
ਇੱਕ ਇੱਕ ਦਿਨ ਕਰਕੇ ਕਿੰਨੇ ਦਿਨ ਬੀਤ ਜਾਂਦੇ ਹਨ ਤੇ ਫਿਰ ਇੱਕ ਸਾਲ ਬਣਦਾ ਹੈ। ਇੱਕ ਲੰਮਾ ਸਮਾਂ ਜਿਸ ਵਿੱਚ ਇਨਸਾਨ ਨੇ ਬਹੁਤ ਕੁਝ ਹੰਡਾਇਆ ਹੁੰਦਾ ਹੈ, ਕਿਤੇ ਸੁਹਾਵਣੇ ਦਿਨਾਂ ਵਿੱਚ ਖੁਸ਼ੀ ਦੇ ਗੀਤ ਗਾਏ ਤੇ ਕਈ ਗਮਾਂ ਦੇ ਪਲਾਂ ਨੇ ਰਾਤਾਂ ਦੀ ਨੀਂਦ ਉਡਾਈ। ਕਈ ਬੇਗਾਨੇ ਆਪਣਿਆਂ ਤੋਂ ਵੀ ਵੱਧ ਪਿਆਰ ਜਤਾ ਗਏ ਤੇ ਕਈ ਆਪਣੇ ਆਪਣਾ ਆਪ ਵਿਖਾ ਗਏ। ਕਈਆਂ ਦੇ ਹਾਸਿਆਂ ਵਿੱਚ ਮਨੁੱਖ ਖੁੱਲ੍ਹ ਕੇ ਹੱਸਿਆ ਤੇ ਕਈਆਂ ਦੇ ਚਿਹਰਿਆਂ ਦੀ ਉਦਾਸੀ ਨੇ ਉਸਦੀ ਵੀ ਮੁਸਕਰਾਹਟ ਕਿਤੇ ਲੁਕਾ ਦਿੱਤੀ।ਕਦੇ ਜਿੱਤ ਦੇ ਜਸ਼ਨ ਮਨਾਏ ਤੇ ਕਿਸੇ ਦਿਨ ਨਿਰਾਸ਼ਤਾ ਦੇ ਆਲਮ ਵਿੱਚ ਡੁੱਬਿਆ। ਕਦੇ ਹਲਾਤਾਂ ਅੱਗੇ ਗੋਡੇ ਟੇਕ ਥੱਕ ਹਾਰ ਕੇ ਬੈਠ ਗਿਆ ਤੇ ਕਦੇ ਹਿੰਮਤ ਕਰ ਪਹਾੜ ਜਿੱਡਾ ਜੇਰਾ ਲੈ ਫਿਰ ਜਿੰਦਗੀ ਨਾਲ ਦੋ ਹੱਥ ਕਰਨ ਲਈ ਉੱਠ ਖਲੋਤਾ। ਕਦੇ ਲੋਕਾਂ ਦੁਆਰਾ ਕੀਤੀਆਂ ਜਾਂਦੀਆਂ ਵਧੀਕੀਆਂ ਨੂੰ ਚੁਪਚਾਪ ਸਹਿ ਲਿਆ ਅਤੇ ਕਈ ਵਾਰ ਲੋਕਾਂ ਨੂੰ ਉਹਨਾਂ ਦੀ ਬਣਦੀ ਔਕਾਤ ਵਿਖਾਈ। ਇਸੇ ਤਰ੍ਹਾਂ ਕਿੰਨੇ ਸਾਰੇ ਖੱਟੇ ਮਿੱਠੇ ਤਜੁਰਬੇ ਸਾਡੀ ਝੋਲੀ ਪਾਉਂਦਾ ਸਾਲ ਆਪਣੇ ਆਖਰੀ ਪੜਾਅ ਤੇ ਪੁੱਜਦਾ ਹੈ,ਫਿਰ ਇੱਕ ਦਿਨ ਉਹ ਸਾਲ ਪੂਰੀ ਤਰ੍ਹਾਂ ਅਤੀਤ ਬਣ ਜਾਂਦਾ ਹੈ। ਜਿਸ ਨੂੰ ਬਦਲਿਆਂ ਨਹੀਂ ਜਾ ਸਕਦਾ ਬਸ ਯਾਦ ਕੀਤਾ ਜਾ ਸਕਦਾ ਹੈ ਜਾਂ ਫਿਰ ਸਬਕ ਸਿੱਖੇ ਜਾ ਸਕਦੇ ਹਨ। ਪੁਰਾਣੇ ਦੇ ਬੀਤਣ ਨਾਲ ਹੀ ਨਵੇਂ ਦੀ ਸ਼ੁਰੂਆਤ ਹੁੰਦੀ ਹੈ । ਇਹ ਨਵਾਂ ਵਰ੍ਹਾ ਆਪਣੇ ਨਾਲ ਆਸ ਦੀ ਇੱਕ ਨਵੀਂ ਕਿਰਨ ਲੈਕੇ ਆਉਂਦਾ ਹੈ। ਫਿਰ ਇੱਕ ਵਾਰ ਮਨੁੱਖ ਦੀ ਝੋਲੀ 365 ਦਿਨਾਂ ਦੇ ਪੰਨਿਆਂ ਦੀ ਇੱਕ ਡਾਇਰੀ ਪੈਂਦੀ ਹੈ, ਜੋ ਬਿਲਕੁਲ ਨਵੀਂ ਨਕੋਰ ਹੁੰਦੀ ਹੈ। ਜਿਸ ਨੂੰ ਮਨੁੱਖ ਬਹੁਤ ਖੂਬਸੂਰਤ ਤੇ ਸਜਾਵਟੀ ਬਣਾ ਸਕਦਾ ਹੈ ਪਰ ਉਸਦੀ ਸ਼ਰਤ ਇਹ ਹੈ ਕਿ ਮਨੁੱਖ ਨੂੰ ਸਵੈ ਪੜਚੋਲ ਕਰਨੀ ਹੋਵੇਗੀ