![](http://www.indotimes.com.au/wp-content/uploads/2020/04/Mandeeojot-Singh-Mansa.jpg)
ਧਰਮ ਵਰਗੇ ਪਵਿੱਤਰ ਸ਼ਬਦ ਨੂੰ ਅੱਤਵਾਦ ਨਾਲ ਜੋੜਨ ਦਾ ਵਰਤਾਰਾ ਰਾਜਨੀਤਕ, ਸਿਆਸੀ ਜਾਂ ਉਨ੍ਹਾਂ ਹੁਕਮਰਾਨਾਂ ਦੇ ਦੁਆਰਾ ਉਦੋਂ ਤੋਂ ਵਾਪਰਨਾ ਆਮ ਹੋ ਗਿਆ ਜਦੋਂ ਤੋਂ ਉਹ ਧਰਮ ਨੂੰ ਆਪਣੇ ਨਿੱਜੀ ਸੰਕਲਪਾਂ ਲਈ ਸਹਿਜੇ ਹੀ ਵਰਤਣ ਲੱਗੇ ਹਨ।
25 ਮਾਰਚ ਨੂੰ ਕਾਬੁਲ ਵਿੱਚ ਸਿੱਖਾਂ ਦੇ ਧਾਰਮਿਕ ਸਥਾਨ ਗੁਰਦੁਆਰਾ ਸਾਹਿਬ ਵਿੱਚ ਹੋਏ ਹਮਲੇ ਦੀ ਨਿੰਦਿਆਂ ਜਿੰਨਿਆਂ ਕੀਤੀ ਜਾਵੇ ਉਨੀ ਘੱਟ ਹੈ। ਧਰਮ ਅਤੇ ਧਾਰਮਿਕ ਹੋਣਾ ਦੋਨੋਂ ਸ਼ਬਦ ਬੜੇ ਵਧੀਆ ਨੇ ਪਰ ਜਦੋਂ ਇਨ੍ਹਾਂ ਨਾਲ ਕੱਟੜਤਾ ਵਰਗਾ ਭੈੜਾ ਸ਼ਬਦ ਨਾਲ ਜੁੜ ਜਾਂਦਾ ਹੈ ਤਾਂ ਇਹ ਨਿਰਾਰਥਕ ਹੋ ਜਾਂਦੇ ਹਨ ਅਤੇ ਇਸ ਦੇ ਫਲਸਰੂਪ ਮਨੁੱਖਤਾ ਦਾ ਘਾਣ ਹੋਣ ਦਾ ਆਗਾਜ਼ ਆਪੇ ਹੀ ਸ਼ੁਰੂ ਹੋ ਜਾਂਦਾ ਹੈ।
ਇੱਥੇ ਮੈਂ ਗੱਲ ਇਕੱਲੇ ਉਨ੍ਹਾਂ 27 ਸਿੱਖਾਂ ਦੀ ਨਹੀਂ ਕਰ ਰਿਹਾ ਜੋ ਉਸ ਘਟਨਾ ਕਾਰਨ ਮਾਰੇ ਗਏ ਸਨ। ਮੈਂ ਸਮੁੱਚੇ ਦੁਨੀਆਂ ਵਿੱਚ ਫੈਲੇ ਇਸ “ਧਰਮੀ ਅੱਤਵਾਦ” ਨੂੰ ਕਲਾਵੇ ਵਿੱਚ ਲੈ ਰਿਹਾ ਹਾਂ। ਜਿਹੜਾ ਅਜਿਹੀਆਂ ਘਿਨਾਉਣੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਹੈ। ਭਾਰਤ ਵਿੱਚ ’84 ਵਿੱਚ ਹੋਏ ਦਿੱਲੀ ਦੰਗੇ ਅਤੇ 2002 ਵਿੱਚ ਹੋਏ ਗੁਜਰਾਤ ਦੰਗੇ ਵੀ ਇਸਦੀ ਉਦਾਹਰਨ ਹੈ ਜਿਸਦੇ ਵਿੱਚ ਸਿੱਖਾਂ, ਹਿੰਦੂਆ ਤੇ ਮੁਸਲਮਾਨਾਂ ਦੀਆਂ ਜਾਨਾਂ ਗਈਆਂ। ਅਸਲ ਵਿੱਚ ਇਨ੍ਹਾਂ ਸਭ ਪਿੱਛੇ ਉਸ ਮਾਨਸਿਕ ਸਥਿਤੀ ਦਾ ਲੇਖਾ ਜੋਖਾ ਕਰਨਾ ਬੜਾ ਜ਼ਰੂਰੀ ਹੈ। ਜਿਹੜੀ ਅਜੇਹੇ
ਪੁਆੜਿਆਂ ਦੀ ਜੜ੍ਹ ਹੈ। ਇਸ ਸੌੜੀ ਮਾਨਸਿਕਤਾ ਵਾਲੇ ਆਗੂਆਂ ਦੇ ਕੱਟੜਪੁਣੇ ਨੇ ਕਿੰਨੇ ਹੀ ਘਰ ਉਜਾੜੇ ਤੇ ਪਤਾ ਨਹੀਂ ਕਿੰਨੇ ਹੋਰ ਉਜਾੜਨੇ ਨੇ। ਮਗਰ ਕਿਹੜਾ ਅਜਿਹਾ ਧਰਮ ਹੈ, ਜਿਹੜਾ ਮਨੁੱਖ ਨੂੰ ਮਨੁੱਖ ਦੀ ਜਾਨ ਲੈਣ ਲਈ ਪ੍ਰੇਰਦਾ ਹੈ। ਧਰਮ ਕੋਈ ਵੀ ਮਾੜਾ ਜਾਂ ਬੁਰਾ ਨਹੀਂ ਹੁੰਦਾ। ਪਰ ਇਸ ਦੇ ਅਰਥ ਉਦੋਂ ਹਿੰਸਕ ਰੂਪ ਧਾਰ ਲੈਂਦੇ ਹਨ ਜਦੋਂ ਧਰਮ ਦੇ ਨਾਲ ਕੱਟੜਪੁਣਾ ਆ ਜੁੜਦਾ ਹੈ।
![](http://www.indotimes.com.au/wp-content/uploads/2020/04/Delhi-Riots-300x130.jpg)
ਅਸੀਂ ਇਨਸਾਨੀਅਤ ਦੀ ਗੱਲ ਕਰਦੇ ਹਾਂ। ਪਰ ਜਦੋਂ ਕੋਈ ਮਨੁੱਖ ਕੱਟੜ ਹੋ ਜਾਂਦਾ ਹੈ ਤਾਂ ਉਸ ਦੀ ਇਨਸਾਨੀਅਤ ਮਰ ਜਾਂਦੀ ਹੈ। ਇਹੀ ਇਕ ਕਾਰਨ ਹੈ ਕਿ ਉਦੋਂ ਫਿਰ ਉਸਨੂੰ ਹੋਰ ਦੂਸਰੇ ਫਿਰਕੇ ਵਾਲਾ ਆਪਣਾ ਦੁਸ਼ਮਣ ਹੀ ਜਾਪਦਾ ਹੈ। ਹਾਲਾਂਕਿ ਹਰੇਕ ਧਾਰਮਿਕ ਗ੍ਰੰਥ ਵਿੱਚ ਪਰਮਾਤਮਾ ਨੂੰ ਅਲੰਕਾਰ ਮੰਨਿਆ ਗਿਆ ਹੈ ਅਤੇ ਸਭ ਸ੍ਰੇਸ਼ਟ ਇੱਕ ਹੀ ਇਕਾਈ ਮੰਨੀ ਗਈ ਹੈ। ਪ੍ਰੰਤੂ ਇਸ ਦਾ ਨਾਸ਼ ਮਨੁੱਖੀ ਦਿਮਾਗ ਨੇ ਉਦੋਂ ਕੀਤਾ। ਜਦੋਂ ਤੋਂ ਇਸ ਧਰਮ ਦੇ ਜ਼ਰੀਏ ਨਿੱਜੀ ਸਵਾਰਥ ਲਈ ਪਾਰਟੀਆਂ ਸੰਗਠਨ ਸੰਸਥਾਵਾਂ ਖੜ੍ਹੀਆਂ ਕਰਨ ਲੱਗਿਆ। ਜਿਸ ਦੁਆਰਾ ੳਹ ਆਪ ਸ਼ਕਤੀਸ਼ਾਲੀ ਬਣ ਕੇ ਆਮ ਜਨਤਾ ਦਾ ਚੰਮ ਨੋਚ ਸਕੇ। ਧਰਮੀ ਤੇ ਗਿਆਨੀ ਬੰਦਾ ਕਦੇ ਹਿੰਸਾ ਦਾ ਪੱਖ ਨਹੀਂ ਪੂਰਦਾ। ਕੁਝ ਘਟੀਆ ਸੋਝੀ ਅਤੇ ਨਿਚਲੇ ਪੱਧਰ ਦਾ ਗਿਆਨ ਰੱਖਣ ਵਾਲੇ ਅਜੇ ਪੈਂਤੜੇ ਘੜਦੇ ਹਨ। ਉਹ ਆਪਣੇ ਮੁਨਾਫੇ ਲਈ ਕੁਝ ਚੇਲੇ ਚਾਹੁੰਦੇ ਹਨ ਤੇ ਉਨ੍ਹਾਂ ਨੂੰ ਸੈੱਲ ਰੂਪੀ ਬਣਾ ਕੇ ਅਜਿਹੀਆਂ ਘਿਨਾਉਣੀਆਂ ਹਰਕਤਾਂ ਲਈ ਵਰਤਦੇ ਹਨ ਅਤੇ ਉਨ੍ਹਾਂ ਅੰਦਰ ਇਸ ਕਦਰ ਈਰਖਾ ਦਾ ਟੀਕਾ
ਭਰਦੇ ਹਨ ਕਿ ਉਨ੍ਹਾਂ ਨੂੰ ਆਪਣਾ ਧਰਮ ਸ੍ਰੇਸ਼ਟ ਤੇ ਦੂਜਿਆਂ ਦਾ ਧਰਮ ਕੱਖ ਵੀ ਨਹੀਂ ਲੱਗਦਾ। ਇਸ ਵਿੱਚ ਧਿਆਨ ਦੇਣ ਯੋਗ ਇਹ ਹੈ ਕਿ ਇਹ ਹਮਲੇ, ਹਿੰਸਕ ਘਟਨਾਵਾਂ ਉਦੋਂ ਤੱਕ ਵਾਪਰਦੀਆਂ ਰਹਿਣਗੀਆਂ ਜਦ ਤਕ ਇਨਸਾਨ ਆਪਣੀ ਸੋਚ ਦੇ ਦਾਇਰੇ ਨੂੰ ਵੱਡਾ ਨਹੀਂ ਬਣਾ ਲੈਂਦਾ ਅਤੇ ਧਰਮ ਨੂੰ ਇੱਕ ਆਸਥਾ ਤੋਂ ਵਧੇਰੇ ਕੁਝ ਨਹੀਂ ਮੰਨੇਗਾ। ਸਾਨੂੰ ਲੋੜ ਹੈ ਮਾਨਸਿਕ ਤੌਰ ‘ਤੇ ਤਕੜੇ ਹੋਣ ਦੀ ਤਾਂ ਕਿ ਸਾਡਾ ਦਿਮਾਗ ਅਤੇ ਸਾਡੇ ਸੋਚਣ ਦੀ ਸ਼ਕਤੀ ਇੰਨੀ ਕਮਜ਼ੋਰ ਨਾ ਪੈ ਜਾਏ ਕਿ ਅਸੀਂ ਆਪਣੀ ਸੋਚ ਗਵਾ ਕੇ ਕਿਸੇ ਦੀ ਸੋਚ ਦੇ ਗੁਲਾਮ ਬਣ ਜਾਈਏ ਤੇ ਉਸ ਦੀਆਂ ਪੈੜਾਂ ਨੱਪਦੇ, ਉਹ ਸਭ ਕੁਝ ਕਰ ਜਾਈਏ ਜੋ ਮਨੁੱਖਤਾ ਦੇ ਹਿੱਸੇ ਨਹੀਂ ਆਉਂਦਾ।
![](http://www.indotimes.com.au/wp-content/uploads/2020/04/Gujarat-Riot-300x175.jpg)
ਨਾਲ ਹੀ ਲੋੜ ਹੈ ਅਜਿਹੇ ਲੀਡਰਾਂ ਤੋਂ ਬਚਣ ਦੀ। ਜੋ ਆਪਣੇ ਸਵਾਰਥ ਲਈ ਸਾਡੇ ਦਿਮਾਗਾਂ ਨੂੰ ਵੀ ਗੁਲਾਮ ਬਣਾ ਲੈਂਦੇ ਨੇ ਤੇ ਫਿਰ ਇਸ ਦੇ ਜੋ ਸਿੱਟੇ ਨਿਕਲਦੇ ਹਨ। ਉਹ ਹਮੇਸ਼ਾ ਹੀ ਧਰਮ ਵਿਰੋਧੀ ਤੇ ਅਣਮਨੁੱਖੀ ਹੁੰਦੇ ਹਨ। ਯਾਦ ਰੱਖਿਓ ਧਰਮ ਇਕ ਅਜਿਹੀ ਪ੍ਰਵਿਰਤੀ ਹੈ ਜਿਸ ਚ ਰਹਿ ਕੇ ਅਸੀਂ ਮਨ ਦੀ ਸੰਤੁਸ਼ਟੀ ਪ੍ਰਾਪਤ ਕਰ ਸਕਦੇ ਹਾਂ। ਇਸ ਨੂੰ ਆਪਣੱਤ ਲਈ ਵਰਤੋ। ਜੇਕਰ ਅਜਿਹੇ ਵਿੱਚ ਕੱਟੜਤਾ ਭਾਰੀ ਹੋ ਗਈ ਤਾਂ ਅਸੀਂ ਮਨੁੱਖ ਤੋਂ ਮਨੁੱਖ ਹੋਣ ਦਾ ਤਾਜ ਗਵਾ ਬੈਠਾਂਗੇ। ਫਿਰ ਇਥੇ ਧਰਮ ਅਤੇ ਧਾਰਮਿਕ ਹੋਣਾ ਇੱਕ ਨਾਸੂਰ ਬਣ ਕੇ ਰਹਿ ਜਾਏਗਾ।