
ਕੀ ਮੂਕ ਸੰਵਾਦ ਰਚਾਇਆ ਜਾ ਸਕਦਾ ਹੈ? ਕੀ ‘ਚੁੱਪ ਦੀ ਕਥਾ’ ਵੀ ਹੋ ਸਕਦੀ ਹੈ? ਸ਼ਾਇਦ ਇਹ ਦੋਵੇਂ ਗੱਲਾਂ ਪੜ੍ਹਨ ਨੂੰ ਕੁਝ ਓਪਰੀਆਂ ਜਿਹੀਆਂ ਲੱਗਣ, ਪਰ ਸਾਹਿਤ ਦੀ ਦੁਨੀਆਂ ਵਿਚ ਕੁਝ ਵੀ ਵਾਪਰ ਸਕਦਾ ਹੈ। ਇਕ ਮਿਆਨ ਵਿਚ ਦੋ ਤਲਵਾਰਾਂ ਵੀ ਸਮਾ ਸਕਦੀਆਂ ਹਨ, ਖੂਨ ਸਫ਼ੈਦ ਵੀ ਹੋ ਸਕਦਾ ਹੈ, ਪਤਾਲ ਦੀ ਧਰਤੀ ਵੀ ਲੱਭੀ ਜਾ ਸਕਦੀ ਹੈ, ਛਵੀਆਂ ਦੀ ਰੁੱਤ ਵੀ ਆ ਸਕਦੀ ਹੈ ਅਤੇ ਹੋਰ ਅਜਿਹਾ ਬਹੁਤ ਕੁਝ। ਪੰਜਾਬੀ ਦੀ ਕਹਾਵਤ ਹੈ ਕਿ ‘ਗੁੰਗੇ ਦੀਆਂ ਰਮਜ਼ਾਂ ਗੁੰਗਾ ਸਮਝੇ ਜਾਂ ਗੁੰਗੇ ਦੀ ਮਾਂ’, ਇਸੇ ਤਰਾਂ ਸਾਹਿਤ ਵਿਚ ਸਾਹਿਤਕਾਰਾਂ ਦੀਆਂ ਰਮਜ਼ਾਂ ਸਮਝਣ ਲਈ ਗੁੰਗੇ ਦੀ ਮਾਂ ਵਰਗੀ ਸਿਆਣਪ ਚਾਹੀਦੀ ਹੈ। ਸਾਹਿਤਕਾਰਾਂ ਸੰਬੰਧੀ ਆਮ ਕਿਹਾ ਜਾਂਦਾ ਹੈ ਕਿ ਉਹ ਆਮ ਇਨਸਾਨਾਂ ਨਾਲੋਂ ਦੂਰ ਦੀ ਸੋਚਣ ਵਾਲੇ ਹੁੰਦੇ ਹਨ, ਇਸੇ ਲਈ ਉਹ ਆਪਣੀਆਂ ਰਚਨਾਵਾਂ ਦੁਆਰਾ ਦਿੱਖਦੇ ਪਸਾਰਿਆਂ ਦੇ ਨਾਲ-ਨਾਲ ਅਣ-ਦਿੱਖਦੇ ਵਰਤਾਰਿਆਂ ‘ਤੇ ਵੀ ਕਲਮ ਚਲਾਉਂਦੇ ਰਹਿੰਦੇ ਹਨ। ਇਹ ਗੱਲ ਸਾਰੇ ਸਾਹਿਤਕਾਰਾਂ ‘ਤੇ ਹੀ ਲਾਗੂ ਨਹੀਂ ਹੁੰਦੇ। ਅਜਿਹੇ ਗੁਣ ਦੇ ਧਾਰਨੀ ਸਿਰਫ ਪੁਰਾਣੇ ਅਤੇ ਹੰਡੇ ਵਰਤੇ ਸਾਹਿਤਕਾਰ ਹੀ ਨਹੀਂ ਹੁੰਦੇ, ਕਈ ਛੋਟੀ ਉਮਰ ਦੇ ਜਾਂ ਉੱਭਰ ਰਹੇ ਸਾਹਿਤਕਾਰ ਵੀ ਹੋ ਸਕਦੇ ਹਨ। ਪੰਜਾਬੀ ਸਾਹਿਤ ਵਿਚ ਇਸ ਤਰਾਂ ਦੇ ਲੇਖਕਾਂ ਦੀ ਵੀ ਲੰਬੀ ਕਤਾਰ ਹੈ ਅਤੇ ਉਸ ਕਤਾਰ ਵਿਚ ਹੁਣ ਨਵਾਂ ਵਾਧਾ ਹੋਇਆ ਹੈ, ਨਵਦੀਪ ਮੁੰਡੀ ਦਾ, ਜਿਸ ਨੇ ਆਪਣੇ ਪਹਿਲੇ ਕਾਵਿ ਸੰਗ੍ਰਿਹ ‘ਚੁੱਪ ਦੀ ਕਥਾ’ ਨਾਲ ਅਲਖ ਜਗਾਈ ਹੈ। ਕੁਦਰਤੀ ਤੌਰ ‘ਤੇ ਸਾਹਿਤਕ ਰੁਚੀਆਂ ਨਾਲ ਲਵਰੇਜ਼ ਹੀ ਕੋਈ ‘ਚੁੱਪ ਦੀ ਕਥਾ’ ਸੁਣਾ ਸਕਦਾ ਹੈ। ਵਰਤਮਾਨ ਸਮੇਂ ਵਿਚ ਪੰਜਾਬੀ ਸਾਹਿਤਕ ਖੇਤਰ ਵਿਚ ‘ਪਾਠਕਾਂ ਵੱਲੋਂ ਪੁਸਤਕਾਂ ਤੋਂ ਦੂਰੀ(ਖਾਸ ਕਰ ਕਵਿਤਾ ਤੋਂ)’ ਦੀ ਮੁਹਾਰਨੀ ਆਮ ਹੀ ਰਟੀ ਜਾਂਦੀ ਹੈ, ਪਰ ਜੇ ਅਜਿਹੇ ਸਮੇਂ ਕਵਿਤਾ ਦੀ ਕਿਸੇ ਪੁਸਤਕ ਦਾ ਦੂਜਾ ਸੰਸਕਰਣ, ਪਹਿਲੇ ਸੰਸਕਰਣ ਤੋਂ ਦੋ ਮਹੀਨੇ ਹੀ ਛਪ ਜਾਂਦਾ ਹੈ ਅਤੇ ਤੀਜਾ ਸੰਸਕਰਣ ਵੀ ਸਾਲ-ਦੋ ਸਾਲ ਬਾਅਦ ਛਾਪਣਾ ਪੈਂਦਾ ਹੈ ਤਾਂ ਉਸ ਨੂੰ ਕੀ ਕਿਹਾ ਜਾਵੇ? ਮੇਰੇ ਅਨੁਸਾਰ ਤਾਂ ਇਹ ਕਵੀ ਦੀ ਪ੍ਰਤਿਭਾ ਅਤੇ ਉਸਦੀ ਕਾਵਿ ਪੁਸਤਕ ਦੇ ਮਿਆਰੀ ਹੋਣ ਦੀ ਨਿਸ਼ਾਨੀ ਹੀ ਹੈ। ਅਜਿਹਾ ਨੌਜਵਾਨ ਕਵੀ ਹੈ ਨਵਦੀਪ ਮੁੰਡੀ ਅਤੇ ਉਸਦੀ ਪਲੇਠੀ ਕਾਵਿ ਪੁਸਤਕ ਹੈ ‘ਚੁੱਪ ਦੀ ਕਥਾ’।