੰਦਰ ਹੋਰ ਦੋ ਹਫ਼ਤੇ ਰਹਿਣ ਲਈ ਨਾ ਮੰਨੀ। ਜਗਦੀਸ਼ ਨੇ ਜਾਂਦੇ ਚੋਰ ਦੀ ਲੰਗੋਟੀ ਨੂੰ ਹੀ ਗ਼ਨੀਮਤ ਸਮਝਿਆ। ਦੋਹਾਂ ਨੇ ਜੈਕ, ਕੈਥੀ, ਨੈਨਸੀ ਅਤੇ ਲੰਡਨ ਰਹਿੰਦੇ ਆਪਣੇ ਪੋਤਰਿਆਂ-ਪੋਤਰੀਆਂ ਲਈ Ḕਡੈਵਨ ਕਰੀਮ ਫੱਜḔ, ਰੰਗਦਾਰ Ḕਰੌਕਸ ਸਟਿਕਸḔ ਅਤੇ ਹੋਰ ਵੀ ਥੋੜੇ ਜਿਹੇ ਤੋਹਫ਼ੇ ਖਰੀਦੇ। ਸੁਰਿੰਦਰ ਵਿਸ਼ੇਸ਼ ਕਰਕੇ ਜੈਕ ਅਤੇ ਕੈਥੀ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦੀ ਸੀ ਜਿਹਨਾਂ ਦੀ ਦਿੱਤੀ ਗਈ ਧਰਵਾਸ ਅਤੇ ਹੌਸਲੇ ਦੀ ਬਦੌਲਤ ਉਹ ਬਲੈਕਪੂਲ ਜਾਕੇ ਛੁੱਟੀਆਂ ਕੱਟਣ ਲਈ ਰਜ਼ਾਮੰਦ ਹੋ ਸਕੀ।
ਹੌਲੀਡੇ ਤੋਂ ਕਾਰ ਰਾਹੀਂ ਵਾਪਸ ਮੁੜਦਿਆਂ ਪਤੀ ਨੇ ਪਤਨੀ ਨੂੰ ਹਲਕੀ ਜਿਹੀ ਟਕੋਰ ਲਾਈ: “ਐਵੇਂ ਡਰੀ ਹੋਈ ਭਿੱਜੀ ਬਿੱਲੀ ਬਣੀ ਹੋਈ ਸੀ। ਦਾਦ ਦੇ ਜੈਕ ਨੂੰ ਜਿਸਨੇ ਤੈਂਨੂੰ ਮੁੜ ਕੇ ਚੜ੍ਹਦੀ ਕਲਾ ਵਿਚ ਕਰ ਦਿੱਤਾ।” ਦੋਵੇਂ ਹੱਸਦੇ ਰਹੇ। ਉਹ ਘਰ ਰਾਤੀਂ ਦੇਰ ਨਾਲ ਪੁੱਜੇ ਸਨ। ਇਸ ਲਈ ਜੈਕ, ਕੈਥੀ ਅਤੇ ਨੈਨਸੀ ਨੂੰ ਹੌਲੀਡੇ ਤੋਂ ਲਿਆਂਦੀ ਫੱਜ ਅਤੇ ਰੌਕਸ ਦੂਜੇ ਦਿਨ ਦੇਣ ਦਾ ਫੈਸਲਾ ਹੋਇਆ।
ਦੂਜੀ ਸਵੇਰ ਪਤਨੀ ਨੇ ਵੇਖਿਆ ਕਿ ਨੈਨਸੀ ਪਿਛਲੇ ਗਾਰਡਨ ਵਿਚ ਕੁਝ ਕਰ ਰਹੀ ਹੈ। ਉਹ ਝੱਟ ਬਾਹਰ ਨਿਕਲੀ ਅਤੇ ਸਾਰਿਆਂ ਦੀ ਰਾਜੀ-ਖੁਸ਼ੀ ਬਾਰੇ ਪੁੱਛਣ ਲੱਗੀ।
“ਐਵਰੀ ਬਾਡੀ ਇਜ਼ ਓæਕੇæ ਬੱਟ—-” ਅੱਗੋਂ ਨੈਨਸੀ ਦੇ ਬੋਲਾਂ ਵਿਚ ਜਕੋ-ਤੱਕੀ ਸੀ।
“ਬੱਟ, ਵ੍ਹਾਟ ਹੈਪਨਡ।” ਸੁਰਿੰਦਰ ਨੂੰ ਨੈਨਸੀ ਦੇ ਪਤੀ ਦਾ ਫ਼ਿਕਰ ਹੋਇਆ।
“ਟੈਨ ਡੇਅਜ਼ ਐਗੇ ਜੈਕ ਪਾਸਡ ਅਵੇ।”
“ਵ੍ਹਾਟ?”
ਨੈਨਸੀ ਨੇ ਸੁਰਿੰਦਰ ਦੇ ਚਿਹਰੇ ਦੇ ਹਾਵਾਂ ਭਾਵਾਂ ਨੂੰ ਤਾੜਦਿਆਂ ਮੁੜ ਕੇ ਦੱਸਿਆ। ਸੁਰਿੰਦਰ ਦਾ ਰੰਗ ਜ਼ਰਦ ਹੋ ਗਿਆ। ਉਸਦੀ ਭੁੱਬ ਨਿਕਲ ਗਈ। ਨੈਨਸੀ ਕਹਿ ਰਹੀ ਸੀ: “ਲਾਈਫ਼ ਇਜ਼ ਸੋ ਸ਼ੌਰਟ ਐਂਡ ਕਰੂਅਲ ਲਾਈਕ ਦੈਟ।”
ਪਰ ਰੋਂਦੀ ਹੋਈ ਅੰਦਰ ਆਉਂਦੀ ਸੁਰਿੰਦਰ ਬੇਭਰੋਸਗੀ ਵਿਚ ਬੋਲ ਰਹੀ ਸੀ: “ਉਹ ਤੇ ਆਖਦਾ ਸੀ ਹਾਲਾਂ ਹੋਰ ਦੱਸ ਸਾਲ ਜਿਉਂਦੇ ਰਹਿਣਾ ਏ। ਉਹ ਕਿਵੇਂ ਮਰ ਸਕਦਾ ਏ? ਮੈਂਨੂੰ ਹੌਸਲਾ ਦੇਣ ਵਾਲਾ ਆਪ ਕਿਵੇਂ ਜਾ ਸਕਦਾ ਹੈ?”
ਜਗਦੀਸ਼ ਨੇ ਅੰਦਰ ਆਈ ਸੁਰਿੰਦਰ ਨੂੰ ਕਲਾਵੇ ਵਿਚ ਲਿਆ। ਸਾਰੀ ਗੱਲ ਦਾ ਪਤਾ ਲੱਗਣ ਤੇ ਉਸ ਨੇ ਪਤਨੀ ਨੂੰ ਸਮਝਾਉਣ ਦੀ ਕੋਸ਼ਿਸ਼ ਵਿਚ ਆਖਿਆ: “ਘਰ ਜਾਂ ਬਾਹਰ ਮੌਤ ਨੇ ਤਾਂ ਜਦੋਂ ਆਉਣਾ ਹੈ, ਆਉਣਾ ਹੀ ਹੈ। ਜੈਕ ਠੀਕ ਹੀ ਕਹਿੰਦਾ ਸੀ: ਜਦੋਂ ਤੀਕ ਜਾਨ ਹੈ ਉਸਨੂੰ ਉਸ ਦੀ ਹੱਦ ਤਕ ਮਾਣੋ।”
– ਸੁਰਜੀਤ ਕੌਰ ਕਲਪਨਾ
next post