ਦੁਨੀਆਂ ਦੇ ਮਸ਼ਹੂਰ ਸਿੱਖ ਪਗੜੀਧਾਰੀ ਦੌੜਾਕ ਬਾਬਾ ਫ਼ੌਜਾ ਸਿੰਘ ਦਾ 114 ਸਾਲ ਦੀ ਉਮਰ ਵਿੱਚ ਅਕਾਲ ਚਲਾਣਾ ਕਰ ਗਏ ਹਨ। ਬਾਬਾ ਫ਼ੌਜਾ ਸਿੰਘ ਆਪਣੇ ਬਿਆਸ ਪਿੰਡ ਦੇ ਵਿੱਚ ਸ਼ਾਮ ਵੇਲੇ ਸੈਰ ਕਰ ਰਹੇ ਸਨ ਕਿ ਇੱਕ ਕਾਰ ਵਲੋਂ ਮਾਰੀ ਗਈ ਟੱਕਰ ਦੌਰਾਨ ਜ਼ਖਮੀਂ ਹੋ ਗਏ। ਉਹਨਾਂ ਨੂੰ ਜਲੰਧਰ ਦੇ ਇੱਕ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਜਿਥੇ ਉਹਨਾਂ ਸੋਮਵਾਰ 14 ਜੁਲਾਈ 2025 ਨੂੰ ਆਖ਼ਰੀ ਸਾਹ ਲਿਆ।
ਬਾਬਾ ਫ਼ੌਜਾ ਸਿੰਘ ਦੀ ਮੌਤ ਦੀ ਪੁਸ਼ਟੀ ਲੇਖਕ ਖੁਸ਼ਵੰਤ ਸਿੰਘ ਨੇ ਕੀਤੀ, ਜਿਨ੍ਹਾਂ ਨੇ ਫੌਜਾ ਸਿੰਘ ਦੇ ਪਰਿਵਾਰਕ ਮੈਂਬਰਾਂ ਨਾਲ ਗੱਲ ਕੀਤੀ। ਪੰਜਾਬ ਦੇ ਸਾਬਕਾ ਰਾਜ ਸੂਚਨਾ ਕਮਿਸ਼ਨਰ ਖੁਸ਼ਵੰਤ ਸਿੰਘ ਦੁਆਰਾ ਹੀ ਫੌਜਾ ਸਿੰਘ ਦੀ ਜੀਵਨੀ, ‘ਦ ਟਰਬਨੇਡ ਟੋਰਨਾਡੋ’, ਲਿਖੀ ਗਈ ਸੀ। ਉਹਨਾਂ ਦੱਸਿਆ ਕਿ, ‘ਮੇਰਾ ਟਰਬਨੇਡ ਟੋਰਨਾਡੋ ਹੁਣ ਨਹੀਂ ਰਿਹਾ। ਬਹੁਤ ਦੁੱਖ ਨਾਲ ਮੈਂ ਫੌਜਾ ਸਿੰਘ ਦੇ ਦੇਹਾਂਤ ਦੀ ਖ਼ਬਰ ਸਾਂਝੀ ਕਰਦਾ ਹਾਂ। ਅੱਜ ਦੁਪਹਿਰ ਲਗਭਗ 3.30 ਵਜੇ, ਆਪਣੇ ਬਿਆਸ ਪਿੰਡ ਵਿੱਚ ਸੜਕ ਪਾਰ ਕਰਦੇ ਸਮੇਂ, ਉਹਨਾਂ ਨੂੰ ਇੱਕ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ। ਮੇਰੇ ਪਿਆਰੇ ਫੌਜਾ, ਤੁਹਾਡੀ ਆਤਮਾ ਨੂੰ ਸ਼ਾਂਤੀ ਮਿਲੇ। ਸਰਦਾਰ ਫੌਜਾ ਸਿੰਘ, ਇੱਕ ਮੈਰਾਥਨ ਦੌੜਾਕ ਅਤੇ ਦ੍ਰਿੜਤਾ ਦੇ ਪ੍ਰਤੀਕ, ਦੇ ਦੇਹਾਂਤ ਬਾਰੇ ਸੁਣ ਕੇ ਬਹੁਤ ਦੁੱਖ ਹੋਇਆ, ਜੋ ਨਸ਼ਾ ਮੁਕਤ, ਰੰਗਲਾ ਪੰਜਾਬ ਮਾਰਚ ਵਿੱਚ ਮੇਰੇ ਨਾਲ ਬੇਮਿਸਾਲ ਜੋਸ਼ ਨਾਲ ਸ਼ਾਮਲ ਹੋਏ। ਉਨ੍ਹਾਂ ਦੀ ਵਿਰਾਸਤ ਨਸ਼ਾ ਮੁਕਤ ਪੰਜਾਬ ਲਈ ਪ੍ਰੇਰਨਾ ਬਣੀ ਰਹੇਗੀ!’
ਬਾਬਾ ਫ਼ੌਜਾ ਸਿੰਘ ਦਾ ਜਨਮ 1 ਅਪ੍ਰੈਲ, 1911 ਨੂੰ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਬਿਆਸ ਪਿੰਡ ਵਿੱਚ ਹੋਇਆ ਸੀ। ਉਹਨਾਂ ਦਾ ਵਿਆਹ ਗਿਆਨ ਕੌਰ ਨਾਲ ਹੋਇਆ ਸੀ। ਉਹਨਾਂ ਦੇ ਤਿੰਨ ਪੁੱਤਰ ਅਤੇ ਤਿੰਨ ਧੀਆਂ ਸਨ। 80 ਸਾਲਾਂ ਦੀ ਉਮਰ ਦੇ ਵਿੱਚ ਉਹਨਾਂ ਨੇ ਸ਼ੌਕ ਵਜੋਂ ਦੌੜਨਾ ਸ਼ੁਰੂ ਕੀਤਾ ਸੀ। 89 ਸਾਲ ਦੀ ਉਮਰ ਵਿੱਚ ਉਸਦੀ ਪਤਨੀ ਅਤੇ ਪੁੱਤਰ ਦੀ ਇੱਕ ਹਾਦਸੇ ਵਿੱਚ ਮੌਤ ਹੋ ਗਈ। ਇਸ ਘਟਨਾ ਨੇ ਉਸਨੂੰ ਧੁਰ ਅੰਦਰ ਤੱਕ ਹਿਲਾ ਦਿੱਤਾ ਅਤੇ ਉਹ ਉਦਾਸੀ ਨਾਲ ਜੂਝਣ ਲੱਗ ਪਿਆ। 90 ਦੇ ਦਹਾਕੇ ਵਿੱਚ ਉਹ ਪੂਰਬੀ ਇੰਗਲੈਂਡ ਦੇ ਇਲਫੋਰਡ ਸ਼ਹਿਰ ਵਿੱਚ ਆਪਣੇ ਪੁੱਤਰ ਨਾਲ ਸੈਟਲ ਹੋ ਗਏ ਅਤੇ ਬਾਬਾ ਫੌਜਾ ਸਿੰਘ ਆਪਣੇ ਪ੍ਰੀਵਾਰ ਦੇ ਕੋਲ ਇੰਗਲੈਂਡ ਵਿਖੇ ਰਹਿੰਦੇ ਸਨ। ਉਨ੍ਹਾਂ ਨੇ 89 ਸਾਲ ਦੀ ਉਮਰ ਵਿੱਚ ਗੰਭੀਰਤਾ ਨਾਲ ਦੌੜਨਾ ਸ਼ੁਰੂ ਕੀਤਾ ਅਤੇ ਕਈ ਅੰਤਰਰਾਸ਼ਟਰੀ ਮੈਰਾਥਨਾਂ ਵਿੱਚ ਹਿੱਸਾ ਲਿਆ। ਫੌਜਾ ਸਿੰਘ ਆਪਣੀ ਜ਼ਿੰਦਗੀ ਵਿੱਚ ਇੱਕ ਦੁਖਦਾਈ ਨਿੱਜੀ ਨੁਕਸਾਨ ਤੋਂ ਬਾਅਦ ਮੈਰਾਥਨ ਦੌੜ ਵੱਲ ਮੁੜਿਆ। ਇਸ ਤੋਂ ਬਾਅਦ ਉਸਨੇ ਲੰਬੀ ਦੂਰੀ ਦੀ ਦੌੜ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਅਤੇ ਆਪਣੀ ਲਗਨ ਅਤੇ ਦ੍ਰਿੜਤਾ ਨਾਲ ਦੁਨੀਆ ਭਰ ਦੇ ਲੱਖਾਂ ਲੋਕਾਂ ਨੂੰ ਪ੍ਰੇਰਿਤ ਕੀਤਾ।
ਇਹ ਵੀ ਦਿਲਚਸਪ ਗੱਲ ਹੈ ਕਿ ਦੁਨੀਆਂ ਦੇ ਵਿੱਚ ਸਭ ਤੋਂ ਲੰਬੀ ਉਪਰ ਦੇ ਇੱਕ ਸਿੱਖ ਪਗੜੀਧਾਰੀ ਮੈਰਾਥਨ ਦੌੜਾਕ ਵਜੋਂ ਨਾਮਣਾ ਖੱਟਣ ਵਾਲੇ, ਫੌਜਾ ਸਿੰਘ ਲੱਤਾਂ ਪਤਲੀਆਂ ਅਤੇ ਕਮਜ਼ੋਰ ਹੋਣ ਦੇ ਕਾਰਣ ਪੰਜ ਸਾਲ ਦੀ ਉਮਰ ਤੱਕ ਤੁਰ ਨਹੀਂ ਸਕਦੇ ਸਨ। ਬਾਬਾ ਫੌਜਾ ਸਿੰਘ ਨੇ 2000 ਵਿਚ 89 ਸਾਲ ਦੀ ਉਮਰ ’ਚ ਲੰਡਨ ਮੈਰਾਥਨ ਤੋਂ ਅੰਤਰਰਾਸ਼ਟਰੀ ਪੱਧਰ ‘ਤੇ ਮੈਰਾਥਨ ਦੌੜਨ ਦੀ ਸ਼ੁਰੂਆਤ ਕੀਤੀ। ਇਸ ਉਮਰ ਵਿੱਚ ਮੈਰਾਥਨ ਦੌੜਨ ਦੇ ਉਹਨਾਂ ਦੇ ਫੈਸਲੇ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ। ਫੌਜਾ ਸਿੰਘ ਆਪਣੀ ਹਿੰਮਤ ਅਤੇ ਦ੍ਰਿੜ ਇਰਾਦੇ ਕਾਰਨ ‘ਟਰਬਨਡ ਟੋਰਨਾਡੋ’ ਵਜੋਂ ਮਸ਼ਹੂਰ ਹੋਏ ਜੋ ਉਹਨਾਂ ਦੀ ਜੀਵਨੀ ਦਾ ਸਿਰਲੇਖ ਵੀ ਹੈ। ਫੌਜਾ ਸਿੰਘ ਨੇ ਆਪਣੀ ਪਹਿਲੀ ਮੈਰਾਥਨ ਦੌੜ 90 ਸਾਲ ਦੀ ਉਮਰ ਵਿੱਚ ਪੂਰੀ ਕੀਤੀ। 2004 ਵਿੱਚ, ਉਸਨੇ 93 ਸਾਲ ਦੀ ਉਮਰ ਵਿੱਚ ਲੰਡਨ ਮੈਰਾਥਨ ਪੂਰੀ ਕੀਤੀ। 2011 ਵਿੱਚ, 100 ਸਾਲ ਦੀ ਉਮਰ ਵਿੱਚ, ਉਸਨੇ ਟੋਰਾਂਟੋ ਮੈਰਾਥਨ ਪੂਰੀ ਕੀਤੀ ਅਤੇ 100+ ਸ਼੍ਰੇਣੀ ਵਿੱਚ ਇੱਕ ਰਿਕਾਰਡ ਬਣਾਇਆ। ਉਹ ਦੁਨੀਆ ਦੇ ਸਭ ਤੋਂ ਵੱਧ ਉਮਰ ਦੇ ਮੈਰਾਥਨ ਦੌੜਾਕ ਸਨ।
2003 ’ਚ 92 ਸਾਲ ਦੀ ਉਮਰ ’ਚ ਉਨ੍ਹਾਂ ਨੇ 90 ਸਾਲਾਂ ਤੋਂ ਉਪਰ ਬਾਬਿਆਂ ਦੀ ਦੌੜ ’ਚ ਹਿੱਸਾ ਲਿਆ ਅਤੇ 5 ਘੰਟੇ 40 ਮਿੰਟਾਂ ਦਾ ਵਿਸ਼ਵ ਰਿਕਾਰਡ ਬਣਾਇਆ। ਇਸ ਤੋਂ ਬਾਅਦ 2003 ’ਚ ਲੰਡਨ ਮੈਰਾਥਨ ਉਨ੍ਹਾਂ ਨੇ 6 ਘੰਟੇ 2 ਮਿੰਟ ’ਚ ਪੂਰੀ ਕੀਤੀ। ਇਸ ਤਰ੍ਹਾਂ ਉਨ੍ਹਾਂ ਨੇ ਮੈਰਾਥਨਜ਼ ’ਚ ਹਿੱਸਾ ਲੈਣਾ ਜਾਰੀ ਰੱਖਿਆ ਅਤੇ 2012 ਤਕ ਉਨ੍ਹਾਂ ਨੇ 6 ਲੰਡਨ ਮੈਰਾਥਨਜ਼ ਹਿੱਸਾ ਲਿਆ। ਦੋ ਕੈਨੇਡੀਅਨ ਮੈਰਾਥਨਜ਼, ਨਿਊਯਾਰਕ ਮੈਰਾਥਨਜ਼ ਅਤੇ ਅਨੇਕਾਂ ਹਾਫ ਮੈਰਾਥਨਜ਼ ’ਚ ਹਿੱਸਾ ਲਿਆ। ਉਨ੍ਹਾਂ ਦੀਆਂ ਮੈਰਾਥਨਜ਼ ਦੇ ਖੇਤਰ ’ਚ ਪ੍ਰਾਪਤੀਆਂ ਦੀ ਬਦੌਲਤ 13 ਨਵੰਬਰ 2003 ਨੂੰ ਅਮਰੀਕਾ ਦੇ ਗਰੁੱਪ ਨੈਸ਼ਨਲ ਐਥਨਿਕ ਕੋਲੇਸ਼ਨ ਦੇ ਵਲੋਂ ‘ਏਲਿਸ ਆਈਲੈਂਡ ਮੈਡਲ ਆਫ ਆਨਰ’ ਨਾਲ ਸਨਮਾਨਿਤ ਕੀਤਾ ਗਿਆ ਸੀ। 16 ਅਕਤੂਬਰ 2011 ਨੂੰ ਟੋਰਾਂਟੋ ਮੈਰਾਥਨ 8 ਘੰਟੇ 11 ਮਿੰਟ ਅਤੇ 6 ਸਕਿੰਟ ’ਚ ਪੂਰੀ ਕਰ ਕੇ ਉਹ ਵਿਸ਼ਵ ਦੇ ਪਹਿਲੇ 100 ਸਾਲਾ ਬਜ਼ੁਰਗ ਦੌੜਾਕ ਬਣੇ ਪਰ ਗਿੰਨੀਜ਼ ਵਰਲਡ ਰਿਕਾਰਡਜ਼ ਨੇ ਇਸ ਰਿਕਾਰਡ ਨੂੰ ਮਾਨਤਾ ਨਹੀਂ ਦਿੱਤੀ ਕਿਉਂਕਿ ਉਨ੍ਹਾਂ ਕੋਲ ਜਨਮ ਸਰਟੀਫਿਕੇਟ ਨਹੀਂ ਸੀ।