ਕਿਸੇ ਸਮੇਂ, ਗਿਆਨੀ ਗੁਰਦਿਤ ਸਿੰਘ ਸੰਪਾਦਤ ਪੁਸਤਕ ‘ਸਿੱਖ ਜਥੇਬੰਦੀ’ ਪੜ੍ਹਨ ਦਾ ਮੌਕਾ ਮਿਲਿਆ। ਉਸ ਵਿੱਚਲੇ ਇਕ ਮਜ਼ਮੂਨ, ‘ਜੱਥੇਬੰਦੀ ਅਤੇ ਸਿੱਖ ਜੱਥੇਬੰਦੀ’ ਵਿੱਚ ਗਿਆਨੀ ਗੁਰਦਿਤ ਸਿੰਘ ਨੇ ਜੱਥੇਬੰਦੀ ਦੀ ਮਹਤੱਤਾ ਦਾ ਜ਼ਿਕਰ ਕਰਦਿਆਂ, ਸਭ ਤੋਂ ਪਹਿਲਾਂ ਬੱੁਧਮਤ ਵਿੱਚ ਜੱਥੇਬੰਦੀ ਦੀ ਮਹਤੱਤਾ ਦਾ ਉਦਾਹਰਣ ਦਿੰਦਿਆਂ ਦਸਿਆ ਕਿ ਮਹਾਤਮਾ ਬੁੱਧ ਇਕ ਵਾਰ ਵੈਸ਼ਾਲੀ ਦੇ ਮੁਕਾਮ ਤੇ ਠਹਿਰੇ ਹੋਏ ਸਨ। ਉਥੋਂ ਦੇ ਰਾਜਿਆਂ ਅਤੇ ਰਾਜਕੁਮਾਰਾਂ ਦੀ ਅਗਵਾਈ ਵਿੱਚ ਕੰਮ ਕਰ ਰਹੇ ਸੰਗਠਨ ਦੀ ਸੁੰਦਰ ਵਿਵਸਥਾ ਅਤੇ ਚੰਗੇ ਪ੍ਰਬੰਧ ਨੂੰ ਵੇਖ ਕੇ ਉਹ ਬਹੁਤ ਹੀ ਪ੍ਰਭਾਵਤ ਹੋਏ। ਉਨ੍ਹਾਂ ਦੇ ਦਿੱਲ ਵਿੱਚ ਇਹ ਸੋਚ ਉਭਰੀ ਕਿ ਕਿਉਂ ਨਾ ਇਸੇ ਵਿਵਸਥਾ ਦੇ ਆਧਾਰ ਤੇ ਬੁਧ-ਭਿਖਸ਼ੂਆਂ ਦੇ ਸੰਗਠਨ ਨੂੰ ਵੀ ਜਥੇਬੰਦ ਕੀਤਾ ਜਾਏ। ਇਹ ਸੋਚ ਆਉਣ ਤੇੇ ਉਨ੍ਹਾਂ ਆਪਣੇ ਸਕੱਤ੍ਰ ਅਨੰਦ, ਜੋ ਉਨ੍ਹਾਂ ਦਾ ਭਤੀਜਾ ਸੀ, ਨੂੰ ਕਿਹਾ ਕਿ ਵੈਸ਼ਾਲੀ ਦੇ ਰਾਜਿਆਂ ਦਾ ਰਾਜ-ਪ੍ਰਬੰਧ ਬਹੁਤ ਹੀ ਉਤਮ ਅਤੇ ਮਰਿਆਦਾ-ਪੂਰਣ ਤਰੀਕੇ ਨਾਲ ਚਲ ਰਿਹਾ ਹੈ। ਕੋਈ ਕਿਸੇ ਨਾਲ ਝਗੜਾ ਨਹੀਂ ਕਰਦਾ, ਸਾਰੇ ਹੀ ਆਪੋ-ਆਪਣੀ ਥਾਂ ਨੀਯਤ ਮਰਿਆਦਾ ਅਨੁਸਾਰ ਕਾਰਜਾਂ ਦੀਆਂ ਜ਼ਿਮੇਂਦਾਰੀਆਂ ਨਿਭਾਉਂਦੇ ਹਨ। ਨੀਯਤ ਸਮੇਂ ਤੇ ਪ੍ਰਬੰਧ ਬਦਲਣ ਵਿੱਚ ਕੋਈ ਹਿਚਕਿਚਾਹਟ ਨਹੀਂ ਵਿਖਾਈ ਜਾਂਦੀ। ਜੋ ਕਿਸੇ ਸਮੇਂ ਧੂਮ-ਧੜਾਕੇ ਨਾਲ ਅਹੁਦਾ ਸੰਭਾਲਦੇ ਹਨ, ਉਹ ਸਮਾਂ ਆਉਣ ਤੇ ਬਹੁਤ ਹੀ ਸਰਲਤਾ ਨਾਲ ਅਹੁਦਾ ਤਿਆਗ ਦਿੰਦੇ ਹਨ। ਉਨ੍ਹਾਂ ਅਨੰਦ ਨੂੰ ਸਲਾਹ ਦਿਤੀ ਕਿ ਉਹ ਆਪ ਵੈਸ਼ਾਲੀ-ਸੰਘ ਦੇ ਰਾਜ ਪ੍ਰਬੰਧਕਾਂ ਪਾਸ ਜਾ ਕੇ ਪਤਾ ਕਰੇ ਕਿ ਉਨ੍ਹਾਂ ਦੀ ਰਾਜ-ਪ੍ਰਬੰਧ ਸਬੰਧੀ ਨਿਯਮਾਵਲੀ ਕੀ ਹੈ ਅਤੇ ਉਸ ਅਨੁਸਾਰ ਉਹ ਕਿਵੇਂ ਆਚਰਣ ਦਾ ਪਾਲਣ ਕਰਦੇ ਹਨ, ਤਾਂ ਜੋ ਬੌਧੀ ਸੰਘ ਲਈ ਵੀ ਉਹੋ ਜਿਹੇ ਹੀ ਅਸੂਲ ਸਥਾਪਤ ਕਰ ਉਸਦਾ ਇਕ ਧਰਮ-ਸੰਗਠਨ ਬਣਾਇਆ ਜਾਏ।
ਇਸ ਤੋਂ ਬਾਅਦ ਉਨ੍ਹਾਂ ਈਸਾਈ ਜਥੇਬੰਦੀ ਦੀ ਚਰਚਾ ਕਰਦਿਆਂ ਲਿਖਿਆ ਕਿ ਈਸਾਈ ਧਰਮ ਦੇ ਮਿਸ਼ਨਰੀ, ਆਪਣੀ ਸੇਵਾ-ਸਾਧਨਾ ਨੂੰ ਰੱਜ ਕੇ ਵਰਤਣ ਦੀ ਇੱਛਾ ਦੇ ਅਧੀਨ, ਆਪਣੇ ਸੁਸਿਖਿਅਤ ਹੋਣ ਦਾ ਲਾਭ ਉਠਾਉਂਦਿਆਂ, ਨਿਸ਼ਠਾ ਨਾਲ ਦਿਨ-ਰਾਤ ਜੁਟੇ ਹੋਏ ਹਨ, ਜਿਸ ਕਾਰਣ ਉਨ੍ਹਾਂ ਦੇ ਧਰਮ ਨੇ ਬਹੁਤ ਉਨੱਤੀ ਕੀਤੀ ਹੈ। ਜਿੱਥੇ ਗ਼ਰੀਬੀ ਤੇ ਦਰਿਦਰਤਾ ਹੈ, ਲੋਕਾਂ ਵਿੱਚ ਭੁਖ ਹੈ, ਈਸਾਈ ਮਿਸ਼ਨਰੀ ਉਥੇ ਰੱਬੀ ਸੱਦਾ ਸਮਝ ਕੇ, ਬਿਨਾ ਕੋਈ ਦੇਰੀ ਕੀਤਿਆਂ ਜੱਥੇ ਬਣਾ ਕੇ ਸੇਵਾ ਲਈ ਪੁਜ ਜਾਂਦੇ ਹਨ। …ਇਨ੍ਹਾਂ ਦੇ ਵਿਦਿਅਕ ਪ੍ਰਬੰਧ ਅਤੇ ਹਸਪਤਾਲਾਂ ਦੀ ਪ੍ਰਬੀਨਤਾ ਇਤਨੀ ਉਤਮ ਹੈ ਕਿ ਹਰ ਵਿਅਕਤੀ ਦੀ ਸਭ ਤੋਂ ਪਹਿਲੀ ਇਹੀ ਇੱਛਾ ਹੁੰਦੀ ਹੈ ਕਿ ਜੇ ਉਹ ਆਪਣਾ ਬੱਚਾ ਪੜ੍ਹਾਏ ਤਾਂ ਈਸਾਈਆਂ ਦੇ ਸਕੂਲ ਵਿੱਚ ਹੀ ਅਤੇ ਜੇ ਬੀਮਾਰੀ ਦਾ ਇਲਾਜ ਕਰਾਏ ਤਾਂ ਉਨ੍ਹਾਂ ਦੇ ਹੀ ਹਸਪਤਾਲ ਵਿੱਚ।
ਉਨ੍ਹਾਂ ਇਸਲਾਮ ਦੀ ਗਲ ਕਰਦਿਆਂ ਲਿਖਿਆ ਕਿ ਇਸਲਾਮ ਵਿੱਚ ਜਮਾਤ ਨੂੰ ਹੀ ਕਰਾਮਾਤ ਮੰਨਿਆ ਜਾਂਦਾ ਹੈ। ਇਕੋ ਤਰ੍ਹਾਂ ਦੀ ਜੀਵਨ-ਸ਼ੈਲੀ ਨੂੰ ਅਪਨਾਣ ਤੇ ਜ਼ੋਰ ਦਿੱਤਾ ਜਾਂਦਾ ਹੈ। ਹਜ਼ਾਰਾਂ, ਸਗੋਂ ਲੱਖਾਂ ਦਾ ਇਕੱਠ ਇਕ ਸਮੇਂ ਨਿਯਮ ਦਾ ਪਾਲਣ ਕਰਦਿਆਂ ਨਮਾਜ਼ ਪੜ੍ਹਨ ਸਮੇਂ ਇੱਕ ਕਤਾਰ ਵਿੱਚ ਇਕੋ ਤਰੀਕੇ ਨਾਲ ਸਾਰੀ ਰਸਮ ਨੂੰ ਪੂਰਿਆਂ ਕਰਦਾ ਹੈ, ਜੋ ਕਿ ਜਮਾਤ ਦੀ ਜ਼ਾਹਿਰਾ ਕਰਾਮਾਤ ਹੈ। ਇਸਦੇ ਨਾਲ ਹੀ ਉਹ ਲਿਖਦੇ ਹਨ ਕਿ ਇਸਲਾਮ ਦੀ ਤੰਗ-ਨਜ਼ਰੀ ਤੇ ਜਨੂੰਨ ਉਸਦੇ ਵਰਤਮਾਨ ਸੰਸਾਰ ਵਿੱਚ ਵਧਣ-ਫੁਲਣ ਵਿੱਚ ਰੁਕਾਵਟ ਹੈ, ਜਿਸਨੂੰ ਉਸਦੇ ਪੈਰੋਕਾਰ ਜਨੂੰਨੀ ‘ਧੱਕੇ’ ਨਾਲ ਪੂਰਿਆਂ ਕਰ ਲੈਂਦੇ ਹਨ।
ਉਹ ਸਵੀਕਾਰਦੇ ਹਨ ਕਿ ਇਨ੍ਹਾਂ ਮਜ਼੍ਹਬਾਂ ਦੀ ਉਨਤੀ ਅਤੇ ਇਨ੍ਹਾਂ ਦੇ ਵੱਧਣ-ਫੁਲਣ ਪਿੱਛੇ, ਉਨ੍ਹਾਂ ਦੇ ਪੈਰੋਕਾਰਾਂ ਦੀ ਨਿਸ਼ਠਾ, ਉਨ੍ਹਾਂ ਦੇ ਆਪਸੀ ਸਨੇਹ, ਉਨ੍ਹਾਂ ਵਿੱਚਲੀ ਆਪਣੇ ਮਜ਼੍ਹਬ ਲਈ ਕੁਝ ਕਰਨ ਦੀ ਤੰਮਨਾ ਅਤੇ ਜਥੇਬੰਦੀ ਰਾਹੀਂ ਕੁਝ ਕਰ ਵਿਖਾਉਣ ਦਾ ਜਜ਼ਬਾ ਕੰਮ ਕਰ ਰਿਹਾ ਹੈ।
ਗਿਆਨੀ ਗੁਰਦਿਤ ਸਿੰਘ ਅਨੁਸਾਰ, ਸਿੱਖ ਪੰਥ ਦੇ ਵਧੱਣ-ਫੁਲਣ ਦੇ ਪਿੱਛੇ, ਜੋ ਵਰਨਣਯੋਗ ਕਾਰਣ ਹਨ, ਉਨ੍ਹਾਂ ਵਿਚੋਂ ਸਭ ਤੋਂ ਵੱਡਾ ਕਾਰਣ ਸੰਗਤਾਂ ਦੀ ਸਥਾਪਨਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਜਿਥੇ ਜਾਂਦੇ ਸਨ, ਉਥੇ ਹੀ ਸੰਗਤ ਕਾਇਮ ਕਰਦੇ ਸਨ। ਇਸਤਰ੍ਹਾਂ ਉਨ੍ਹਾਂ ਸੰਗਤਾਂ ਦਾ ਜਾਲ ਵਿੱਛਾ ਦਿੱਤਾ। ਸੰਗਤਾਂ ਕਾਇਮ ਹੋਣ ਦੇ ਨਾਲ ਹੀ ਉਨ੍ਹਾਂ ਦੇ ਮਿਲ ਬੈਠਣ ਲਈ ਧਰਮਸ਼ਾਲਾਵਾਂ ਸਥਾਪਤ ਕੀਤੀਆਂ ਗਈਆਂ।
ਪਿ੍ਰੰਸੀਪਲ ਹਰਿਭਜਨ ਸਿੰਘ ਨੇ ਸੰਗਤ ਅਤੇ ਧਰਮਸਾਲ ਦੀ ਪਰਿਭਾਸ਼ਾ ਦਾ ਵਰਨਣ ਕਰਦਿਆਂ ਲਿਖਿਆ ਹੈ, ‘(ਜਦੋਂ) ਸਤਿਗੁਰ ਨਾਨਕ ਦੇਵ ਜੀ ਪ੍ਰਭੂ ਨਾਲ ਇਕ-ਸੁਰ ਹੋਏ ਤਾਂ ਉਨ੍ਹਾਂ ਮਨੁੱਖ-ਮਾਤ੍ਰ ਦੀ ਸੁੱਖ-ਸ਼ਾਂਤੀ ਤੇ ਉਸਦੇ ਕਲਿਆਣ ਲਈ ‘ਸਗਲੀ ਚਿੰਤਾ’ ਮਿਟਾ ਦੇਣ ਵਾਲੀ ‘ਧੁਰ ਕੀ ਬਾਣੀ’ ਰਚੀ। ਇਸ ਬਾਣੀ ਦੇ ਪਠਨ-ਪਾਠ ਅਤੇ ਵਿਚਾਰ ਲਈ ਸੰਗਤਾਂ ਕਾਇਮ ਕੀਤੀਆਂ ਗਈਆਂ। ਇਨ੍ਹਾਂ ਸੰਗਤਾਂ ਦੇ ਮਿਲ-ਬੈਠਣ ਲਈ ਕਿਸੇ ਸਾਂਝੇ ਅਸਥਾਨ ਦੀ ਸਥਾਪਨਾ ਕਰਨ ਦੀ ਲੋੜ ਪਈ, ਅਜਿਹੇ ਅਸਥਾਨਾਂ ਨੂੰ ਧਰਮਸਾਲ, ਅਰਥਾਤ ਗੁਰਦੁਆਰੇ, ਦੀ ਸੰਗਿਆ ਦਿੱਤੀ ਗਈ।…ਸੋ ਇਸਤਰ੍ਹਾਂ ਗੁਰਬਾਣੀ, ਸੰਗਤ ਤੇ ਧਰਮਸਾਲ ਆਪੋ ਵਿੱਚ ਅਨਿੱਖੜ ਵਸਤਾਂ ਬਣ ਗਈਆਂ ਅਤੇ ਇਨ੍ਹਾਂ ਤਿੰਨਾਂ ਦੀ ਸਹੀ ਵਰਤੋਂ-ਵਿਹਾਰ ਵਿੱਚ ਹੀ ਸਿੱਖ ਅਥਵਾ ਪ੍ਰਾਣੀ ਮਾਤਰ ਦੇ ਕਲਿਆਣ ਦਾ ਭੇਦ ਭਰ ਦਿੱਤਾ ਗਿਆ’।
ਉਨ੍ਹਾਂ ਵਲੋਂ ਸੰਗਤ ਅਤੇ ਧਰਮਸਾਲ ਕੀਤੀ ਗਈ ਇਹ ਪਰਿਭਾਸ਼ਾ, ਇਸ ਗਲ ਦੀ ਪ੍ਰਤੀਕ ਹੈ ਕਿ ‘ਧਰਮਸਾਲ’, ਜਿਸਨੂੰ ਬਾਅਦ ਵਿੱਚ ‘ਗੁਰਦੁਆਰੇ’ ਦਾ ਨਾਂ ਦਿਤਾ ਗਿਆ, ਦੀ ਸਥਾਪਨਾ ਇਸ ਉਦੇਸ਼ ਨਾਲ ਕੀਤੀ ਗਈ ਸੀ ਕਿ ਇਥੇ ਸੰਗਤਾਂ ਇੱਕਤਰ ਹੋ, ‘ਧੁਰ ਕੀ ਬਾਣੀ’ ਦਾ ਗਾਇਨ ਅਤੇ ਸ੍ਰਵਣ ਕਰਨਗੀਆਂ ਅਤੇ ਉਸ ’ਤੇ ਵਿਚਾਰ ਕਰ ਆਪਣਾ ਜੀਵਨ ਸਫਲਾ ਕਰ ਲੈਣਗੀਆਂ।
ਇਨ੍ਹਾਂ ਧਰਮਸ਼ਾਲਾਵਾਂ ਵਿੱਚ ਸੰਗਤਾਂ ਆਪੋ ਵਿੱਚ ਜੁੜ ਬੈਠਦੀਆਂ, ਆਪਸੀ ਭਾਵਨਾਵਾਂ ਨੂੰ ਸਾਂਝਿਆਂ ਕਰਦੀਆਂ ਅਤੇ ਗੁਰੂ ਸਾਹਿਬ ਵਲੋਂ ਮਨੁੱਖ-ਮਾਤ੍ਰ ਦੀ ਭਲਾਈ ਤੇ ਸਰਬ-ਸਾਂਝੀਵਾਲਤਾ ਦੇ ਵਿਖਾਏ ਮਾਰਗ ਤੇ ਚਲਦਿਆਂ ਸਿੱਖੀ ਦਾ ਪ੍ਰਚਾਰ ਕਰਦੀਆਂ। ਇਸੇ ਮਾਰਗ ਤੇ ਚਲਦਿਆਂ ਹੋਇਆਂ ਹੀ ਸਿੱਖਾਂ ਵਿੱਚ ਪਰਉਪਕਾਰ ਅਤੇ ਲੋਕ-ਭਲਾਈ ਦੀ ਭਾਵਨਾ ਪ੍ਰਜਵਲਿਤ ਹੋਈ ਅਤੇ ਗੁਰੂ ਸਾਹਿਬ ਦੇ ਆਦਰਸ਼ਾਂ ਪੁਰ ਪਹਿਰਾ ਦੇਣ ਵਾਲੇ ਜਾਤ-ਪਾਤ ਰਹਿਤ ਅਤੇ ਤਿ੍ਰਸ਼ਨਾ-ਹੀਨ ਮਨੁਖ ਦੀ ਸਿਰਜਨਾ ਹੋਈ।
…’ਤੇ ਸਿੱਖ ਸੰਸਥਾ ਟੁੱਟਣ ਲਗੀ: ਗੁਰੂ ਸਾਹਿਬਾਨ ਦੇ ਸਮੇਂ ਅਤੇ ਉਸ ਤੋਂ ਬਾਅਦ ਸਿੱਖੀ ਪੁਰ ਛੋਟੇ-ਵੱਡੇ ਅਨੇਕਾਂ ਸੰਕਟ ਆਏ। ਗੁਰੂ ਸਾਹਿਬਾਨ ਵਲੋਂ ਸਥਾਪਤ ਤਿ੍ਰਸ਼ਨਾ, ਕਾਮਨਾ ਅਤੇ ਲਾਲਸਾ-ਹੀਨ ਜਥੇਬੰਦੀ ਨੇ ਉਨ੍ਹਾਂ ਦਾ ਡੱਟ ਕੇ ਸਾਹਮਣਾ ਕੀਤਾ। ਪ੍ਰੰਤੂ ਜਦੋਂ ਸੱਤਾ-ਲਾਲਸਾ ਸਿੱਖ ਮੁਖੀਆਂ ਦੇ ਦਿਲਾਂ ਵਿੱਚ ਘਰ ਕਰਨ ਲਗੀ ਤਾਂ ਇਸ ਜਥੇਬੰਧਕ ਸ਼ਕਤੀ ਵਿੱਚ ਤਰੇੜਾਂ ਉਭਰਨ ਲਗੀਆਂ। ਭਾਵੇਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੌਰਾਨ ਇਨਸਾਫ-ਭਰਪੂਰ ਤੇ ਸਰਬ-ਸਾਂਝੀਵਾਲਤਾ ਦਾ ਵਾਤਾਵਰਣ ਕਾਇਮ ਰਿਹਾ. ਪ੍ਰੰਤੂ ਸੱਤਾ-ਸੁਖ ਮਾਣਦਿਆਂ ਸਿੱਖੀ ਦੀਆਂ ਮਾਨਤਾਵਾਂ, ਮਰਿਆਦਾਵਾਂ ਅਤੇ ਪਰੰਪਰਾਵਾਂ ਨੂੰ ਅਣਗੋਲਿਆਂ ਕੀਤਾ ਜਾਣ ਲਗਾ। ਰਾਜ-ਸੱਤਾ ਘਰੋਗੀ ਅਤੇ ਖਾਨਦਾਨੀ ਬਣ ਜਾਣ ਕਾਰਣ ਮਹਾਰਾਜਾ ਰਣਜੀਤ ਸਿੰਘ ਦੇ ਪਰਿਵਾਰ ਵਿੱਚ ਅਜਿਹੀ ਭਿਆਨਕ ਖਾਨਾਜੰਗੀ ਮੱਚੀ ਕਿ ਅਨੇਕਾਂ ਘਾਲਣਾਵਾਂ ਰਾਹੀਂ ਉਨ੍ਹਾਂ ਵਲੋਂ ਕਾਇਮ ਕੀਤੇ ਰਾਜ ਸਮੇਤ, ਉਨ੍ਹਾਂ ਦਾ ਸਮੁਚਾ ਖਾਨਦਾਨ ਹੀ ਟੋਟੇ-ਟੋਟੇ ਹੋ ਗਿਆ। ਸਿੱਖਾਂ ਦੀ ਗਿਣਤੀ ਸਵਾ ਕਰੋੜ ਤੋਂ ਘਟ ਕੇ 25 ਲੱਖ ਦੇ ਕਰੀਬ ਰਹਿ ਗਈ।
ਸਮਾਂ ਬਦਲਿਆ: ਸਮੇਂ ਦੇ ਬੀਤਣ ਨਾਲ ਸਿੱਖ ਜਥੇਬੰਦੀ ਦਾ ਸਰੂਪ ਵੀ ਬਦਲਦਾ ਗਿਆ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੌਰਾਨ ਗੁਰਧਾਮਾਂ ਪੁਰ ਕਾਬਜ਼ ਹੋਏ ਮਹੰਤਾਂ ਨੇ ਗੁਰਧਾਮਾਂ ਦੀਆਂ ਸਥਾਪਤ ਮਰਿਆਦਾਵਾਂ ਨੂੰ ਬਦਲਣਾ ਅਤੇ ਉਨ੍ਹਾਂ ਦੀ ਪਵਿਤ੍ਰਤਾ ਨੂੰ ਭੰਗ ਕਰਨਾ ਸ਼ੁਰੂ ਕਰ ਦਿਤਾ। ਮਹੰਤਾਂ ਦੇ ਚੰਗੁਲ ਵਿਚੋਂ ਗੁਰਧਾਮਾਂ ਨੂੰ ਆਜ਼ਾਦ ਕਰਵਾਉਣ ਲਈ ਸੰਘਰਸ਼ ਵਿਢਿਆ ਗਿਆ। ਅਨੇਕਾਂ ਕੁਰਬਾਨੀਆਂ ਤੋਂ ਬਾਅਦ ਗੁਰਧਾਮ ਆਜ਼ਾਦ ਹੋਏ। ਜਿਨ੍ਹਾਂ ਦੀ ਸੇਵਾ ਸੰਭਾਲ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਗਠਨ ਅਤੇ ਉਸਨੂੰ ਇਸ ਕੰਮ ਵਿੱਚ ਸਹਿਯੋਗ ਦੇਣ ਲਈ ਸ਼੍ਰੋਮਣੀ ਅਕਾਲੀ ਦਲ ਕਾਇਮ ਕੀਤਾ ਗਿਆ। ਕੁਝ ਹੋਰ ਸਮਾਂ ਬੀਤਿਆ! ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਗੁਰਧਾਮਾਂ ਦੀ ਸੇਵਾ-ਸੰਭਾਲ ਕਰਨ ਅਤੇ ਸਥਾਪਤ ਮਰਿਆਦਾਵਾਂ ਨੂੰ ਬਹਾਲ ਕਰੀ ਰਖਣ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਹਿਯੋਗ ਕਰਨ ਦੀ ਬਜਾਏ, ਉਸ ਪੁਰ ਜੂਲਾ ਪਾ ਕੇ, ਉਸਨੂੰ ਆਪਣੀ ਸੱਤਾ ਲਾਲਸਾ ਨੂੰ ਪੂਰਿਆਂ ਕਰਨ ਲਈ ਪੌੜੀ ਵਜੋਂ ਵਰਤਣਾ ਸ਼ੁਰੂ ਕਰ ਦਿਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੱਤਾ ਪੁਰ ਕਬਜ਼ਾ ਕਰ ਉਸਨੂੰ ਆਪਣੇ ਰਾਜਨੈਤਿਕ ਸੁਆਰਥ ਲਈ ਵਰਤਣ ਦੀ ਲਾਲਸਾ ਨੇ ਅਕਾਲੀ ਦਲ ਦੇ ਨਾਂ ਤੇ ਕਈ ਦੁਕਾਨਾਂ ਖੁਲਵਾ ਦਿੱਤੀਆਂ। ਇਸਦੇ ਨਾਲ ਹੀ ਅਸਲੀ ਅਕਾਲੀ ਦਲ ਅਤੇ ਪੰਥਕ ਜਥੇਬੰਦੀ ਹੋਣ ਦੀ ਪ੍ਰੀਭਾਸ਼ਾ ਵੀ ਬਦਲ ਕੇ ਇਹ ਮੰਨੀ ਜਾਣ ਲਗੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੱਤਾ ਪੁਰ ਜਿਸਦਾ ਕਬਜ਼ਾ ਹੈ, ਉਹੀ ਅਸਲੀ ਅਕਾਲੀ ਦਲ ਅਤੇ ਪੰਥਕ ਜਥੇਬੰਦੀ ਹੈ। ਬਾਕੀ ਸਭ ਜਾਪਾਨੀ ਅਤੇ ਪੰਥ-ਵਿਰੋਧੀ ਹਨ। ਇਸੇ ਪ੍ਰੀਭਾਸ਼ਾ ਦੇ ਆਧਾਰ ਤੇ ਹੀ ਇਹ ਵੀ ਕਿਹਾ ਜਾਣ ਲਗਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੁਰ ਜਿਸ ਅਕਾਲੀ ਦਲ ਦਾ ਕਬਜ਼ਾ ਹੈ, ਉਹੀ ਅਸਲੀ ਸ਼੍ਰੋਮਣੀ ਅਕਾਲੀ ਦਲ ਤੇ ਪੰਥਕ ਜਥੇਬੰਦੀ ਹੈ ਅਤੇ ਉਸ ਸ਼੍ਰੋਮਣੀ ਅਕਾਲੀ ਦਲ ਪੁਰ ਜਿਸਦਾ ਕਬਜ਼ਾ ਹੈ, ਉਹੀ ’ਤੇ ਉਸਦੇ ਪੈਰੋਕਾਰ ਹੀ ਸਿੱਖ ਹਨ, ਬਾਕੀ ਸਾਰੇ ਕਾਂਗ੍ਰਸੀ ਅਤੇ ਸਿੱਖੀ ਦੇ ਦੁਸ਼ਮਣ।
…ਅਤੇ ਅੰਤ ਵਿੱਚ: ਮੰਨਿਆ ਜਾਂਦਾ ਹੈ ਕਿ 37-ਕੁ ਵਰ੍ਹੇ ਪਹਿਲਾਂ ਵਾਪਰੇ ਨੀਲਾਤਾਰਾ ਸਾਕੇ ਦੌਰਾਨ ਭਾਰਤੀ ਫੌਜ ਨੇ ਤਾਂ ਸ੍ਰੀ ਅਕਾਲ ਤਖਤ ਦੀ ਇਮਾਰਤ ਨੂੰ ਹੀ ਢਾਹਿਆ ਸੀ, ਪਰ ਇਸ ਸਮੇਂ ਦੌਰਾਨ ਸ੍ਰੀ ਅਕਾਲ ਤਖਤ ਦੀ ਮਰਿਆਦਾ ਨੂੰ ਤਾਂ ਸਾਡੇ ਆਪਣਿਆਂ ਨੇ ਹੀ ਆਪਣੀ ਸੱਤਾ-ਲਾਲਸਾ ਨੂੰ ਪੂਰਿਆਂ ਕਰਨ ਲਈ ਢਾਹ ਢੇਰੀ ਕਰ ਦਿੱਤਾ ਹੈ।
– ਲੇਖਕ: ਜਸਵੰਤ ਸਿੰਘ ‘ਅਜੀਤ’