
ਪਿੰਡ ਦੀ ਸੱਥ ਵਿੱਚ ਕਰੋਨਾ ਮਹਾਂਮਾਰੀ ਕਾਰਨ ਵਿਹਲੇ ਹੋਏ ਲੋਕ ਬੈਠੇ ਗੱਪਾਂ ਮਾਰ ਰਹੇ ਸਨ। ਅਚਾਨਕ ਉਥੋਂ ਦੀ ਮਿਲਖਾ ਦੋਧੀ ਮੋਟਰ ਸਾਇਕਲ ਨਾਲ ਦੁੱਧ ਦੇ ਡੋਹਣੇ ਬੰਨ੍ਹੀਂ ਸ਼ਹਿਰ ਵੱਲ ਜਾਂਦਾ ਵਿਖਾਈ ਦਿੱਤਾ। ਗੱਲਬਾਤ ਇੱਕ ਦਮ ਦੁੱਧ ਵੱਲ ਮੁੜ ਗਈ। ਜੱਗਾ ਸਕੀਮੀ ਕਹਿਣ ਲੱਗਾ, “ਵੇਖ ਲਉ, ਕਰੋਨਾ ਲਾਕਡਾਊਨ ਕਾਰਨ ਸਾਰੇ ਮੈਰਿਜ ਪੈਲਸ ਤਕਰੀਬਨ ਬੰਦ ਵਰਗੇ ਨੇ। ਕਿਸੇ ਪਾਸੇ ਵੀ ਵਿਆਹ ਸ਼ਾਦੀਆਂ ਜਾਂ ਪਾਰਟੀਆਂ ਵਗੈਰਾ ਨਹੀਂ ਹੋ ਰਹੀਆਂ। ਚਲੋ ਪਿੰਡਾਂ ਦਾ ਦੁੱਧ ਤਾਂ ਅਜੇ ਵੀ ਸ਼ਹਿਰਾਂ ਵਿੱਚ ਖਪ ਰਿਹਾ ਹੈ, ਪਰ ਵਿਆਹ ਸ਼ਾਦੀਆਂ ਵਿੱਚ ਬਣਨ ਵੱਲੇ ਖੋਏ, ਪਨੀਰ ਅਤੇ ਮਠਿਆਈਆਂ ਲਈ ਵਰਤਿਆ ਜਾਣ ਵਾਲਾ ਲੱਖਾਂ ਲੀਟਰ ਦੁੱਧ ਕਿੱਥੇ ਗਾਇਬ ਹੋ ਗਿਆ? ਕਿਉਂ ਨਹੀਂ ਅਖਬਾਰਾਂ ਵਿੱਚ ਦੁੱਧ ਨਾਲੀਆਂ ਵਿੱਚ ਰੋੜ੍ਹਨ ਦੀਆਂ ਖਬਰਾਂ ਆ ਰਹੀਆਂ?” ਲਾਗੇ ਬੈਠੇ ਹੀਰੇ ਕਾਮਰੇਡ ਨੇ ਫੌਰਨ ਜਵਾਬ ਦਿੱਤਾ, “ਉਹ ਦੁੱਧ ਮੱਝਾਂ ਗਾਵਾਂ ਤੋਂ ਨਹੀਂ, ਬਲਕਿ ਨਕਲੀ ਦੁੱਧ ਬਣਾਉਣ ਵਾਲੀਆਂ ਫੈਕਟਰੀਆਂ ਤੋਂ ਆਉਂਦਾ ਸੀ। ਹੁਣ ਦੁੱਧ ਦੀ ਮੰਗ ਘਟਣ ਕਾਰਨ ਫੈਕਟਰੀਆਂ ਫਿਲਹਾਲ ਬੰਦ ਹੋ ਗਈਆਂ ਹਨ ਤੇ ਸ਼ਹਿਰੀਆਂ ਨੂੰ ਅਸਲੀ ਦੁੱਧ ਮਿਲਣ ਲੱਗ ਪਿਆ ਹੈ। ਜਦੋਂ ਮੰਗ ਵਧ ਗਈ ਤਾਂ ਦੁਬਾਰਾ ਫੈਕਟਰੀਆਂ ਚਾਲੂ ਹੋ ਜਾਣਗੀਆਂ।”