Articles

ਨਵਾਂ ਸਾਲ 2022 ਤੇ ਇਸ ਦੇ ਮਾਅਨੇ !

ਲੇਖਕ: ਪ੍ਰੋ. ਸ਼ਿੰਗਾਰਾ ਸਿੰਘ ਢਿਲੋਂ, ਯੂ ਕੇ

2022 ਦਾ ਇਹ ਪਹਿਲਾ ਦਿਨ 31 ਦਸੰਬਰ 2021 ਨਾਲ਼ੋਂ ਕਿਸੇ ਵੀ ਤਰਾਂ ਵੱਖਰਾ ਨਹੀਂ । ਕੌੜੀ ਹਕੀਕਤ ਇਹ ਹੈ ਕਿ ਆਸ ਪਾਸ ਦੇ ਲੋਕ ਵੀ ਓਹੀ ਹਨ, ਉਹਨਾਂ ਦੀ ਸੋਚ ਵਿੱਚ ਵੀ ਕੋਈ ਅੰਤਰ ਨਹੀਂ, ਸੌਣ ਵਾਸਤੇ ਚਾਰਪਾਈ ਵੀ ਪੁਰਾਣੀ, ਰਜਾਈ, ਗੱਦਾ ਤੇ ਸਿਰਹਾਣਾ ਵੀ ਓਹੀ, ਖਾਣ ਪੀਣ, ਉਠਣ ਬੈਠਣ ਤੇ ਤੁਰਨ ਫਿਰਨ ਦੀਆਂ ਆਦਤਾਂ ਵੀ ਪਹਿਲਾਂ ਵਾਲੀਆਂ ਹੀ ਹਨ, … ਓਹੀ ਦਿਨ, ਰਾਤ, ਚੰਦ, ਸੂਰਜ ਤੇ ਸਿਤਾਰੇ …… ਕੰਮ ਧੰਦੇ ਤੇ ਝਮੇਲੇ ਵੀ ਓਹੀ ਪਿਛਲੇ ਸਾਲ ਵਾਲੇ … ਜਿਹਨਾਂ ਸਿਰ ਕਰਜਾ ਹੈ, ਉਹ ਮੁਆਫ ਨਹੀਂ ਹੋਵੇਗਾ, ਉਸ ਦੀ ਕਿਸ਼ਤ ਨਿਰੰਤਰ ਅਦਾ ਕਰਨੀ ਪਵੇਗੀ ਤੇ ਨਾ ਅਦਾ ਕਰ ਸਕਣ ਦੀ ਸੂਰਤ ਵਿੱਚ ਕੁਰਕੀ ਦਾ ਡਰ ਹੁਣ ਵੀ ਬਰਕਰਾਰ ਰਹੇਗਾ … ਸੜਕਾਂ ਵੀ ਓਹੀ ਹਨ ਤੇ ਉਹਨਾਂ ਉੱਤੇ ਯਾਤਾਯਾਤ ਵੀ ਓਹੀ, ਹਾਦਸੇ ਤੇ ਦੁਰਘਟਨਾਵਾਂ ਵੀ ਬਦਸਤੂਰ ਜਾਰੀ, ਮੁਲਾਜ਼ਮ, ਅਧਿਕਾਰੀ ਤੇ ਸਰਕਾਰ ਵੀ ਓਹੀ ਤੇ ਉਹਨਾਂ ਦੇ ਕੰਮ ਕਰਨ ਦੇ ਢੰਗ ਤਰੀਕੇ ਵੀ ਓਹੀ । ਕੱਲ੍ਹ ਤੋਂ ਸਭ ਕੁਝ ਬੈਂਕ ਟੂ ਨਾਰਮਲ ਹੋ ਜਾਵੇਗਾ … ਜ਼ਿੰਦਗੀ ਵਾਪਸ ਪਹਿਲੀ ਲੀਹੇ ਰਵਾਂ-ਰਵੀਂ ਅੱਗੇ ਵਧਣਾ ਸ਼ੁਰੂ ਕਰ ਦੇਵੇਗੀ, ਵਧਾਈ ਵਾਲੇ ਕਾਰਡ ਅਗਲੇ ਕੁੱਜ ਕੁ ਦਿਨਾਂ ਗਾਰਬੇਜ ਚ ਸੁੱਟ ਦਿੱਤੇ ਜਾਣਗੇ, ਕ੍ਰਿਸਮਿਸ ਟਰੀ ਅਗਲੀ ਵਾਰ ਵਰਤਣ ਵਾਸਤੇ ਡੱਬਾ ਬੰਦ ਕਰਕੇ ਘਰ ਦੀ ਕਿਸੇ ਨੁੱਕਰ ਚ ਸੰਭਾਲ਼ ਕੇ ਰੱਖ ਦਿੱਤੇ ਜਾਣਗੇ, ਵਾਟਸ ਐਪ, ਐਸ ਐਮ ਐਸ ਤੇ ਈ ਮੇਲ ਮੈਸੇਜ ਇਕ ਦੋ ਦਿਨਾਂ ਚ ਡਿਲੀਟ ਕਰ ਦਿੱਤੇ ਜਾਣਗੇ । ਭਾਵ ਸ਼ੋਸ਼ਲ ਮੀਡੀਏ ਦੇ ਸ਼ੁਭ ਸੁਨੇਹੇ ਡਿਲੀਟ ਕਰ ਦਿੱਤੇ ਜਾਣਗੇ ਜਾਂ ਕੁੱਜ ਕੁ ਦਿਨਾਂ ਚ ਆਲੋਪ ਹੋ ਜਾਣਗੇ । ਬਸ ਅਗਲੇ ਕੁੱਜ ਹੀ ਦਿਨਾਂ ਚ ਕੁੱਜ ਵੀ ਨਵਾਂ ਨਹੀਂ ਰਹੇਗਾ ।
ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਜੇਕਰ ਕੁਝ ਵੀ ਨਹੀਂ ਬਦਲਿਆ ਤਾਂ ਫਿਰ ਏਡਾ ਵੱਡਾ ਅਡੰਬਰ ਕਰਨ ਜਾਂ ਰਚਣ ਦੀ ਕੀ ਜ਼ਰੂਰਤ ਸੀ ?
ਇਸ ਸਵਾਲ ਦਾ ਉੱਤਰ ਕਈ ਪਰਤੀ ਹੋ ਸਕਦਾ ਹੈ । ਪਹਿਲਾ ਇਹ ਕਿ ਅੰਗਰੇਜ਼ਾਂ ਦੀ ਪਰੰਪਰਾ ਹੈ ਜੋ ਪੀੜੀ ਦਰ ਪੀੜੀ ਇਸੇ ਤਰਾਂ ਈਸਾ ਮਸੀਹ ਦਾ ਦਿਨ ਮਨਾਉਂਦੀ ਆ ਰਹੀ ਹੈ ਤੇ ਹੁਣ ਇਹ ਪਾਣ ਸਾਡੇ ਉੱਤੇ ਵੀ ਪੂਰੀ ਤਰਾਂ ਚੜ੍ਹ ਚੁੱਕੀ ਹੈ । ਏਹੀ ਕਾਰਨ ਹੈ ਕਿ ਅਸੀਂ  ਆਪਣੇ ਦਿਨ ਤਿਓਂਹਾਰ ਭੁਲਦੇ ਜਾ ਰਹੇ ਹਾਂ ਤੇ ਗੁਰਦੁਆਰਿਆ ਵਿਚ ਵੀ ਇਹ ਤਿਓਂਹਾਰ ਮਨਾਉਣ ਦੀ ਪਿਰਤ ਪਾ ਰਹੇ ਹਾਂ। ਸਾਨੂੰ ਨਾ ਹੀ ਹਿਜਰੀ, ਬਿਕਰਮੀ ਜਾਂ ਨਾਨਕਸ਼ਾਹੀ ਸੰਮਤ ਚੇਤੇ ਰਹਿੰਦਾ ਹੈ ਤੇ ਨਾ ਹੀ ਅਸੀ ਇਹਨਾਂ ਸੰਮਤਾਂ ਦਾ ਨਵਾਂ ਸਾਲ ਮਨਾਉਣ ਦੀ ਲੋੜ ਸਮਝਦੇ ਹਾਂ ।
ਸਾਨੂੰ ਇਹ ਵੀ ਸਭ ਪਤਾ ਹੈ ਕਿ ਈਸਵੀ ਸਾਲ ਈਸਾ ਮਸੀਹ ਦੇ ਜਨਮ ਦਿਹਾੜੇ ਨਾਲ ਸ਼ੁਰੂ ਹੁੰਦਾ ਤੇ ਇਸ ਦੇ ਬਦਲਣ ਦਾ ਜਸ਼ਨ ਸਿਰਫ ਤੇ ਸਿਰਫ ਵਪਾਰੀ ਤਬਕੇ ਵੱਲੋਂ ਵੱਡੀ ਕਮਾਈ ਕਰਨ ਵਾਸਤੇ ਮਨਾਇਆ ਜਾਦਾ ਹੈ … ਕਹਿਣ ਦਾ ਭਾਵ ਇਹ ਕਿ ਇਸ ਪਿਛੇ ਸ਼ਰਧਾ ਘੱਟ ਤੇ ਕਥਿਤ ਵਪਾਰਕ ਲਾਭ ਦੀ ਇਛਾ ਵਧੇਰੇ ਹੁੰਦੀ ਹੈ, ਪਰ ਫੇਰ ਵੀ ਅਸੀ ਇਸ ਦਿਨ ਨੂੰ ਵੈਸਾਖੀ, ਲੋਹੜੀ ਤੇ ਦੀਵਾਲੀ ਨਾਲੋ ਵੱਧ ਉਤਸ਼ਾਹ ਨਾਲ ਮਨਾਉਣ ਵਿਚ ਮਾਣ ਮਹਿਸੂਸ ਕਰਦੇ ਹਾਂ … ਵਪਾਰੀਆਂ ਵਾਸਤੇ ਆਮ ਜਨਤਾ ਨੂੰ ਉੱਲੂ ਬਣਾ ਕੇ ਆਰਥਿਕ ਲਾਹਾ ਲੈਣ ਦਾ ਇਸ ਤੋਂ ਵਧੀਆ ਕੋਈ ਹੋਰ ਮੌਕਾ ਨਹੀਂ ।
ਇਸ ਦਿਨ ਦਾ ਤੀਜਾ ਕਾਰਨ ਮਨੋਵਿਗਿਆਨਿਕ ਤੌਰ ਤੇ ਲੋਕਾਂ ਨੂੰ ਅਗਲੇ ਸਾਲ ਵਿੱਚ ਸਖ਼ਤ ਮਿਹਨਤ ਵਾਸਤੇ ਤਿਆਰ ਕਰਨਾ ਵੀ ਹੋ ਸਕਦਾ ਹੈ … ਇਸ ਤੋ ਇਲਾਵਾ ਹੋਰ ਕਾਰਨ ਵੀ ਜਰੂਰ ਹੋਣਗੇ, ਪਰ  ਕਾਰਨ ਕੋਈ ਵੀ ਹੋਣ, ਇਕ ਗੱਲ ਤਾਂ ਪੱਕੀ ਹੈ ਕਿ ਜੇਕਰ ਬਦਲਿਆ ਹੈ ਤਾਂ ਸਿਰਫ ਈਸਵੀ ਸਾਲ ਬਦਲਿਆ ਹੈ, ਸ਼ਮੇਂ ਦੀ ਕਾਲ ਵੰਡ (ਭੂਤ, ਵਰਤਮਾਨ ਤੇ ਭਵਿੱਖ) ਵਿੱਚ ਸਿਰਫ 12 ਮਹੀਨਿਆਂ ਦੇ ਇਕ  ਈਸਵੀ ਸਾਲ ਦਾ ਵਾਧਾ ਘਾਟਾ ਹੋਇਆ ਹੈ … ਭੂਤ ਕਾਲ ਚ ਇਕ ਸਾਲ ਦਾ ਵਾਧਾ ਤੇ ਸਾਡੀ ਜ਼ਿੰਦਗੀ ਦੇ ਭਵਿੱਖ ਕਾਲ ਚ ਇਕ ਸਾਲ ਘੱਟ ਗਿਆ ਹੈ, ਪਰ ਲੋਕਾਂ ਦੀ ਸੋਚ ਤੇ ਕਾਰ ਵਿਹਾਰ ਚ ਨਾ ਹੀ ਕੋਈ ਤਬਦੀਲੀ ਵਾਪਰੀ ਹੈ ਤੇ ਨਾ ਹੀ ਅਜਿਹਾ ਹੋਣ ਦੀ ਕੋਈ ਸੰਭਾਵਨਾ ਹੈ ਕਿਉਂਕਿ ਜੋ ਆਦਤਾਂ ਇਕ ਵਾਰ ਪੱਕ ਜਾਂਦੀਆਂ ਹਨ, ਉਹਨਾਂ ਨੂੰ ਬਦਲਣਾ ਜੇਕਰ ਅਸੰਭਵ ਨਹੀਂ ਤਾਂ ਕਠਿਨ ਜ਼ਰੂਰ ਹੁੰਦਾ ਹੈ ਤੇ ਜੇਕਰ ਅਜਿਹਾ ਵਾਪਰਦਾ ਹੈ ਤਾਂ ਇਸ ਨਾਲ ਪੰਜਾਬੀ ਦਾ ਮਹਾਨ ਸ਼ਾਇਰ ਵਾਰਿਸ਼ ਸ਼ਾਹ ਝੂਠਾ ਸਾਬਤ ਹੋ ਜਾਵੇਗਾ, ਜਿਸ ਨੇ ਕਿਹਾ ਸੀ “ਵਾਰਿਸ ਸ਼ਾਹ ਨਾ ਆਦਤਾਂ ਜਾਂਦੀਆ ਨੇ ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ ।” …. ਜੋ ਲੋਕ ਅਰਾਮਗਾਹ ਚ ਬੈਠੇ ਹਨ ਉਹ ਛੱਪੜ ਚ ਬੈਠੀ ਮੱਝ ਵਾਂਗ ਹਨ, ਜਿਹਨਾਂ ਨੂੰ ਥੋੜ੍ਹੇ ਕੀਤਿਆਂ ਨਾ ਹੀ ਉੱਥੋਂ ਉਠਾਇਆ ਜਾ ਸਕਦਾ ਹੈ ਤੇ ਨਾ ਹੀ ਉਹ ਉੱਠਣ ਵਾਸਤੇ ਤਿਆਰ ਹੋਣਗੇ । … ਇਸ ਕਰਕੇ ਸਾਲ ਈਸਵੀ, ਬਿਕਰਮੀ, ਨਾਨਕਸ਼ਾਹੀ ਜਾਂ ਹਿਜਰੀ ਸੰਮਤ ਦੇ ਬਦਲ ਜਾਣ ਨਾਲ ਲੋਕਾਂ ਦੀ ਸੋਚ ਬਦਲ ਜਾਣ ਦੀਆ ਸੰਭਾਵਨਾਵਾਂ ਬਹੁਤ ਘੱਟ ਹੁੰਦੀਆਂ ਹਨ । ਸ਼ੁਭਕਾਮਨਾਵਾ ਦਾ ਆਦਾਨ ਪ੍ਰਦਾਨ ਬਹੁਤੀਆਂ ਹਾਲਤਾਂ ਚ ਰਸਮੀ ਹੁੰਦਾ ਹੈ, ਭੇਡਚਾਲ ਹੁੰਦਾ ਹੈ ਜਿਸ ਦੇ ਅੰਤਰੀਵ ਭਾਵਾਂ ਨੂੰ ਸਮਝਣ ਵਾਲੇ ਬਹੁਤ ਘੱਟ ਹੁੰਦੇ ਹਨ ।
ਆਖਿਰ ਚ ਆਪਣੇ ਨਿੱਜੀ ਤਜਰਬੇ ਦੇ ਆਧਾਰ ‘ਤੇ ਕਹਿ ਸਕਦਾ ਹਾਂ ਕਿ ਸਮਾਂ ਇਕ ਨਿਰੰਤਰ ਵਹਿੰਦੀ ਧਾਰਾ ਹੈ । ਘੰਟੇ, ਮਿੰਟ, ਸਕਿੰਟ, ਹਫ਼ਤੇ, ਦਿਨ, ਮਹੀਨੇ, ਸਾਲ ਤੇ ਸਦੀਆਂ ਇਸ ਦੀ ਨਿਰੰਤਰ ਗਤੀਸ਼ੀਲਤਾ ਦੇ ਹੀ ਸੂਚਕ ਹਨ, ਜੋ ਮਨੁੱਖ ਨੇ ਆਪਣੀ ਸਹੂਲਤ ਵਾਸਤੇ ਬਣਾ ਰੱਖੇ ਹਨ ਜਦ ਕਿ ਸਮੇਂ ਦੀ ਗਤੀਸ਼ੀਲਤਾ ਇਕ ਅਗਾਮੀ ਵਰਤਾਰਾ ਹੈ ਤੇ ਇਸ ਨੂੰ ਇਸੇ ਪਰਸੰਗ ਵਿੱਚ ਸਮਝਣਾ ਚਾਹੀਦਾ … ਸਮੇਂ ਦਾ ਰੱਖ ਸਾਲਾਂ, ਮਿੰਟਾਂ, ਸਕਿੰਟਾਂ ਤੇ ਮਿਲੀ ਸਕਿੰਟਾਂ ਚ ਵੀ ਚਲਾਇਮਾਨ ਤੇ ਬਦਲ ਰਿਹਾ ਹੈ ।
ਸਮਝਣ ਵਾਲੀ ਗੱਲ ਸਿਰਫ ਏਨੀ ਕੁ ਹੈ ਜੇਕਰ ਸਾਲ ਦੇ 365 ਦਿਨਾਂ ਬਾਦ ਆਤਮ ਚਿੰਤਨ ਕਰਕੇ ਕੁੱਜ ਪੱਕੇ ਫ਼ੈਸਲੇ ਲੈ ਕੇ ਜ਼ਿੰਦਗੀ ਚ ਅੱਗੇ ਵਧਿਆ ਜਾਵੇ, ਮਿੱਥੇ ਟੀਚੇ ਜਾਂ ਨਿਸ਼ਾਨੇ ਦੀ ਪੂਰਤੀ ਕੀਤੀ ਜਾਵੇ ਤਾਂ ਨਿਸ਼ਚੈ ਹੀ ਨਤੀਜੇ ਹੈਰਾਨਕੁਨ ਹੋ ਸਕਦੇ ਹਨ, ਪਰੰਤੂ ਜੇਕਰ ਸਾਲ ਦੇ ਬਦਲਣ ਨੂੰ ਇਕ ਆਮ ਵਰਤਾਰੇ ਵਜੋਂ ਲੈ ਕੇ ਸਿਰਫ ਰਸਮੀ ਕਾਰਵਾਈਆਂ ਕੀਤੀਆ ਜਾਂਦੀਆਂ ਹਨ … ਕਾਰਡਾਂ, ਤੋਹਫ਼ਿਆਂ ਤੇ ਸ਼ੁਭਕਾਮਨਾਵਾ ਦਾ ਅਦਾਨ ਪ੍ਰਦਾਨ ਹੀ ਕੀਤਾ ਜਾਂਦਾ ਹੈ ਤਾਂ ਫੇਰ ਕੁੱਜ ਵੀ ਨਵਾਂ ਨਹੀਂ ਹੋਵੇਗਾ । … ਲੋੜ ਹੈ ਸਮੇਂ ਦੀ ਨਿਰੰਤਰਤਾ ਨੂੰ ਸਮਝਣ ਦੀ ਤੇ ਆਪਣੇ ਜੀਵਨ ਦੇ ਸੀਮਿਤ ਸਮੇਂ ਦੀ ਸਹੀ ਵਰਤੋਂ ਕਰਨ ਦੀ, ਆਪਣੀਆਂ ਪਰਿਵਾਰਕ, ਸਮਾਜਿਕ ਤੇ ਵਿਹਾਰਕ ਜ਼ੁੰਮੇਵਾਰੀਆਂ ਨੂੰ ਪੂਰੀ ਸਮਰੱਥਾ ਨਾਲ ਨਿਭਾ ਕੇ ਇਕ ਕਾਮਯਾਬ ਸਖਸ਼ੀਅਤ ਬਣਨ ਦੀ । ਜਦੋ ਉਕਤ ਨੁਕਤਾ ਸਮਝ ਆ ਜਾਵੇਗਾ ਜਾ ਸਮਝ ਲਿਆ ਜਾਵੇਗਾ ਉਦੋਂ ਹੀ ਨਵੇਂ ਸਾਲ ਦੇ ਮਾਅਨੇ ਸਮਝੇ ਜਾ ਸਕਣਗੇ ਤੇ ਮਾਨਸਿਕ, ਪਰਿਵਾਰਕ, ਸਮਾਜਿਕ, ਵਿਹਾਰਕ, ਬੌਧਿਕ, ਰਾਜਨੀਤਕ, ਪ੍ਰਸ਼ਾਸਨਿਕ ਤੇ ਸੱਭਿਆਚਾਰਕ ਬਦਲਾਵ ਦੀਆਂ ਸੰਭਾਵਨਾਵਾਂ ਪੈਦਾ ਹੋ ਸਕਣਗੀਆਂ ਨਹੀਂ ਤਾਂ ਜੋ ਕੁੱਜ ਵੀ ਪਹਿਲਾਂ ਤੋਂ ਚੱਲਦਾ ਆ ਰਿਹਾ ਹੈ ਓਹੀ ਕੁੱਜ ਚੱਲਦਾ ਰਹੇਗਾ  ਤੇ ਮਨੁੱਖੀ ਜੀਵਨ ਦੇ ਹਰ ਪਹਿਲੂ ਤੋਂ ਹਾਲਾਤ ਬਦ ਤੋਂ ਬਦਤਰ ਹੁੰਦੇ ਚਲੇ ਜਾਣਗੇ, ਹਰ ਸਾਲ ਦੇ ਬਦਲਣ ਮੌਕੇ ਮਨਾਏ ਜਾਣ ਵਾਲੇ ਜਸ਼ਨ ਕਿਸੇ ਤਰਾਂ ਵੀ ਪਰਸੰਗਕ ਨਹੀਂ ਹੋਣਗੇ ।
ਅਗਲੀ ਗੱਲ ਇਹ ਵੀ ਕਹਿਣੀ ਚਾਹਾਂਗਾ ਕਿ ਤਿਓਂਹਾਰ ਮਨਾਉਣ ਦੇ ਪਿਛੇ ਜੋ ਭਾਵਨਾ ਜਾਂ ਉਦੇਸ਼ ਹੁੰਦਾ ਹੈ ਉਸ ਨੂੰ ਸਮਝਣ ਦੀ ਬਹੁਤ ਲੋੜ ਹੁੰਦੀ ਹੈ, ਜਿੰਨਾ ਚਿਰ ਅਸੀਂ ਉਸ ਨੂੰ ਨਹੀਂ ਸਮਝਦੇ ਉਨਾ ਚਿਰ ਸਭ ਕਰਮਕਾਂਡੀ ਤੇ ਰਸਮੀ ਵਰਤਾਰਾ ਹੀ ਹੁੰਦਾ ਹੈ ਜਿਸ ਦਾ ਅਰਥ ਵਕਤ ਦੀ ਬਰਬਾਦੀ ਤੋ ਇਲਾਵਾ ਹੋਰ ਕੁੱਜ ਵੀ ਨਹੀਂ ਹੁੰਦਾ ।
2022 ਦੇ ਪਹਿਲੇ ਦਿਨ ਮੇਰੀਆ ਉਕਤ ਗੱਲਾਂ ਆਪ ਨੂੰ ਕੌੜੀਆ ਜ਼ਰੂਰ ਲੱਗੀਆ ਹੋਣਗੀਆਂ, ਜਿਸ ਵਾਸਤੇ ਤਹਿ ਦਿਲੋਂ ਮੁਆਫੀ ਚਾਹਾਂਗਾ, ਪਰ ਮੈਨੂੰ ਲੱਗਾ ਕਿ ਇਹ ਸਾਡੇ ਸਭਨਾ ਦੇ ਵਾਸਤੇ ਗੰਭੀਰਤਾ ਨਾਲ ਵਿਚਾਰਨ ਯੋਗ ਹਨ ਤੇ ਇਸ ਕਰਕੇ ਸਾਂਝੀਆਂ ਕਰਨ ਦਾ ਹੌਂਸਲਾ ਕੀਤਾ ਹੈ । ਤੁਹਾਡੇ ਵਿਚਾਰਾਂ ਦੀ ਉਡੀਕ ਰਹੇਗੀ ਤੇ ਭਰਵਾਂ ਸਵਾਗਤ ਕਰਾਂਗਾ । ਇਸ ਦੇ ਨਾਲ ਹੀ ਨਵੇਂ ਸਾਲ ਵਾਸਤੇ ਸਭ ਨੂੰ ਹਾਰਦਿਕ ਵਧਾਈ ਤੇ ਚੰਗੇਰੇ ਭਵਿੱਖ ਲਈ ਸ਼ੁਭਕਾਮਨਾਵਾ ਤੇ ਵਿਸ਼ਵ ਚ ਅਮਨ ਤੇ ਭਾਈਚਾਰੇ ਵਾਸਤੇ ਦਿਲੀ ਅਰਦਾਸ ।

Related posts

ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਗ੍ਰਿਫ਼ਤਾਰੀ ਨਾਲ ਪੰਜਾਬ ਪੁਲਿਸ ‘ਚ ਮਚੀ ਹਥੜਾ-ਦਫ਼ੜੀ !

admin

Shepparton Paramedic Shares Sikh Spirit of Service This Diwali

admin

If Division Is What You’re About, Division Is What You’ll Get

admin